Fri, Oct 24, 2014 at 8:23 PM |
*ਥੋੜ੍ਹੇ ਸਮੇਂ 'ਚ ਹੀ ਸਿੱਖ ਕੌਮ ਨੇ ਦੁਨੀਆਂ ਦੇ ਨਕਸ਼ੇ ਤੇ ਆਪਣੀ ਵੱਖਰੀ ਪਹਿਚਾਣ ਬਣਾਈ-ਗਿਆਨੀ ਗੁਰਬਚਨ ਸਿੰਘ
*"ਸਿੱਖ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜ਼ਬਰ-ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਵਿੱਢੇ ਸੰਘਰਸ਼ ਨਾਲ ਭਰਪੂਰ" *ਜਥੇਦਾਰ ਅਵਤਾਰ ਸਿੰਘ ਨੇ ਵੀ ਸੰਝੈਨ ਕੀਤੀਆਂ ਗੁਰਮਤਿ ਵਿਚਾਰਾਂ
ਲੱਖਾਂ ਸੰਗਤਾਂ ਵੱਲੋਂ ਪਵਿੱਤਰ ਸਰੋਵਰ 'ਚ ਕੀਤੇ ਗਏ ਇਸ਼ਨਾਨ
ਅਲੌਕਿਕ ਨਜ਼ਾਰਾ ਰਿਹਾ ਦੀਪਮਾਲਾ ਤੇ ਆਤਿਸ਼ਬਾਜੀ ਦਾ
ਅੰਮ੍ਰਿਤਸਰ: 24 ਅਕਤੂਬਰ 2014: (ਕੁਲਵਿੰਦਰ ਸਿੰਘ 'ਰਮਦਾਸ'//SGPC//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੀਰੀ-ਪੀਰੀ ਦੇ ਮਾਲਕ ਦਾਤਾ ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਉਪਰੰਤ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ' ਪਹੁੰਚਣ ਨੂੰ ਸਮਰਪਿਤ ਬੰਦੀ-ਛੋੜ ਦਿਵਸ (ਦੀਵਾਲੀ) 22 ਤੋਂ 24 ਅਕਤੂਬਰ ਤੀਕ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਲੱਖਾਂ ਸੰਗਤਾਂ ਨੇ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।
ਇਸ ਮੌਕੇ 'ਸੱਚਖੰਡ ਸ੍ਰੀ ਹਰਿਮੰਦਰ ਸਾਹਿਬ' ਦੀ ਦਰਸ਼ਨੀ ਡਿਊੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਦਿੰਦਿਆਂ ਕਿਹਾ ਕਿ ਬੰਦੀ ਛੋੜ ਦਿਵਸ ਸਾਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੁੜਨ ਦਾ ਅਵਸਰ ਪ੍ਰਦਾਨ ਕਰਦਾ ਹੈ। ਕੌਮਾਂ ਆਪਣੇ ਵਿਰਸੇ ਦੇ ਬਲਬੂਤੇ 'ਤੇ ਹੀ ਜਿਉਂਦੀਆਂ ਹਨ, ਨਵੀਆਂ ਪੈੜਾਂ ਸਿਰਜਦਿਆਂ ਨਿਸ਼ਾਨੇ ਮਿਥਦੀਆਂ ਹਨ ਅਤੇ ਨਵੀਆਂ ਮੰਜਿਲਾਂ ਤਹਿ ਕਰਦੀਆਂ ਹਨ।
ਉਨ੍ਹਾਂ ਇਸ ਪਵਿੱਤਰ ਦਿਹਾੜੇ ਦੀ ਪੂਰੀ ਸਿੱਖ ਕੌਮ ਨੂੰ ਵਧਾਈ ਦੇਂਦਿਆਂ ਕਿਹਾ ਕਿ ਸਾਡੀ ਕੌਮ ਨੂੰ ਮਾਣ ਹੈ ਕਿ ਥੋੜੇ ਸਮੇਂ ਵਿਚ ਇਸ ਨੇ ਦੁਨੀਆਂ ਦੇ ਨਕਸ਼ੇ ਉਤੇ ਆਪਣੀ ਵੱਖਰੀ ਹੋਂਦ ਅਤੇ ਪਹਿਚਾਣ ਬਣਾਈ ਹੈ। ਇਹ ਕੋਈ ਸਾਡੀ ਆਪਣੀ ਜਾਤ ਜਾਂ ਹਸਤੀ ਦੀ ਬਦੌਲਤ ਨਹਂਿ ਹੈ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਪਾਤਸ਼ਾਹੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਬਖਸ਼ੀ ਜੀਵਨ ਜਾਚ ਅਤੇ ਮਹਾਨ ਫਲਸਫੇ ਦੀ ਦੇਣ ਹੈ।
ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਸਮੁੱਚੀ ਲੋਕਾਈ ਨੂੰ ਆਪਣੇ ਮਨਾਂ ਅਤੇ ਆਲੇ ਦੁਆਲੇ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾਉਣ ਦੀ ਭਰਪੂਰ ਪ੍ਰੇਰਨਾ ਦਿੱਦਾ ਹੈ ਤਾਂ ਜੋ ਮਨੁੱਖਤਾ ਅਗਿਆਨਤਾ, ਵਿਸ਼ੇ-ਵਿਕਾਰਾਂ ਅਤੇ ਫੋਕਟ ਕਰਮਾਂ ਦੀ ਹਨੇਰੀ ਕੈਦ ਵਿਚੋਂ ਅਜਾਦ ਹੋ ਕੇ ਅਨੰਦਮਈ ਜੀਵਨ ਬਤੀਤ ਕਰ ਸਕੇ। ਇਹ ਦਿਹਾੜਾ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਗੁਰਸਿੱਖਾਂ ਨੂੰ ਮਿਲ ਬੈਠਣ ਲਈ ਪ੍ਰੇਰਨਾ ਵੀ ਬਖਸ਼ਿਸ਼ ਕਰਦਾ ਹੈ। ਅੱਜ ਬਹੁਤ ਸਾਰੇ ਚਿੰਤਾ ਜਨਕ ਮੁੱਦੇ ਪੰਥ ਅੱਗੇ ਚੁਣੌਤੀ ਬਣ ਕੇ ਖੜੇ ਹਨ ਜਿਨ੍ਹਾਂ ਦਾ ਹੱਲ ਮਿਲ ਬੈਠ ਕੇ ਪੰਥਕ-ਜੁਗਤ ਅਨੁਸਾਰ ਕਰਨ ਦੀ ਜਰੂਰਤ ਹੈ।
ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਵਿਚ ਪਤਿਤਪੁਣੇ ਅਤੇ ਨਸ਼ੇ ਦੀ ਬਹੁਤ ਵੱਡੀ ਹਨੇਰੀ ਚੱਲ ਰਹੀ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਭਾਵੇਂ ਕਿ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਬਹੁਤ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਫਿਰ ਵੀ ਇਸ ਨੂੰ ਠੱਲ੍ਹ ਨਹੀਂ ਪੈ ਰਹੀ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰਾਂ, ਸਿੱਖ ਜਥੇਬੰਦੀਆਂ ਅਤੇ ਨੌਜਵਾਨ ਬੱਚਿਆਂ ਦੇ ਮਾਪਿਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਕੌਮ ਦੀ ਪਨੀਰੀ ਨੂੰ ਪਤਿਤਪੁਣੇ ਤੋਂ ਬਚਾਇਆ ਜਾ ਸਕੇ ਅਤੇ ਉਹ ਗੁਰੂ ਦੇ ਲੜ ਲੱਗ ਕੇ ਸਿੱਖੀ ਦੀ ਆਨ-ਸ਼ਾਨ ਵਾਲਾ ਸੁਚੱਜਾ ਜੀਵਨ ਜਿਊਣ ਦੇ ਯੋਗ ਬਨਣ। ਉਨ੍ਹਾਂ ਸੰਗਤਾਂ ਨੂੰ ਅਨੰਦ ਕਾਰਜ ਅਤੇ ਹੋਰ ਖੁਸ਼ੀ ਗਮੀ ਦੇ ਸਮਾਗਮ ਗੁਰਮਤਿ ਜੁਗਤ ਅਨੁਸਾਰ ਸਾਦੇ ਢੰਗ ਨਾਲ ਕਰਨ ਲਈ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਅੱਜ ਦੀਆਂ ਲੋਕਤੰਤਰੀ ਸਰਕਾਰਾਂ ਵਿਚ ਸਾਡੇ ਸਿਰਾਂ ਤੋਂ ਤਸ਼ੱਦਦ ਅਤੇ ਬੇਇਨਸਾਫੀ ਦੇ ਜੁੱਲੇ ਨਹੀਂ ਲੱਥੇ। ਕੌਮ ਦੇ ਜੁਝਾਰੂ ਨੌਜਵਾਨ ਕਾਲ-ਕੋਠਰੀਆਂ ਵਿਚ ਬੰਦ ਹਨ। ਇਹ ਬੜਾ ਦੁਖਦਾਈ ਪਹਿਲੂ ਹੈ ਕਿ ਜਿਨ੍ਹਾਂ ਨੌਜਵਾਨਾਂ ਦੀ ਸਜਾ ਪੂਰੀ ਹੋ ਚੁੱਕੀ ਹੈ ਉਨ੍ਹਾਂ ਨੂੰ ਵੀ ਰਿਹਾਅ ਨਹੀਂ ਕੀਤਾ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਤੁਰੰਤ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਆਓ ਪ੍ਰਣ ਕਰੀਏ ਕਿ ਇਸ ਬੰਦੀ ਛੋੜ ਦਿਵਸ 'ਤੇ ਅਸੀਂ ਸਤਿਗੁਰਾਂ ਦੇ ਚਲਾਏ ਮਾਰਗ 'ਤੇ ਚੱਲ ਕੇ ਸਮਾਜ ਅੰਦਰੋਂ ਅੰਧਕਾਰ ਸਮਾਪਤ ਕਰਕੇ ਗਿਆਨ ਦੀ ਰੌਸ਼ਨੀ ਨਾਲ ਪ੍ਰਕਾਸ਼ਮਈ ਜੀਵਨ ਦੇ ਧਾਰਨੀ ਬਣਨ ਦਾ ਉਪਰਾਲਾ ਕਰ ਸਕੀਏ।
ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਨਿਰਮਲ ਰੁਹਾਨੀ ਗੁਣਾਂ ਤੇ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਪਸਾਰ ਤੇ ਰਖਵਾਲੀ ਹਿਤ ਸਿੱਖ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜ਼ੁਲਮ-ਜਬਰ ਤੇ ਅਨਿਆਂ ਦੇ ਖਿਲਾਫ਼ ਵਿੱਢੇ ਸੰਘਰਸ਼ ਨਾਲ ਭਰਪੂਰ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਵਿਖੇ ਹੋਈ ਅਦੁੱਤੀ ਸ਼ਹਾਦਤ ਉਪਰੰਤ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਜੋ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਗੁਰਿਆਈ ਦੇ ਤਖ਼ਤ 'ਤੇ ਬਿਰਾਜਮਾਨ ਹੈ ਅਤੇ ਉਨ੍ਹਾਂ ਨੇ ਵਕਤ ਦੇ ਜਾਬਰ ਤੇ ਅਨਿਆਈ ਹਾਕਮਾਂ ਦੇ ਜ਼ਬਰੋ ਜ਼ੁਲਮ ਖਿਲਾਫ਼ ਪਹਿਲੀ ਵਾਰ ਸ਼ਸਤਰਬੱਧ ਲੜਾਈਆਂ ਲੜ ਕੇ ਇਹ ਸਪਸ਼ਟ ਕਰ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਪੰਥ ਹੁਣ ਜ਼ਬਰੋ-ਜ਼ੁਲਮ ਨੂੰ ਸਿਰ ਸੁੱਟ ਕੇ ਸਹਿਣ ਨਹੀਂ ਕਰੇਗਾ, ਬਲਕਿ ਹੱਕ-ਸੱਚ ਤੇ ਨਿਆਂ ਦੀ ਪੂਰਨ ਸਥਾਪਤੀ ਤਕ ਸੰਘਰਸ਼ਸ਼ੀਲ ਰਹੇਗਾ। ਵਕਤ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਦੇ ਸਿੱਖ ਸੂਰਬੀਰਾਂ ਹੱਥੋਂ ਸ਼ਾਹੀ ਸੈਨਾ ਦੀ ਨਿਰੰਤਰ ਹੋ ਰਹੀ ਹਾਰ ਦੀਆਂ ਖਬਰਾਂ ਸੁਣੀਆਂ ਤਾਂ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰ ਗੁਰੂ ਜੀ ਨੂੰ ਸੰਧੀ ਦੇ ਨਾਂ 'ਤੇ ਗਵਾਲੀਅਰ ਸੱਦ ਕੇ ਧੋਖੇ ਨਾਲ ਗ੍ਰਿਫ਼ਤਾਰ ਕਰ, ਕਿਲੇ 'ਚ ਭੇਜ ਦਿੱਤਾ।
ਗਵਾਲੀਅਰ ਦੇ ਕਿਲੇ ਵਿਚ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਦੁਆਰਾ ਬੰਦੀ ਬਣਾਏ ਰਾਜਿਆਂ ਦੇ ਘੋਰ ਨਿਰਾਸ਼ ਹੋ ਚੁੱਕੇ ਜੀਵਨ ਵਿਚ ਆਸ ਦੀ ਕਿਰਨ ਜਾਗ ਉੱਠੀ। ਗੁਰੂ ਜੀ ਨੇ ਰਿਹਾਅ ਹੋਣ ਸਮੇਂ 52 ਕਲੀਆਂ ਵਾਲਾ ਚੌਲਾ ਪਹਿਨ ਕੇ ਰਾਜਿਆਂ ਨੂੰ ਰਿਹਾਅ ਕਰਵਾਉਣ ਦਾ ਮਹਾਨ ਵਿਸਮਾਦੀ ਚੋਜ ਵਰਤਾਇਆ। ਗਵਾਲੀਅਰ ਤੋਂ ਪੂਰਨ ਸਨਮਾਨ ਸਹਿਤ ਰਿਹਾਅ ਹੋਣ ਉਪਰੰਤ ਜਦੋਂ ਗੁਰੂ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਨਗਰੀ ਸ੍ਰੀ ਅੰ੍ਿਰਤਸਰ ਵਿਖੇ ਪੁੱਜੇ ਤਾਂ ਬਾਬਾ ਬੁੱਢਾ ਜੀ ਦੀ ਅਗਵਾਈ 'ਚ ਸਮੂਹ ਨਗਰ ਵਾਸੀਆਂ ਨੇ ਖੁਸ਼ੀ 'ਚ ਘਰਾਂ 'ਚ ਘਿਓ ਦੇ ਦੀਵੇ ਜਗਾਏ ਅਤੇ ਗਲੀਆਂ, ਬਜ਼ਾਰਾਂ ਵਿਚ ਭਾਰੀ ਦੀਪਮਾਲਾ ਕੀਤੀ। ਉਸ ਸਮੇਂ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਦੀ ਰਵਾਇਤ ਪ੍ਰਚੱਲਤ ਹੈ।
ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੰਦੀ-ਛੋੜ ਦਿਵਸ ਦੇ ਸ਼ੁਭ-ਅਵਸਰ 'ਤੇ ਸਾਨੂੰ ਗੁਰੂ ਹੁਕਮ ਅਨੁਸਾਰ ਹੱਕ-ਸੱਚ ਦੀਆਂ ਕਦਰਾਂ-ਕੀਮਤਾਂ 'ਤੇ ਪੂਰਨ ਰੂਪ 'ਚ ਅਡੋਲ, ਅਡਿੱਗ ਤੇ ਦ੍ਰਿੜ੍ਹ ਰਹਿ ਕੇ ਆਪਣਾ ਭਰੋਸਾ, ਸਿੱਖੀ ਸਿਦਕ ਆਪਣੇ ਧਰਮ ਪ੍ਰਤੀ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਣਾ ਹੋਵੇਗਾ। ਇਸ ਅੰਤਰ ਭਾਵਨਾ ਸਹਿਤ ਸਾਡੇ ਵੱਲੋਂ ਮਨਾਇਆ ਗਿਆ ਬੰਦੀ-ਛੋੜ ਦਿਵਸ ਹੀ ਸਾਨੂੰ ਗੁਰੂ ਪਾਤਸ਼ਾਹ ਦੇ ਦਰ-ਘਰ ਦੀਆਂ ਸਭ ਖੁਸ਼ੀਆਂ , ਬਰਕਤਾਂ ਤੇ ਰਹਿਮਤਾਂ ਦੇ ਪਾਤਰ ਬਣਾ ਸਕਦਾ ਹੈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਗੁਰੂ-ਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਇਸ ਇਤਿਹਾਸਕ ਦਿਹਾੜੇ 'ਤੇ ਹਾਰਦਿਕ ਮੁਬਾਰਕਬਾਦ ਵੀ ਦਿੱਤੀ।
ਇਸ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਅਤੇ ਪ੍ਰਸਿੱਧ ਕਥਾ ਵਾਚਕ ਭਾਈ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੇ ਵੀ ਸੰਗਤਾਂ ਦੇ ਦਰਸ਼ਨ ਕੀਤੇ। ਮੰਚ ਦੀ ਸੇਵਾ ਸ.ਸੁਖਦੇਵ ਸਿੰਘ ਭੂਰਾ ਕੋਹਨਾ ਮੀਤ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ।
ਬੰਦੀ-ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ 22 ਤੋਂ 24 ਅਕਤੂਬਰ ਤੀਕ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਤੇ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਇਹਨਾਂ ਦਿਨਾਂ ਵਿੱਚ ਰੋਜ਼ਾਨਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। ਬੰਦੀ-ਛੋੜ ਦਿਵਸ (ਦੀਵਾਲੀ) ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਮਨਮੋਹਕ ਦੀਪਮਾਲਾ ਕੀਤੀ ਗਈ ਤੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜੀ ਚਲਾਈ ਗਈ।
ਇਸ ਮੌਕੇ ਸ੍ਰ: ਨਿਰਮਲ ਸਿੰਘ ਘਰਾਚੋ ਮੈਂਬਰ ਸ਼੍ਰੋਮਣੀ ਕਮੇਟੀ, ਸ. ਮਨਜੀਤ ਸਿੰਘ ਸਕੱਤਰ, ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ੍ਰ: ਸਤਿੰਦਰ ਸਿੰਘ ਨਿੱਜੀ ਸਹਾਇਕ, ਸ. ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ. ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸੁਖਰਾਜ ਸਿੰਘ ਐਡੀ:ਮੈਨੇਜਰ, ਸ੍ਰ: ਇੰਦਰ ਮੋਹਣ ਸਿੰਘ 'ਅਨਜਾਣ', ਸ੍ਰ: ਜਸਵਿੰਦਰ ਸਿੰਘ ਨਿਜੀ ਸਹਾਇਕ, ਸ੍ਰ: ਸੁਖਦੇਵ ਸਿੰਘ ਇੰਚਾਰਜ, ਸ੍ਰ: ਭੂਪਿੰਦਰ ਸਿੰਘ, ਸੰਤ ਕਰਮਜੀਤ ਸਿੰਘ ਯਮਨਾ ਨਗਰ, ਸ੍ਰ: ਅਮਰਜੀਤ ਸਿੰਘ ਮਸਕੀਨ ਆਦਿ ਮੌਜੂਦ ਸਨ।
No comments:
Post a Comment