Saturday, March 07, 2015

ਸ਼ਰਾਬ ਦੇ ਮੁੱਦੇ ਨੂੰ ਲੈ ਕੇ ਬੇਲਨ ਬ੍ਰਿਗੇਡ ਵੱਲੋਂ ਸੜਕਾਂ ਤੇ ਨਿਕਲਣ ਦਾ ਐਲਾਨ

ਜਗਰਾਓਂ ਪੁਲ ਵਾਲੀ ਸ਼ਹੀਦੀ ਯਾਦਗਾਰ ਵਿਖੇ ਹੋਏਗਾ ਮਹਾਂਚਰਚਾ ਨਾਲ ਆਰੰਭ 
ਲੁਧਿਆਣਾ: 7 ਮਾਰਚ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਵਾਟਸਐਪ ਤੇ ਪੁੱਜੀ ਫੋਟੋ
ਵਿਧਾਨ ਸਭਾ ਚੋਣਾਂ ਦੌਰਾਨ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਸਾਹਮਣੇ ਆਏ ਬੇਲਨ ਬ੍ਰਿਗੇਡ ਨੇ ਆਪਣੀ ਹੋਂਦ ਦਾ ਅਹਿਸਾਸ ਬਹੁਤ ਹੀ ਘੱਟ ਸਮੇਂ ਵਿੱਚ ਅਤੇ ਬੜੀ ਤੀਬਰਤਾ ਨਾਲ ਕਰਾਇਆ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੁਝ ਸਮਾਂ ਚੁੱਪ ਰਹਿਣ ਮਗਰੋਂ ਹੁਣ ਬੇਲਨ ਬ੍ਰਿਗੇਡ ਫਿਰ ਸਰਗਰਮ ਹੈ। ਇਸ ਵਾਰ ਨਿਸ਼ਾਨੇ ਤੇ ਹੈ ਭਾਰਤੀ ਜਨਤਾ ਪਾਰਟੀ। ਅਕਾਲੀਆਂ ਦੇ ਨਾਲ ਸੱਤਾ ਵਿੱਚ ਭਾਈਵਾਲ ਭਾਰਤੀ ਜਨਤਾ ਪਾਰਟੀ ਸ਼ਰਾਬ ਨੂੰ ਹਟਾਉਣ ਲਈ ਸਚਮੁਚ ਕੁਝ ਠੋਸ ਕਦਮ ਚੁੱਕਦੀ ਹੈ ਜਾਂ ਫਿਰ ਆਪਣੀ ਹੀ ਸਰਕਾਰ ਦੇ ਅਫਸਰਾਂ ਨੂੰ ਮੰਗ ਪੱਤਰਾਂ ਵਾਲੀ ਸ਼ੋਸ਼ੇਬਾਜ਼ੀ ਦੀ ਸਿਆਸਤ ਵਿੱਚ ਰਹਿੰਦੀ ਹੈ ਇਸਦਾ ਅਸਲੀ ਪਤਾ ਸਮਾਂ ਆਉਣ ਤੇ ਹੀ ਲੱਗਣਾ ਹੈ। ਸ਼ਰਾਬ ਦੀ ਇੰਡਸਟਰੀ ਨੂੰ ਹੱਥ ਪਾਉਣਾ ਆਸਾਨ ਨਹੀਂ। ਮੋਰਾਰਜੀ ਦੇਸਾਈ ਦੀ ਅਗਵਾਈ ਵਾਲੀ ਸਰਕਾਰ ਵੇਲੇ ਸ਼ਰਾਬ ਦੀ ਤਾਕਤ ਨੂੰ ਉਹਨਾਂ ਆਮ ਲੋਕਾਂ ਨੇ ਵੀ ਦੇਖ ਲਿਆ ਸੀ ਸ਼ਰਾਬ ਦੇ ਨੇੜੇ ਵੀ ਨਹੀਂ ਜਾਂਦੇ। ਉਂਝ ਵੀ ਸ਼ਰਾਬ ਲਈ ਕੋਈ ਇੱਕ ਪਾਰਟੀ ਜ਼ਿੰਮੇਵਾਰ ਨਹੀਂ ਬਲਕਿ ਪੂਰਾ ਸਿਸਟਮ ਜਿੰਮੇਵਾਰ ਹੈ ਅਤੇ ਸਭ ਤੋਂ ਵਧ ਸੋਸਾਇਟੀ ਖੁਦ। ਨਸ਼ਿਆਂ ਦਾ ਵਿਰੋਧ ਕਰਨ ਵਾਲਿਆ ਦੇ ਨਾਲ ਅਕਸਰ ਕਈ ਵਾਰ ਓਹ ਲੋਕ ਹੀ ਤੁਰੇ ਹੁੰਦੇ ਹਨ ਜਿਹੜੇ ਖੁਦ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੁੰਦੇ ਹਨਅਜਿਹੇ ਲੋਕ ਅਕਸਰ ਅਜਿਹੇ ਯੋਜਨਾਂ ਵਿੱਚ ਚੌਧਰੀ ਬਣੇ ਹੁੰਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਅਜਿਹੇ ਲੋਕਾਂ ਨੂੰ ਜਾਨਣ ਵਾਲਿਆਂ ਉੱਤੇ ਉਹਨਾਂ ਲੋਕਾਂ ਦਾ ਵੀ ਕਦੇ ਚੰਗਾ ਅਸਰ ਨਹੀਂ ਪੈਂਦਾ ਜਿਹੜੇ ਸਚਮੁਚ ਨਸ਼ੇ ਤੋਂ ਦੂਰ ਰਹਿੰਦੇ ਹਨ ਅਤੇ ਪੂਰੀ ਗੰਭੀਰਤਾ ਨਾਲ ਨਸ਼ੇ ਦਾ ਵਿਰੋਧ ਕਰਨ ਆਏ ਹੁੰਦੇ ਹਨ। ਅੱਜਕਲ੍ਹ ਲੋਕ ਬੋਲਦੇ ਘੱਟ ਹਨ ਪਰ ਦੇਖਦੇ ਸਭਕੁਝ ਹਨ। ਉਹਨਾਂ ਨੂੰ ਪਰਦੇ ਪਿਛੇ ਹੋਣ ਵਾਲੀ ਸਾਰੀ ਖੇਡ ਦੀ ਵੀ ਖਬਰ ਹੁੰਦੀ ਹੈ। 
ਇੱਕ ਹੋਰ ਪਹਿਲੂ ਇਹ ਵੀ ਹੈ ਕਿ ਜਿਹਨਾਂ ਥਾਵਾਂ ਤੇ ਠੇਕੇ ਨਹੀਂ ਹਨ ਉਹਨਾਂ ਥਾਵਾਂ ਤੇ ਨਜਾਇਜ਼ ਸ਼ਰਾਬ ਕਈ ਵਾਰ ਲੋਕਾਂ ਦੀਆਂ ਜਾਨਾਂ ਲੈ ਚੁੱਕੀ ਹੈ। ਗੋਲੀਆਂ ਅਤੇ ਕੈਪਸੂਲਾਂ ਦੇ ਨਸ਼ੇ ਸ਼ਰਾਬ ਦੀ ਮਹਿੰਗਾਈ ਤੋਂ  ਤੰਗ ਆਏ ਲੋਕਾਂ ਨੇ ਸਸਤੇ ਨਸ਼ੇ ਸਮਝ ਕੇ ਅਪਨਾਏ। ਲੋਕਾਂ ਨੇ ਕੋਹੜ ਕਿਰਲੀਆਂ ਮਾਰਕੇ ਉਹਨਾਂ ਨੂੰ ਭੁੰਨ ਕੇ ਖਾਧਾ। ਖਾਂਸੀ ਵਾਲੀਆਂ ਦਵਾਈਆਂ ਨੂੰ ਵੀ ਨਸ਼ੇ ਦੀ ਥਾਂ ਤੇ ਵਰਤਿਆ। ਜ਼ਾਹਿਰ ਹੈ ਕਿ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਸਿਰਫ ਸ਼ਰਾਬ ਦੇ ਠੇਕਿਆਂ ਜਾਂ ਸ਼ਰਾਬੀਆਂ ਨੇ ਨਹੀਂ ਬਲਕਿ ਸੋਸਾਇਟੀ ਅੰਦਰ ਫੈਲੇ ਦੁੱਖਾਂ ਅਤੇ ਦਰਦਾਂ ਦੇ ਨਾਸੂਰ ਨੇ ਵੀ ਫੈਲਾਇਆ। ਕ੍ਰਾਂਤੀ ਦੇ ਰਸਤਿਓਂ ਭਟਕਿਆ ਸਮਾਜ ਬੁਰੀ ਤਰ੍ਹਾਂ ਬੀਮਾਰ ਹੈ। ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੋੜਾ ਹੋਇਆ ਸਮਾਜ ਨਸ਼ਿਆਂ 'ਚੋਂ ਆਪਣੇ ਮਸਲਿਆਂ ਦੇ ਹੱਲ ਲਭ ਰਿਹਾ ਹੈ। ਪਤਨੀ ਵੇਲੇ ਸਿਰ ਚੱਜ ਨਾਲ ਰੋਟੀ ਨਹੀਂ ਦੇਂਦੀ ਜਾਂ ਫਿਰ ਪਤੀ ਦੇ ਸਾਹਮਣੇ ਹੀ ਪਰਾਏ ਮਰਦਾਂ ਨਾਲ ਚਹਿਕਦੀ ਹੈ ਤਾਂ ਪਤੀ ਜਾਂ ਤਾਂ ਕਤਲ ਕਰੇਗਾ, ਜਾਂ ਖੁਦਕੁਸ਼ੀ ਅਤੇ ਜਾਂ ਫਿਰ ਸ਼ਰਾਬ ਦੀ ਸ਼ਰਨ ਵਿੱਚ ਜਾਏਗਾ। ਲਗਾਤਾਰ ਵਧ ਰਹੀ ਸ਼ਰਾਬ ਸ਼ਰਾਬੀਆਂ ਦੇ ਕਾਰਣ ਨਹੀਂ ਬਲਕਿ ਘਰਾਂ ਵਿੱਚ ਬਣੇ ਅਸਹਿਜ ਅਤੇ ਅਸ਼ਾਂਤ ਮਾਹੌਲ ਕਾਰਣ ਹੈ। ਸੋਚਣ ਦੀ ਲੋੜ ਹੈ ਕਿ ਦਿਨ ਭਰ ਮਿਹਨਤ ਕਰਨ ਮਗਰੋਂ ਥੱਕਿਆ ਟੁੱਟਿਆ ਇਨਸਾਨ ਸ਼ਰਾਬ ਦੀ ਸ਼ਰਨ ਵਿੱਚ ਕਿਓਂ ਜਾਣਾ ਚਾਹੁੰਦਾ ਹੈ? ਇਸਦੀ ਸ਼ਰਨ ਜਾਣ ਵਾਲਿਆਂ  ਵਿੱਚ  ਪੜ੍ਹੇ ਲਿਖੇ ਸਮਝਦਾਰ ਲੋਕ ਵੀ ਸ਼ਾਮਲ ਹਨ। ਕਿਓਂ ਘਰ-ਪਰਿਵਾਰ ਅਤੇ ਸਮਾਜ ਦਾ ਵਾਤਾਵਰਣ ਚਿੰਤਾਵਾਂ ਭਰਿਆ ਬਣਦਾ ਜਾ ਰਿਹਾ ਹੈ? ਕਿਓਂ ਅੱਜ ਦਾ ਇਨਸਾਨ ਨਸ਼ਾ ਕਰਕੇ ਬੇਹੋਸ਼ ਹੋ ਜਾਣਾ ਪਸੰਦ ਕਰਦਾ ਹੈ? ਉਹ ਕਿਓਂ ਭੁੱਲ ਜਾਣਾ ਚਾਹੁੰਦਾ ਹੈ ਸਭ ਕੁਝ? ਆਖਿਰ ਸਦੀਆਂ ਪਹਿਲਾਂ ਜੰਮੀ  ਸ਼ਰਾਬ ਅੱਜ ਵੀ ਇੱਕ ਗੰਭੀਰ ਸਮੱਸਿਆ ਕਿਓਂ ਬਣੀ ਹੋਈ ਹੈ?
