Friday, January 21, 2011

ਰਾਘਿਬ ਮੋਰਾਦਾਬਾਦੀ ਨਹੀਂ ਰਹੇ


ਰਾਘਿਬ ਮੁਰਾਦਾਬਾਦੀ ਨੂੰ ਪੰਜਾਬੀ ਵਿੱਚ ਵੀ ਮੁਹਾਰਤ ਹਾਸਿਲ ਸੀ. ਪੰਜਾਬੀ 'ਚ ਮਿਲੀ ਇਸ ਮੁਹਾਰਤ ਦੀ ਕਹਾਣੀ ਬੜੀ ਦਿਲਚਸਪ ਹੈ. ਉਹਨਾਂ ਇਸ ਬਾਰੇ ਪਾਕਿਸਤਾਨ ਦੀ ਅਖਬਾਰ ਡਾਨ ਨੂੰ ਵੀ ਬੜੇ ਵੇਰਵੇ ਨਾਲ ਦਸਿਆ ਸੀ. ਉਹ ਦਸਦੇ ਹਨ ਕਿ ਭਾਰਤ ਵਿੱਚ ਇੱਕ ਹਿੰਦੂ ਕੁੜੀ ਨਾਲ ਦੋਸਤੀ ਹੋਈ ਜਿਹੜੀ ਠੇਠ ਪੰਜਾਬੀ ਬੋਲਦੀ ਸੀ. ਇੱਕ ਦਿਨ ਕਹਿਣ ਲੱਗੀ ਜੇ ਤੁਸੀਂ ਸਾਡੇ ਨਾਲ ਪਿਆਰ ਕਰਦੇ ਹੋ ਤਾਂ ਸਾਡੀ ਜ਼ੁਬਾਨ ਨਾਲ ਵੀ ਪਿਆਰ ਕਰੋ. ਗੱਲ ਸ਼ਾਇਰ ਦੇ ਦਿਲ ਨੂੰ ਲੱਗੀ. ਪੰਜਾਬੀ ਰੇਡੀਓ ਸੁਣਨਾ ਸ਼ੁਰੂ ਕੀਤਾ. ਪੰਜਾਬੀ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਅਤੇ ਪੰਜਾਬੀ ਵਿੱਚ ਮੁਹਾਰਤ ਹਾਸਿਲ ਕਰ ਲਈ. ਉਹ ਵੀ ਏਨੀ ਕਿ ਪੰਜਾਬੀ ਸ਼ਾਇਰੀ ਵੀ ਸ਼ੁਰੂ ਕਰ ਦਿੱਤੀ. ਜ਼ਰਾ ਅੰਦਾਜ਼ਾ ਲਗਾਓ ਪਿਆਰ ਦੀ ਉਸ ਸ਼ਕਤੀ ਦਾ ਜਿਸ ਨੇ ਪੰਜਾਬੀ ਦਾ ਮਾਹਿਰ ਬਣਾ ਦਿੱਤਾ.  ਉਹਨਾਂ ਦੇ ਹਜ਼ਾਰਾਂ ਸ਼ਾਗਿਰਦਾਂ ਵਿਚੋਂ ਇੱਕ ਹਬੀਬ ਜਾਲਿਬ ਵੀ ਸਨ. ਕਹਿੰਦੇ ਨੇ ਹਬੀਬ ਜਾਲਿਬ ਹੁਰਾਂ ਨੂੰ ਜਾਲਿਬ ਤਖੱਲਸ ਰੱਖਣ ਦੀ ਸਲਾਹ ਰਾਘਿਬ ਸਾਹਿਬ ਨੇ ਹੀ ਦਿੱਤੀ. ਬੜੇ ਹੀ ਡੂੰਘੇ ਵਿਸ਼ਿਆਂ ਤੇ ਕਲਮ ਚਲਾਉਣ ਦੇ ਉਹ ਮਾਹਿਰ ਸਨ. 500 ਰੁਬਾਈਆਂ ਲਿਖੀਆਂ ਸਿਰਫ ਮੌਤ ਉੱਤੇ. ਇਹ ਸਾਰੀਆਂ ਰੁਬਾਈਆਂ ਮੌਤ ਨਾਂਅ ਦੀ ਪੁਸਤਕ ਵਿੱਚ ਸੰਕਲਿਤ ਹਨ.ਆਪਣੀ ਇਸ ਮੁਹਾਰਤ ਨੂੰ ਉਹਨਾਂ ਸਿਰਫ  ਮੌਤ ਵਰਗੇ ਫਲਸਫਾਨਾਂ ਵਿਸ਼ਿਆਂ ਤੇ ਹੀ ਨਹੀਂ ਸਗੋਂ ਦਹਿਸ਼ਤਗਰਦੀ ਵਰਗੇ ਨਾਜ਼ੁਕ ਮਾਮਲਿਆਂ ਬਾਰੇ ਲਿਖਣ ਲਈ ਵੀ ਵਰਤਿਆ ਉਹ ਵੀ ਉਦੋਂ ਜਦੋਂ ਦਹਿਸ਼ਤਗਰਦਾਂ ਬਾਰੇ ਕੁਝ ਲਿਖਣਾ ਮੌਤ ਨੂੰ ਆਵਾਜ਼ਾਂ ਮਾਰਨ ਵਾਲੀ ਗੱਲ ਹੋਵੇ. ਉਹਨਾਂ ਦੀਆਂ ਚਾਲ੍ਹੀ ਕਿਤਾਬਾਂ ਵਿੱਚ ਜ਼ਿੰਦਗੀ ਅਤੇ ਸ਼ਾਇਰੀ ਦੇ ਵੱਖੋ ਵੱਖਰੇ ਰੰਗ ਹਨ. ਗਜ਼ਲਾਂ ਨਜ਼ਮਾਂ, ਪੰਜਾਬੀ ਸ਼ਾਇਰੀ, ਅਨੁਵਾਦ ਅਤੇ ਕੁਰਾਨ ਦੀਆਂ ਆਇਤਾਂ ਸਮੇਤ ਕਿੰਨਾ ਈ ਕੁਝ. ਜੋਸ਼ ਮਲੀਹਾਬਾਦੀ ਨਾਲ ਉਹਨਾਂ ਦੀ ਬੜੀ ਨੇੜਤਾ ਸੀ. ਜਦੋਂ ਮੈਂ ਆਪਣੇ ਇਨਬੋਕਸ ਵਿੱਚ ਇਫਤਿਖਾਰ ਚੌਧਰੀ ਹੁਰਾਂ ਦਾ ਇਹ ਸੋਗੀ ਸੁਨੇਹਾ ਦੇਖਿਆ ਕਿ ਰਾਘਿਬ ਮੋਰਾਦਾਬਾਦੀ ਨਹੀਂ ਰਹੇ ਤਾਂ ਦਿਲ ਨੂੰ ਬੜਾ ਡੂੰਘਾ ਸਦਮਾ ਲੱਗਿਆ. ਉਹਨਾਂ ਦਾ ਜਨਮ ਦਿੱਲੀ ਵਿੱਚ 1918 'ਚ ਹੋਇਆ ਸੀ. ਇਸ ਹਿਸਾਬ ਨਾਲ ਉਹਨਾਂ ਦੀ ਉਮਰ ਇਸ ਵੇਲੇ ਭਾਵੇਂ 93 ਸਾਲਾਂ ਦੀ ਸੀ ਪਰ  ਉਹਨਾਂ ਦੀ ਲੋੜ ਅਜੇ ਵੀ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਂਦੀ ਸੀ.ਕਈਆਂ ਦਾ ਕਹਿਣਾ ਹੈ ਕਿ ਉਹ 100 ਸਾਲ ਪੂਰੇ ਕਰ ਚੁੱਕੇ ਸਨ.ਉਮਰ ਜੋ ਵੀ ਹੋਵੇ ਉਹਨਾਂ ਦੇ ਖਿਆਲਾਂ ਵਿੱਚ ਅੱਜ ਵੀ ਜਵਾਨੀ ਵਾਲਾ ਜੋਸ਼ ਸੀ.  ਉਹਨਾਂ ਦੇ ਆਉਣ ਨਾਲ ਮਹਿਫਿਲਾਂ ਵਿੱਚ ਜਾਨ ਆ ਜਾਂਦੀ ਸੀ. ਕਾਮੇਡੀ ਅਤੇ ਪੈਰੋਡੀ ਵਿੱਚ ਵੀ ਉਹਨਾਂ ਦਾ ਅੰਦਾਜ਼-ਏ-ਬਿਆਨ ਕਮਾਲ ਦਾ ਸੀ. ਜ਼ਰਾ ਇੱਕ ਨਮੂਨਾ ਦੇਖੋ...:   
ਹਕੀਕਤ ਕੋ ਛੁਪਾਇਆ ਹਮਸੇ ਕਿਆ ਕਿਆ ਉਸਕੇ ਮੇਕ ਅਪ ਨੇ, 
ਜਿਸੇ ਲੈਲਾ ਸਮਝ ਬੈਠੇ ਥੇ ਵੋ ਲੈਲਾ ਕੀ ਮਾਂ ਨਿਕਲੀ !
ਵੀਰਵਾਰ ਵਾਲੇ ਦਿਨ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਵੇਲੇ ਸ਼ਾਇਰੀ ਦੀ ਦੁਨੀਆ ਦੇ ਪ੍ਰਸਿਧ ਕਲਮਕਾਰ ਸਹਰ ਅੰਸਾਰੀ, ਨਸੀਰ ਤੁਰਰਾਬੀ, ਸਰਸ਼ਾਰ ਸਿੱਦੀਕ਼ੀ and ਮਹਮੂਦ  ਖਾਨ ਸਮੇਤ ਕਈ ਹੋਰ ਉਘੀਆਂ ਸ਼ਖਸੀਅਤਾਂ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ.-ਰੈਕਟਰ ਕਥੂਰੀਆ 

1 comment:

Gagan Masoun said...

bahut sohni gal keh gaye tusi sir