ਜਦੋਂ ਬਨੂੰੜ ਨੇੜੇ ਗਿਆਨ ਸਾਗਰ ਮੈਡੀਕਲ ਕਾਲਿਜ ਦੀ ਮੈਨੇਜਮੈਂਟ ਨੇ ਕਾਲਿਜ ਪਰਿਸਰ ਵਿਚ ਨਵੇਂ ਉਸਾਰੇ ਔਡਿਟੋਰਿਯਮ ਦਾ ਨਾਂ ਪੰਜਾਬੀ ਲੋਕ ਰੰਗ-ਮੰਚ ਦੇ ਪਿਤਾਮਾ ਗੁਰਸ਼ਰਨ ਭਾ ਜੀ ਦੇ ਨਾਂ ਤੇ ਰਖਣ ਵਾਲੇ ਇੱਕ ਯਾਦਗਾਰੀ ਐਲਾਨ ਨੂੰ ਅਮਲੀ ਜਾਮਾ ਪਹਿਨਾਇਆ ਤਾਂ ਉਸ ਸਮਾਗਮ ਵਿੱਚ ਡਾਕਟਰ ਲੋਕ ਰਾਜ ਵੀ ਉਚੇਚੇ ਤੌਰ ਤੇ ਪੁੱਜੇ. ਅਸਲ ਵਿੱਚ ਇਹ ਇੱਕ ਅਜਿਹੀ ਸ਼ੁਰੂਆਤ ਹੈ ਜਿਸ ਤੇ ਆਉਣ ਵਾਲੇ ਸਮੇਂ ਵਿੱਚ ਬਾਰ ਬਾਰ ਮਾਣ ਕੀਤਾ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਜਿਹੜੇ ਕਲਾਕਾਰ ਲੋਕਾਂ ਲਈ ਜਿਊਂਦੇ ਹਨ ਉਹਨਾਂ ਦੇ ਮਾਣ ਸਨਮਾਣ ਲਈ ਲੋਕ ਵੀ ਆਪਣੇ ਸਾਰੇ ਹੀਲੇ ਵਸੀਲੇ ਖੁਦ ਹੀ ਕਰਦੇ ਹਨ...ਸਰਕਾਰਾਂ ਵੱਲ ਨਹੀਂ ਝਾਕਦੇ. ਇਸ ਸਿਹਤਮੰਦ ਸ਼ਰੂਆਤ ਲਈ ਗਿਆਨ ਸਾਗਰ ਮੈਡੀਕਲ ਕਾਲਿਜ ਦੀ ਮੈਨੇਜਮੈਂਟ ਵਧਾਈ ਦੀ ਹੱਕਦਾਰ ਹੈ. ਹੁਣ ਦੇਖਣਾ ਇਹ ਹੈ ਕਿ ਅਜਿਹੇ ਫ਼ਰਜ਼ਾਂ ਦੀ ਪੂਰਤੀ ਲਈ ਹੋਰ ਕਿੰਨੇ ਸਮਰਥ ਲੋਕ ਅੱਗੇ ਆਉਂਦੇ ਹਨ....ਲਓ ਪੜ੍ਹੋ ਇਸ ਸਮਾਗਮ ਦੀ ਇੱਕ ਰਿਪੋਰਟ ਜਿਸ ਉਚੇਚੇ ਤੌਰ ਤੇ ਲਿਖਿਆ ਹੈ ਡਾਕਟਰ ਲੋਕ ਰਾਜ ਨੇ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਰਹੇਗੀ ਹੀ.--ਰੈਕਟਰ ਕਥੂਰੀਆ
ਕ੍ਰਿਕਿਟ ਵਿਚ ਇਹ ਆਮ ਗੱਲ ਹੈ ਕਿ ਮਸ਼ਹੂਰ ਖਿਡਾਰੀਆਂ ਦੇ ਨਾਂ ਤੇ ਉਨ੍ਹਾਂ ਦੇ ਜਿਊਂਦੇ ਜੀ ਸਟੇਡੀਅਮ ਬਣਾ ਦਿਤੇ ਜਾਂਦੇ ਨੇ ਜਾਂ ਸਟੇਡਿਯਮ ਵਿਚ 'ਸਟੈਂਡਜ਼' ਉਨ੍ਹਾਂ ਦੇ ਨਾਂ ਕਰ ਦਿੱਤੇ ਜਾਂਦੇ ਨੇ। ਪਰ ਅਜਿਹਾ ਬਹੁਤ ਹੀ ਘਟ ਦੇਖਣ 'ਚ ਆਉਂਦਾ ਹੈ ਕਿ ਕਿਸੇ ਲੇਖਕ, ਕਲਾਕਾਰ ਜਾਂ ਰੰਗ ਕਰਮੀ ਦੇ ਨਾਂ ਤੇ ਉਸ ਦੇ ਜਿਊਂਦੇ ਜੀ ਕਿਸੇ ਥਾਂ ਜਾਂ ਇਮਾਰਤ ਦਾ ਨਾਂ ਰਖ ਦਿੱਤਾ ਜਾਵੇ...