ਕਾਲੀ ਸੂਚੀ ਸੋਧੇ ਜਾਣ ਮਗਰੋਂ ਇਸਦਾ ਸਖ਼ਤ ਵਿਰੋਧ ਵੀ ਹੋਇਆ ਅਤੇ ਸਵਾਗਤ ਵੀ.ਇਸਦਾ ਸਵਾਗਤ ਕਰਨ ਵਾਲਿਆਂ ਨੇ ਇਸਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਦਰਸਾਉਂਦਿਆਂ ਇਸਦਾ ਸਿਹਰਾ ਆਪੋ ਆਪਣੀਆਂ ਪਾਰਟੀਆਂ ਅਤੇ ਆਪੋ ਆਪਣੇ ਲੀਡਰਾਂ ਸਿਰ ਬੰਨਣ ਤੇ ਜੋਰ ਦਿੱਤਾ. ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਬਾਕਾਇਦਾ ਜਲੰਧਰ ਵਿੱਚ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਇਸ ਪ੍ਰਾਪਤੀ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪ੍ਰਸੰਸਾ ਕੀਤੀ ਉਥੇ ਕਾਲੀ ਸੂਚੀ ਬਾਰੇ ਆਏ ਫੈਸਲੇ ਦਾ ਵਿਰੋਧ ਕਰਨ ਵਾਲਿਆਂ ਨੇ ਆਪਣਾ ਨਿਸ਼ਾਨਾ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਬਣਾਇਆ. ਵਿਰੋਧ ਕਰਨ ਵਾਲਿਆਂ ਵਿੱਚ ਐਂਟੀ ਟੈਰੋਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਸਭ ਤੋਂ ਅੱਗੇ ਸਨ. ਉਹਨਾਂ ਪਹਿਲਾਂ ਪਹਿਲ ਤਾਂ ਇਸਦਾ ਵਿਰੋਧ ਕੀਤਾ ਪਰ ਜਿਊਂ ਹੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਤੇ ਲਟਕਾਉਣ ਵਾਲੀ ਅਪੀਲ ਰੱਦ ਹੋਣ ਦੀ ਖਬਰ ਆਈ ਤਾਂ ਉਹਨਾਂ ਦੀ ਸੁਰ ਬਦਲ ਗਈ. ਹੁਕਮਰਾਨ ਪਾਰਟੀ ਦੇ ਕੰਟਰੋਲ ਵਾਲੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਹੁਣ ਤਾਂ ਮੈਂ ਕਾਲੀ ਸੂਚੀ ਵਾਲੇ ਫੈਸਲੇ ਦਾ ਸਵਾਗਤ ਕਰਦਾ ਹਾਂ ਤਾਂ ਕਿ ਇਹ ਸਾਰੇ ਅੱਤਵਾਦੀ ਛੇਤੀ ਤੋਂ ਛੇਤੀ ਵਾਪਿਸ ਆਉਣ ਅਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜੇਲ੍ਹਾਂ ਵਿੱਚ ਜਾਂ ਫਾਂਸੀ ਦੇ ਫ਼ੰਦਿਆਂ ਤੇ ਪਹੁੰਚਾਇਆ ਜਾ ਸਕੇ.
ਭੁਪਿੰਦਰ ਸਿੰਘ ਨਿਮਾਣਾ |
ਭਾਵੇਂ ਅਜਿਹੇ ਬਿਆਨ ਨਾਲ ਮਨਿੰਦਰਜੀਤ ਸਿੰਘ ਬਿੱਟਾ ਨੇ ਵਿਦੇਸ਼ਾਂ ਵਿੱਚ ਬੈਠੇ ਬਹੁਤ ਸਾਰੇ ਸਿੰਘਾਂ ਨੂੰ ਡਰਾਉਣ ਦੀ ਕੋਸ਼ਿਸ਼ ਹੀ ਕੀਤੀ ਹੋਵੇ ਪਰ ਖਾੜਕੂ ਸਫਾਂ ਨਾਲ ਸਬੰਧਿਤ ਸਿੰਘ ਇਸਨੂੰ ਅੰਦਰਲੀ ਸਰਕਾਰੀ ਸੂਚਨਾ ਮੰਨਦੇ ਹੋਏ ਇਸ ਬਾਰੇ ਪੂਰੀ ਤਰਾਂ ਸੁਚੇਤ ਵੀ ਹੋ ਸਕਦੇ ਹਾਂ ਅਤੇ ਸਾਵਧਾਨ ਕਰਨ ਵਾਲੀ ਇਸ ਜਾਣਕਾਰੀ ਲਈ ਬਿੱਟਾ ਦੇ ਸ਼ੁਕਰਗੁਜ਼ਾਰ ਵੀ. ਸ਼ਾਇਦ ਇਹੀ ਕਰਨ ਹੈ ਕਿ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਪਹਿਲਾਂ ਹੀ ਇਸ ਬਾਰੇ ਮੰਗ ਕੀਤੀ ਹੈ ਕਿ ਜਿਹਨਾਂ ਸਿੰਘਾਂ ਦੇ ਨਾਮ ਇਸ ਕਾਲੀ ਸੂਚੀ ਵਿੱਚੋਂ ਹਟਾਏ ਗਏ ਹਨ ਉਹਨਾਂ ਵਿਰੁਧ ਦਰਜ ਮਾਮਲੇ ਪੰਜਾਬ ਸਰਕਾਰ ਵੱਲੋਂ ਵੀ ਤੁਰੰਤ ਵਾਪਿਸ ਲਏ ਜਾਣ.