ਬਲਿਊਸਟਾਰ ਅਪ੍ਰੇਸ਼ਨ ਨੂੰ ਢਾਈ ਦਹਾਕਿਆਂ ਦਾ ਸਮਾਂ ਲੰਘ ਚੁੱਕਿਆ ਹੈ. ਇਹ ਉਹ ਕਾਰਵਾਈ ਸੀ ਜਿਸਨੇ ਕੇਂਦਰ ਦੀ ਕਾਂਗਰਸ ਸਰਕਾਰ ਨੂੰ ਸਿੱਖ ਹਿਰਦਿਆਂ ਚੋਂ ਪੂਰੇ ਤਰਾਂ ਨਿਖੇੜ ਦਿੱਤਾ ਸੀ. ਇਹੀ ਲੱਗਦਾ ਸੀ ਕਿ ਹੁਣ ਇਹ ਪਾੜਾ ਕਦੇ ਨਹੀਂ ਮਿਟਨਾ. ਪਰ ਸੰਤ ਹਰਚੰਦ ਸਿੰਘ ਲੋਂਗੋਵਾਲ ਅਤੇ ਰਾਜੀਵ ਸਮਝੌਤੇ ਨੇ ਇਹਨਾਂ ਸਾਰੀਆਂ ਸ਼ੰਕਾਵਾਂ ਨੂੰ ਗਲਤ ਸਾਬਿਤ ਕਰਦਿਆਂ ਇੱਕ ਵਾਰ ਫੇਰ ਦੱਸਿਆ ਕਿ ਰਾਜਨੀਤੀ ਦੀ ਦੁਨੀਆ ਵਿੱਚ ਸਭ ਕੁਝ ਸੰਭਵ ਹੈ. ਹੁਣ ਜਦੋਂ ਇੱਕ ਵਾਰ ਫੇਰ ਸੰਤ ਲੋਂਗੋਵਾਲ ਦੀ ਬਰਸੀ ਮੌਕੇ ਪੰਥਕ ਇੱਕਠ ਹੋਇਆ ਤਾਂ ਪੁਰਾਣੀਆਂ ਗੱਲਾਂ ਫੇਰ ਜਹੀਂ ਵਿੱਚ ਤਾਜ਼ਾ ਹੋ ਗਈਆਂ. ਇਸ ਵਾਰ ਵੀ ਰਾਜਨੀਤੀ ਨਾਲ ਜੁੜੇ ਲੋਕਾਂ ਨੇ ਇਸ ਨੂੰ ਆਪੋ ਆਪਣੇ ਮੰਤਵਾਂ ਲਈ ਵਰਤਿਆ. ਅਕਾਲੀ ਦਲ ਨੇ ਇਸ ਮੰਚ ਤੋਂ ਪੰਥਕ ਮੋਰਚੇ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਿਨ ਦੇ ਮੌਕੇ ਸਾਫ਼ ਕਿਹਾ ਕਿ ਸੰਤ ਲੋਂਗੋਵਾਲ ਦੇ ਕਤਲ ਲਈ ਬਾਦਲ ਹੀ ਜਿੰਮੇਵਾਰ ਹੈ.ਰੋਜ਼ਾਨਾ ਜੱਗ ਬਾਣੀ ਨੇ ਪਟਿਆਲਾ ਤੋਂ ਆਪਣੇ ਪੱਤਰਕਾਰ ਰਾਜੇਸ਼ ਦੇ ਹਵਾਲੇ ਨਾਲ ਦੱਸਿਆ ਹੈ ਕਿ ਕੈਪਟਨ ਸਾਹਿਬ ਨੇ ਇਸ ਮੌਕੇ ਕਾਫੀ ਕੁਝ ਕਿਹਾ. ਅਖਬਾਰ ਮੁਤਾਬਿਕ
ਇਸ ਕਾਨਫਰੰਸ ਦੌਰਾਨ ਜ਼ਿਲਾ ਕਾਂਗਰਸ ਕਮੇਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਸਵ: ਰਾਜੀਵ ਗਾਂਧੀ ਦੀ ਮੂਰਤੀ ਵੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਸ. ਬਾਦਲ ਦੀਆਂ ਗਲਤ ਅਤੇ ਗੈਰ ਜ਼ਿੰਮੇਵਾਰਾਨਾ ਹਰਕਤਾਂ ਕਾਰਨ ਹੀ ਰਾਜੀਵ-ਲੌਂਗੋਵਾਲ ਸਮਝੌਤਾ ਸਿਰੇ ਨਹੀਂ ਚਡ਼੍ਹ ਸਕਿਆ। ਇੰਨਾ ਹੀ ਨਹੀਂ ਸ. ਬਾਦਲ ਦੇ ਕਾਰਨ ਹੀ ਪੰਜਾਬ ਵਿਚ 35 ਹਜ਼ਾਰ ਕੀਮਤੀ ਜਾਨਾਂ ਗਈਆਂ। ਇਸ ਲਈ ਜੇਕਰ ਸ. ਪ੍ਰਕਾਸ਼ ਸਿੰਘ ਬਾਦਲ ਆਪਣੀ ਸੂਝ-ਬੂਝ ਤੋਂ ਕੰਮ ਲੈਂਦੇ ਤਾਂ ‘ਰਾਜੀਵ-ਲੌਂਗੋਵਾਲ’ ਸਮਝੌਤਾ ਵੀ ਸਿਰੇ ਚਡ਼੍ਹ ਸਕਦਾ ਸੀ ਅਤੇ ਨਾਲ ਹੀ ਹਜ਼ਾਰਾਂ ਲੋਕਾਂ ਦੇ ਕਤਲ ਹੋਣ ਤੋਂ ਵੀ ਬਚਾਅ ਹੋ ਸਕਦਾ ਸੀ। ਇਥੋਂ ਤੱਕ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਅੱਜ ਸਾਡੇ ਵਿਚ ਹੋ ਸਕਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੀ ਰਾਜੀਵ ਗਾਂਧੀ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਛੋਟੀ ਉਮਰ ਵਿਚ ਹੀ ਪ੍ਰਧਾਨ ਮੰਤਰੀ ਦੀ ਕੁਰਸੀ ਗ੍ਰਹਿਣ ਕੀਤੀ ਅਤੇ ਪੰਚਾਇਤੀ ਰਾਜ ਲਾਗੂ ਕਰਨ ਲਈ ਪਿੰਡ ਪੱਧਰ ਤੱਕ ਦੇ ਆਗੂਆਂ ਤੋਂ ਸੁਝਾਅ ਮੰਗੇ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਗੁਲਚੈਨ ਸਿੰਘ ਚਾਡ਼ਕ ਅਤੇ ਵਿਰੋਧੀ ਧਿਰ ਦੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਵਿਚ ਵਾਹੀਯੋਗ ਜ਼ਮੀਨਾਂ ਘਟਦੀਆਂ ਜਾ ਰਹੀਆਂ ਹਨ ਅਤੇ ਕਿਸਾਨ ਦਿਨੋ-ਦਿਨ ਗਰੀਬ ਹੁੰਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਹੁਣ ਤੱਕ ਸਭ ਤੋਂ ਵੱਧ ਜ਼ਮੀਨਾਂ ਅਕਾਲੀ ਸਰਕਾਰ ਸਮੇਂ ਕਿਸਾਨਾਂ ਹੱਥੋਂ ਗਈਆਂ ਹਨ ਤੇ ਅਕਾਲੀਆਂ ਨੇ ਹੀ ਸਰਕਾਰੀ ਜ਼ਮੀਨਾਂ ਸਭ ਤੋਂ ਵੱਧ ਵੇਚੀਆਂ ਹਨ, ਜਦਕਿ ਪੰਜਾਬ ਵਿਚ ਆਰਥਿਕਤਾ ਮਜ਼ਬੂਤ ਕਰਨ ਦੀ ਲੋਡ਼ ਹੈ। ਇਸ ਕਾਨਫਰੰਸ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ, ਲਾਲ ਸਿੰਘ ਸਾਬਕਾ ਮੰਤਰੀ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਤੇ ਹਰਦਿਆਲ ਸਿੰਘ ਕੰਬੋਜ ਨੇ ਸੰਬੋਧਨ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਵਿਜੇਇੰਦਰ ਸਿੰਗਲਾ, ਪੰਜਾਬ ਪ੍ਰਦੇਸ ਕਾਂਗਰਸ ਦੇ ਜਨਰਲ ਸਕੱਤਰ ਅਰਵਿੰਦ ਖੰਨਾ, ਸੁਖਦੇਵ ਸਿੰਘ ਲਿਬਡ਼ਾ, ਵਿਧਾਇਕ ਸਾਧੂ ਸਿੰਘ ਧਰਮਸੌਤ, ਵਿਧਾਇਕ ਬ੍ਰਹਮ ਮਹਿੰਦਰਾ, ਵਿਧਾਇਕ ਕਾਕਾ ਰਣਦੀਪ ਸਿੰਘ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਬਲਵੀਰ ਸਿੰਘ ਸਿੱਧੂ ਵਿਧਾਇਕ, ਨਿਰਮਲ ਸਿੰਘ ਸ਼ੁਤਰਾਣਾ ਵਿਧਾਇਕ, ਰਾਜਾ ਮਾਲਵਿੰਦਰ ਸਿੰਘ, ਅਮਰੀਕ ਸਿੰਘ ਢਿੱਲੋਂ ਕੋਆਰਡੀਨੇਟਰ ਜ਼ਿਲਾ ਪਟਿਆਲਾ, ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਕੇ. ਕੇ. ਸ਼ਰਮਾ, ਕਬੀਰਦਾਸ, ਗੌਤਮਬੀਰ ਸਿੰਘ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ।
No comments:
Post a Comment