ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਲਓ ਪਹਿਲਾਂ ਤੁਸੀਂ ਪੜ੍ਹੋ ਇਹ ਕਵਿਤਾ...: ਦੇਖਣ ਪਰਖਣ ਨੂੰ ਮੈ ਨਿਰ੍ਹਾ ਪੂਰਾ ਸਿੰਘ ਹਾਂ ਲੱਗਦਾ ਗੁਰ ਦਾ
ਪਰ ਮੱਤ ਗੁਰੂ ਦੀ ਕੋਈ ਨਹੀ ਪੱਲੇ ਮੱਤ ਆਪਣੀ ਪਿਛੇ ਤੁਰਦਾ
ਤਾਹੀਉ ਤਾ ਮੈ ਸਿਰ ਆਪਣੇ ਨੂੰ ਥਾਂ ਥਾਂ ਉਤੇ ਝੁਕਾਉਂਦਾ ਹਾਂ
ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਕੋਈ ਮੜ੍ਹੀ ਨਹੀ ਐਸੀ ਜਿਸ ਤੇ ਸਿਰ ਨਾ ਮੈ ਝੁਕਾਇਆ ਹੋਵੇ
ਸ਼ਬਦ ਗੁਰੂ ਦਾ ਕੋਈ ਨਹੀ ਐਸਾ ਜਿਸ ਤੇ ਅਮਲ ਕਮਾਇਆ ਹੋਵੇ
ਪੜ੍ਹ ਪੜ੍ਹ ਉਂਝ ਗੱਡੇ ਲੱਦੇ ਸਮਝਨਾ ਕੁਛ੍ਹ ਨਹੀ ਚਾਹੁੰਦਾ ਹਾਂ
ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ
ਰਾਹੁ ਕੇਤੂ ਹੋਣ ਨਾ 'ਕੱਠੇ ਨੱਗ ਮੁੰਦਰੀ ਵਿਚ ਜੜ੍ਹਾਇਆ ਹੈ
ਸ਼ਨੀ ਕੋਈ ਨਾ ਅੜ੍ਹਚਣ ਪਾਏ ਦੁੱਖਭੰਜਨੀ ਪਾਠ ਕਰਾਇਆ ਹੈ
ਤਿਲਕ ਲਗਾਉਂਦਾ, ਧੂਣੀਆ ਧੁਖਾਉਂਦਾ, ਹਵਨਾ ਨੂੰ ਕਰਵਾਉਂਦਾ ਹਾਂ
ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਬੱਬਰ ਸ਼ੇਰ ਕਹਾਉਂਦਾ ਉਂਝ ਮੈ ਡਰ ਜਾਂਦਾ ਬਿੱਲੀ ਕਾਲੀ ਤੋਂ
ਸ਼ਗਨ ਅਪਸ਼ਗਨ ਸਾਰੇ ਮੰਨਦਾ ਵਰਤ ਰ੍ਖਾਉਂਦਾ ਹਾ ਘਰਵਾਲੀ ਤੋਂ
ਜਾਨਣ ਲਈ ਭਵਿਖ ਮੈ ਫੇਰੇ ਜੋਤਸ਼ੀਆ ਦੇ ਲਾਉਂਦਾ ਹਾਂ
ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਗੁੱਟਾ ਉਤੇ ਧਾਗੇ ਬੰਨੇ 'ਤੇ ਗੱਲ੍ਹ 'ਚ ਤਵੀਤ ਲਟਕਾਏ ਨੇ
ਮਗਰ ਮੈ ਲੱਗ ਕੇ ਲੋਕਾ ਦੇ ਬੇੜ੍ਹੇ ਖਾਵਾਜੇ ਨੂੰ ਚੜ੍ਹਾਏ ਨੇ
ਸੱਪ ਤੋ ਡੱਰਦਾ ਸੇਮੀਆ ਮੈ ਜਾ ਗੁਗੇ ਨੂੰ ਖਵਾਉਂਦਾ ਹਾਂ
ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਲਾਲਾ ਵਾਲੇ ਦੇ ਵੀ ਜਾਂਦਾ ਚੋਕੀਆਂ ਮਾਤਾ ਦੀਆ ਵੀ ਕੱਡਦਾ ਹਾਂ
ਛੇ ਦਿਨ ਪੀਂਦਾ ਰੱਜ ਕੇ ਦਾਰੂ ਦਿਨ ਐਤਵਾਰ ਦਾ ਛੱਡਦਾ ਹਾਂ
ਮੰਗਲ ਦੇ ਮੈ ਦਿਨ ਤੋਂ ਡਰਦਾ, ਚੰਗੇ ਕੰਮ ਨੂੰ ਹੱਥ ਨਾ ਪਾਉਂਦਾ ਹਾਂ
ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਕੱਛ, ਕੜ੍ਹਾ, ਕਿਰਪਾਨ, ਕੰਘਾ 'ਤੇ ਕੇਸ ਕੋਲ ਨਾ ਮੇਰੇ ਜੀ
ਕਾਮ, ਕ੍ਰੋਧ, ਮੱਤ ਕੁਪੱਤੀ, ਕਲੇਸ਼, ਕੁਕਰਮ ਕੋਲ ਬਥੇਰੇ ਜੀ
ਦੇਖੋ ਚਾਲਾਕੀ ਮੇਰੀ ਕਿਵੇਂ ਕੱਕਿਆ ਨੂੰ ਕੱਕਿਆ ਵਿਚ ਵਟਾਉਂਦਾ ਹਾਂ
ਮੈ ਫਿਰ ਵੀ ਸਿਖ ਗੁਰ ਨਾਨਕ ਦਾ ਸੱਚਾ ਸੁੱਚਾ ਅਖਵਾਉਂਦਾ ਹਾਂ......