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ
ਬੇਲਨ  ਬ੍ਰਿਗੇਡ  ਵੱਲੋਂ  ਇੱਕ ਵਾਰ ਫੇਰ ਨਸ਼ਿਆਂ ਨੂੰ ਮੁੱਦਾ ਬਣਾਉਂਦਿਆਂ ਅਜਿਹੇ ਸਾਰੇ ਸੁਆਲ ਉਠਾਉਣ ਦਾ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਹੈ। ਅੰਤਰਰਾਸ਼ਟਰੀ  ਮਹਿਲਾ ਦਿਵਸ ਦੇ ਮੋਕੇ ਤੇ ਜਗਰਾਵਾਂ ਪੁੱਲ ਦੇ ਚੋਂਕ ਵਿੱਚ ਸਥਿਤ ਸ਼ਹੀਦੀ ਯਾਦਗਾਰ ਵਿਖੇ ਐਤਵਾਰ 8 ਮਾਰਚ ਨੂੰ ਦੁਪਹਿਰ 11 ਵਜੇ   ਤੋ  1 ਵਜੇ ਤੱਕ ਲੁਧਿਆਣਾ ਦੇ ਸਮੂਹ ਵਰਗਾਂ ਨੂੰ ਇਸ ਬਾਰੇ ਸੁਆਲ ਪੁਛੇ ਜਾਣਗੇ ਅਤੇ ਉਹਨਾਂ ਦੇ ਜੁਆਬ ਵੀ ਸੁਣੇ ਜਾਣਗੇ। ਸਾਰੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਨੂੰ  ਹੋਵੇਗਾ ਕਿ ਸ਼ਰਾਬ ਇੱਕ ਨਸ਼ਾ ਹੈ ਜਾਂ ਨਹੀਂ ? ਕੀ ਗਲੀ ਮੋਹੱਲੋ ਵਿੱਚ ਸ਼ਰਾਬ  ਦੇ ਠੇਕੇ ਖੁੱਲਣੇ ਚਾਹੀਦੇ  ਹਨ  ਜਾਂ ਨਹੀਂ?   ਸ਼ਰਾਬ  ਨਾਲ  ਸਰੀਰ ਨੂੰ ਭਿਆਨਕ ਬਿਮਾਰੀਆਂ ਲੱਗਦੀਆ ਹਨ  ਅਤੇ ਘਰੇਲੂ ਕਲੇਸ਼ ਹੁੰਦੇ  ਹਨ। ਕੀ ਗਰੀਬ ਮਜਦੂਰਾਂ ਨੂੰ ਸ਼ਰਾਬ ਵੇਚ ਕੇ  ਸਰਕਾਰ ਵੱਲੋਂ ਟੈਕਸ ਇਕੱਠਾ ਕਰਨਾ ਠੀਕ ਹੈ ?
ਬੇਲਨ  ਬ੍ਰਿਗੇਡ ਦੀ ਕੋਮੀ  ਪ੍ਰਧਾਨ ਆਰਕੀਟੈਕਟ ਅਨੀਤਾ ਸ਼ਰਮਾ  ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਸਾਰੇ  ਰਾਜਨੀਤਕ ਪਾਰਟੀਆ  ਦੇ ਨੇਤਾ , ਧਾਰਮਿਕ  ਜੱਥੇਬੰਦੀਆਂ ਦੇ  ਆਗੂ  ਗੁਰੂ, ਸੰਤ-ਮਹੰਤ ਅਤੇ ਸਮਾਜਿਕ   ਸੰਸਥਾਵਾਂ  ਦੇ ਬੁਲਾਰਿਆਂ ਨੂੰ ਇਸ ਨਸ਼ੇ  ਦੇ ਖਿਲਾਫ ਮਹਾਂ ਚਰਚਾ ਵਿੱਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ ਗਿਆ ਹੈ। 
ਬੇਲਨ  ਬ੍ਰਿਗੇਡ  ਨੇ ਪੰਜਾਬ  ਦੇ ਮੁੱਖ ਮੰਤਰੀ  ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਪੱਤਰ ਸ਼ਰਾਬ ਦੀ ਪਾਲਿਸੀ ਉੱਤੇ ਲਿਖ ਕੇ ਲੁਧਿਆਣਾ ਵਿੱਚ ਅਕਾਲੀ ਦਲ ਸ਼ਹਿਰੀ  ਦੇ ਪ੍ਰਧਾਨ ਚੌਧਰੀ  ਮਦਨ ਲਾਲ ਬੱਗਾ ਨੂੰ ਸਪੁਰਦ ਕੀਤਾ ਅਤੇ ਚੌਧਰੀ  ਬੱਗਾ ਨੇ ਮਹਾਂ ਚਰਚਾ ਵਿੱਚ ਸ਼ਾਮਿਲ ਹੋਣ ਲਈ  ਵੀ  ਆਪਣੀ ਮੰਜੂਰੀ ਦਿੱਤੀ।
  
Post Script:
ਮੰਦਰ ਮਸਜਿਦ ਦੂਰ ਕਰਾਤੇ--ਮੇਲ ਕਰਾਤੀ ਮਧੂਸ਼ਾਲਾ।
ਦਿਨ ਮੇਂ ਹੋਲੀ-ਰਾਤ ਦੀਵਾਲੀ  ਮਨਾਤੀ ਮਧੂਸ਼ਾਲਾ। ----ਜਨਾਬ ਹਰਿਵੰਸ਼ ਰਾਏ ਬੱਚਨ

No comments: