Thu, May 5, 2016 at 12:31 PM |
ਐਵਾਰਡ 8 ਮਈ ਨੂੰ ਦਿੱਤਾ ਜਾਵੇਗਾ ਪੰਜਾਬ ਆਰਟਸ ਕੌਂਸਲ ਵੱਲੋਂ
ਲੁਧਿਆਣਾ: 05 ਮਈ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵੱਲੋਂ ਪੰਜਾਬੀ ਦੀ ਅੰਤਰਰਾਸ਼ਟਰੀ ਲੋਕ ਗਾਇਕਾ ਬੀਬਾ ਰਣਜੀਤ ਕੌਰ ਨੂੰ ਉਨ੍ਹਾਂ ਦੀਆਂ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਲਾਮਿਸਾਲ ਪ੍ਰਾਪਤੀਆਂ ਬਦਲੇ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਪ੍ਰਦਾਨ ਕੀਤਾ ਜਾ ਰਿਹਾ ਹੈ। ਇਹ ਪੁਰਸਕਾਰ ਉਨ੍ਹਾਂ ਨੂੰ 8 ਮਈ, ਸ਼ਾਮ 5 ਵਜੇ, ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਡਾ. ਮਹਿੰਦਰ ਸਿੰਘ ਰੰਧਾਵਾ ਆਡੀਟੋਰੀਅਮ ਵਿਖੇ ਹੋ ਰਹੇ ਕਲਾਸੀਕਲ ਸੰਗੀਤ ਅਤੇ ਕਲਾਸੀਕਲ ਡਾਂਸ ਪ੍ਰੋਗਰਾਮ ਦੌਰਾਨ ਭੇਟ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਗਮ ਦੇ ਸਥਾਨਕ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਬੁੱਧ ਸਿੰਘ ਨੀਲੋਂ ਨੇ ਦਸਿਆ ਕਿ ਕੌਂਸਲ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਦੀ ਅਗਵਾਈ ਵਿਚ ਹੋ ਰਹੇ ਉਪਰੋਕਤ ਸਮਾਗਮ ਵਿਚ ਭਾਰਤ ਦੇ ਉੱਘੇ ਸੰਗੀਤਕਾਰ ਤੇ ਕਲਾਸੀਕਲ ਡਾਂਸਰ ਭਾਗ ਲੈਣ ਲਈ ਪੁੱਜ ਰਹੇ ਹਨ। ਉਨ੍ਹਾਂ ਦਸਿਆ ਕਿ ਬੀਬੀ ਰਣਜੀਤ ਕੌਰ ਨੇ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ ਜਿਸ ਕਰਕੇ ਉਹ ਦੇਸ਼ ਦੇ ਨਾਮਵਰ ਕਲਾਕਾਰਾਂ ਦੀ ਗਿਣਤੀ ਵਿਚ ਆਉਦੇ ਹਨ। ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਨੇ ਉਨ੍ਹਾਂ ਦੀਆਂ ਸੰਗੀਤ ਅਤੇ ਪੰਜਾਬੀ ਗਾਇਕੀ ਵਿਚ ਪ੍ਰਾਪਤੀਆਂ ਨੂੰ ਮੱਦੇ ਨਜ਼ਰ ਰਖਦਿਆਂ ਇਹ ਪੁਰਸਕਾਰ ਦੇਣ ਦਾ ਫੈਸਲਾ ਲਿਆ ਹੈ। ਇਸ ਪੁਰਸਕਾਰ ਵਿਚ ਇੱਕ ਲੱਖ ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਯਾਦਗਾਰੀ ਚਿੰਨ੍ਹ, ਸ਼ਾਲ ਅਤੇ ਸਨਮਾਨ ਪੱਤਰ ਭੇਟ ਕੀਤਾ ਜਾਵੇਗਾ।
No comments:
Post a Comment