ਸ਼੍ਰੋਮਣੀ ਖਾਲਸਾ ਪੰਚਾਇਤ ਦੇ ਕਨਵੀਨਰ ਭੁਪਿੰਦਰ ਸਿੰਘ ਨਿਮਾਣਾ ਨੇ ਇਸ ਸਬੰਧ ਵਿੱਚ ਜਿਹੜਾ ਬਿਆਨ ਜਾਰੀ ਕੀਤਾ ਹੈ ਉਸਦੀ ਫੋਟੋ ਇਸ ਲਿਖਤ ਦੇ ਨਾਲ ਹੀ ਛਾਪੀ ਜਾ ਰਹੀ ਹੈ ਜਿਸਤੇ ਕਲਿੱਕ ਕਰਕੇ ਇਸਨੂੰ ਵੱਡਾ ਕੀਤਾ ਜਾ ਸਕਦਾ ਹੈ. ਇਸ ਬਿਆਨ ਵਿੱਚ ਉਹਨਾਂ ਕੁਝ ਪੁਰਾਣੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਹਨ ਅਤੇ ਕੁਝ ਸੀਨੀਅਰ ਲੀਡਰਾਂ ਦਾ ਜ਼ਿਕਰ ਵੀ ਕੀਤਾ ਹੈ. ਸ੍ਰ. ਨਿਮਾਣਾ ਨੇ ਪਰਮਜੀਤ ਸਿੰਘ ਸਰਨਾ ਦੀ ਸ਼ਲਾਘਾ ਕੀਤੀ ਪਰ ਕੈਬਨਿਟ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਅਤੇ ਏਟੀਐਫ ਸੁਪ੍ਰੀਮੋ ਮਨਿੰਦਰਜੀਤ ਸਿੰਘ ਬਿੱਟਾ ਨੂੰ ਲੰਮੇ ਹਥੀਂ ਲਿਆ.ਵੇਰਵਾ ਤੁਸੀਂ ਪੜ੍ਹ ਸਕਦੇ ਹੋ ਫੋਟੋ ਤੇ ਕਲਿੱਕ ਕਰਕੇ.
ਏਸੇ ਦੌਰਾਨ ਵਿਦੇਸ਼ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਪਰਨੀਤ ਕੌਰ ਨੇ ਪਟਿਆਲਾ ਵਿੱਚ 27 ਮਈ ਸ਼ੁੱਕਰਵਾਰ ਵਾਲੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਦੇਸ਼ ਦੇ ਸੁਰੱਖਿਆ ਸਰੋਕਾਰਾਂ ਨੂੰ ਪੂਰੀ ਤਰਾਂ ਧਿਆਨ ਵਿਚ ਰੱਖ ਕੇ ਹੀ ਪੰਜਾਬ ਦੇ ਸਾਬਕਾ ਅਤਿਵਾਦੀਆਂ ਦੇ ਨਾਂ ਕਾਲੀ ਸੂਚੀ ਵਿਚੋਂ ਹਟਾਏ ਗਏ ਹਨ.ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘‘ਕਾਲੀ ਸੂਚੀ ਵਿਚੋਂ ਨਾਂ ਹਟਾਉਣ ਜਾਂ ਜਾਇਜ਼ਾ ਲੈਣ ਵੇਲੇ ਅਸੀਂ ਆਪਣੇ ਸੁਰੱਖਿਆ ਸਰੋਕਾਰਾਂ ਨੂੰ ਬਿਲਕੁਲ ਕਿਸੇ ਵੀ ਤਰਾਂ ਦੀ ਆਂਚ ਨਹੀਂ ਆਉਣ ਦਿੱਤੀ.’’ ਉਨ੍ਹਾਂ ਇਹ ਵੀ ਕਿਹਾ ਕਿ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਪੰਜਾਬ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕਾਲੀ ਸੂਚੀ ਵਿਚੋਂ 142 ਸਿੱਖਾਂ ਦੇ ਨਾਂ ਹਟਾਉਣ ਦੇ ਫੈਸਲੇ ’ਤੇ ਅੱਪਡ਼ਿਆ ਸੀ. ਹੁਣ ਸਿਰਫ 27 ਨਾਮ ਹੀ ਇਸ਼ ਸੂਚੀ ਵਿਚ ਹਨ. ਉਂਜ, ਸੂਬੇ ਦੇ ਗ੍ਰਹਿ ਵਿਭਾਗ ਦਾ ਫਰਜ਼ ਬਣਦਾ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਬਾਮੌਕਾ ਇਤਲਾਹ ਦਿੰਦਾ ਰਹੇ. ਉਨ੍ਹਾਂ ਕਿਹਾ ਕਿ ਮੇਰੇ ਨਿਰੰਤਰ ਯਤਨਾਂ ਸਦਕਾ ਹੀ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦੋ ਪਡ਼ਾਵਾਂ ਵਿਚ ਕਾਲੀ ਸੂਚੀ ਵਿਚੋਂ ਸਿੱਖਾਂ ਦੇ ਨਾਂ ਹਟਾਉਣ ਲਈ ਸਹਿਮਤ ਹੋਏ ਸਨ. ਉਨ੍ਹਾਂ ਇਹ ਵੀ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਮੈਂ ਯੂ.ਪੀ.ਏ. ਸਰਕਾਰ ਵਿਚ ਸ਼ਾਮਲ ਹੋਈ ਸੀ ਤਾਂ ਉਸ ਵੇਲੇ ਵੀ ਮੈਂ ਗ੍ਰਹਿ ਮੰਤਰਾਲੇ ਕੋਲ ਇਹ ਮਾਮਲਾ ਉਠਾਉਣ ਦਾ ਪਹਿਲਾ ਕੰਮ ਕੀਤਾ ਸੀ. ਕਾਬਿਲੇ ਜ਼ਿਕਰ ਹੈ ਕਿ ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਮੰਤਰਾਲੇ ਕੋਲ ਕੇਸ ਦੀ ਪੈਰਵੀ ਕਰਨ ਦੀ ਵੀ ਉਚੇਚੇ ਤੌਰ ਤੇ ਸ਼ਲਾਘਾ ਕੀਤੀ. ਇਸ ਸਬੰਧ ਵਿੱਚ ਪ੍ਰਾਪਤ ਹੋਰ ਵੇਰਵੇ ਮੁਤਾਬਿਕ ਇਹ ਪ੍ਰਕਿਰਿਆ ਲੰਮੇ ਸਮੇਂ ਤੋਂ ਜਾਰੀ ਸੀ.
ਪੰਥਕ ਧਿਰਾਂ ਵੱਲੋਂ ਕਈ ਵਾਰ ਉਠੀ ਇਸ ਮੰਗ ਨੂ ਇੱਕ ਤਰਾਂ ਨਾਲ ਹੁੰਗਾਰਾ ਭਰਦੀਆਂ ਪੰਜਾਬ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਦੋ ਪਡ਼ਾਵਾਂ ਵਿਚ 169 ਕੇਸਾਂ ਦੀ ਸਮੀਖਿਆ ਕੀਤੀ ਗਈ ਸੀ.ਪਿਛਲੇ ਸਾਲ ਅਗਸਤ ਵਿਚ 25 ਨਾਂ ਹਟਾਏ ਗਏ ਸਨ ਜਦਕਿ 117 ਨਾਮ ਪਿਛਲੇ ਮਹੀਨੇ ਹਟਾ ਦਿੱਤੇ ਗਏ ਹਨ. ਕਾਂਗਰਸ ਪਾਰਟੀ ਦੀ ਸੀਨੀਅਰ ਆਗੂ ਪਰਨੀਤ ਕੌਰ ਨੇ ਇਸ ਸਬੰਧੀ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਖਾਸ ਤੌਰ ’ਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਦਾ ਧੰਨਵਾਦ ਵੀ ਕੀਤਾ. ਕਾਲੀ ਸੂਚੀ ਵਿਚੋਂ ਜਿਹਡ਼ੇ ਨਾਂ ਹਟਾਏ ਗਏ ਹਨ ਉਨ੍ਹਾਂ ਵਿਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਮੁਖੀ ਲਖਬੀਰ ਸਿੰਘ ਰੋਡੇ ਦਾ ਨਾਮ ਵੀ ਸ਼ਾਮਿਲ ਹੈ। ਕਾਲੀ ਸੂਚੀ ਸੋਧਾਂ ਦੇ ਐਲਾਨ ਮਗਰੋਂ ਪੰਥਕ ਹਲਕਿਆਂ ਵਿੱਚ ਜਿੰਨੀ ਕੁ ਖੁਸ਼ੀ ਪੈਦਾ ਹੋਈ ਸੀ ਉਸਤੋਂ ਵਧ ਨਾਰਾਜ਼ਗੀ ਪੈਦਾ ਹੋ ਗਈ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਾਲੀ ਅਪੀਲ ਰੱਦ ਹੋਣ ਤੋਂ ਬਾਅਦ. ਹੁਣ ਦੇਖਣਾ ਹੈ ਕਿ ਪੰਥਕ ਧਿਰਾਂ ਅਤੇ ਸਰਕਾਰ ਦਾ ਨਵਾਂ ਕਦਮ ਕਿਸ ਰੁੱਖ ਵੱਲ ਉਠਦਾ ਹੈ ?-ਰੈਕਟਰ ਕਥੂਰੀਆ
No comments:
Post a Comment