ਓਹ ਵੀ ਅਜੇਹੀ ਸ਼ਖਸੀਅਤ ਜਿਸ ਨੇ ਸਾਰੀ ਉਮਰ ਲੋਕ-ਪਖੀ ਸੋਚ ਤੇ ਪਹਰਾ ਦਿੰਦੇ ਹੋਏ, ਇਨਾਮਾਂ-ਸਨਮਾਨਾਂ ਦੀ ਦੌੜ ਤੋਂ ਬੇਲਾਗ ਰਹਿੰਦੇ ਹੋਏ ਇੱਕ ਦ੍ਰਿੜ ਕਰਮਯੋਗੀ ਵਾਂਗ ਆਪਣਾ ਫਰਜ਼ ਨਿਭਾਇਆ ਹੋਵੇ। ਬਨੂੜ ਨੇੜੇ ਸਥਿਤ ਗਿਆਨ ਸਾਗਰ ਮੈਡੀਕਲ ਕਾਲਿਜ ਦੀ ਮੈਨੇਜਮੈਂਟ ਨੇ ਕਾਲਿਜ ਪਰਿਸਰ ਵਿਚ ਨਵੇਂ ਉਸਾਰੇ ਔਡਿਟੋਰਿਯਮ ਦਾ ਨਾਂ ਪੰਜਾਬੀ ਲੋਕ ਰੰਗ-ਮੰਚ ਦੇ ਪਿਤਾਮਾ ਗੁਰਸ਼ਰਨ ਭਾ ਜੀ ਦੇ ਨਾਂ ਤੇ ਰਖ ਕੇ ਆਪਣਾ ਮਾਣ ਵਧਾ ਲਿਆ ।
ਗਿਆਨ ਸਾਗਰ ਟ੍ਰਸਟ ਦੇ ਮੀਤ ਪ੍ਰਧਾਨ ਡਾਕਟਰ ਸੁਖਵਿੰਦਰ ਸਿੰਘ, ਜੋ ਆਪ ਵੀ ਪੰਜਾਬੀ ਸਾਹਿਤ ਦੇ ਰਸੀਆ ਹਨ, ਨੇ ਇਸ ਕਾਰਜ ਵਿਚ ਪ੍ਰਮੁਖ ਭੂਮਿਕਾ ਨਿਭਾਈ। ਉਨ੍ਹਾਂ ਇਸ ਮੌਕੇ ਤੇ ਇਹ ਐਲਾਨ ਵੀ ਕੀਤਾ ਕਿ ਗਿਆਨ ਸਾਗਰ ਹਸਪਤਾਲ ਵਿਚ ਪੰਜਾਬੀ ਬੋਲੀ ਨੂੰ ਬਣਦਾ ਸਥਾਨ ਦਿਤਾ ਜਾਵੇਗਾ ਤੇ ਪੰਜਾਬੀ ਲੇਖਕਾਂ ਤੇ ਪੱਤਰਕਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਦੇ ਖਰਚੇ ਵਿਚ ਛੋਟ ਦਿੱਤੀ ਜਾਵੇਗੀ।
ਗੁਰਸ਼ਰਨ ਭਾਅ ਜੀ ਨੇ ਆਪਣੀ ਕਮਜ਼ੋਰ ਸਿਹਤ ਦੇ ਬਾਵਜੂਦ ਓਥੇ ਪਹੁੰਚ ਕੇ ਇਸ ਔਡਿਟੋਰਿਯਮ ਦਾ ਉਦਘਾਟਨ ਕੀਤਾ। ਆਪਣੇ ਸੰਖੇਪ ਸੁਨੇਹੇ ਵਿਚ ਉਨ੍ਹਾਂ ਨੇ ਗਿਆਨ ਸਾਗਰ ਮੈਡੀਕਲ ਕਾਲਿਜ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਤੇ ਨਵੀਂ ਪੀੜ੍ਹੀ ਨੂੰ ਬਹੁਤ ਹੀ ਮਹੱਤਵ-ਪੂਰਨ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਡੇ ਵਿਰਸੇ ਦੀ ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ ਪਰ ਨਾਲ ਇਹ ਵੀ ਹਿੰਮਤ ਰਖਨੀ ਚਾਹੀਦੀ ਹੈ ਕਿ ਅਸੀਂ ਆਪਣੇ ਵਿਰਸੇ ਵਿਚ ਜੋ ਕੁਝ ਚੰਗਾ ਨਹੀਂ ਹੈ, ਉਸ ਨੂੰ ਰੱਦ ਕਰ ਸਕੀਏ ਤਾਂ ਕਿ ਇੱਕ ਸਿਹਤਮੰਦ ਸਮਾਜ ਦੀ ਉਸਾਰੀ ਕੀਤੀ ਜਾ ਸਕੇ.
ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਨੇ ਬਹੁਤ ਕੁਝ ਚੰਗਾ ਕੀਤਾ ਹੈ ਪਰ ਬਹੁਤ ਕੁਝ ਮਾੜਾ ਵੀ ਹੈ ਜੋ ਉਨ੍ਹਾਂ ਕੀਤਾ ਤੇ ਇਸ ਮਾੜੇ ਨੂੰ ਰੱਦ ਕੀਤੇ ਬਗੈਰ ਇੱਕ ਨਿੱਗਰ ਸਮਾਜ ਦੀ ਉਸਾਰੀ ਸੰਭਵ ਨਹੀਂ ਹੈ । ਡਾਕਟਰ ਆਤਮਜੀਤ ਨੇ ਇਸ ਮੌਕੇ ਤੇ ਕਿਹਾ ਕਿ ਭਾ ਜੀ ਵਰਗੇ ਯੁਗ-ਪੁਰਸ਼ ਦਾ ਇਸ ਤਰਾਂ ਸਨਮਾਣ ਕਰ ਕੇ ਅਸਲ ਵਿਚ ਗਿਆਨ ਸਾਗਰ ਮੈਡੀਕਲ ਕਾਲਿਜ ਨੇ ਆਪਣਾ ਮਾਣ ਵਧਾਇਆ ਹੈ. ਗੁਰਸ਼ਰਨ ਭਾਅ ਜੀ ਦੇ ਗਰੁੱਪ ਦੇ ਕਲਾਕਾਰਾਂ ਵਲੋਂ ਉਨ੍ਹਾਂ ਦਾ ਇੱਕ ਨਾਟਕ 'ਨਵਾਂ ਜਨਮ' ਵੀ ਖੇਡਿਆ ਗਿਆ. ਸਮਾਗਮ ਦੀ ਪਰਧਾਨਗੀ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਰਿੰਦਰ ਵਾਲੀਆ ਨੇ ਕੀਤੀ। ਪੰਜਾਬੀ ਦੇ ਬਹੁਤ ਸਾਰੇ ਉਘੇ ਲੇਖਕ ਅਤੇ ਰੰਗ-ਕਰਮੀ ਇਸ ਸਮਾਗਮ ਵਿਚ ਹਾਜ਼ਿਰ ਸਨ. --ਡਾਕਟਰ ਲੋਕ ਰਾਜ
1 comment:
ਗੁਰਸ਼ਰਨ ਭਾਜੀ ਦਾ, ਨਿੱਗਰ ਅਤੇ ਨਰੋਆ ਸਮਾਜ ਸਿਰਜਣ ਵਿੱਚ ਅਹਿਮ ਯੋਗਦਾਨ ਹੈ, ਉਹਨਾਂ ਆਪਣੀ ਸਾਰੀ ਜ਼ਿੰਦਗੀ ਹੀ ਮਨੁਖਤਾ ਅਤੇ ਲੋਕ ਸੇਵਾ ਦੇ ਨਾਮ ਲਾਈ ਹੈ, ਉਹਨਾਂ ਦੇ ਉੱਦਮ ਅਤੇ ਸਿਦਕ ਅੱਗੇ ਸਤਿਕਾਰ ਸਹਿਤ ਸਿਰ ਝੁਕਦਾ ਹੈ । ਡਾ. ਲੋਕ ਰਾਜ ਜੀ ਦਾ ਇਸ ਸ਼ੁਭ ਕਾਰਜ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਧੰਨਵਾਦ ਅਤੇ ਵਧਾਈ ਦੇ ਪਾਤਰ ਹਨ । ਕਥੂਰੀਆ ਸਾਹਿਬ ਤੁਸੀਂ ਹਮੇਸ਼ਾ ਹੀ ਇਹੋ ਜਿਹੇ ਕਾਰਜਾਂ ਦੀ ਜਾਣਕਾਰੀ ਸਾਂਝੀ ਕਰਕੇ ਆਪਣਾ ਯੋਗਦਾਨ ਪਾਉਂਦੇ ਹੋ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ।
Post a Comment