Friday, January 21, 2011

ਇਕ ਖੁੱਲਾ ਖ਼ਤ ਦੋਸਤਾਂ ਦੇ ਨਾਮ


ਪਿਛਲੇ ਦਿਨੀਂ ਜੋ ਕੁਝ ਵੀ ਫੇਸਬੁੱਕ ਤੇ ਹੋਇਆ ਓਹ ਬਹੁਤ ਹੀ ਮੰਦਭਾਗਾ ਸੀ,ਜਿਸ ਲਈ ਮੈਂ ਵੀ ਬਰਾਬਰ ਦਾ ਜਿੰਮੇਵਾਰ ਹਾਂ | ਇਕ ਟਿੱਪਣੀ ਦੇ ਜਵਾਬ ਵਿਚ ਮੇਰੇ ਵੱਲੋਂ  ਲਿਖੇ ਆਰਟੀਕਲ ਤੋ ਗੱਲ ਵਧਦੀ ਵਧਦੀ ਇਕ ਬੇਲੋੜੇ ਟਕਰਾ ਤਕ ਆ ਗਈ ਜਿਸ ਕਰਕੇ ਮੇਰੇ ਮਿੱਤਰਾਂ, ਦੋਸਤਾਂ ਅਤੇ ਪਾਠਕਾਂ ਨੂੰ ਵੀ ਕਾਫੀ ਕੁਝ ਝੱਲਣਾ ਪਿਆ, ਜਵਾਬੀ ਕਾਰਵਾਈ ਦੇ ਰੂਪ ਵਿਚ ਲਿਖੇ ਮੇਰੇ ਆਰਟੀਕਲ {ਇੱਕ ਦੋ ਨੂੰ ਛੱਡ ਕੇ} ਸਿਰਫ ਨਿੱਜਵਾਦ ਤੱਕ ਸੀਮਤ ਹੋ ਕੇ ਰਹਿ ਗਏ, ਮੈਨੂੰ ਇਹ ਗੱਲ ਮੰਨਣ ਵਿਚ ਵੀ ਕੋਈ ਸੰਕੋਚ ਨਹੀ ਕਿ ਪਿਛਲੇ ਇਕ ਦੋ ਆਰਟੀਕਲ ਜੋ ਮੈਂ ਜਵਾਬੀ ਕਾਰਵਾਈ ਦੇ ਤੋਰ ਤੇ ਲਿਖੇ ਦੀ ਸ਼ਬਦਾਵਲੀ ਤੇ ਵਿਚਾਰਕ ਪੱਧਰ ਬਹੁਤ ਹੀ ਨੀਵੇ ਦਰਜੇ ਦਾ ਸੀ ਤੇ ਏਸ ਸਭ ਵਿਚ ਮੈਂ ਆਪਣੀ ਕਾਫੀ ਸ਼ਕਤੀ ਅਤੇ ਸਮਾਂ ਬਰਬਾਦ ਕੀਤਾ ਹੈ
ਕਵੀ ਹਾਂ ਨਾ ?
ਮੇਰੇ ਸੀਨੇ ਵਿਚ ਹਰ ਇਕ ਦਿਸ਼ਾ ਹੀ ਪੱਛਮ ਹੈ
ਜਿਸ ਵਿਚ ਡੁੱਬ ਜਾਂਦੇ ਨੇ ਬੜਬੋਲੇ ਸੂਰਜ
ਇਓ ਹੀ ਹੀ ਕਦੇ ਕਦੇ ਜਦ ਬਹੁਤਾ ਬੋਲੇ
ਪਤਾ ਨਹੀ ਲਗਦਾ ਕਦੋ ਬੇਵਕਤ ਛਿਪ ਜਾਂਦੈ
ਜਮਾਤੀ ਨਫਰਤ ਦਾ ਸੂਰਜ
...................ਪਾਸ਼ 


ਇਸ ਸਭ ਨੇ ਮੇਰੇ ਲਿਖਣ ਦੀ ਸ਼ੈਲੀ ਤੇ ਸਮਰਥਾ ਤੇ ਵੀ ਕਾਫੀ ਮਾਰੂ ਅਸਰ ਪਾਇਆ ਹੈ,ਕਈ ਕੁਝ ਇਸ ਚੱਕਰ ਵਿਚ ਪੜਨ ਵਾਲਾ ਰਹਿ ਗਿਆ ਤੇ ਭਗਤ ਸਿੰਘ ਬਾਰੇ ਇਕ ਆਰਟੀਕਲ ਜੋ ਇਸ ਸਭ ਦੇ ਚੱਕਰ ਵਿਚ ਲਿਖਣ ਵਾਲਾ ਸੀ ਉਹ ਅਤਿ ਜ਼ਰੂਰੀ ਕੰਮ ਵੀ ਰਹਿ ਗਿਆ ,ਕੁਝ ਕਵਿਤਾਵਾਂ ਵੀ ਅਧ ਅਧੂਰੀਆਂ ਰਹਿ ਗਈਆ. ਪਿਛਲੇ ਦੋ ਹਫਤੇ ਤੋ ਕੋਈ ਕਵਿਤਾ ਹੀ ਨਹੀ ਲਿਖ ਸਕਿਆ | ਇਨ੍ਹਾਂ ਉਲਝਣਾਂ ਵਿਚ ਮੈਂ ਆਪਣਾ ਤੇ ਆਪਣੇ ਦੋਸਤਾਂ ਦਾ ਕਾਫੀ ਸਮਾਂ ਬਰਬਾਦ ਕੀਤਾ. ਭਾਈ ਵੀਰ ਸਿੰਘ  ਜੀ ਦੇ ਕਹਿਣ ਮੁਤਾਬਿਕ :
ਰਹੀ ਵਾਸਤੇ ਘੱਤ 'ਸਮੇਂ` ਨੇ ਇੱਕ ਨ ਮੰਨੀ,. 

ਫੜ ਫੜ ਰਹੀ ਧਰੀਕ 'ਸਮੇਂ`ਖਿਸਕਾਈ ਕੰਨੀ,
ਕਿਵੇਂ ਨ ਸੱਕੀ ਰੋਕ ਅਟਕ ਜੋ ਪਾਈ ਭੰਨੀ. 

ਤ੍ਰਿੱਖੇ ਅਪਣੇ ਵੇਗ ਗਿਆ ਟਪ ਬੰਨੇ ਬੰਨੀ।

ਹੁਣ ਬੀਤੇ ਵਕਤ ਨੂੰ ਵਾਪਿਸ ਤਾ ਨਹੀ ਮੋੜਿਆ ਜਾ ਸਕਦਾ, ਪਰ ਹਾਂ  ਹੁਣ ਇਸ ਸਭ ਤੋ ਕਿਨਾਰਾ ਕਰਕੇ ਦਿਨ ਬ ਦਿਨ ਬਦਤਰ ਹੁੰਦੀਆਂ ਜਾ ਰਹੀਆਂ ਸਾਮਜਿਕ ਪ੍ਰਸਤਿਥੀਆਂ ਤੇ ਪਲ ਪਲ ਹਨੇਰੇ ਦੇ ਥਲੇ ਪਿਸ ਰਹੀਆਂ ਜੀਣ ਦੀਆਂ ਅਭਿਲਾਸ਼ਾਵਾਂ ਤੇ ਲੋਕਾਂ ਦੇ ਮਸਲਿਆਂ ਨੂੰ ਉਜਾਗਰ ਕਰਨ ਲਈ ਅਗਲਾ ਕਦਮ ਪੁੱਟਣ ਦੀ ਕੋਸ਼ਿਸ਼ ਕਰਾਂਗਾ. 

ਇਸ ਵਿਚ ਕੋਈ ਸ਼ੱਕ ਨਹੀ
ਜੀਵਨ ਏਨੇ ਡੂੰਘੇ
ਟੋਇਆਂ ਵਿਚ ਡਿੱਗ ਪਿਆ ਹੈ
ਕੀ ਬੇਹੋਸ਼ ਹੈ
ਲੋਕ ਰਾਤਾਂ ਨੂੰ ਖੁਦਖੁਸ਼ੀਆਂ ਬਾਰੇ
ਸੋਚਦੇ ਨੇ
ਮੈਂ ਸੋਚਦਾ ਹਾ
ਚੌਂਕੀਦਾਰਾ ਕਰਾਂ
ਤੇ ਇਨ੍ਹਾ ਨੂੰ ਜਾਗਦੇ ਰੱਖਾ .........
.ਲਾਲ ਸਿੰਘ ਦਿਲ

ਅਤੀਤ ਵਿਚ ਜੋ ਕੁਝ ਵਾਪਰਿਆ ਹੈ ਓਸ ਨੂੰ ਨਾ ਦੂਹਰਾਇਆ ਜਾਵੇ ਇਹ ਕੋਸ਼ਿਸ਼ ਪੂਰੀ ਇਮਾਨਦਾਰੀ ਨਾਲ ਕਰਾਗਾਂ,ਜਿਸ ਵੀ ਸੱਜਣ ਨੂੰ ਮੇਰੀ ਕਹੀ ਹੋਈ ਕੋਈ ਗੱਲ ਚੁੱਭੀ ਹੋਵੇ ਓਸ ਤੋ ਮਾਫ਼ੀ ਚਾਹੁਦਾ ਹਾਂ.
ਵਿਚਾਰਾਂ  ਦਾ ਟਕਰਾ ਇਕ ਅਲਗ ਗੱਲ ਹੈ ਤੇ ਇਹ ਨਿਰੰਤਰ ਚਲਦਾ ਵੀ ਰਹਿਣਾ ਚਾਹੀਦਾ ਹੈ,ਪਰ ਕਦੇ ਨਿੱਜੀ ਦੂਸ਼ਣਬਾਜੀ ਵਲ ਨਾ ਜਾਵੇ ਤਾ ਹੀ ਠੀਕ ਹੈ | ਇਸ ਸਾਰੇ ਸਮੇ ਵਿਚ ਮੇਰੇ ਨਾਲ ਖੜੇ ਰਹੇ ਤੇ   ਮੈਨੂੰ ਇਸ ਸਭ ਤੋ ਬਚਣ ਦੀਆਂ ਸਲਾਹਾਂ ਦੇਂਦੇ ਰਹੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ...ਤੇ ਆਉਣ ਵਾਲਾ ਸਮਾਂ ਕਿਸੇ ਸਾਰਥਿਕ ਕੰਮ ਤੇ ਲਗਉਣ ਦੇ ਵਾਅਦੇ  ਨਾਲ.
                                                             
 ਤੁਹਾਡਾ ਛੋਟਾ ਵੀਰ,
  ਇੰਦਰਜੀਤ ਸਿੰਘ ਕਾਲਾ ਸੰਘਿਆਂ

No comments: