Monday, January 03, 2011

ਸਿੱਖ ਬੱਚਿਆਂ ਦੀ ਨੈਤਿਕ ਮਜ਼ਬੂਤੀ ਲਈ ਵਿਸ਼ੇਸ਼ ਕੌਰਸ

ਕਰਾਮਾਤਾਂ, ਚਮਤਕਾਰਾਂ ਅਤੇ ਟੂਣੇ ਤਵੀਤਾਂ ਵਿੱਚ ਕੋਈ ਸੱਚਾ ਸਿਖ ਕਦੇ ਵਿਸ਼ਵਾਸ ਨਹੀਂ ਕਰਦਾ. ਸਿੱਖ ਧਰਮ ਵਿੱਚ ਇਹਨਾਂ ਚੀਜ਼ਾਂ ਲਈ ਕੋਈ ਥਾਂ ਨਹੀਂ ਪਰ ਫਿਰ ਵੀ ਜਦੋਂ ਸਿੰਘਾਂ ਨੇ ਖੋਪੜੀਆਂ ਲੁਹਾਈਆਂ, ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜ੍ਹੇ ਤਾਂ ਲੋਕ ਦੰਗ ਰਹਿ ਗਏ. ਉਹਨਾਂ ਉਤੇ ਜ਼ੁਲਮ ਢਾਹੁਣ ਵਾਲਿਆਂ ਨੇ ਵੀ ਉਂਗਲਾਂ ਟੁੱਕ ਲਈਆਂ. ਉਹਨਾਂ ਨੇ ਅਜਿਹੇ ਕ੍ਰਿਸ਼ਮੇ ਕਦੇ ਨਹੀਂ ਸਨ ਦੇਖੇ. ਸਿੱਖ ਧਰਮ ਦੇ ਇਤਿਹਾਸ ਵਿੱਚ ਅਜਿਹੇ ਅਨਗਿਣਤ ਕ੍ਰਿਸ਼ਮੇ ਹੋਏ ਹਨ. ਜੇ ਇਸ ਪਿਛੇ ਕੋਈ ਸ਼ਕਤੀ ਸੀ ਤਾਂ ਉਹ ਸੀ ਉਸ ਵੇਲੇ ਦੇ ਸਿੰਘਾਂ ਦੀ ਨੈਤਿਕ ਸ਼ਕਤੀ. ਓਹ ਸਾਰੇ ਸਿੰਘ ਹੀ ਇਖਲਾਕੀ ਪੱਖਾਂ ਤੋਂ ਬੜੀਆਂ ਹੀ ਉੱਚੀਆਂ ਕਦਰਾਂ ਕੀਮਤਾਂ ਦੇ ਧਾਰਨੀ ਹੋਇਆ ਕਰਦੇ ਸਨ. ਜੋ ਉਹਨਾਂ ਦੇ ਦਿਲ ਵਿੱਚ ਹੁੰਦਾ ਸੀ; ਉਹੀ ਉਹਨਾਂ ਦੀ ਜ਼ੁਬਾਨ ਤੇ ਹੁੰਦਾ ਸੀ ਅਤੇ ਉਹੀ  ਉਹਨਾਂ ਦੇ ਐਕਸ਼ਨ ਵਿੱਚ. ਓਹ ਅੰਦਰੋਂ ਬਾਹਰੋਂ ਇੱਕ ਸੁਰ ਸਨ. ਉਹਨਾਂ ਦੀ ਲਿਵ ਹਰ ਪਲ ਜੁੜੀ ਰਹਿੰਦੀ ਸੀ. ਜੰਗ ਦੇ ਦੌਰਾਨ ਵੀ ਖਾਲਸੇ ਨੇ ਕਦੇ ਉਸ ਸਿਧਾਂਤ ਨੂੰ ਨਹੀਂ ਅਪਣਾਇਆ ਕਿ ਪ੍ਰੇਮ ਅਤੇ ਜੰਗ ਵਿੱਚ ਸਭ ਜਾਇਜ਼ ਹੁੰਦਾ ਹੈ. ਭਾਈ ਘਨਈਆ ਰਾਹੀਂ ਤਾਂ ਗੁਰੂ ਸਾਹਿਬ ਨੇ ਇੱਕ ਅਜਿਹਾ ਸਿਧਾਂਤ ਤੋਰਿਆ ਜਿਸਨੂੰ ਹੁਣ ਸਾਰੀ ਦੁਨੀਆ ਰੈਡ ਕ੍ਰਾਸ ਦੇ ਨਾਮ ਨਾਲ ਅਪਨਾ ਚੁੱਕੀ ਹੈ. ਪਰ ਸਮਾਂ ਲੰਘਣ ਦੇ ਨਾਲ ਨਾਲ ਸਿੰਘਾਂ ਨੂੰ ਇਹ ਗੱਲ ਭੁੱਲਣ ਲੱਗ ਪਈ ਕਿ ਖਾਲਸਾ ਤਾਂ ਬੜੀਆਂ ਉੱਚੀਆਂ ਸੁੱਚੀਆਂ ਰਵਾਇਤਾਂ ਵਾਲਾ ਹੁੰਦਾ ਹੈ. ਗੁਰੂ ਦੇ ਹੁਕਮਾਂ ਨੂੰ ਭੁੱਲ ਕੇ ਇਸ ਨੇ ਰਾਜ ਭਾਗ ਵੀ ਗੁਆਏ ਅਤੇ ਖੱਜਲ ਖੁਆਰੀਆਂ ਵੀ ਦੇਖੀਆਂ. 
ਰਾਜਾ ਸਿੰਘ 
ਹੁਣ ਇੱਕ ਵਾਰ ਫਿਰ ਖਾਲਸੇ ਦੀ ਚੜ੍ਹਦੀ ਕਲਾ ਦੇਖਣ ਦੇ ਇਛਕ ਸਿੰਘਾਂ ਵਿੱਚੋਂ ਇੱਕ ਰਾਜਾ ਸਿੰਘ ਵੀ ਹਨ.  ਅੱਜ ਕੱਲ ਕਨੇਡਾ ਵਿੱਚ ਰਹਿ ਰਹੇ ਰਾਜਾ ਸਿੰਘ ਹੁਰਾਂ ਦੀ ਦੇਖ ਰੇਖ ਹੇਠ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਅਧੀਨ ਇੱਕ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਸਿੱਖ ਬੱਚਿਆਂ ਨੂੰ ਨੈਤਿਕ ਪੱਖੋਂ ਮਜ਼ਬੂਤ ਬਣਾਉਣ ਦਾ. ਇਹਨਾਂ ਬੱਚਿਆਂ ