Tuesday, June 07, 2016

ਲੁਧਿਆਣਾ ਦੀ ਸਬਜ਼ੀ ਮੰਡੀ ਵਿੱਚ ਫਾਇਰਿੰਗ-ਆੜ੍ਹਤੀ ਦੀ ਮੌਤ

ਹਸਪਤਾਲ ਜਾ ਕੇ ਹੋਈ ਮੌਤ-ਹਮਲਾਵਰ ਫਰਾਰ ਹੋਣ ਸਫਲ
ਲੁਧਿਆਣਾ: 7 ਜੂਨ 2016: (ਪੰਜਾਬ ਸਕਰੀਨ ਬਿਊਰੋ):   
ਪੰਜਾਬ ਵਿੱਚ ਗੁੰਡਾਗਰਦੀ ਵਾਲੀ ਹਿੰਸਾ ਦੀ ਦਹਿਸ਼ਤ ਲਗਾਤਾਰ ਜਾਰੀ ਹੈ। ਬੇਖੌਫ ਹੋਏ ਗਿਰੋਹ ਆਏ ਦਿਨ ਕਿਤੇ ਨ ਕਿਤੇ ਵਾਰਦਾਤ ਕਰਦੇ ਰਹਿੰਦੇ ਹਨ। ਲੁੱਟਾਂ  ਖੋਹਾਂ ਅਤੇ ਫਾਇਰਿੰਗ ਇੱਕ ਆਮ ਜਿਹੀ ਗੱਲ ਹੋ ਗਈ ਹੈ। ਅੱਜ ਨਵੀਂ ਵਾਰਦਾਤ ਲੁਧਿਆਣਾ ਵਿੱਚ ਵਾਪਰੀ। ਸਥਾਨਕ ਸਬਜ਼ੀ ਮੰਡੀ 'ਚ ਅੱਜ ਸਵੇਰੇ ਗੈਂਗਵਾਰ ਦੇ ਚੱਲਦਿਆਂ ਕੁੱਝ ਨੌਜਵਾਨਾਂ ਵੱਲੋਂ ਗਈ ਫਾਇਰਿੰਗ 'ਚ ਇਕ ਨੌਜਵਾਨ ਆੜ੍ਹਤੀ ਅਭੀ  ਗੱਬਰ ਦੀ ਮੌਤ ਹੋ ਗਈ ਹੈ। ਪੁਲਿਸ ਅਨੁਸਾਰ ਅਵੀ  'ਤੇ 6 ਗੋਲੀਆਂ ਚਲਾਈਆਂ ਗਈਆਂ ਜਿਸ ਚੋਂ  ਚਾਰ ਗੋਲੀਆਂ ਨਿਸ਼ਾਨਾ ਬਣਾਏ ਗਏ ਆੜ੍ਹਤੀ ਨੂੰ ਲੱਗੀਆਂ। ਗੋਲੀਆਂ ਲੱਗਣ ਤੇ ਉਸ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਇਹ ਆਖ ਕੇ ਮ੍ਰਿਤਕ ਐਲਾਨ ਦਿੱਤਾ ਕਿ ਉਸਨੂੰ ਮ੍ਰਿਤਕ ਹਾਲਤ ਵਿੱਚ ਹੀ ਹਸਪਤਾਲ ਲਿਆਂਦਾ ਗਿਆ ਹੈ। ਲੜਾਈ ਦਾ ਕਾਰਨ ਨਿਜੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਇਸ ਘਟਨਾ ਨਾਲ ਸਾਰੇ ਪਾਸੇ ਸਨਸਨੀ ਫੈਲੀ ਹੋਈ ਹੈ।
ਮੰਡੀ 'ਚ ਸੁਣੀ ਗਈ ਚਰਚਾ ਅਨੁਸਾਰ ਮ੍ਰਿਤਕ ਨੇ ਹਮਲਾਵਰਾਂ ਦੇ ਕਿਸੇ ਵਿਅਕਤੀ ਨੂੰ ਆਪਣੇ ਕੋਲ ਬੰਧਕ ਬਣਾ ਕੇ ਰੱਖਿਆ ਹੋਇਆ ਸੀ।  ਹਮਲਾਵਰ ਉਸ ਨੂੰ ਛੁਡਵਾਉਣ ਆਏ ਸਨ। ਹਮਲਾਵਰਾਂ ਨੇ ਕੁਝ ਫਾਇਰ 'ਜਮੀਨ ਤੇ ਵੀ ਕੀਤੇ ਫਿਰ ਉਸ ਵੱਲ ਗੋਲੀ ਚਲਾਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਰੰਜਿਸ਼ ਸਬਜ਼ੀ ਮੰਡੀ ਦੀਆਂ ਪਿਛਲੀਆਂ ਚੋਣਾਂ ਦੇ ਸਮੇਂ ਦੀ ਖੁੰਦਕਬਾਜ਼ੀ ਕਾਰਣ  ਚੱਲ ਰਹੀ ਸੀ। ਇਹ ਘਟਨਾ ਸਵੇਰੇ ਤੜਕੇ ਸੱਤ ਕੁ ਵਜੇ ਹੋਈ। ਪੁਲਿਸ ਨੇ ਇਸ ਮਾਮਲੇ ਵਿਚ ਆੜ੍ਹਤੀ ਜਥੇਬੰਦੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੋਮਨਾਥ ਫੌਜੀ ਅਤੇ ਉਸ ਦੇ ਪੁੱਤਰ ਰਾਜਨ ਕੁਮਾਰ ਸਮੇਤ 8 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।  ਮ੍ਰਿਤਕ ਨੌਜਵਾਨ ਦੀ ਸ਼ਨਾਖਤ ਦੀ ਪਛਾਣ ਨਵਾਂ ਮੁਹੱਲਾ ਵਾਸੀ ਕੰਵਲਪ੍ਰੀਤ ਸਿੰਘ ਉਰਫ ਅਭੀ ਉਰਫ ਗੱਬਰ (24) ਵਜੋਂ ਹੋਈ। ਜਲੰਧਰ ਬਾਈਪਾਸ ਸਥਿਤ ਨਵੀਂ ਸਬਜ਼ੀ ਮੰਡੀ ਦੇ ਫੜ੍ਹ ਨੰਬਰ 22 'ਚ ਉਸ ਦੀ ਇਕਬਾਲ ਸਿੰਘ ਐਂਡ ਸਨਜ਼ ਦੇ ਨਾਮ 'ਤੇ ਫਰਮ ਹੈ ਜਿਸ ਨੂੰ ਉਹ ਆਪਣੇ ਵੱਡੇ ਭਰਾ ਅਕਾਲੀ ਆਗੂ ਕੁਲਪ੍ਰੀਤ ਸਿੰਘ ਉਰਫ ਰੂਬਲ ਦੇ ਨਾਲ ਮਿਲ ਕੇ ਚਲਾਉਂਦਾ ਸੀ। ਇਸ ਹੱੱਤਿਆ ਨੂੰ ਸੁਪਾਰੀ ਕਿਲਿੰਗ ਦਾ ਨਾਮ ਦਿੱਤਾ ਜਾ ਰਿਹਾ ਹੈ। ਅਗਲੀ ਚੋਣ ਨੂੰ ਲੈ ਕੇ ਪਿਛਲੇ ਡੇਢ ਸਾਲ ਤੋਂ ਦੋਨਾਂ ਧਿਰਾਂ 'ਚ ਰੰਜ਼ਿਸ਼ ਚਲੀ ਆ ਰਹੀ ਸੀ ਜਿਸ 'ਚ ਮੰਡੀ 'ਚ ਹਰ ਮਹੀਨੇ ਵਾਲੀ ਕਰੋੜਾਂ ਦੀ ਕਮਾਈ ਦਾ ਵੀ ਵਿਵਾਦ ਸੀ। ਦੋ ਦਿਨ ਪਹਿਲੇ ਵੀ ਖਰਬੂਜੇ ਦਾ ਟਰੱਕ ਉਤਾਰਣ ਨੂੰ ਲੈ ਕੇ ਦੋਨਾਂ ਧਿਰਾਂ 'ਚ ਝਗੜਾ ਹੋਇਆ ਸੀ। ਨਵਾਂ ਮੋਹੱਲਾ ਲੁਧਿਆਣਾ  ਦੇ ਸ਼ਹਿਰ ਦੇ ਕੇਂਦਰੀ ਇਲਾਕੇ  ਹੈ। |
ਅਵੀ ਦਾ ਭਰਾ ਰੂਬਲ ਯੂਥ ਆੜ੍ਹਤੀ ਜਥੇਬੰਦੀ ਦਾ ਪ੍ਰਧਾਨ ਹੈ। ਘਟਨਾ ਅੱਜ ਸਵੇਰੇ 7 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਸਬਜ਼ੀ ਮੰਡੀ ਵਿਚ ਰੂਬਲ ਅਤੇ ਉਸ ਦਾ ਭਰਾ ਅਵੀ ਆਪਣੀ ਫੜ੍ਹ 'ਤੇ ਖੜ੍ਹੇ ਸਨ | ਇਸ ਦੌਰਾਨ ਉਥੇ ਕੁਝ ਨੌਜਵਾਨਾਂ ਨੇ ਰੂਬਲ ਅਤੇ ਅਵੀ 'ਤੇ ਹਮਲਾ ਕਰ ਦਿੱਤਾ। ਲੜਾਈ ਹੁੰਦੀ ਦੇਖ ਕੇ ਇਨ੍ਹਾਂ ਭਰਾਵਾਂ ਦੇ ਸਮਰਥਕ ਉਥੇ ਆ ਗਏ ਅਤੇ ਇਨ੍ਹਾਂ ਦੋਵਾਂ ਵਿਚਾਲੇ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਪਰ ਕੁਝ ਦੇਰ ਬਾਅਦ ਹਮਲਾਵਰ ਉਥੋਂ ਭੱਜ ਗਏ, ਭੱਜੇ ਜਾਂਦੇ ਇਕ ਹਮਲਾਵਰ ਅਤਿੰਦਰ ਨੂੰ ਰੂਬਲ ਅਤੇ ਉਸ ਦੇ ਸਾਥੀਆਂ ਨੇ ਜਬਰਦਸਤੀ ਫੜ ਕੇ ਉਥੇ ਹੀ ਬਿਠਾ ਲਿਆ।  ਲੋਕਾਂ ਮੁਤਾਬਿਕ ਇਨ੍ਹਾਂ ਸਾਰਿਆਂ ਨੇ ਅਤਿੰਦਰ ਨੂੰ ਉਥੇ ਬੰਨ੍ਹ ਲਿਆ। ਇਸ ਲੜਾਈ ਵਿਚ ਮੰਡੀ ਵਿਚ ਸਬਜ਼ੀ ਵੇਚਣ ਆਏ ਜਿੰਮੀਂਦਾਰ ਤੇ ਕੁਝ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਜਾਖਲ ਤੋਂ ਆਏ ਸੁਰਜੀਤ ਅਤੇ ਸੁਰੇਸ਼ ਵੀ ਸ਼ਾਮਿਲ ਹਨ। ਲੜਾਈ ਤੋਂ ਬਾਅਦ ਰੂਬਲ, ਅਵੀ ਅਤੇ ਉਨ੍ਹਾਂ ਦੇ ਸਾਥੀ ਗੱਲਬਾਤ ਕਰ ਰਹੇ ਸਨ ਕਿ ਅਤਿੰਦਰ ਦਾ ਭਰਾ ਇੰਦਰਜੀਤ ਸਿੰਘ ਆਪਣੇ ਕੁਝ ਸਾਥੀਆਂ ਸਮੇਤ ਆਪਣੇ ਬੰਨੇ ਸਾਥੀ ਨੂੰ ਛੁਡਵਾਉਣ ਲਈ ਉਥੇ ਆਇਆ ਅਤੇ ਆਉਂਦਿਆਂ ਹੀ ਰੂਬਲ ਅਤੇ ਅਵੀ ਨਾਲ ਉਲਝ ਪਿਆ।  ਅੱਖੀਂ ਦੇਖਣ ਵਾਲਿਆਂ ਮੁਤਾਬਿਕ ਇੰਦਰਜੀਤ ਅਤੇ ਉਸ ਦੇ ਸਾਥੀ ਇਨ੍ਹਾਂ ਦੋਵਾਂ ਭਰਾਵਾਂ ਦੀ ਕੁੱਟਮਾਰ ਕਰਨ ਲੱਗ ਪਏ ਅਤੇ ਇਸ ਦੌਰਾਨ ਇੰਦਰਜੀਤ ਸਿੰਘ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ। ਉਸ ਵੱਲੋਂ ਪਹਿਲਾਂ ਹਵਾ ਵਿਚ ਇਕ ਗੋਲੀ ਚਲਾਈ ਗਈ ਅਤੇ ਉਸ ਤੋਂ ਬਾਅਦ ਉਸ ਨੇ ਰੂਬਲ ਅਤੇ ਅਵੀ ਤੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।  ਰੂਬਲ ਹੇਠਾਂ ਝੁਕ ਗਿਆ ਜਦਕਿ ਅਵੀ ਦੇ ਸਰੀਰ 'ਤੇ 5 ਗੋਲੀਆਂ ਲੱਗੀਆਂ ਅਤੇ ਉਹ ਲਹੂ ਲੁਹਾਨ ਹੋਇਆ ਫਰਸ਼ 'ਤੇ ਡਿੱਗ ਪਿਆ।  ਲੋਕਾਂ ਮੁਤਾਬਿਕ ਇੰਦਰਜੀਤ ਅਤੇ ਉਸ ਦੇ ਸਾਥੀ ਉਥੇ ਲਲਕਾਰੇ ਮਾਰਦੇ ਰਹੇ ਜਦਕਿ ਅਜਿਹਾ ਹੁੰਦਾ ਦੇਖ ਕੇ ਅਵੀ ਦੇ ਸਾਥੀ ਉਥੋਂ ਚਲੇ ਗਏ।  ਤਕਰੀਬਨ  20 ਮਿੰਟ ਬਾਅਦ ਅਵੀ ਨੂੰ ਉਸਦੇ ਸਾਥੀਆਂ ਵੱਲੋਂ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।  ਡਾਕਟਰਾਂ ਮੁਤਾਬਿਕ ਅਵੀ ਦੇ ਦਿਲ ਦੇ ਨੇੜੇ ਹੱਥ 'ਤੇ, ਪੇਟ ਅਤੇ ਮੂੰਹ ਨੇੜੇ ਗੋਲੀਆਂ ਲੱਗੀਆਂ ਹਨ। ਗੋਲੀ ਚੱਲਣ ਕਾਰਨ ਉਥੇ ਭਗਦੜ ਮੱਚ ਗਈ ਅਤੇ ਸਬਜ਼ੀ ਵਿਚ ਮੰਡੀ ਵਿਚ ਵਪਾਰ ਕਰਨ ਆਏ ਲੋਕ ਉਥੋਂ ਭੱਜ ਪਏ।  ਅਸਲ ਵਿੱਚ ਵੱਡਾ ਕਸੂਰਵਾਰ ਕੌਣ ਸੀ ਇਹ ਸਾਰਾ ਮਾਮਲਾ ਜਾਂਚ ਪੜਤਾਲ ਮਗਰੋਂ ਹੀ ਸਾਫ਼ ਹੋ ਸਕੇਗਾ ਕਿਓਂਕਿ ਬਾਹੂਬਲੀਆਂ ਦੇ ਆਪਸੀ ਟਕਰਾਓ ਕੋਈ ਨਵੇਂ ਨਹੀਂ ਹਨ। ਜਿਹੜੀ ਪਾਰਟੀ ਸੱਤਾ ਵਿੱਚ ਹੋਵੇ ਉਸ ਨਾਲ ਰਲ ਜਾਣ ਵਾਲੇ ਅਜਿਹੇ ਅਨਸਰ  ਕਾਨੂੰਨ ਨੂੰ ਆਪਣੀ ਜੇਬ ਵਿੱਚ ਸਮਝਦੇ ਹਨ। ਇਹਨਾਂ ਦੇ ਆਪੋ ਆਪਣੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਇਹਨਾਂ ਦਾ ਦਬਦਬਾ ਹੁੰਦਾ ਹੈ। ਵਾਰਦਾਤ ਦਾ ਪਤਾ ਚੱਲਦੇ ਹੀ ਕਮਿਸ਼ਨਰ ਪੁਲਸ ਜਤਿੰਦਰ ਸਿੰਘ ਅੌਲਖ ਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ। ਰੂਬਲ ਦੇ ਬਿਆਨ 'ਤੇ ਸੋਮ ਨਾਥ ਫ਼ੌਜੀ, ਰਾਜਨ ਕੁਮਾਰ, ਬਾਬੀ, ਇੰਦਰਜੀਤ, ਤਿੰਦਰ, ਪਾਲਾ, ਬਾਲਾ, ਲੱਕੀ ਅਤੇ 10 ਅਣਪਛਾਤੇ ਲੋਕਾਂ ਖ਼ਿਲਾਫ਼ ਹੱਤਿਆ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

No comments: