ਲੁਧਿਆਣਾ: 21 ਮਾਰਚ 2015: (*ਲਖਵਿੰਦਰ//ਪੰਜਾਬ ਸਕਰੀਨ):
ਕੱਲ (22 ਮਾਰਚ) ਲੁਧਿਆਣਾ ਵਿੱਚ ਹੋ ਰਹੀ ਫਿਰਕਾਪ੍ਰਸਤੀ ਵਿਰੋਧੀ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ਦੀਆਂ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ ਹਨ। ਮਹਾਨ ਇਨਕਲਾਬੀ ਸ਼ਹੀਦਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ ਸਮਰਪਿਤ ਇਹ ਕਨਵੈਨਸ਼ਨ ਪੰਜ ਜਥੇਬੰਦੀਆਂ ਨੌਜਵਾਨ ਭਾਰਤ ਸਭਾ, ਟੈਕਸਟਾਇਲ-ਹੌਜਰੀ ਕਾਮਗਾਰ ਯੂਨੀਅਨ, ਪੰਜਾਬ; ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ); ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਬਿਗੁਲ ਮਜ਼ਦੂਰ ਦਸਤਾ ਵੱਲੋਂ ਸਾਂਝੇ ਤੌਰ ‘ਤੇ ਕੀਤੀ ਜਾ ਰਹੀ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ, ਕਿਰਤੀ, ਨੌਜਵਾਨ, ਵਿਦਿਆਰਥੀ ਇਸ ਕਨਵੈਨਸ਼ਨ ਵਿੱਚ ਸ਼ਾਮਿਲ ਹੋਣਗੇ । ਵੱਖ-ਵੱਖ ਸ਼ਹਿਰਾਂ-ਪਿੰਡਾਂ ਵਿੱਚ ਚਲਾਈ ਗਈ ਫਿਰਕਾਪ੍ਰਸਤੀ ਵਿਰੋਧੀ ਸੰਘਣੀ ਪ੍ਰਚਾਰ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਨੁੱਕਡ਼ ਸਭਾਵਾਂ, ਮੀਟਿੰਗਾਂ, ਪੈਦਲ/ ਸਾਈਕਲ/ ਮੋਟਰ ਸਾਈਕਲ ਮਾਰਚ, ਘਰ-ਘਰ ਪ੍ਰਚਾਰ ਆਦਿ ਸਰਗਰਮੀਆਂ ਹੋਈਆਂ ਹਨ। ਵੱਡੇ ਪੱਧਰ ’ਤੇ ਪੰਜਾਬੀ ਅਤੇ ਹਿੰਦੀ ਵਿੱਚ ਦੁਵਰਕੀ ਵੰਡੀ ਗਈ ਹੈ ਅਤੇ ਪੋਸਟਰ ਲਾਏ ਗਏ ਹਨ । ਸੋਸ਼ਲ ਮੀਡੀਆ ਫਿਰਕਾਪ੍ਰਸਤੀ ਦੀ ਗੰਭੀਰ ਚੁਣੌਤੀ ਅਤੇ ਇਸ ਖਿਲਾਫ ਜੁਝਾਰੂ ਲਹਿਰ ਖੜੀ ਕਰਨ ਦੀ ਜ਼ਰੂਰਤ ਨੂੰ ਸਮਝਦੇ ਹੋਏ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਧਰਮ ਨਿਰਪੱਖ-ਲੋਕਪੱਖੀ-ਇਨਕਲਾਬੀ ਜਥੇਬੰਦੀਆਂ ਵੱਲੋਂ ਧਾਰਮਿਕ ਫਿਰਕਾਪ੍ਰਸਤੀ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਵੱਖ-ਵੱਖ ਧਰਮਾਂ ਦੇ ਕੱਟਡ਼ਪੰਥੀ ਲੋਕ ਮਨਾਂ ਵਿੱਚ ਧਾਰਮਿਕ ਨਫਰਤ ਦਾ ਜਹਿਰ ਘੋਲ ਰਹੇ ਹਨ ਅਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀਆਂ ਜੋਰਦਾਰ ਕੋਸ਼ਿਸ਼ਾਂ ਹੋ ਰਹੀਆਂ ਹਨ। ਫਿਰਕਾਪ੍ਰਸਤੀ ਦਾ ਕਹਿਰ ਤਾਂ ਸਾਰੀ ਲੋਕਾਈ ਉੱਤੇ ਢਹਿੰਦਾ ਹੈ ਪਰ ਹਿੰਦੂਤਵੀ ਕੱਟੜਪੰਥੀ ਤਾਕਤਾਂ ਦਾ ਅਧਾਰ ਜਿਆਦਾ ਮਜ਼ਬੂਤ ਹੋਣ ਕਰਕੇ ਮੁਸਲਮਾਨ, ਇਸਾਈ, ਸਿੱਖ ਘੱਟ-ਗਿਣਤੀ ਆਬਾਦੀ ਉੱਤੇ ਬਹੁਤ ਖ਼ਤਰਾ ਮੰਡਲਾ ਰਿਹਾ ਹੈ । ਹਿੰਦੂਤਵੀ ਕੱਟੜਪੰਥੀ ਪੂਰੇ ਦੇਸ਼ ਵਿੱਚ ਵੱਡੇ ਪੱਧਰ ਉੱਤੇ ਘੱਟ-ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਅਤੇ ਈਸਾਈਆਂ ਨੂੰ ਨਿਸ਼ਾਨਾ ਬਣਾ ਰਹੇ ਹਨ । ਪਹਿਲਾਂ ਵੀ ਘੱਟ-ਗਿਣਤੀਆਂ ਦੇ ਵੱਡੇ ਪੱਧਰ ਉੱਤੇ ਯੋਜਨਾਬੱਧ ਕਤਲੇਆਮ ਹੁੰਦੇ ਰਹੇ ਹਨ, ਇਹ ਕੰਮ ਹੁਣ ਹੋਰ ਵੀ ਵੱਡੇ ਪੱਧਰ ਉੱਤੇ ਕਰਵਾਉਣ ਦੀਆਂ ਕੋਸ਼ਿਸ਼ਾਂ ਹਿੰਦੂਤਵੀ ਕੱਟੜਪੰਥੀ ਤਾਕਤਾਂ ਕਰ ਰਹੀਆਂ ਹਨ । ਘੱਟ-ਗਿਣਤੀ ਧਰਮਾਂ ਦੇ ਕੱਟੜਪੰਥੀ ਹਾਲਾਤ ਦਾ ਫਾਇਦਾ ਲੈ ਕੇ ਘੱਟ-ਗਿਣਤੀਆਂ ਨੂੰ ਸਾਰੇ ਹਿੰਦੂਆਂ ਖ਼ਿਲਾਫ਼ ਭੜਕਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ। ਇਹਨਾਂ ਬੇਹੱਦ ਗੰਭੀਰ ਹਾਲਾਤਾਂ ਵਿੱਚ ਸੱਚੀਆਂ ਧਰਮ-ਨਿਰਪੱਖ, ਲੋਕਪੱਖੀ, ਇਨਕਲਾਬੀ ਤਾਕਤਾਂ ਨੂੰ ਲੋਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਜ਼ੋਰਦਾਰ ਕੋਸ਼ਿਸ਼ਾਂ ਕਰਨੀਆਂ ਹੋਣਗੀਆਂ।
ਸਾਰੇ ਧਾਰਮਿਕ ਕੱਟੜਪੰਥੀਆਂ
ਦਾ ਨਿਸ਼ਾਨਾ ਸਰਮਾਏਦਾਰਾ ਹਾਕਮਾਂ ਦੀਆਂ ਨਵ-ਉਦਾਰਵਾਦੀ ਘੋਰ ਲੋਕ-ਦੋਖੀ ਨੀਤੀਆਂ ਨੂੰ ਅੱਗੇ ਵਧਾਉਣਾ
ਹੈ। ਕਿਰਤ ਕਾਨੂੰਨਾਂ ਵਿੱਚ ਗੰਭੀਰ ਮਜ਼ਦੂਰ ਵਿਰੋਧੀ ਸੋਧਾਂ
ਕੀਤੀਆਂ ਜਾ ਰਹੀਆਂ ਹਨ, ਲੋਕਾਂ ਤੋਂ ਸਰਕਾਰੀ ਸਿਹਤ, ਸਿੱਖਿਆ, ਟ੍ਰਾਂਸਪੋਰਟ, ਪਾਣੀ, ਬਿਜਲੀ ਆਦਿ
ਸਹੂਲਤਾਂ ਵੱਡੇ ਪੱਧਰ ’ਤੇ ਖੋਹੀਆਂ ਜਾ ਰਹੀ ਹਨ,
ਸਰਮਾਏਦਾਰਾਂ ਲਈ ਲੋਕਾਂ ਖਾਸ ਕਰਕੇ
ਕਿਸਾਨਾਂ ਦੀ ਜ਼ਮੀਨ ਜਬਰਨ ਖੋਹਣ ਲਈ ਘੋਰ ਲੋਕ-ਦੋਖੀ ਕਨੂੰਨ ਬਣਾਏ ਜਾ ਰਹੇ ਹਨ, ਲੋਕਾਂ ਦੇ ਸੰਘਰਸ਼ਾਂ
ਨੂੰ ਕੁਚਲਣ ਲਈ ਕਾਲੇ ਕਨੂੰਨ ਬਣਾਏ ਜਾ ਰਹੇ ਹਨ। ਇਹ ਖੂੰਖਾਰ ਲੋਕ-ਦੋਖੀ ਨੀਤੀਆਂ ਲੋਕਾਂ ਵਿੱਚ ਫੁੱਟ ਪਾ ਕੇ
ਹੀ ਲਾਗੂ ਕੀਤੀਆਂ ਜਾ ਸਕਦੀਆਂ ਹਨ। ਜਦੋਂ ਤੋਂ ਫਾਸੀਵਾਦੀ ਏਜੰਡੇ ਉੱਤੇ ਕੰਮ ਕਰਨ ਵਾਲੀ ਭਾਜਪਾ
ਕੇਂਦਰ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਹੈ ਉਦੋਂ ਤੋਂ ਧਾਰਮਿਕ ਫਿਰਕਾਪ੍ਰਸਤ ਤਾਕਤਾਂ
ਬਹੁਤ ਜ਼ਿਆਦਾ ਸਰਗਰਮ ਹੋ ਗਈਆਂ ਹਨ। ਫਿਰਕਾਪ੍ਰਸਤੀ ਦਾ ਨਿਸ਼ਾਨਾ ਹੀ ਮਜ਼ਦੂਰਾਂ, ਕਿਰਤੀਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦਾ ਏਕਾ ਹੈ। ਇਸ ਲਈ ਇਹ ਸਪੱਸ਼ਟ ਹੈ ਕਿ ਲੜਾਈ ਸਿਰਫ ਧਾਰਮਿਕ ਫਿਰਕਾਪ੍ਰਸਤੀ ਖਿਲਾਫ ਨਹੀਂ ਹੈ ਸਗੋਂ ਘੋਰ ਲੋਕ-ਦੋਖੀ
ਨਵ-ਉਦਾਰਵਾਦੀ ਸਰਮਾਏਦਾਰਾ ਨੀਤੀਆਂ ਖਿਲਾਫ ਵੀ ਹੈ। ਲੋਕਾਂ ਦੀ ਆਰਥਿਕ-ਸਮਾਜਿਕ- ਸਿਆਸੀ
ਮੁੱਦਿਆਂ ਉੱਤੇ ਇੱਕਮੁੱਠ ਜੁਝਾਰੂ ਏਕਾ ਕਾਇਮ ਕਰਦੇ ਹੋਏ ਹੀ ਸਾਰੇ ਧਰਮਾਂ ਦੇ ਲੋਕਾਂ ਦੇ ਆਪਸੀ
ਭਾਈਚਾਰੇ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਮਜ਼ਬੂਤ ਕੀਤਾ ਜਾ ਸਕਦਾ ਹੈ।
ਫਿਰਕਾਪ੍ਰਸਤੀ
ਖਿਲਾਫ ਜੁਝਾਰੂ ਇੱਕਮੁੱਠਤਾ ਦੇ ਮੁਜਾਹਰੇ ਅਤੇ ਇਸ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ ਕਰਨ ਲਈ ਫਿਰਕਾਪ੍ਰਸਤੀ
ਵਿਰੋਧੀ ਕਨਵੈਨਸ਼ਨ ਵਿੱਚ ਸ਼ਾਮਿਲ ਹੋਣ ਲਈ ਅਸੀਂ ਸਾਰੇ ਧਰਮ-ਨਿਰਪੱਖ, ਲੋਕ-ਪੱਖੀ, ਇਨਸਾਫ-ਪਸੰਦ ਲੋਕਾਂ, ਨੌਜਵਾਨਾਂ, ਵਿਦਿਆਰਥੀਆਂ, ਮੀਡੀਆ-ਕਾਮਿਆਂ ਨੂੰ
ਸੱਦਾ ਦਿੰਦੇ ਹਾਂ । ਇਹ ਕਨਵੈਨਸ਼ਨ ਕੱਲ (22 ਮਾਰਚ) ਨੂੰ
ਲੁਧਿਆਣਾ ਵਿੱਚ ਸਮਰਾਲਾ ਚੌਂਕ ਨੇੜੇ, ਤਾਜਪੁਰ ਰੋਡ ਉੱਤੇ ਸਥਿਤ ਈ.ਡਬਲਿਊ.ਐਸ. ਕਾਲੋਨੀ ਦੇ ਤਿਕੋਣੇ ਪਾਰਕ (ਨਜਦੀਕ ਅੰਬੇਡਕਰ ਚੌਂਕ, ਨਿਸ਼ਕਾਮ ਸਕੂਲ ਪਿੱਛੇ) ਹੋਵੇਗੀ।
*ਲਖਵਿੰਦਰ ਕਾਰਖਾਨਾ ਮਜ਼ਦੂਰ
ਯੂਨੀਅਨ ਪੰਜਾਬ ਦੇ ਪ੍ਰਧਾਨ ਹਨ--ਸੰਪਰਕ – 96461-50249
No comments:
Post a Comment