ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਆਖਿਆ
ਅੰਮ੍ਰਿਤਸਰ: 07 ਜੁਲਾਈ- (ਪੰਜਾਬ ਸਕਰੀਨ ਬਿਊਰੋ): ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਸ੍ਰੀ ਰਾਜਨਾਥ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਜੀ ਆਇਆਂ ਆਖਿਆ। ਸ੍ਰੀ ਰਾਜਨਾਥ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸੂਚਨਾ ਕੇਂਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਉਹ ਅਸਥਾਨ ਹੈ ਜੋ ਚਹੁੰ ਵਰਨਾਂ ਲਈ ਸਾਂਝਾ ਹੈ। ਇਥੇ ਊਚ-ਨੀਚ, ਜਾਤ-ਪਾਤ ਤੇ ਧਰਮ-ਮਜ਼੍ਹਬ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਇਸ ਅਸਥਾਨ ‘ਤੇ ਹਰ ਸਮੇਂ ਚੱਲ ਰਹੇ ਇਲਾਹੀ ਬਾਣੀ ਦਾ ਕੀਰਤਨ ਸੁਣ ਕੇ ਹਰ ਸ਼ਰਧਾਵਾਨ ਦਾ ਹਿਰਦਾ ਸ਼ਾਂਤ ਹੁੰਦਾ ਹੈ ਤੇ ਹਰ ਇਨਸਾਨ ਦਾ ਮਨ ਲੰਗਰ ਛਕ ਕੇ ਤਿ੍ਰਪਤ ਹੁੰਦਾ ਹੈ। ਮੈਂ ਵੀ ਅੱਜ ਇਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਆਸ਼ੀਰਵਾਦ ਲੈ ਕੇ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਧਰਤੀ ‘ਤੇ ਇਕ ਸਵਰਗ ਹੈ। ਇਥੋਂ ਕਿਸੇ ਵੀ ਸ਼ਰਧਾਵਾਨ ਦੀ ਝੋਲੀ ਖਾਲੀ ਨਹੀਂ ਜਾਂਦੀ ਤੇ ਹਰ ਕੋਈ ਮੂੰਹ ਮੰਗੀਆਂ ਮੁਰਾਦਾਂ ਪਾਉਂਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਅੱਜ ਸਿਰਫ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅਤੇ ਸ੍ਰੀ ਰਾਜਨਾਥ ਸਿੰਘ ਨੂੰ ਏਅਰਪੋਰਟ ਤੋਂ ਲੈਣ ਆਇਆ ਹਾਂ ਤੇ ਅੱਜ ਦੀ ਇਸ ਮਿਲਣੀ ਵਿਚ ਕਿਸੇ ਵੀ ਰਾਜਨੀਤਿਕ ਮਸਲੇ ਬਾਰੇ ਕੋਈ ਵੀ ਵਿਚਾਰ ਨਹੀਂ ਕੀਤੀ ਜਾ ਰਹੀ।
ਸ੍ਰੀ ਰਾਜਨਾਥ ਸਿੰਘ ਦੇ ਸ੍ਰੀ ਹਰਿਮੰਦਰ ਸਾਹਿਬ ਆਉਣ ‘ਤੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਸਿਰੋਪਾਉ ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਈ ਰਾਮ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਾਬਕਾ ਮੈਂਬਰ ਸ ਜਸਵਿੰਦਰ ਸਿੰਘ ਐਡਵੋਕੇਟ, ਸ. ਦਲਮੇਘ ਸਿੰਘ ਸਕੱਤਰ, ਸ. ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ. ਦਿਲਜੀਤ ਸਿੰਘ ਬੇਦੀ ਐਡੀ: ਸਕੱਤਰ, ਸ. ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ. ਗੁਰਿੰਦਰ ਸਿੰਘ ਐਡੀ: ਮੈਨੇਜਰ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਹਰਪ੍ਰੀਤ ਸਿੰਘ, ਸ੍ਰੀ ਕਮਲ ਸ਼ਰਮਾ ਪ੍ਰਧਾਨ ਬੀ.ਜੇ.ਪੀ. ਪੰਜਾਬ ਪ੍ਰਦੇਸ਼, ਸਾਬਕਾ ਐਮ.ਪੀ. ਰਜਿੰਦਰ ਮੋਹਨ ਛੀਨਾ, ਵਿਧਾਇਕ ਸ੍ਰੀ ਅਨਿਲ ਜੋਸ਼ੀ ਤੇ ਡੀ.ਸੀ. ਸ੍ਰੀ ਰਜਤ ਅਗਰਵਾਲ ਹਾਜ਼ਰ ਸਨ।
No comments:
Post a Comment