Sunday, August 16, 2015

ਮਜ਼ਦੂਰ ਪੰਚਾਇਤ ਵਿੱਚ ਹੱਕਾਂ ਲਈ ਘੋਲ਼ ਤਿੱਖਾ ਕਰਨ ਦਾ ਐਲ਼ਾਨ

Sun, Aug 16, 2015 at 6:01 PM
ਕਿਰਤ ਕਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਦੀ ਨਿਖੇਧੀ
ਲੁਧਿਆਣਾ:16 ਅਗਸਤ 2015: (ਪੰਜਾਬ ਸਕਰੀਨ ਬਿਓਰੋ):
ਅੱਜ ਲੁਧਿਆਣੇ ਦੇ ਪੁੱਡਾ ਮੈਦਾਨ ਵਿੱਚ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਬੁਲਾਈ ਗਈ ਮਜ਼ਦੂਰ ਪੰਚਾਇਤ ਵਿੱਚ ਵਿਸ਼ਾਲ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਨੇ ਸਰਮਾਏਦਾਰਾਂ ਅਤੇ ਸਰਕਾਰ ਵੱਲੋਂ ਉਹਨਾਂ ਦੀ ਕੀਤੀ ਜਾਂਦੀ ਲੁੱਟ-ਖਸੁੱਟ ਤੇ ਬੇਇਨਸਾਫ਼ੀ ਖਿਲਾਫ਼ ਘੋਲ਼ ਤਿੱਖਾ ਕਰਨ ਦਾ ਐਲ਼ਾਨ ਕੀਤਾ। ਪੰਚਾਇਤ ਵਿੱਚ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਕਾਰਜ਼ਕਾਰੀ ਕਮੇਟੀ ਵੱਲੋਂ ਪੇਸ਼ ਇੱਕ ਮੰਗ ਪੱਤਰ ਉੱਤੇ ਵਿਚਾਰ ਚਰਚਾ ਕੀਤੀ ਗਈ। ਮੰਗ ਪੱਤਰ ਨੂੰ ਅੰਤਮ ਰੂਪ ਦਿੱਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਹ ਮੰਗ ਪੱਤਰ ਟੈਕਸਟਾਈਲ ਅਤੇ ਹੌਜ਼ਰੀ ਮਾਲਕਾਂ ਨੂੰ ਸੌਂਪਿਆ ਜਾਵੇ। ਇਸ ਮੰਗ ਪੱਤਰ ਵਿੱਚ 25 ਫੀਸਦੀ ਤਨਖਾਹ ਵਾਧੇ, ਈ.ਐਸ.ਆਈ., ਪੀ.ਐਫ., ਪਹਿਚਾਣ ਪੱਤਰ, ਹਾਜ਼ਰੀ, ਬੋਨਸ, ਛੁੱਟੀਆਂ, ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਪ੍ਰਬੰਧ ਆਦਿ ਸਾਰੇ ਕਿਰਤ ਕਨੂੰਨ ਲਾਗੂ ਕਰਨ, ਕਾਰਖਾਨਿਆਂ ਵਿੱਚ ਮਜ਼ਦੂਰਾਂ ਨਾਲ਼ ਮਾਲਕਾਂ ਵੱਲੋਂ ਹੋਣ ਵਾਲ਼ੀ ਕੁੱਟਮਾਰ, ਗਾਲ਼ੀ-ਗਲੋਚ, ਬਦਸਲੂਕੀ ਬੰਦ ਕਰਨ, ਆਦਿ ਮੰਗਾਂ ਰੱਖੀਆਂ ਗਈਆਂ ਹਨ। ਮਜ਼ਦੂਰ ਪੰਚਾਇਤ ਨੇ ਐਲ਼ਾਨ ਕੀਤਾ ਕਿ ਇਹ ਮੰਗ ਪੂਰੀਆਂ ਕਰਾਉਣ ਲਈ ਤਿੱਖਾ ਘੋਲ਼ ਲੜਿਆ ਜਾਵੇਗਾ।
ਮੋਦੀ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਸੋਧਾਂ ਦੀ ਨਿਖੇਧੀ ਦਾ ਇੱਕ ਮਤਾ ਵੀ ਪਾਸ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਸਾਰੇ ਦੇਸ਼ ਵਿੱਚ ਮਜ਼ਦੂਰਾਂ ਦੇ ਕਾਨੂੰਨੀ ਕਿਰਤ ਹੱਕ ਤਰੁੰਤ ਲਾਗੂ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਪੱਖ ਵਿੱਚ ਕਿਰਤ ਕਨੂੰਨਾਂ ਨੂੰ ਸੋਧਿਆ ਜਾਵੇ ਨਾ ਕਿ ਸਰਮਾਏਦਾਰਾਂ ਦੇ ਪੱਖ ਵਿੱਚ।
ਮਜ਼ਦੂਰ ਪੰਚਾਇਤ ਦੌਰਾਨ ਮਜ਼ਦੂਰਾਂ ਨੇ ਕਾਰਖਾਨਿਆਂ ਵਿੱਚ ਮਜ਼ਦੂਰਾਂ ਦੀ ਹੁੰਦੀ ਬਰਬਰ ਲੁੱਟ-ਖਸੁੱਟ ਬਾਰੇ ਖੁੱਲ ਕੇ ਗੱਲ ਕੀਤੀ। ਕਾਰਖਾਨਿਆਂ ਵਿੱਚ ਮਜ਼ਦੂਰਾਂ ਨੂੰ 12-14 ਘੰਟੇ ਹੱਡ-ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਏਨੀ ਮਿਹਨਤ ਤੋਂ ਬਾਅਦ ਵੀ ਉਹਨਾਂ ਨੂੰ ਬਹੁਤ ਘੱਟ ਉਜ਼ਰਤਾਂ ਮਿਲਦੀਆਂ ਹਨ ਤੇ ਉਹ ਬਦਤਰ ਜਿੰਦਗੀ ਜਿਉਣ 'ਤੇ ਮਜ਼ਬੂਰ ਹਨ। ਚੰਗੇ ਭੋਜਨ, ਰਿਹਾਇਸ਼, ਕੱਪੜਾ, ਦਵਾ-ਇਲਾਜ, ਸਿੱਖਿਆ, ਮਨੋਰੰਜਨ, ਅਰਾਮ ਆਦਿ ਬੁਨਿਆਦੀ ਜ਼ਰੂਰਤਾਂ ਵੀ ਉਹ ਪੂਰੀਆਂ ਨਹੀਂ ਕਰ ਪਾਉਂਦੇ। ਮਾਲਕਾਂ ਦੀਆਂ ਪੰਜੇ ਉਂਗਲਾਂ ਘੀ 'ਚ ਹਨ। ਮਜ਼ਦੂਰਾਂ ਦੀ ਮਿਹਨਤ ਦੀ ਲੁੱਟ ਕਰਕੇ ਬੇਹਿਸਾਬ ਮੁਨਾਫ਼ਾ ਕਮਾਉਣ ਵਾਲ਼ੇ ਮਾਲਕ ਐਸ਼, ਸੁੱਖ-ਸਹੂਲਤ ਦੀ ਜਿੰਦਗੀ ਜਿਉਂਦੇ ਹਨ। ਕਾਰਖਾਨਿਆਂ ਵਿੱਚ ਕਿਰਤ ਕਨੂੰਨ ਲਾਗੂ ਨਹੀਂ ਹੁੰਦੇ। ਨਾ ਘੱਟੋ-ਘੱਟ ਤਨਖਾਹ ਲਾਗੂ ਹੁੰਦੀ ਹੈ, ਨਾ ਅੱਠ ਘੰਟੇ ਕੰਮ ਦਿਹਾਡ਼ੀ ਦਾ ਕਨੂੰਨ। ਈ.ਐਸ.ਆਈ., ਪੀ.ਐਫ., ਫੰਡ, ਬੋਨਸ, ਛੁੱਟੀਆਂ, ਹਾਦਸਿਆਂ ਅਤੇ ਬਿਮਾਰੀਆਂ ਤੋਂ ਸੁਰੱਖਿਆ ਦੇ ਪ੍ਰਬੰਧ, ਹਾਜ਼ਰੀ, ਪਹਿਚਾਣ ਪੱਤਰ ਆਦਿ ਨਾਲ਼ ਸਬੰਧਤ ਕਨੂੰਨਾਂ ਨੂੰ ਮਾਲਕਾਂ ਨੇ ਭੁਲਾ ਦਿੱਤਾ ਹੈ। ਕਿਰਤ ਵਿਭਾਗ ਦੀ ਹੋਂਦ ਸਿਰਫ਼ ਦਿਖਾਵੇ ਲਈ ਹੈ। ਸਾਰਾ ਸਰਕਾਰੀ ਢਾਂਚਾ ਹੀ ਅਸਲ ਵਿੱਚ ਮਾਲਕਾਂ ਨਾਲ਼ ਮਿਲਕੇ ਚਲਦਾ ਹੈ ਅਤੇ ਮਜ਼ਦੂਰਾਂ ਦੀ ਲੁੱਟ-ਖਸੁੱਟ ਵਿੱਚ ਸ਼ਾਮਲ ਹੈ। ਮਜ਼ਦੂਰ ਮਾਲਕਾਂ ਅਤੇ ਸਰਕਾਰ ਦੇ ਭ੍ਰਿਸ਼ਟਾਚਾਰ ਕਰਕੇ ਬਦਹਾਲ਼ ਜਿੰਦਗੀ ਜੀ ਰਹੇ ਹਨ। 
ਮਜ਼ਦੂਰ ਪੰਚਾਇਤ ਵਿੱਚ ਇੱਕ ਵਾਰ ਫੇਰ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਆਪਣੀ ਜਿੰਦਗੀ ਬੇਹਤਰ ਬਣਾਉਣ ਲਈ ਮਜ਼ਦੂਰਾਂ ਕੋਲ਼ ਇਕਮੁੱਠ ਹੋ ਕੇ ਘੋਲ਼ ਕਰਨ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ। ਮਜ਼ਦੂਰਾਂ ਨੂੰ ਭ੍ਰਿਸ਼ਟ ਸਰਮਾਏਦਾਰੀ ਅਤੇ ਸਮੁੱਚੇ ਰਾਜਕਾਜ਼ ਖਿਲਾਫ਼ ਇਕਮੁੱਠ ਹੋ ਕੇ ਘੋਲ਼ ਕਰਨਾ ਪਵੇਗਾ ਤਦ ਹੀ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਮਿਲ ਸਕਦੇ ਹਨ।
ਮਜ਼ਦੂਰ ਪੰਚਾਇਤ ਦੌਰਾਨ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਸਕੱਤਰ ਵਿਸ਼ਵਨਾਥ, ਕਮੇਟੀ ਮੈਂਬਰ ਲਖਵਿੰਦਰ, ਘਨਸ਼ਿਆਮ, ਛੋਟੇਲਾਲ, ਰਾਮਸੇਵਨ, ਮਹੇਸ਼, ਨਸੀਮ, ਪ੍ਰਮੋਦ, ਵੇਦਮਨੀ ਆਦਿ ਅਨੇਕਾਂ ਮਜ਼ਦੂਰਾਂ ਨੇ ਗੱਲ ਰੱਖੀ। ਵੱਖ-ਵੱਖ ਮਜ਼ਦੂਰ ਸਾਥੀਆਂ ਨੇ ਇਨਕਲਾਬੀ ਗੀਤ ਵੀ ਪੇਸ਼ ਕੀਤੇ।
-ਇਸ ਅੰਦੋਲਨ ਬਾਰੇ ਹੋਰ ਵੇਰਵਾ ਅਤੇ ਜੁੜਨ ਲਈ ਸੰਪਰਕ":ਲਖਵਿੰਦਰ- 9646150249

No comments: