Wednesday, March 19, 2014

ਬੇਲਨ ਬ੍ਰਿਗੇਡ ਦੀਆਂ ਸਰਗਰਮੀਆਂ ਵਿੱਚ ਤੇਜ਼ ਵਾਧਾ ਜਾਰੀ

 Tue, Mar 18, 2014 at 6:38 PM
ਕਈ ਸੰਸਥਾਵਾਂ ਨੇ ਦਿੱਤਾ ਸਰਗਰਮ ਸਹਿਯੋਗ ਦਾ ਭਰੋਸਾ 
ਲੁਧਿਆਣਾ: 18 ਮਾਰਚ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕਿਸੇ ਵੇਲੇ ਜਨਾਬ ਸਾਹਿਰ ਲੁਧਿਆਣਵੀ ਹੁਰਾਂ  ਨੇ ਲਿਖਿਆ ਸੀ-
ਹੈ ਬਹੁਤ ਦੇਰ ਸੇ ਯਹ ਮਸ਼ਗਲਾ ਸਿਆਸਤ ਕਾ 
ਕਿ ਜਬ ਜਵਾਨ ਹੋਂ ਬੱਚੇ ਤੋ ਕਤਲ ਹੋ ਜਾਏੰ ---
ਨੌਜਵਾਨਾਂ ਨੂੰ ਬਰਬਾਦ ਕਰਕੇ ਕ੍ਰਾਂਤੀ ਦੇ ਰਸਤੇ ਨੂੰ ਰੋਕਣ ਦੀਆਂ ਸਾਜਿਸ਼ਾਂ ਲੰਮੇ ਅਰਸੇ ਤੋਂ ਜਾਰੀ ਸਨ। ਇਸ ਮੱਕੜ ਜਾਲ ਚੋਂ
 ਨਿਕਲਣਾ ਹੁਣ ਅਸੰਭਵ  ਲੱਗਣ ਲੱਗ ਪਿਆ ਸੀ। ਪਿਛਲੇ ਛੇ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਅਸਲੀ ਆਜ਼ਾਦੀ ਦੀ ਇੱਕ ਝਲਕ ਦੇਖਣ ਲਈ ਕਿਸੇ ਕ੍ਰਾਂਤੀ ਦੀ ਉਡੀਕ ਵਿੱਚ ਨਿਰਾਸ਼ ਹੋ ਚੁੱਕੇ ਆਮ ਲੋਕਾਂ ਲਈ ਇਸ ਵਾਰ 2014 ਦੀਆਂ ਲੋਕ ਸਭਾ ਚੋਣਾਂ ਵੀ ਕੋਈ ਇੰਨਕ਼ਲਾਬ ਲਿਆਉਂਦੀਆਂ ਹਨ ਜਾਂ ਨਹੀਂ ਇਸਦਾ ਪਤਾ ਵੀ ਦੋ ਕੁ ਮਹੀਨਿਆਂ ਵਿੱਚ ਲੱਗ ਹੀ ਜਾਣਾ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਬੇਲਨ ਬ੍ਰਿਗੇਡ ਦੇ ਬੈਨਰ ਹੇਠ ਇੱਕਜੁੱਟ ਹੋਈ ਮਹਿਲਾ ਸ਼ਕਤੀ ਨੇ ਨਸ਼ਿਆਂ ਦੇ ਸੌਦਾਗਰਾਂ ਵਿੱਚ ਇੱਕ ਦਹਿਸ਼ਤ ਜ਼ਰੂਰ ਬੈਠਾ ਦਿੱਤੀ ਹੈ। ਨਸ਼ੇ ਵੰਡਣ ਵਾਲੇ ਵੀ ਦੁਖੀ ਹਨ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਵੀ।
ਨਵਕਿਰਨ ਵੂਮੈਨ ਵੈਲਫੇਅਰ ਐਸੋਸੀਏਸ਼ਨ ਅਤੇ ਮ੍ਹਾਤੜ ਸਾਥੀ ਨਾਮ ਦੀਆਂ ਸੰਸਥਾਵਾਂ ਨੇ  ਬੇਲਨ ਅਰਥਾਤ ਰਸੋਈ ਵਾਲੇ ਵੇਲਣੇ ਨੂੰ ਹਥਿਆਰ ਬਣਾ ਕੇ ਸਾਬਿਤ ਕਰ ਦਿੱਤਾ ਹੈ ਦਿੱਤਾ ਹੈ ਕਿ ਸਿਆਸਤਦਾਨਾਂ ਦੀਆਂ ਚਾਲਬਾਜ਼ੀਆਂ ਦਾ ਸ਼ਿਕਾਰ ਹੁੰਦੇ ਆ ਰਹੇ ਲੋਕ ਇਸ ਵਾਰ ਉਹਨਾਂ ਦੇ ਜਾਲ ਵਿੱਚ ਫਸਣ ਵਾਲੇ ਨਹੀਂ। ਅਨੀਤਾ ਸ਼ਰਮਾ, ਕੀਮਤੀ ਰਾਵਲ ਅਤੇ ਕਾਮਰੇਡ ਤਰਸੇਮ ਜੋਧਾਂ ਦੀ ਤਿੱਕੜੀ ਇਸ ਵਾਰ ਦੀਆਂ ਚੋਣਾਂ ਵਿੱਚ ਨਸ਼ਿਆਂ ਵਾਲੇ ਅਨਸਰਾਂ ਲਈ ਇੱਕ ਹਨੇਰੀ ਬਣ ਕੇ ਉੱਠੀ ਹੈ। ਇਹਨਾਂ ਨੂੰ ਉਸ ਵੇਲੇ ਹੋਰ ਹੁੰਗਾਰਾ ਮਿਲਿਆ ਜਦੋਂ "ਸੰਗਿਨੀ" ਨਾਮ ਦੀ ਮਹਿਲਾ ਸੰਸਥਾ ਅਤੇ "ਜੀਤ ਫਾਊਂਡੇਸ਼ਨ" ਨਾਮ ਦੇ ਸੈਲਫ ਹੈਲਪ ਗਰੁੱਪ ਨੇ ਇਸ ਇਤਿਹਾਸਿਕ ਅੰਦੋਲਨ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਇਸ ਮੌਕੇ ਤੇ ਸੁਖਵਿੰਦਰ ਕੌਰ, ਹਰਜਿੰਦਰ ਕੌਰ, ਵੰਦਨਾ, ਅਮਰਜੀਤ ਕੌਰ ਜੋਸ਼ੀ, ਐਮ ਡੀ ਸੈਣੀ, ਰਿਚਾ ਸੂਦ, ਲਵਲੀਨ ਕੌਰ, ਸਰਬਜੀਤ ਕੌਰ, ਸ਼ਿਆਨਾ, ਸਵਰਨ ਰਹੇਜਾ ਅਤੇ ਸੀਮੀ ਮਮਤਾ ਸਮੇਤ ਕਈ ਸਰਗਰਮ ਔਰਤਾਂ ਵੀ ਸ਼ਾਮਿਲ ਸਨ। ਉਹਨਾਂ ਨੇ ਇਸ ਅੰਦੋਲਨ ਦੀ ਪ੍ਰਸੰਸਾ ਕਰਦਿਆਂ ਇਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ।
ਹੁਣ ਦੇਖਣਾ ਇਹ ਹੈ ਕਿ ਇਸ ਬੇਲਨ ਬ੍ਰਿਗੇਡ ਦੀਆਂ ਇਹ ਵਿਰਾਂਗਨਾਵਾਂ ਇਸਨੂੰ ਬੇਲਿਹਾਜ਼ ਹੋ ਕੇ ਕਿੰਨੀ ਦੇਰ ਚਲਾ ਸਕਦੀਆਂ ਹਨ? ਅਸਲ ਵਿੱਚ ਇਸਦੀ ਲੋੜ ਚੋਣਾਂ ਤੋਂ ਬਾਅਦ ਵੀ ਪੈਣੀ ਹੈ। ਸ਼ਰਾਬ ਦੀ ਆਮਦਨ ਆਸਰੇ ਚੱਲਣ ਵਾਲੀਆਂ ਸਰਕਾਰਾਂ ਦੇ ਖਿਲਾਫ਼ ਲੰਮੇ ਸੰਘਰਸ਼ਾਂ ਦੀ ਰਣਨੀਤੀ ਬਣਾ ਕੇ ਹੀ ਜੇਤੂ ਜੰਗ ਲੜੀ ਜਾ ਸਕਦੀ ਹੈ। 

No comments: