ਦਾਰਾ ਸਿੰਘ ਪਰਿਵਾਰ ਦੇ ਸਮਰਥਕਾਂ ਲਈ ਝਟਕਾ
ਸਪਾਟ ਫਿਕਸਿੰਗ ਦੇ ਮਾਮਲੇ ਵਿੱਚ ਸ਼੍ਰੀਸੰਥ ਤੋਂ ਬਾਅਦ ਵਿੰਦੁ ਦਾਰਾ ਸਿੰਘ ਦਾ ਨਾਮ ਸਾਹਮਣੇ ਆਇਆ ਹੈ। ਦਾਰਾ ਸਿੰਘ ਫਿਲਮੀ ਜ਼ਿੰਦਗੀ ਦੇ ਨਾਲ ਨਾਲ ਕਾਰ ਵਿਹਾਰ ਵਾਲੀ ਨਿਜੀ ਜ਼ਿੰਦਗੀ ਵਿੱਚ ਵੀ ਬੜੇ ਸਾਫ਼ ਸਪਸ਼ਟ ਅਤੇ ਬੇਦਾਗ ਰਹੇ। ਇਸ ਦੁਨੀਆ ਤੋਂ ਉਹਨਾਂ ਦੇ ਤੁਰ ਜਾਣ ਮਗਰੋਂ ਫਿਕਸਿੰਗ ਵਰਗੇ ਮਾਮਲੇ ਵਿੱਚ ਵਿੰਦੁ ਦਾ ਨਾਮ ਆਉਣਾ ਬਹੁਤ ਸਾਰਿਆਂ ਲਈ ਇੱਕ ਸਦਮੇ ਵਾਲੀ ਗੱਲ ਸਾਬਿਤ ਹੋਵੇਗੀ। ਬਿਗ ਬੌਸ-3 ਜਿੱਤਣ ਤੋਂ ਬਾਅਦ ਚਰਚਾ ਵਿਚ ਆਏ ਵਿੰਦੂ ਦਾਰਾ ਸਿੰਘ ਨੂੰਪੁਲਿਸ ਫੋਰਸ ਨੇ ਸਪਾਟ ਫਿਕਸਿੰਗ ਦੇ ਨਾਲ ਜੁੜੇ ਇਕ ਮਾਮਲੇ 'ਚ ਮੁੰਬਈ ਤੋਂ ਹਿਰਾਸਤ 'ਚ ਲਿਆ। ਟੀ ਵੀ ਚੈਨਲ ਬਾਰ ਬਾਰ ਇਹੀ ਖਬਰ ਦਿਖਾ ਰਹੇ ਹਨ। ਇਸ ਸਬੰਧੀ ਮਿਲੇ ਵੇਰਵਿਆਂ ਮੁਤਾਬਿਕ ਮੈਚ ਫਿਕਸਿੰਗ ਦੇ ਦੋਸ਼ ਵਿਚ ਫੜੇ ਗਏ ਬੁਕੀ ਰਮੇਸ਼ ਵਿਆਸ ਨਾਮਕ ਇਕ ਵਿਅਕਤੀ ਵਲੋਂ ਇਸ ਮਾਮਲੇ ਵਿਚ ਵਿੰਦੂ ਦਾਰਾ ਸਿੰਘ ਦੇ ਨਾਂ ਦਾ ਖੁਲਾਸਾ ਕੀਤਾ ਗਿਆ ਸੀ। ਇਹ ਨਾਮ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਬੜੀ ਹੀ ਫੁਰਤੀ ਨਾਲ ਵਿੰਦੂ ਦਾਰਾ ਸਿੰਘ ਨੂੰ ਹਿਰਾਸਤ 'ਚ ਲੈ ਲਿਆ। ਦੱਸਿਆ ਜਾਂਦਾ ਹੈ ਕਿ ਪੁਲਸ ਹੁਣ ਇਸ ਮਾਮਲੇ ਵਿਚ ਵਿੰਦੂ ਦਾਰਾ ਸਿੰਘ ਕੋਲੋਂ ਪੁੱਛਗਿੱਛ ਕਰੇਗੀ। ਪੁਲਸ ਨੂੰ ਸ਼ੱਕ ਹੈ ਕਿ ਵਿੰਦੂ ਦਾਰਾ ਸਿੰਘ ਦਾ ਵੀ ਸਪਾਟ ਫਿਕਸਿੰਗ ਦੇ ਮਾਮਲੇ ਨਾਲ ਜਰੂਰ ਹੀ ਕੋਈ ਡੂੰਘਾ ਸਬੰਧ ਹੈ। ਸ਼੍ਰੀਸੰਥ ਤੋਂ ਬਾਅਦ ਇਸ ਮਾਮਲੇ 'ਚ ਗ੍ਰਿਫਤਾਰ ਹੋਣ ਵਾਲੇ ਵਿੰਦੂ ਦਾਰਾ ਸਿੰਘ ਦੂਜੇ ਵੱਡੇ ਚੇਹਰੇ ਹਨ। ਇੱਕ ਅਜਿਹਾ ਚਿਹਰਾ ਜਿਸ ਨਾਲ ਬਹੁਤ ਸਾਰੇ ਆਮ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਅਸਲ ਵਿੱਚ ਐਤਵਾਰ ਨੂੰ ਹੀ ਪੁਲਸ ਨੇ ਖੁਲਾਸਾ ਕੀਤਾ ਸੀ ਕਿ ਸਪਾਟ ਫਿਕਸਿੰਗ ਦੇ ਬਾਲੀਵੁੱਡ ਨਾਲ ਵੀ ਕੁਨੈਕਸ਼ਨ ਹਨ ਅਤੇ ਇਸ ਮਾਮਲੇ 'ਚ ਕੁਝ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ। ਵਿੰਦੂ ਦਾਰਾ ਸਿੰਘ ਦੀ ਗ੍ਰਿਫਤਾਰੀ ਇਸ ਸਿਲਸਿਲੇ ਵਿੱਚ ਪਹਿਲੀ ਅਜਿਹੀ ਗ੍ਰਿਫਤਾਰੀ ਹੈ। ਇਸ ਗਿਰਫਤਾਰੀ ਨਾਲ ਇਹ ਸੰਕੇਤ ਵੀ ਮਿਲ ਰਿਹਾ ਹੈ ਕੀ ਇਸ ਮਾਮਲੇ ਵਿੱਚ ਪੁਲਿਸ ਕੋਲ ਕਈ ਹੋਰ ਨਾਮ ਵੀ ਹੋ ਸਕਦੇ ਹਨ। ਕਾਬਿਲੇ ਜ਼ਿਕਰ ਹੈ ਕਿ ਸਪਾਟ ਫਿਕਸਿੰਗ ਨੂੰ ਲੈ ਕੇ ਦਿੱਲੀ ਪੁਲਸ ਵਲੋਂ ਨਿੱਤ ਨਵੇਂ ਖੁਲਾਸੇ ਕੀਤੇ ਜਾ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿਚ ਸ਼੍ਰੀਸੰਥ ਅਤੇ ਦੋ ਹੋਰ ਕ੍ਰਿਕਟ ਖਿਡਾਰੀਆਂ ਸਮੇਤ ਕਰੀਬ ਦਰਜਨ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਵਿੰਦੂ ਦੀ ਗ੍ਰਿਫਤਾਰੀ ਦਾਰਾ ਸਿੰਘ ਦੇ ਪ੍ਰਸ਼ੰਸਕਾਂ ਲਈ ਵੱਡੇ ਝਟਕੇ ਵਾਲੀ ਖਬਰ ਹੈ ਕਿਉਂਕਿ ਦਾਰਾ ਸਿੰਘ ਨੇ ਪੂਰੀ ਉਮਰ ਭਲਵਾਨੀ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਹੈ ਅਜਿਹੇ ਵਿਚ ਜੇ ਉਨ੍ਹਾਂ ਦੇ ਆਪਣੇ ਪੁੱਤਰ ਦੇ ਖਿਲਾਫ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੇ ਦੋਸ਼ ਸਾਬਿਤ ਹੁੰਦੇ ਹਨ ਪੰਜਾਬੀਆਂ ਲਈ ਇਹ ਇੱਜ਼ਤ ਨੂੰ ਢਾਅ ਲਾਉਣ ਵਾਲਾ ਸਾਬਿਤ ਹੋ ਸਕਦਾ ਹੈ। ਬਜਰੰਗ ਬਲੀ ਅਤੇ ਹਨੁਮਾਨ ਵਾਲੀ ਤਸਵੀਰ ਕਾਰਣ ਲੋਕ ਸਾਹ ਰੋਕ ਕੇ ਇਸ ਮਾਮਲੇ ਦੇ ਅਗਲੇ ਵੇਰਵਿਆਂ ਦੀ ਉਡੀਕ ਕਰ ਰਹੇ ਹਨ। ਇਸਦੇ ਨਾਲ ਹੀ ਚੱਲ ਰਹੀ ਹੈ ਇਹ ਦੁਆ ਕਿ ਹੇ ਰੱਬਾ ਇਹ ਸਭ ਝੂਠ ਨਿਕਲੇ।
No comments:
Post a Comment