ਛੇੜ-ਛਾੜ ਕਰਨ ਵਾਲਿਆਂ ਖਿਲਾਫ਼ ਤੁਰੰਤ ਪਰਚਾ ਦਰਜ ਹੋਵੇ
ਸ਼ਰਾਰਤੀ ਅਨਸਰ ਦੇਸ਼ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ- ਜਥੇ:ਅਵਤਾਰ ਸਿੰਘ
ਅੰਮ੍ਰਿਤਸਰ: 15 ਜੁਲਾਈ- (ਪੰਜਾਬ ਸਕਰੀਨ ਬਿਊਰੋ): ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਇਤਰਾਜਯੋਗ ਛੇੜ-ਛਾੜ ਕਰਨ ਵਾਲਿਆਂ ਨੂੰ ਕਦਾਚਿਤ ਵੀ ਮੁਆਫ਼ ਨਹੀਂ ਕਰਨਾ ਚਾਹੀਦਾ ਤੇ ਅਜਿਹੇ ਸ਼ਰਾਰਤੀ ਵਿਅਕਤੀਆਂ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਪਰਚਾ ਦਰਜ ਹੋਣਾ ਚਾਹੀਦਾ ਹੈ।
ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਆਏ ਦਿਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ੋਸ਼ਲ ਵੈਬਸਾਈਟਸ ਤੇ ਸਿੱਖ ਗੁਰੂ ਸਾਹਿਬਾਨ ਖਿਲਾਫ਼ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਤੇ ਕਦੇ ਉਨ੍ਹਾਂ ਦੀ ਤਸਵੀਰ ਨਾਲ ਇਤਰਾਜਯੋਗ ਛੇੜ-ਛਾੜ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਮਲੇਸ਼ੀਆ ਰਹਿੰਦੇ ਸਰਬਜੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾਲ ਛੇੜ-ਛਾੜ ਕਰਕੇ ਨੀਚ-ਪੁਣੇ ਦਾ ਸਬੂਤ ਦਿੱਤਾ ਗਿਆ ਸੀ ਤੇ ਹੁਣ ਟਵੀਟਰ ਤੇ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਨਾ-ਬਰਦਾਸ਼ਤ ਯੋਗ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨਾਲ ਛੇੜ-ਛਾੜ ਕੀਤੀ ਹੈ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰ ਜੋ ਧਾਰਮਿਕ ਭਾਵਨਾਵਾਂ ਪ੍ਰਤੀ ਭੜਕਾਊ ਕਾਰਵਾਈਆਂ ਕਰਕੇ ਦੇਸ਼ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਉਣਾ ਚਾਹੁੰਦੇ ਹਨ। ਇੰਨ੍ਹਾਂ ਖਿਲਾਫ਼ ਸਖ਼ਤ ਧਾਰਾਵਾਂ ਹੇਠ ਪਰਚਾ ਦਰਜ ਹੋਵੇ ਅਤੇ ਕਾਨੂੰਨ ’ਚ ਤਰਮੀਮ ਕੀਤੀ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਨੂੰ ਲੰਮਾਂ ਸਮਾਂ ਜੇਲ੍ਹ ’ਚ ਗੁਜ਼ਾਰਨਾ ਪਵੇ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਦੇ ਹਨ, ਪਰ ਆਪਣੇ ਗੁਰੂ ਸਾਹਿਬਾਨ ਖਿਲਾਫ਼ ਕੋਈ ਵੀ ਘਿਨਾਉਣੀ ਹਰਕਤ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸੇ ਅਨਸਰਾਂ ਖਿਲਾਫ ਕਾਨੂੰਨੀ ਮਾਹਿਰਾਂ ਦੀ ਰਾਇ ਲੈ ਕੇ ਸਖ਼ਤ ਕਾਰਵਾਈ ਕਰੇਗੀ।
No comments:
Post a Comment