ਮਨ ਮੇਰਾ ਬਿਲਕੁਲ ਨਹੀਂ ਨੀਵਾਂ, 'ਤੇ ਮੱਤ ਮੇਰੀ ਉਚੀ ਹੋਈ ਨਹੀ
"ਇੰਦਰ" ਵਰਗਾ ਇਸ ਦੁਨੀਆ ਵਿਚ ਵਹਿਮੀ ਹੋਰ ਵੀ ਕੋਈ ਨਹੀ
ਬਿਪਰਨ ਦੀਆ ਰੀਤਾ ਵਾਂਗੂ, ਪਾਠਾਂ ਦੀਆ ਲੜ੍ਹੀਆ ਰਖਵਾਉਂਦਾ ਹਾਂ
ਹਾਲੇ ਵੀ ਗੁਰ ਨਾਨਕ ਦਾ ਸਿਖ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ ......
ਇਸ ਕਵਿਤਾ ਦੇ ਅਖੀਰ ਵਿੱਚ ਉਹਨਾਂ ਇਹ ਵੀ ਕਿਹਾ ,"ਆਸ ਕਰਦਾ ਹਾਂ ਇਹ ਰਚਨਾ ਪੜ੍ਹਨ ਵਾਲੇ ਇਹਨਾਂ ਸਾਰਿਆ ਨੁਕਤਿਆ ਨੂੰ ਉਸਾਰੂ ਅੱਖ ਨਾਲ ਦੇਖਣਗੇ...". ਹੁਣ ਇੰਦਰਜੀਤ ਸਿੰਘ ਜੱਬੋਵਾਲੀਆ ਨੇ ਉਸੇ ਕਵਿਤਾ ਦਾ ਦੂਜਾ ਹਿੱਸਾ ਲਿਖਿਆ ਹੈ. ਇਸ ਨੂੰ ਪੋਸਟ ਕੀਤਾ ਹੈ ਉਹਨਾਂ ਨੇ ਅੱਜ...ਐਤਵਾਰ 2011 ਨੂੰ ਸਵੇਰੇ 09 ਵੱਜ ਕੇ 24 ਮਿੰਟਾਂ ਤੇ.
ਸ਼ਾਸਤਰ ਸਿੱਖਦਾ ਸਿੱਖਦਾ ਹੁਣ ਮੈ ਕਰਨ ਬਹਿ ਗਿਆ ਸ਼ਾਸਤਰ ਦੀ ਪੂਜਾ
ਗੁਰੂ ਮੇਰਾ ਹੁਣ ਇੱਕ ਨਹੀ ਹੈ, ਗੁਰੂ ਬਣ ਗਿਆ ਇੱਕ ਹੋਰ ਵੀ ਦੂਜਾ
''ਚੰਡੀਆਂ'' ''ਚਰਿਤਰਾਂ'' ਨੂੰ ਪੜ੍ਹ ਪੜ੍ਹ ਕੇ ਆਪਣਾ ਅਚਾਰਣ ਬਣਾਉਂਦਾ ਹਾਂ
ਫਿਰ ਵੀ ਸਿੱਖ ਗੁਰੂ ਨਾਨਕ ਦਾ, ਮੈ, ਸੱਚਾ ਸੁੱਚਾ ਅਖਵਾਉਂਦਾ ਹਾਂ
ਦਾਤ ਦਾਤੇ ਨੇ ਦਿੱਤੀ, ਗੱਡੀ ਨਵੀਂ ਨਕੋਰ ਕਢਾਈ ਏ
ਪਰ ਵਹਿਮ ਦੇ ਮਾਰੇ ਨੇ ਮੈਂ, ਜੁੱਤੀ ਮੁਹਰੇ ਲਿਆ ਲਟਕਾਈ ਏ
ਬੁਰੀ ਨਜ਼ਰ ਵਾਲੇ ਦਾ ਮੁੰਹ ਕਾਲਾ, ਪਿਛੇ ਇਹ ਲਿਖਵਾਉਂਦਾ ਹਾ
ਫਿਰ ਵੀ ਸਿੱਖ ਗੁਰੂ ਨਾਨਕ ਦਾ, ਮੈ, ਸੱਚਾ ਸੁੱਚਾ ਅਖਵਾਉਂਦਾ ਹਾਂ
ਖੁੱਲਾ ਦਾਹੜਾ ਚਿੱਟਾ ਕੁੜਤਾਂ, ਸਿਰ ਨਿੱਲੀ ਦਸਤਾਰ ਸਜਾਈ ਹੈ
ਚੰਗੇ ਹੋਣ ਦੀ ਕੁਛ੍ਹ ਮੈ ਇੱਦਾਂ, ਲੋਕਾਂ ਵਿਚ ਭੱਲ ਬਣਾਈ ਹੈ
ਪਰ ਸ਼ਾਮ ਪਈ 'ਤੇ ਆਪਣਾ ਮੈ ਇੱਕ ਵੱਖਰਾਂ ਰੂਪ ਬਣਾਉਂਦਾ ਹਾਂ
ਫਿਰ ਵੀ ਸਿੱਖ ਗੁਰੂ ਨਾਨਕ ਦਾ, ਮੈ, ਸੱਚਾ ਸੁੱਚਾ ਅਖਵਾਉਂਦਾ ਹਾਂ
ਐਸੀ ਚੋਧਰ ਦੀ ਭੁੱਖ ਮੇਰੇ ਵਿਚ, ਅੱਖੀ ਵੇਖ ਮੱਖੀ ਵੀ ਨਿਗਲ ਜਾਂਦਾ
ਸਭ ਤਾਰ 'ਤੇ ਸੁੱਕਣੇ ਸਿਧਾਂਤ ਪਾਕੇ, ਪੈਸਾ ਵੇਖ ਕੇ ਝੱਟ ਫਿਸਲ ਜਾਂਦਾ
ਬਿਪਰਨ ਦੇ ਨਾਲ ਸਾਂਝ ਪੂਰੀ, ਦਿਨ ਤਾਂਹੀ ਬਿਕ੍ਰਮੀ ਵਾਲੇ ਮਨਾਉਂਦਾ ਹਾਂ
ਫਿਰ ਵੀ ਸਿੱਖ ਗੁਰੂ ਨਾਨਕ ਦਾ, ਮੈ, ਸੱਚਾ ਸੁੱਚਾ ਅਖਵਾਉਂਦਾ ਹਾਂ
ਕੇਸਾ ਨੂੰ ਮੈ ਕਤਿਲ ਹਾਂ ਕਰਦਾ, ਹੋਰ ਐਬ ਮੇਰੇ ਵਿੱਚ ਬਥੇਰੇ ਜੀ
ਜੇ ਕੋਈ ਆਖੇ ਲੜ੍ਹ ਗੁਰੂ ਦੇ ਲੱਗ ਜਾ, ਕਹਿਨਾ ''ਕਰਮਾ ਵਿਚ ਨਾ ਮੇਰੇ ਜੀ''
ਮੇਰੇ ਭਾਗਾਂ ਦੇ ਵਿਚ ਕਿਥੇ ਸਿੱਖੀ? ਕਹਿ ਕੇ ਗੱਲ ਮੁਕਾਉਂਦਾ ਹਾਂ
ਫਿਰ ਵੀ ਸਿੱਖ ਗੁਰੂ ਨਾਨਕ ਦਾ, ਮੈ, ਸੱਚਾ ਸੁੱਚਾ ਅਖਵਾਉਂਦਾ ਹਾਂ
ਸ਼ਬਦ ਗੁਰੂ ਵਿਚ ਬਿਲਕੁਲ ਨਹੀ ਭਰੋਸਾ ਦੇਹਧਾਰੀ ਗੁਰੂ ਭਾਲਦਾ ਹਾਂ
ਜੋ ਮੰਤਰ ਦਿੱਤਾ ਕੰਨਾ ਵਿਚ ਬੱਸ ਉਹੀ ਸਦਾ ਸਮਾਲ ਦਾ ਹਾਂ
ਸੱਦ ਸੱਦ ਕੇ ਮੈ ਉਹਨਾ ਨੂੰ ਘਰੇ ਆਪਣਾ ਸ਼ੋਸ਼ਣ ਖੂਬ ਕਰਾਉਂਦਾ ਹਾ
ਹਾਲੇ ਵੀ ਗੁਰ ਨਾਨਕ ਦਾ ਸਿਖ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਇੱਕ ਹੋਰ ਵਿਅੰਗ..
