Wednesday, June 05, 2013

ਪੰਦਰਾਂ ਸਿਰੜੀ ਸਾਹਿਤਕਾਰਾਂ ਦਾ ਨਕਦ ਰਾਸ਼ੀ ਅਤੇ ਦੋਸ਼ਾਲੇ ਨਾਲ ਸਨਮਾਣ

ਲੁਧਿਆਣਾ ਵਿੱਚ ਸਾਹਿਤਕ ਸਮਾਗਮ ਅਤੇ ਸਨਮਾਨ ਸਮਾਰੋਹ 12 ਜੂਨ ਨੂੰ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵਲੋਂ ਸਾਂਝਾ ਉਪਰਾਲਾ 
ਲੁਧਿਆਣਾ : 05 ਜੂਨ (ਰੈਕਟਰ ਕਥੂਰੀਆ): ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਸਾਹਿਤਕ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ 12 ਜੂਨ 2013, ਦਿਨ ਬੁੱਧਵਾਰ, ਸਵੇਰੇ 10 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਪਦਮਸ੍ਰੀ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਅਤੇ ਡਾ. ਰਵੇਲ ਸਿੰਘ ਸਕੱਤਰ, ਸਾਹਿਤ ਅਕਾਦੇਮੀ, ਦਿੱਲੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਹ ਜਾਣਕਾਰੀ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈੱਸ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਹੁਰਾਂ ਨੇ ਦਿੱਤੀ।
ਉਹਨਾਂ ਦੱਸਿਆ ਕਿ ਸਮਾਗਮ ਦੇ ਸ਼ੁਰੂ ਵਿਚ ਉੱਘੇ ਵਿਦਵਾਨ ਡਾ. ਸੁਰਜੀਤ ਸਿੰਘ ਭੱਟੀ ‘ਸਾਕਾਰਾਤਮਕ ਸਮਾਜਕ ਤਬਦੀਲੀ ਵਿਚ ਸਾਹਿਤ ਦੀ ਭੂਮਿਕਾ’ ’ਤੇ ਆਪਣਾ ਖੋਜ-ਪੱਤਰ ਪੇਸ਼ ਕਰਨਗੇ ਅਤੇ ਹਾਜ਼ਰ ਵਿਦਵਾਨ ਵਿਚਾਰ ਚਰਚਾ ਵਿਚ ਭਾਗ ਲੈਣਗੇ। ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦਸਿਆ ਕਿ ਇਸ ਸਮਾਗਮ ਵਿਚ ਪੰਦਰਾਂ ਸਿਰੜੀ ਸਾਹਿਤਕਾਰਾਂ ਦਾ ਨਕਦ ਰਾਸ਼ੀ, ਦੋਸ਼ਾਲੇ, ਪੁਸਤਕਾਂ ਦੇ ਸੈੱਟ ਅਤੇ ਸ਼ਬਦ ਸਨਮਾਨ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਪੰਦਰਾਂ ਸ਼ਬਦ ਸਾਧਕਾਂ ਵਿਚ ਮੁੱਖ ਰੂਪ ਵਿਚ ਡਾ. ਗੁਰਚਰਨ ਸਿੰਘ ਔਲਖ, ਸ੍ਰੀ ਹਮਦਰਦਵੀਰ ਨੌਸ਼ਹਿਰਵੀ, ਸ੍ਰੀ ਹਰਮਿੰਦਰ ਕੁਹਾਰਵਾਲਾ, ਸ੍ਰੀ ਸੀ. ਮਾਰਕੰਡਾ, ਸ੍ਰੀ ਪ੍ਰੇਮ ਗੋਰਖੀ, ਸ੍ਰੀ ਸ਼ਿਵ ਨਾਥ, ਸ੍ਰੀਮਤੀ ਕਾਨਾ ਸਿੰਘ, ਡਾ. ਧਰਮ ਚੰਦ ਵਾਤਿਸ਼, ਸ੍ਰੀ ਮਹਿੰਦਰ ਸਾਥੀ, ਸ੍ਰੀ ਅਮਰੀਕ ਡੋਗਰਾ, ਇੰਜ. ਕਰਮਜੀਤ ਸਿੰਘ ਔਜਲਾ, ਡਾ. ਸੁਰਜੀਤ ਬਰਾੜ, ਸ. ਜਨਮੇਜਾ ਸਿੰਘ ਜੌਹਲ, ਸ੍ਰੀ ਸੁਰਿੰਦਰ ਰਾਮਪੁਰੀ ਅਤੇ ਸ੍ਰੀਮਤੀ ਗੁਰਚਰਨ ਕੌਰ ਕੋਚਰ ਪ੍ਰਮੁੱਖ ਹਨ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ. ਬਲਦੇਵ ਸਿੰਘ ਸੜਕਨਾਮਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਕਰਨਗੇ। ਸਮੂਹ ਪੰਜਾਬੀ ਪਿਆਰਿਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਹਾਰਦਿਕ ਖੁੱਲ੍ਹਾ ਸੱਦਾ ਹੈ।


ਲੋਕ ਪੱਖੀ ਵਿਚਾਰਾਂ ਵਾਲਾ ਸਮਰੱਥ ਸ਼ਾਇਰ- ਹਰਮਿੰਦਰ ਸਿੰਘ ਕੋਹਾਰਵਾਲਾ


ਲੋਕਾ ਨਾਲ ਜੁੜਿਆ ਸ਼ਾਇਰ ਮਹਿੰਦਰ ਸਾਥੀ


ਮੁੱਖ ਧਾਰਾਈ ਮੀਡੀਆ//ਕਾਰੋਬਾਰੀ ਮੀਡੀਆ


No comments: