Sun, Apr 26, 2015 at 7:10 AM
ਗਜ਼ਲ ਮੰਚ ਪੰਜਾਬ ਵੱਲੋਂ ਦੋ ਉੱਘੇ ਗਜ਼ਲਗੋਆਂ ਦਾ ਸਨਮਾਨ
ਲੁਧਿਆਣਾ: 26 ਅਪ੍ਰੈਲ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਗਜ਼ਲ ਮੰਚ ਪੰਜਾਬ (ਰਜਿ.) ਫਿਲੌਰ ਵੱਲੋਂ ਅੱਜ ਦੋ ਉੱਘੇ ਗਜ਼ਲਗੋ ਅਜਮੇਰ ਗਿੱਲ ਅਤੇ ਡਾ. ਇਕਬਾਲ ਸਿੰਘ ਢਿੱਲੋਂ ਦਾ ਸਨਮਾਨ ਕੀਤਾ ਗਿਆ। ਯਾਦ ਰਹੇ ਕਿ ਇਹ ਸਨਮਾਨ ਪੰਜਾਬੀ ਗਜ਼ਲ ਮੰਚ (ਰਜਿ.) ਫਿਲੌਰ ਵੱਲੋਂ ਹਰ ਸਾਲ ਕਰਮਵਾਰ ਡਾ.ਰਣਧੀਰ ਸਿੰਘ ਚੰਦ ਅਤੇ ਅਜਾਇਬ ਚਿੱਤਰਕਾਰ ਜੀ ਦੇ ਸਨਮਾਨ ਵਿੱਚ ਦਿੱਤਾ ਜਾਂਦਾ ਹੈ। ਇਸ ਸਮੇਂ ਉੱਘੇ ਪੱਤਰਕਾਰ ਅਤੇ ਗਜ਼ਲਗੋ ਸ਼੍ਰੀ ਸੀ.ਮਾਰਕੰਡਾ ਨੇ ਪ੍ਰਧਾਨਗੀ ਭਾਸ਼ਣ ਕਰਦਿਆਂ ਕਿਹਾ ਪੰਜਾਬੀ ਗਜ਼ਲ ਨੇ ਪੰਜਾਬੀ ਕਵਿਤਾ ਨੂੰ ਲੁਕਾਈ ਦੇ ਨੇੜੇ ਰੱਖਿਆ ਹੈ। ਇਸ ਸਮੇਂ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ.ਨਾਗਰ ਸਿੰਘ, ਪ੍ਰੋ.ਗੁਰਭਜਨ ਗਿੱਲ, ਇੰਜੀ.ਸੁਰਜਨ ਸਿੰਘ, ਸ਼ਾਇਰ ਅਮਰ ਸੂਫੀ, ਜਗੀਰ ਸਿੰਘ ਪ੍ਰੀਤ ਅਤੇ ਤ੍ਰਲੋਚਨ ਝਾਂਡੇ ਸ਼ਾਮਲ ਸਨ। ਮੰਚ ਸੰਚਾਲਨ ਹਰਬੰਸ ਮਾਲਵਾ ਨੇ ਬਾਖੂਬੀ ਕੀਤਾ। ਅਜਮੇਰ ਗਿੱਲ ਦੀ ਸਨਮਾਨਿਤ ਪੁਸਤਕ ‘ਮੇਰੇ ਸੂਰਜਮੁਖੀ’ਬਾਰੇ ਪੇਪਰ ਡਾ.ਗੁਲਜ਼ਾਰ ਸਿੰਘ ਪੰਧੇਰ ਨੇ ਪੇਸ਼ ਕੀਤਾ। ਉਹਨਾਂ ਪੇਪਰ ਵਿੱਚ ਦੱਸਿਆ ਕਿ ਅਜਮੇਰ ਗਿੱਲ ਦੀ ਸ਼ਾਇਰੀ ਕਾਇਨਾਤ ਨਾਲ ਨੇੜਤਾ ਜਤਾਉਂਦੀ ਨਵੀਆਂ ਫਸਲਾਂ ਦੇ ਫੁਲਾਂ ਵਰਗੀ ਸ਼ਾਇਰੀ ਹੈ। ਡਾ.ਇਕਬਾਲ ਸਿੰਘ ਢਿੱਲੋਂ ਜੀ ਬਾਰੇ ਜਨਮੇਜਾ ਸਿੰਘ ਜੌਹਲ ਨੇ ਸੰਖੇਪ ਜਾਣ ਪਛਾਣ ਕਰਾਈ। ਉਹਨਾਂ ਦੀ ਸਖਸ਼ੀਅਤ ਅਤੇ ਗਜ਼ਲ ਬਾਰੇ ਪੇਪਰ ਪੜਦਿਆਂ ਸ਼੍ਰੀ ਗੁਰਦਿਆਲ ਹੁਣਾਂ ਆਖਿਆ ਕਿ ਇਕਬਾਲ ਸਿੰਘ ਢਿੱਲੋਂ ਜਿੱਥੇ ਬਹੁਪੱਖੀ ਸਖਸ਼ੀਅਤ ਹਨ ਉੱਥੇ ਪੰਜਾਬੀ ਗਜ਼ਲ ਨੂੰ ਪੰਜਾਬੀ ਮਿੱਟੀ ਦੇ ਨੇੜੇ ਕਰਨ ਹਿੱਤ ਉਹਨਾਂ ਨੇ ਆਪਣਾ ਸਿਧਾਂਤਕ ਯੋਗਦਾਨ ਪਾਇਆ ਹੈ। ਸਨਮਾਨ ਸਮੇਂ ਪੜੇ ਜਾਣ ਵਾਲੇ ਸ਼ੋਭਾ ਪੱਤਰ ਸ.