Mon, Jul 22, 2013 at 3:46 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਕਰਵਾਇਆ ਗਿਆ ਸੈਮੀਨਾਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ‘ਸਰੀ’ (ਕੈਨੇਡਾ) ਵਿਖੇ 5 ਜੁਲਾਈ, 2013 ਨੂੰ ਗ਼ਦਰ ਪਾਰਟੀ ਦੀ ਸ਼ਤਾਬਦੀ ਸੰਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪਿਕਸ ਸੀਨੀਅਰਜ਼ ਡੇਅ ਕੇਅਰ ਸੈਂਟਰ, ਸਰੀ (ਕੈਨੇਡਾ) ਵਿਖੇ ਹੋਏ ਇਸ ਸੈਮੀਨਾਰ ਦਾ ਵਿਸ਼ਾ ਸੀ ‘ਗ਼ਦਰ ਪਾਰਟੀ : ਇਤਿਹਾਸ, ਵਿਚਾਰਧਾਰਾ ਅਤੇ ਉਦੇਸ਼’। ਇਸ ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿਚ ਕਿੰਬਲ ਕੇਰੀਓ, (ਸੰਪਾ. ਪੀਪਲਜ਼ ਵਾਇਸ, ਕੈਨੇਡਾ), ਨਾਜ਼ਿਰ ਰਿਜ਼ਵੀ, ਡਾ. ਸਾਧੂ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਜਨਾਬ ਸਹਿਜ਼ਾਦ ਖ਼ਾਨ (ਪਾਕਿਸਤਾਨ) ਸ਼ਾਮਿਲ ਸਨ। ਡਾ. ਸਾਧੂ ਸਿੰਘ ਨੇ ਗ਼ਦਰ ਪਾਰਟੀ ਦੇ ਇਤਿਹਾਸ ਅਤੇ ਵਿਚਾਰਧਾਰਾ ਬਾਰੇ ਆਪਣਾ ਖੋਜ-ਪੱਤਰ ਪੇਸ਼ ਕੀਤਾ। ਉਨ੍ਹਾਂ ਕਿਹਾ ਗ਼ਦਰ ਪਾਰਟੀ ਦੀ ਸਥਾਪਨਾ ਤਾਂ ਹਿੰਦੁਸਤਾਨ ਨੂੰ ਬਰਤਾਨਵੀ ਸਾਮਰਾਜ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਹਿੱਤ ਹੋਈ ਸੀ, ਪਰ ਛੇਤੀ ਹੀ ਗ਼ਦਰ ਲਹਿਰ ਦੇ ਮੋਢੀਆਂ ਨੇ ਇਹ ਮਹਿਸੂਸ ਕਰ ਲਿਆ ਕਿ ਕੇਵਲ ਰਾਜਨੀਤਕ ਸੱਤਾ ਪਰਿਵਰਤਨ ਨਾਲ ਆਵਾਮ ਦੇ ਮਸਲੇ ਹੱਲ ਨਹੀਂ ਹੋਣੇ। ਗ਼ਦਰ ਲਹਿਰ ਦੇ ਬਾਨੀਆਂ-ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ ਅਤੇ ਹਰਨਾਮ ਸਿੰਘ ਟੁੰਡੀਲਾਟ ਆਦਿ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੁਤੰਤਰਤਾ ਉਪਰੰਤ ਭਾਰਤ ਵਿਚ ਆਰਥਿਕ ਬਰਾਬਰੀ, ਸਮਾਜਕ ਨਿਆਂ ਅਤੇ ਸੈਕੂਲਰ ਤਰਜ਼ ਦੇ ਰੀਪਬਲਕ ਦੀ ਸਥਾਪਨਾ ਕੀਤੀ ਜਾਵੇਗੀ। ਪੀਪਲਜ਼ ਵਾਇਸ (ਫਰੰਟੋ, ਕੈਨੇਡਾ) ਦੇ ਸੰਪਾਦਕ ਕਾਮਰੇਡ ਕਿੰਬਲ ਕੇਰੀਓ ਨੇ ਗ਼ਦਰ ਪਾਰਟੀ ਦੇ ਸ਼ਤਾਬਦੀ ਵਰ੍ਹੇ ਦੀ ਵਧਾਈ ਦਿੰਦਿਆਂ ਦੂਜੇ ਗ਼ਦਰ ਦੀ ਲੋਡ਼ ਉਪਰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗ਼ਦਰੀ ਬਾਬੇ ਜਿਸ ਆਰਥਿਕ ਬਰਾਬਰੀ, ਸਮਾਜਕ ਨਿਆਂ ਅਤੇ ਸੁਤੰਤਰ ਸਮਾਜ ਦੇ ਨਿਰਮਾਣ ਲਈ ਕੁਰਬਾਨ ਹੋਏ ਉਹ ਮਸਲਾ ਅੱਜ ਵੀ ਦਰਪੇਸ਼ ਹੈ। ਅਜੋਕਾ ਸਾਮਰਾਜਵਾਦ ਪਹਿਲਾਂ ਨਾਲੋਂ ਵੀ ਵੱਧ ਹਿੰਸਕ ਅਤੇ ਮਜ਼ਦੂਰ ਵਿਰੋਧੀ ਹੈ। ਕੈਨੇਡਾ ਗ਼ਦਰ ਪਾਰਟੀ ਦੀਆਂ ਸਰਗਰਮੀਆਂ ਦੀ ਕਰਮ-ਭੂਮੀ ਰਿਹਾ ਹੈ। ਵਿਸ਼ੇਸ਼ ਕਰਕੇ ਇਥੋਂ ਦੇ ਭਾਰਤੀ ਭਾਈਚਾਰੇ ਨੂੰ ਅਜੋਕੇ ਸਾਮਰਾਜਵਾਦ ਵਿਰੁੱਧ ਲਾਮਵੰਦ ਹੋ ਕੇ ਕਿਰਤੀਆਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਗ਼ਦਰੀ ਬਾਬਿਆਂ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ। ਕਮਿਊਨਿਸਟ ਪਾਰਟੀ ਆਫ਼ ਕੈਨੇਡਾ (ਬੀ.ਸੀ.) ਦੇ ਸਰਗਰਮ ਆਗੂ ਅਤੇ ਉੱਘੇ ਮਾਰਕਸਵਾਦੀ ਚਿੰਤਕ ਨਾਜ਼ਿਰ ਰਿਜ਼ਵੀ ਨੇ ਗ਼ਦਰ ਪਾਰਟੀ ਦੇ ਸ਼ਤਾਬਦੀ ਸੈਮੀਨਾਰ ਲਈ ਸਿੰਧ (ਪਾਕਿਸਤਾਨ) ਦੇ ਉੱਘੇ ਚਿੰਤਕ ਇਮਦਾਦ ਕਾਜੀ (ਸੰਪਾ. ਸੁਰਖ਼ ਪਰਚਮ) ਦਾ ਵਧਾਈ ਸੰਦੇਸ਼ ਪਡ਼੍ਹ ਕੇ ਸੁਣਾਇਆ। ਨਾਜ਼ਿਰ ਰਿਜ਼ਵੀ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਗ਼ਦਰੀ ਬਾਬੇ ਕਿਸੇ ਇਕ ਫ਼ਿਰਕੇ ਦੇ ਨਹੀਂ ਸਨ, ਨਾ ਹੀ ਉਹ ਕੇਵਲ ਰਾਸ਼ਟਰਵਾਦੀ ਸਨ। ਸਗੋਂ ਉਹ ਵਿਚਾਰਧਾਰਕ ਪੱਖੋਂ ਅੰਤਰ-ਰਾਸ਼ਟਰਵਾਦੀ ਸਨ। ਗ਼ਦਰੀ ਬਾਬਿਆਂ ਨੇ ਮਿਸਰ, ਚੀਨ, ਆਇਰਲੈਂਡ, ਮੈਕਸੀਕੋ ਅਤੇ ਰੂਸ ਆਦਿ ਦੀਆਂ ਕੌਮੀ ਲਹਿਰਾਂ ਦੇ ਜੁਝਾਰੂ ਆਗੂਆਂ ਨਾਲ ਸੰਬੰਧ ਸਥਾਪਿਤ ਕੀਤੇ ਹੋਏ ਸਨ। ਗ਼ਦਰ ਪਾਰਟੀ ਦੇ ਆਗੂਆਂ ਨੇ ਅਮਰੀਕਾ, ਰੂਸ, ਜਰਮਨ, ਕੈਨੇਡਾ, ਮਿਸਰ, ਚੀਨ ਅਤੇ ਹੋਰ ਕਈ ਦੇਸਾਂ ਦੀਆਂ ਮਜ਼ਦੂਰ ਯੂਨੀਅਨਾਂ ਨਾਲ ਨੇਡ਼ਲੇ ਸੰਪਰਕ ਬਣਾਏ ਹੋਏ ਸਨ ਅਤੇ ਉਹ ਕੌਮੀ ਜ਼ਮਹੂਰੀ ਲਹਿਰਾਂ ਦੇ ਨਾਲ ਨਾਲ ਸਮਾਜਵਾਦੀ ਕ੍ਰਾਂਤੀ ਲਈ ਪ੍ਰਤਿਬੱਧ ਸਨ। ਡਾ. ਰਘਬੀਰ ਸਿੰਘ ਸਿਰਜਣਾ ਨੇ ਇਸ ਗੱਲ ਉਪਰ ਜ਼ੋਰ ਦਿੱਤਾ ਕਿ ਗ਼ਦਰ ਪਾਰਟੀ ਦੇ ਬਾਨੀ ਅਤੇ ਵਿਚਾਰਧਾਰਕ ਅਗਵਾਈ ਕਰਨ ਵਾਲੇ ਸੱਚੇ ਰਾਸ਼ਟਰਵਾਦੀ ਸਨ। ਪਰ ਉਨ੍ਹਾਂ ਦੀ ਦੇਸ਼-ਭਗਤੀ ਸੌਡ਼ੇ ਰਾਸ਼ਟਰਵਾਦ ਉਪਰ ਅਧਾਰਿਤ ਨਹੀਂ ਸੀ। ਗ਼ਦਰ ਲਹਿਰ ਦੇ ਸਿਧਾਂਤਕ ਪਰਚੇ ਗ਼ਦਰ ਨੇ ਪੰਜਾਬੀ ਲੇਖਕਾਂ ਵਿਚ ਸਮਾਜਵਾਦੀ ਵਿਚਾਰਾਂ ਦੀ ਜਾਗ ਲਾਈ। ਡਾ. ਸੁਖਦੇਵ ਸਿੰਘ ਸਿਰਸਾ ਨੇ ਗ਼ਦਰ ਪਾਰਟੀ ਦੇ ਸ਼ਾਨਾ ਮੱਤੇ ਇਤਿਹਾਸ ਉਪਰ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਅੱਜ ਗ਼ਦਰ ਪਾਰਟੀ ਦੀ ਇਨਕਲਾਬੀ ਵਿਰਾਸਤ ਨੂੰ ਹਥਿਆਉਣ ਦੇ ਯਤਨ ਹੋ ਰਹੇ ਹਨ। ਜਿਸ ਬਾਰੇ ਸੁਚੇਤ ਹੋਣ ਦੀ ਲੋਡ਼ ਹੈ। ਡਾ. ਸਿਰਸਾ ਨੇ ਗ਼ਦਰ ਪਾਰਟੀ ਦੀ ਸਥਾਪਨਾ ਤੋਂ ਪਹਿਲਾਂ ਦੀਆਂ ਪ੍ਰਸਥਿਤੀਆਂ ਉਪਰ ਚਾਨਣਾ ਪਾਇਆ। ਉਨ੍ਹਾਂ ਨੇ 1857 ਈ. ਦੇ ਗ਼ਦਰ ਤੋਂ ਗ਼ਦਰ ਪਾਰਟੀ ਦੀ ਸਥਾਪਨਾ (1913) ਤੱਕ ਦੇ ਸਮੇਂ ਵਿਚਲੀਆਂ ਇਨਕਲਾਬੀ ਅਤੇ ਜ਼ਮਹੂਰੀ ਲਹਿਰਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਭਾਈ ਮਹਾਰਾਜ ਸਿੰਘ ਕੌਮੀ ਸੁਤੰਤਰਤਾ ਸੰਗਰਾਮ ਦਾ ਪਹਿਲਾ ਪੰਜਾਬੀ ਸ਼ਹੀਦ ਹੈ, ਜਿਸ ਨੇ ਬਰਤਾਨਵੀ ਸਾਮਰਾਜ ਨੂੰ ਵੰਗਾਰਨ ਲਈ ਪੰਜਾਬ ਵਿਚ ਸਭ ਤੋਂ ਪਹਿਲਾਂ ਰਾਜਸੀ ਸੰਗਠਨ ਦੀ ਸਥਾਪਨਾ ਲਈ ਯਤਨ ਕੀਤੇ। ਭਾਈ ਮਹਾਰਾਜ ਸਿੰਘ ਅਤੇ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਭਾਵੇਂ ਧਾਰਮਿਕ ਬਿਰਤੀ ਵਾਲੇ ਭੂਤਪੂਰਬ ਸੈਨਿਕ ਸਨ, ਪਰ ਉਨ੍ਹਾਂ ਨੇ ਬਰਤਾਨਵੀ ਸਾਮਰਾਜ ਦੇ ਖ਼ਾਸੇ ਨੂੰ ਸਮਝ ਕੇ ਉਸ ਵਿਰੁੱਧ ਸੰਘਰਸ਼ ਛੇਡ਼ਿਆ। ਜਦੋਂ ਕੂਕਾ ਲਹਿਰ ਬਰਤਾਨਵੀ ਸਾਮਰਾਜ ਦੇ ਬਾਈਕਾਟ ਦਾ ਨਾਹਰਾ ਦੇ ਰਹੀ ਸੀ ਉਸੇ ਸਮੇਂ ਸਾਂਦਲ ਬਾਰ ਅਤੇ ਨੀਲੀ ਬਾਰ ਦੇ ਜਾਂਗਲੀ ਕਬੀਲਿਆਂ ਨੇ ਬਰਤਾਨਵੀ ਸਾਮਰਾਜ ਵਿਰੁੱਧ ਹਥਿਆਰਬੰਦ ਸੰਘਰਸ਼ ਆਰੰਭ ਕੀਤਾ। ਅਹਿਮਦ ਖ਼ਾਨ ਖਰਲ, ਮੁਰਾਦ ਫਤਿਆਣਾ ਅਤੇ ਸਾਰੰਗ ਆਦਿ ਜਾਂਗਲੀ ਕਬੀਲਿਆਂ ਦੇ ਯੋਧਿਆਂ ਨੇ ਬਰਤਾਨਵੀ ਹਕੂਮਤ ਨੂੰ ਹਿੰਦੁਸਤਾਨ ਦੇ ਹਾਕਮ ਮੰਨਣ ਤੋਂ ਹੀ ਇਨਕਾਰ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ। ਇਸੇ ਸਮੇਂ ਵਿਚ ਸੂਫ਼ੀ ਖ਼ੁਦਾ ਸਿੰਘ ਅਤੇ ਗ਼ੁਲਾਮ ਫ਼ਰੀਦ ਚਾਚਡ਼ਾਂ ਨੇ ਬਰਤਾਨਵੀ ਬਸਤੀਵਾਦ ਦਾ ਵਿਰੋਧ ਕੀਤਾ। ਪੱਛਮੀ ਪੰਜਾਬ ਦੇ ਮਰ੍ਹੀ ਖਿੱਤੇ ਦੇ ਪਠਾਣਾਂ ਵਲੋਂ ਵੀ ਟੈਕਸ ਵਜੋਂ ਬਕਰੀਆਂ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਨਤੀਜੇ ਵਜੋਂ ਪਠਾਣ ਵਸੋਂ ਨੇ ਬਗ਼ਾਵਤ ਕੀਤੀ। ਦਿੱਲੀ ਦੇ ਆਸ ਪਾਸ ਸਤਨਾਮੀ ਸਾਧੂਆਂ ਨੇ ਬਰਤਾਨਵੀ ਬਸਤੀਵਾਦ ਦੇ ਵਿਰੁੱਧ ਮੋਰਚਾ ਲਾਇਆ। ਫ਼ਰੇਜ਼ਰ ਵੈਲੀ ਪੀਸ ਕਾਊਂਸਲ ਬੀ.ਸੀ. ਦੇ ਬੁਲਾਰੇ ਜਨਾਬ ਸਹਿਜ਼ਾਦ ਖ਼ਾਨ ਨੇ ਗ਼ਦਰ ਪਾਰਟੀ ਦੀ ਇਨਕਲਾਬੀ ਵਿਰਾਸਤ ਨੂੰ ਸੰਭਾਲਣ ਉਪਰ ਜ਼ੋਰ ਦਿੱਤਾ। ਉਸ ਨੇ ਕਿਹਾ ਕਿ ਗ਼ਦਰੀ ਬਾਬੇ ਕਿਸੇ ਫਿਰਕੂ, ਧਾਰਮਿਕ ਅਤੇ ਰਾਸ਼ਟਰੀ ਪਛਾਣ ਤੋਂ ਬਹੁਤ ਉਚੇ ਸਨ, ਉਹ ਦਰਵੇਸ਼ ਲੋਕ ਉਚੇ ਇਨਕਲਾਬੀ ਅਤੇ ਮਹਾਨ ਮਾਨਵੀ ਆਦਰਸ਼ਾਂ ਨੂੰ ਪ੍ਰਣਾਏ ਹੋਏ ਸਨ। ਇਹ ਗ਼ਦਰੀ ਬਾਬੇ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਸਨ, ਜਿਨ੍ਹਾਂ ਦੇਸ਼ ਅਤੇ ਅਵਾਮ ਖਾਤਰ ਹਜ਼ਾਰਾਂ ਕਸ਼ਟ ਝੱਲੇ, ਘਰ-ਪਰਿਵਾਰ ਛੱਡੇ, ਜਾਇਦਾਦਾਂ ਕੁਰਕ ਕਰਵਾਈਆਂ ਅਤੇ ਫਾਂਸੀਆਂ ਦੇ ਰੱਸੇ ਹੱਸ ਹੱਸ ਚੁੰਮੇ।
ਇਸ ਸੈਮੀਨਾਰ ਵਿਚ ਗ਼ਦਰੀ ਬਾਬਾ ਹਰਜਾਪ ਸਿੰਘ (ਮਾਹਿਲਪੁਰ) ਦੀ ਬੇਟੀ ਗੁਰਮੀਤ ਕੌਰ ਧਾਮੀ ਅਤੇ ਉਨ੍ਹਾਂ ਦੇ ਜੀਵਨ ਸਾਥੀ ਪ੍ਰੋ. ਇਕਬਾਲ ਸਿੰਘ ਧਾਮੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੀਬੀ ਗੁਰਮੀਤ ਕੌਰ ਧਾਮੀ ਅਤੇ ਪ੍ਰੋ. ਇਕਬਾਲ ਸਿੰਘ ਧਾਮੀ ਦੀਆਂ ਭਾਵੁਕ ਤੇ ਭਾਵਪੂਰਤ ਤਕਰੀਰਾਂ ਨਾਲ ਸੈਮੀਨਾਰ ਦਾ ਮਾਹੌਲ ਹੋਰ ਵੀ ਸੰਜੀਦਾ ਹੋ ਗਿਆ। ਸੈਮੀਨਾਰ ਵਿਚ ਸ. ਤਾਲਿਬ ਸਿੰਘ ਸੰਧੂ (ਸਾਬਕਾ ਐਮ.ਐਲ.ਏ., ਰਾਏਕੋਟ) ਡਾ. ਅਰਬਿੰਦ ਢਿੱਲੋਂ, ਗੁਰਚਰਨ ਟੱਲੇਵਾਲੀਆ, ਮੋਹਨ ਗਿੱਲ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਦੀ ਜ਼ਿੰਮੇਂਵਾਰੀ ਹਰਜੀਤ ਦੌਧਰੀਆ ਨੇ ਨਿਭਾਈ ਅੰਤ ਵਿਚ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਹਾਜ਼ਰ ਬੁੱਧੀਜੀਵੀਆਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਨਦੀਮ ਪਰਮਾਰ, ਜੀਵਨ ਰਾਮਪੁਰੀ, ਜਸਵੀਰ ਮਾਹਲ, ਗੁਰਮੇਲ ਰਾਇ, ਜੁਗਿੰਦਰ ਸ਼ਮਸ਼ੇਰ, ਕਾਮਰੇਡ ਕ੍ਰਿਸ਼ਨਾ , ਹਰਦੇਵ ਸਿੱਧੂ, ਦਿਲਬਰ ਕੰਗ, ਬਲਵਿੰਦਰ ਸਰਾਂ, ਡਾ. ਗੁਰਮੀਤ ਸਿੰਘ ਦੌਧਰ, ਭੁਪਿੰਦਰ ਸਿੰਘ ਮੱਲ੍ਹੀ, ਜਸਪਾਲ ਸਿੰਘ ਗਿੱਲ, ਰਾਜੀਵ (ਫ਼ਿਲਮ ਨਿਰਦੇਸ਼ਕ, ਪੰਜਾਬ), ਮੱਖਣ ਟੁੱਟ ਆਦਿ ਨੇ ਭਾਗ ਲਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਇਸ ਸੈਮੀਨਾਰ ਦੇ ਆਯੋਜਨ ਦੀ ਜ਼ਿੰਮੇਂਵਾਰੀ ਸੂਫ਼ੀ ਅਮਰਜੀਤ ਨੂੰ ਸੌਂਪੀ ਗਈ ਸੀ। ਉਨ੍ਹਾਂ ਨੇ ਇਸ ਸੈਮੀਨਾਰ ਦੇ ਪ੍ਰਬੰਧ ਵਿਚ ਭਰਵਾਂ ਸਹਿਯੋਗ ਦਿੱਤਾ। --(ਡਾ.) ਗੁਲਜ਼ਾਰ ਸਿੰਘ ਪੰਧੇਰ (ਪ੍ਰੈੱਸ ਸਕੱਤਰ)
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਕਰਵਾਇਆ ਗਿਆ ਸੈਮੀਨਾਰ
Photo Courtesy: Punjabi News Online |

No comments:
Post a Comment