Thu, May 5, 2016 at 4:48 PM
ਕਾਰਲ ਮਾਰਕਸ ਦੇ ਜਨਮ ਦਿਨ ’ਤੇ ਸੈਮੀਨਾਰ
ਜਲੰਧਰ: 5 ਮਈ 2016: (ਪੰਜਾਬ ਸਕਰੀਨ ਬਿਊਰੋ):
5 ਮਈ 1818 ਨੂੰ ਟਰੋਵੇਜ਼ (ਜਰਮਨ) ’ਚ ਜਨਮ ਲੈਣ ਵਾਲੇ ਸੰਸਾਰ ਭਰ ਦੀ ਕਿਰਤੀ ਜਮਾਤ ਦੀ ਮੁਕਤੀ ਲਈ ਫ਼ਲਸਫਾ ਸਿਰਜਣ ਵਾਲੀ ਸਿਰਮੌਰ ਸਖਸ਼ੀਅਤ ਕਾਰਲ ਮਾਰਕਸ ਦੇ 198ਵੇਂ ਜਨਮ ਦਿਹਾੜੇ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਆਜ਼ਾਦੀ ਸੰਗਰਾਮ ’ਚ ਆਪਾ ਨਿਛਾਵਰ ਕਰਨ ਵਾਲੇ ਬੈਕੁੰਠ ਨਾਥ ਸ਼ੁਕਲ (5 ਮਈ 1907) ਅਤੇ ਪ੍ਰੀਤੀ ਲਤਾ ਵਾਡੇਕਰ (5 ਮਈ 1911) ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਡਾ. ਇਕਬਾਲ (ਦਿੱਲੀ ਯੂਨੀਵਰਸਿਟੀ, ਦਿੱਲੀ), ਡਾ. ਪਰਮਿੰਦਰ, ਜਗਰੂਪ ਅਤੇ ਅਮੋਲਕ ਸਿੰਘ, ਅੱਜ ਦੇ ਮੁੱਖ ਵਕਤਾ ਡਾ. ਸੁਬੋਧ ਨਰਾਇਣ ਮਾਲਾਕਰ (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ) ਦੇ ਨਾਲ ਮੰਚ ’ਤੇ ਸਸ਼ੋਭਤ ਸਨ।
ਸੈਮੀਨਾਰ ਦੇ ਸ਼ੁਰੂ ’ਚ ਦਿੱਲੀ ਯੂਨੀਵਰਸਿਟੀ ਤੋਂ ਆਏ ਡਾ. ਇਕਬਾਲ ਨੇ ਡਾ. ਮਾਲਾਕਰ ਬਾਰੇ ਜਾਣ-ਪਹਿਚਾਣ ਕਰਾਈ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਮਹੱਤਵਪੂਰਣ ਵਿਸ਼ੇ ’ਤੇ ਵਿਚਾਰ-ਚਰਚਾ ਲਈ ਮੁਬਾਰਕਵਾਦ ਦਿੱਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਕਿਹਾ ਕਿ ਕਾਰਲ ਮਾਰਕਸ ਦਾ ਰਵਾਇਤੀ ਜਨਮ ਦਿਹਾੜਾ ਮਨਾਉਣ ਦੀ ਬਜਾਏ ‘ਅਜੋਕੀ ਭਾਰਤੀ ਸਥਿਤੀ ਅੰਦਰ ਮਾਰਕਸਵਾਦ ਦੀ ਸਾਰਥਕਤਾ’ ਵਿਸ਼ੇ ਉਪਰ ਗੰਭੀਰ ਵਿਚਾਰ ਚਰਚਾ ਅੱਗੇ ਤੋਰਨ ਦਾ ਮਕਸਦ ਸਾਹਮਣੇ ਰੱਖਿਆ ਗਿਆ ਹੈ।
ਸੈਮੀਨਾਰ ਦੇ ਮੁੱਖ ਵਕਤਾ ਅਤੇ ਨਾਮਵਰ ਵਿਦਵਾਨ ਡਾ. ਸੁਬੋਧ ਨਰਾਇਣ ਮਾਲਾਕਰ ਜੋ ਕਿ ਜੇ.ਐਨ.ਯੂ. ਦੇ ਵਿਦਿਆਰਥੀ ਕਨ੍ਹਈਆ ਕੁਮਾਰ ਦੇ ਪੀ.ਐਚ.ਡੀ. ਦੇ ਗਾਈਡ ਹਨ, ਨੇ ਕਿਹਾ ਕਿ ਮਾਰਕਸਵਾਦ ਅਜੋਕੇ ਸਮੇਂ ਅੰਦਰ ਹੋਰ ਵੀ ਪ੍ਰਸੰਗਕ ਅਤੇ ਸਾਰਥਕ ਹੋਣ ਜਾ ਰਿਹਾ ਹੈ। ਇਹ ਕਹਿਣਾ ਨਿਰਆਧਾਰ ਹੈ ਕਿ ਮਾਰਕਸਵਾਦ ਫੇਲ੍ਹ ਹੋ ਗਿਆ ਹੈ ਜਾਂ ਇਸਦਾ ਵਕਤ ਬੀਤ ਗਿਆ ਹੈ। ਉਹਨਾਂ ਕਿਹਾ ਕਿ ਸਾਮਰਾਜਵਾਦ ਵੱਲੋਂ ਕੁੱਲ ਦੁਨੀਆਂ ਦੀਆਂ ਦੱਬੀਆਂ ਕੁਚਲੀਆਂ ਕੌਮਾਂ ਅਤੇ ਲੋਕਾਂ ਨੂੰ ਲੁੱਟਣ-ਕੁੱਟਣ ਦੀਆਂ ਧਾਰਨ ਕੀਤੀਆਂ ਨਵੀਆਂ ਨੀਤੀਆਂ ਕਾਰਨ ਦਿਨ-ਬ-ਦਿਨ ਵਿਆਪਕ ਅਤੇ ਤਿੱਖਾ ਹੋ ਰਿਹਾ ਸੰਕਟ, ਤਿੱਖੀ ਲੋੜ ਉਭਾਰ ਰਿਹਾ ਹੈ ਕਿ ਸਮਾਜਕ ਕਰਾਂਤੀ ਦੀ ਅਗਵਾਈ ਕਰਨ ਵਾਲੀਆਂ, ਇਨਕਲਾਬੀ ਸ਼ਕਤੀਆਂ ਮਾਰਕਸੀ ਦ੍ਰਿਸ਼ਟੀ ਦੇ ਮਾਰਗ ਦਰਸ਼ਨ ਰਾਹੀਂ ਸੰਗਰਾਮ ਦੇ ਮੈਦਾਨ ’ਚ ਅੱਗੇ ਆਉਣ।
No comments:
Post a Comment