ਡਾਕਟਰਾਂ ਨੂੰ ਦਿੱਤੀਆਂ ਡਾਂਸ ਕਰਕੇ ਦੁਆਵਾਂ
ਲੁਧਿਆਣਾ: 8 ਮਈ (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਤੁਸੀਂ ਜਿਹੜਾ ਡਾਂਸ ਦੇਖ ਰਹੇ ਹੋ ਇਹ ਬੇਬਸੀ ਤੋਂ ਮੁਕਤੀ ਦੀ ਖੁਸ਼ੀ ਵਾਲਾ ਡਾੰਸ ਹੈ। ਇਹ ਦਰਦ ਤੋਂ ਮਿਲੀ ਰਾਹਤ ਦਾ ਪ੍ਰਗਟਾਵਾ ਹੈ। ਇਹ ਡਾਕਟਰ ਵਿੱਚੋਂ ਰੱਬ ਨਜਰ ਆਉਣ ਵਾਲੀ ਪ੍ਰਾਪਤੀ ਦਾ ਐਲਾਨ ਹੈ। ਇਹ ਉਹਨਾਂ ਔਰਤਾਂ ਦੀ ਖੁਸ਼ੀ ਹੈ ਜਿਹਨਾਂ ਦੇ ਗੋਡੇ ਰਹਿ ਗਏ ਸਨ ਅਤੇ ਜ਼ਿੰਦਗੀ ਬੇਹਾਲ ਹੋ ਗਈ ਸੀ। ਉੱਠਣਾ ਬੈਠਣਾ ਮੁਹਾਲ ਹੋ ਗਿਆ ਸੀ। ਗੋਡਿਆਂ ਦਾ ਦਰਦ ਇੱਕ ਚੀਸ ਬਣ ਕੇ ਉਭਰਦਾ ਅਤੇ ਅੱਖਾਂ ਵਿੱਚ ਹੰਝੂ ਲੈ ਆਉਂਦਾ। ਗੋਡਿਆਂ ਦੀ ਖਰਾਬੀ ਨੇ ਬਾਕੀ ਦੀ ਸਾਰੀ ਸਿਹਤ ਨੂੰ ਵੀ ਬੇਕਾਰ ਜਿਹਾ ਕਰ ਦਿੱਤਾ ਸੀ। ਜ਼ਿੰਦਗੀ ਚੰਗੀ ਨਹੀਂ ਸੀ ਲੱਗਦੀ। ਇਸ ਦਰਦ ਤੋਂ ਨਿਜਾਤ ਮਿਲਣ ਦੀ ਗੱਲ ਸਿਰਫ ਮਜ਼ਾਕ ਲੱਗਦੀ ਸੀ। ਪਰ ਜਦੋਂ ਕ੍ਰਿਸ਼ਮਾ ਹੋਇਆ ਤਾਂ ਇੱਕ ਨਵੇਂ ਜਨਮ ਦਾ ਅਹਿਸਾਸ ਮਹਿਸੂਸ ਹੋਇਆ। ਇਸ ਲਈ ਇਹ ਗੀਤ ਸੰਗੀਤ ਖੁਸ਼ੀ ਦਾ ਰੰਗ ਵੀ ਸੀ ਅਤੇ ਪੰਜਾਬੀ ਗੀਤ ਸੰਗੀਤ ਦੇ ਨਾਲ ਨਾਲ ਸਭਿਆਚਾਰ ਦੇ ਅੰਦਾਜ਼ ਦੀ ਇੱਕ ਝਲਕ ਵੀ। ਇਹ ਗੋਡਿਆਂ ਦੇ ਦਰਦ ਉੱਪਰ ਜਿੱਤ ਦਾ ਐਲਾਨ ਵੀ ਸੀ।
ਫੋਰਟਿਸ ਹਸਪਤਾਲ ਵੱਲੋਂ ਮਾਂ ਦਿਵਸ ਮੌਕੇ ਸ਼ਹਿਰ ਦੇ ਇਕ ਹੋਟਲ ਵਿਚ ਕਰਵਾਇਆ ਗਿਆ ਇਹ ਇੱਕ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਸੀ। ਇਸ ਮੌਕੇ ਉਹਨਾਂ ਦਸ ਬਜ਼ੁਰਗ ਔਰਤਾਂ ਨੇ ਮੰਚ ਉਪਰ ਨੱਚ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਜਿਹਨਾਂ ਦੇ ਗੋਡੇ ਅਪ੍ਰੇਸ਼ਨ ਦੌਰਾਨ ਬਦਲੇ ਗਏ ਸਨ। ਇਸ ਮੌਕੇ ਮਿਊਜੀਕਲ ਚੇਅਰ ਅਤੇ ਅੰਤਰਾਕਸ਼ੀ ਤੋਂ ਇਲਾਵਾ ਹੋਰ ਵੱਖ-ਵੱਖ ਤਰ੍ਹਾਂ ਦੀਆਂ ਇਨਡੋਰ ਖੇਡਾਂ ਵੀ ਖੇਡੀਆਂ ਗਈਆਂ, ਜਿਸ ਵਿਚ ਵੱਖ-ਵੱਖ ਬੱਚਿਆਂ ਦੀਆਂ ਮਾਵਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਹੱਡੀ ਰੋਗਾਂ ਦੇ ਮਾਹਿਰ ਡਾ: ਨੀਰਜ ਬਾਂਸਲ ਨੇ ਕਿਹਾ ਕਿ ਡਾਕਟਰੀ ਖੇਤਰ ਵਿਚ ਬਹੁਤ ਵੱਡੀ ਤਰੱਕੀ ਹੋਈ ਹੈ ਜਿਸ ਕਰਕੇ ਹੁਣ ਹੱਡੀ ਰੋਗਾਂ ਦਾ ਸਫਲ ਇਲਾਜ ਸੰਭਵ ਹੋਇਆ ਹੈ। ਇਸ ਮੌਕੇ ਹਸਪਤਾਲ ਦੇ ਫੈਸੁਲਿਟੀ ਡਾਇਰੈਕਟਰ ਵਿਵਾਨ ਗਿੱਲ ਅਤੇ ਲੋਕ ਸੰਪਰਕ ਅਫ਼ਸਰ ਅਮਰਜੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ। ਹੁਣ ਦੇਖਣਾ ਇਹ ਹੈ ਕਿ ਇਸ ਇਲਾਜ ਦਾ ਫਾਇਦਾ ਆਮ ਅਤੇ ਮਧ ਵਰਗੀ ਲੋਕਾਂ ਤੱਕ ਕਿਵੇਂ ਪਹੁੰਚ ਸਕਦਾ ਹੈ?
No comments:
Post a Comment