ਦਾਦੇ ਮੇਰੇ ਨੇ ਗੱਲ ਦੱਸੀ, ਉਸਦਾ ਦਾਦਾ ਕੋਈ ੮੦-੯੦ ਸਾਲ ਕੁ ਪਹਿਲਾ
ਮੰਜੇ ਉਤੇ ਤੜਫ ਤੜਫ ਕੇ ਮਰਿਆ, ਹਰ ਵੇਲੇ ਸੀ ਕਹਿੰਦਾ "ਓ ਰੱਬਾ ਜਾਨ ਲੈਲਾ''
ਹੁਣ ਓਹਦੀ ਰੂਹ ਬਾਪ 'ਚ ਆਉਂਦੀ, ਉਹਦੇ ਨਾ ਤੇ ਸ਼ਹੀਦੀ 'ਸਥਾਨ ਬਣਾਉਂਦਾ ਹਾਂ
ਫਿਰ ਵੀ ਸਿੱਖ ਗੁਰੂ ਨਾਨਕ ਦਾ, ਮੈ, ਸੱਚਾ ਸੁੱਚਾ ਅਖਵਾਉਂਦਾ ਹਾਂ..
ਮਨ ਮੇਰਾ ਬਿਲਕੁਲ ਨਹੀਂ ਨੀਵਾਂ, 'ਤੇ ਮੱਤ ਮੇਰੀ ਉਚੀ ਹੋਈ ਨਹੀ
"ਇੰਦਰ" ਵਰਗਾ ਇਸ ਦੁਨੀਆ ਵਿਚ ਵਹਿਮੀ ਹੋਰ ਵੀ ਕੋਈ ਨਹੀ
ਬਿਪਰਨ ਦੀਆ ਰੀਤਾ ਵਾਂਗੂ, ਪਾਠਾਂ ਦੀਆ ਲੜ੍ਹੀਆ ਰਖਵਾਉਂਦਾ ਹਾਂ
ਹਾਲੇ ਵੀ ਗੁਰ ਨਾਨਕ ਦਾ ਸਿਖ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ
ਫਿਰ ਵੀ ਸਿਖ ਗੁਰ ਨਾਨਕ ਦਾ ਮੈ ਸੱਚਾ ਸੁੱਚਾ ਅਖਵਾਉਂਦਾ ਹਾਂ ......
ਤੁਹਾਨੂੰ ਇਹ ਰਚਨਾ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ. ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. ਹੋ ਸਕਦਾ ਹੈ ਤੁਹਾਡੇ ਵਿਚਾਰਾਂ ਨਾਲ ਅਸੀਂ ਸਹਿਮਤ ਨਾ ਹੋਈਏ ਪਰ ਇਸਦੇ ਬਾਵਜੂਦ ਉਹਨਾਂ ਨੂੰ ਸਤਿਕਾਰ ਨਾਲ ਸੁਣਿਆ ਪੜ੍ਹਿਆ ਜਾਵੇਗਾ. ਇਸਦੇ ਨਾਲ ਹੀ ਬੇਨਤੀ ਹੈ ਕਿ ਦਲੀਲ ਅਤੇ ਸੁਹਿਰਦਤਾ ਦਾ ਪੱਲਾ ਨਾਂ ਛੱਡਿਆ ਜਾਏ. ਅਸਭਿਅਕ ਸ਼ਬਦਾਵਲੀ ਵਾਲੇ ਵਿਚਾਰਾਂ ਨੂੰ ਨਜ਼ਰ ਅੰਦਾਜ਼ ਕਰਨ ਲਈ ਅਸੀਂ ਮਜਬੂਰ ਹੋਵਾਂਗੇ. --ਰੈਕਟਰ ਕਥੂਰੀਆ
2 comments:
great text
ਕਥੂਰੀਆ ਜੀ, ਇੰਦਰਜੀਤ ਸਿੰਘ ਦੀ ਇਸ ਰਚਨਾ ਦੇ ਦੋਵੇਂ ਭਾਗ ਤੁਸੀਂ ਬਲਾਗ ਵਿੱਚ ਪੋਸਟ ਕਰਕੇ ਬਾਖੂਬੀ ਜਬੋਵਾਲੀਆ ਵੀਰ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ। ਬਹੁਤ ਬਹੁਤ ਧੰਨਵਾਦ ਜੀ।
Post a Comment