ਪ੍ਰੀਤਮ ਸਿੰਘ ਪੰਧੇਰ ਅਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਪੇਸ਼ ਕੀਤੇ। ਇਸ ਸਮੇਂ ਬੋਲਦਿਆਂ ਪ੍ਰੋ.ਗੁਰਭਜਨ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਕਿਹਾ ਕਿ ਸੰਸਥਾਂਵਾਂ ਨੂੰ ਆਪਣੇ ਫਰੇਮ ਵਿਚਲੇ ਬਣਦੇ ਫਰਜ਼ ਨਿਭਾਉਣੇ ਚਾਹੀਦੇ ਹਨ। ਅਜਾਇਬ ਚਿੱਤਰਕਾਰ ਜੀ ਦੇ ਬੇਟੇ ਪ੍ਰਿੰ.ਨਾਗਰ ਸਿੰਘ ਹੁਣਾਂ ਆਖਿਆ ਕਿ ਮੈਨੂੰ ਖੁਸ਼ੀ ਹੈ ਕਿ ਮੇਰੇ ਪਿਤਾ ਜੀ ਅਜਾਇਬ ਚਿੱਤਰਕਾਰ ਜੀ ਨੂੰ ਗਜ਼ਲ ਮੰਚ ਪੰਜਾਬ ਨੇ ਲਗਾਤਾਰ ਯਾਦ ਰੱਖਿਆ ਹੈ। ਅਮਰ ਸੂਫੀ ਹੁਣਾਂ ਨੇ ਅਜਮੇਰ ਗਿੱਲ ਨਾਲ ਸੰਬੰਧਤ ਯਾਦਾਂ ਨੂੰ ਤਾਜ਼ਾ ਕੀਤਾ। ਗਜ਼ਲ ਮੰਚ ਦੇ ਪ੍ਰਧਾਨ ਸਰਦਾਰ ਪੰਛੀ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਆਪਣਾ ਉੱਚ ਪੱਧਰ ਦਾ ਕਲਾਮ ਸਾਂਝਾ ਕੀਤਾ। ਇਸ ਸਮੇਂ ਕਵੀ ਦਰਬਾਰ ਕੀਤਾ ਗਿਆ। ਜਿਸ ਵਿੱਚ ਸਭ ਤੋਂ ਪਹਿਲਾਂ ਰਵਿੰਦਰ ਦੀਵਾਨਾ ਜੀ ਨੇ ਸਨਮਾਨਿਤ ਸਾਹਿਤਕਾਰਾਂ ਦੀਆਂ ਗਜ਼ਲਾਂ ਗਾ ਕੇ ਸੁਣਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਚਰਨ ਕੋਚਰ, ਤਜਿੰਦਰ ਮਾਰਕੰਡਾ, ਅਮਰਜੀਤ ਕੌਰ ਹਿਰਦੇ,ਤਰਸੇਮ ਨੂਰ, ਜੈ ਕਿਸ਼ਨ ਸਿੰਘ ਬੀਰ, ਰਾਜਵੀਰ ਤੂਰ, ਕੁਲਵਿੰਦਰ ਕਿਰਨ, ਪਰਮਜੀਤ ਮਹਿਕ, ਪ੍ਰਤਾਪ ਗਿੱਲ, ਅਜੀਤ ਪਿਆਸਾ, ਜਸਪ੍ਰੀਤ ਫਲਕ, ਗੁਰਚਰਨ ਮਾਣਕ, ਸਰਬਜੀਤ ਵਿਰਦੀ, ਅਮਰਜੀਤ ਸ਼ੇਰਪੁਰੀ, ਰਮਨਦੀਪ ਸਿੰਘ ਨੇ ਆਪਣੇ ਕਲਾਮ ਸਾਂਝੇ ਕੀਤੇ। ਇਸ ਸਮੇਂ ਤਰਲੋਚਨ ਲੋਚੀ, ਮਨਜਿੰਦਰ ਧਨੋਆ, ਬੁੱਧ ਸਿੰਘ ਨੀਲੋਂ, ਪ੍ਰਤਾਪ ਸਿੰਘ ਜਗਰਾਓਂ, ਗੁਰਮੀਤ ਸਿੰਘ, ਇੰਦਰਜੀਤ ਪਾਲ ਕੌਰ ਭਿੰਡਰ, ਗੁਰਚਰਨ ਨਾਰੰਗ, ਸ.ਦਲਜੀਤ ਸਿੰਘ, ਡਾ.ਗੁਰਇਕਬਾਲ ਸਿੰਘ, ਜਗਸ਼ਰਨ ਸਿੰਘ ਆਦਿ ਉੱਘੇ ਸਾਹਿਤਕਾਰ ਸ਼ਾਮਲ ਹੋਏ।
No comments:
Post a Comment