Friday, February 13, 2015

ਖੁਦਕੁਸ਼ੀਆਂ ਬਾਰੇ ਸਰਕਾਰੀ ਨੀਤੀ ਮਹਿਜ਼ ਛਲਾਵਾ


ਬੀ ਕੇ ਯੂ (ਉਗਰਾਹਾਂ) ਤੇ ਖ਼ੇਤ ਮਜ਼ਦੂਰ ਜੱਥੇਬੰਦੀ ਵੱਲੋਂ ਸੰਘਰਸ਼ ਤੇ ਕਾਨੂੰਨੀ ਚਾਰਾਜੋਈ 
Courtesy Photo
ਖੁਦਕੁਸ਼ੀਆਂ ਦੇ ਮਾਮਲੇ ਵਿੱਚ ਪੀੜਤਾਂ ਨੂੰ ਰਾਹਤ ਦੇਣ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਨਿਰਧਾਰਿਤ ਨੀਤੀ ਨੂੰ ਪੀੜਤਾਂ, ਕਿਸਾਨਾਂ ਤੇ ਖ਼ੇਤ ਮਜ਼ਦੂਰਾ ਨਾਲ ਛਲਾਵਾ ਕਰਾਰ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਨੇਂ ਇਸ ਵਿੱਚ ਬੁਨਿਆਦੀ ਤਬਦੀਲੀਆਂ ਕੀਤੇ ਜਾਣ ਦੀ ਮੰਗ ਕੀਤੀ ਹੈ।
ਦੋਹਾਂ ਜੱਥੇਬੰਦੀਆਂ ਦੇ ਜਨਰਲ ਸਕੱਤਰਾਂ ਸੁਖਦੇਵ ਸਿੰਘ ਕੋਕਰੀਕਲਾਂ ਅਤੇ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਕੀਤੇ ਪ੍ਰੇਸ ਬਿਆਨ ਰਾਹੀਂ ਕਿਹਾ ਕਿ ਇਸ ਨੀਤੀ ਤੈਹਤ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਇਸ ਵਿੱਚੌਂ ਪੂਰੀ ਤਰਾਂ ਬਾਹਰ ਕੱਢ ਦਿਤਾ ਹੈ, ਜਦੋਂ ਕਿ ਕਰਜ਼ਿਆਂ ਕਾਰਨ ਹੋਈਆਂ ਖੁਦਕੁਸ਼ੀਆਂ ਵਾਲੇ ਪੀੜਤ ਪਰਿਵਾਰਾਂ ਨੂੰ ਨੌਕਰੀ ਦੇਣ ਤੇ ਕਰਜ਼ੇ ਖ਼ਤਮ ਕਰਨ ਤੋਂ ਵੀ ਪੱਲਾ ਝਾੜ ਦਿੱਤਾ ਹੈ ਅਤੇ 5 ਲੱਖ ਰੁਪੈ ਦਾ ਮੁਆਵਜ਼ਾ ਦੇਣ ਦੀ ਥਾਂ ਸਿਰਫ ਦੋ ਲੱਖ ਰੁਪੈ ਦੀ ਮਦ ਪਾਸ ਕੀਤੀ ਗਈ ਹੈ; ਉਸ ਵਿੱਚ ਵੀ ਪੀੜਤਾਂ ਨੂੰ ਸਿਰਫ਼ 50 ਹਜ਼ਾਰ ਰੁਪੈ ਹੀ ਨਗਦ ਦਿੱਤੇ ਜਾਣਗੇੋ ਅਤੇ ਬਾਕੀ ਦੇ ਡੇਢ ਲੱਖ ਰੁਪੈ ਬੈਂਕ ਖ਼ਾਤੇ ਵਿੱਚ ਜਮਾ ਕਰਨ ਦੀ ਨੀਤੀ ਬਣਾ ਦਿੱਤੀ ਗਈ ਹੈ। ਜੋ ਪੀੜਤਾਂ ਨਾਲ ਬੇਇਨਸਾਫ਼ੀ ਹੈ। ਕਿਸਾਨ ਮਜ਼ਦੂਰ ਆਗੂਆਂ ਨੇ ਕਿਹਾ ਹੈ ਕਿ ਕੁਝ ਪੀੜਤਾਂ ਨੂੰ ਖੇਤੀ ਮੋਟਰਾਂ ਦੇ ਕੁਨੈਕਸ਼ਨ ਫੌਰੀ ਦੇਣ ਦੀ ਤਜ਼ਵੀਜ਼ ਰੱਖੀ ਗਈ ਹੈ। ਪਰ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਇਸਦਾ ਕੋਈ ਵੀ ਲਾਭ ਨਹੀ ਹੋਵੇਗਾ।
ਉਹਨਾਂ ਮੰਗ ਕੀਤੀ ਕਿ ਖੁਦਕੁਸ਼ੀ ਪੀੜਤਾਂ ਨੂੰ ਇਨਸਾਫ਼ ਦੇਣ ਲਈ ਜ਼ਰੂਰੀਹੈ ਕਿ ਕਰਜ਼ਿਆਂ ਦੇ ਨਾਲ ਨਾਲ ਆਰਥਿਕ ਤੰਗੀਆਂ ਕਾਰਨ ਹੋਈਆਂ ਖੁਦਕੁਸ਼ੀਆਂ ਵਾਲੇ ਪੀੜਤਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇ, ਸਾਰੇ ਪੀੜਤਾਂ ਨੂੰ 5 ਲੱਖ ਰੁਪੈ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ, ਉਹਨਾਂ ਦੇ ਸਾਰੇ ਕਰਜੇ ਖ਼ਤਮ ਕੀਤੇ ਜਾਣ, ਖੁਦਕੁਸ਼ੀਆਂ ਦੇ ਵਰਤਾਰੇ ਨੂੰ ਮੁਕੰਮਲ ਤੌਰ ਤੇ ਠੱਲ ਪਾਉਣ ਲਈ ਸੂਦਖੋਰਾਂ ਤੇ ਬੈਂਕ ਦੀ ਅੰਨੀ ਲੁੱਟ ਨੂੰ ਨੱਥ ਮਾਰਦਾ ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਨੂੰਨ ਬਣਾਇਆ ਤੇ ਲਾਗੂ ਕੀਤਾ ਜਾਵੇ ਅਤੇ ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਖੇਤ ਮਜ਼ਦੂਰ ਤੇ ਬੇਜ਼ਮੀਨੇ ਕਿਸਾਨਾਂ ਵਿੱਚ ਵੰਡ ਕੀਤੀ ਜਾਵੇ, ਖੇਤੀ ਲਾਗਤਾਂ ਘਟਾਉਣ ਲਈ ਰੇਹ, ਸਪਰੇ, ਬੀਜਾਂ, ਖੇਤੀ ਮਸ਼ੀਨਰੀ ਆਦ ਖੇਤਰਾਂ ਚ ਲਗੇ ਸਨਅੱਤਕਾਰਾਂ ਦੇ ਸੁਪਰ ਮੁਨਾਫਿਆਂ ਤੇ ਰੋਕ ਲਾਈ ਜਾਵੇ, ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਅੰਨੀ੍ ਲੁੱਟ ਬੰਦ ਕੀਤੀ ਜਾਵੇ, ਬੇਘਰਿਆਂ ਲਈ ਘਰਾਂ ਦਾ ਪ੍ਰਬੰਧ ਕੀਤਾ ਜਾਵੇ, ਖੇਤੀ ਅਧਾਰਿਤ ਰੁਜ਼ਗਾਰ ਮੁਖੀ ਸਨਅੱਤਾਂ ਲਾਈਆਂ ਜਾਣ, ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ ਤੇ ਸਰਕਾਰੀ ਖ਼ਰੀਦ ਯਕੀਨੀ ਬਣਾਈ ਜਾਵੇ ਖੇਤੀ ਦੀ ਤਰੱਕੀ ਲਈ ਵੱਖਰੇ ਬੱਜਟਾਂ ਦਾ ਪ੍ਰਬੰਧ ਕੀਤਾ ਜਾਵੇ |
ਉਹਨਾ ਐਲਾਨ ਕੀਤਾ ਕਿ ਸਰਕਾਰ ਵੱਲੋਂ ਤਹਿ ਕੀਤੀ ਵਿਤਕਰੇ ਭਰਪੂਰ ਤੇ ਰੋਸ ਪੂਰਨ ਨੀਤੀ ਵਿਰੁੱਧ ਸੰਘਰਸ਼ ਛੇੜਨ ਦੇ ਨਾਲ ਨਾਲ ਇਸਨੂੰ ਕਨੂੰਨੀ ਪੱਖੋਂ ਵੀ ਚਣੌਤੀ ਦਿੱਤੀ ਜਾਵੇਗੀ ।
(February 12, 2015)

ਜਾਰੀ ਕਰਤਾ ਸੁਖਦੇਵ ਸਿੰਘ ਕੋਕਰੀ ਕਲਾਂ//ਲਛਮਣ ਸਿੰਘ ਸੇਵੇਵਾਲਾ
94174 66038 ਅਤੇ 94170-79170

No comments: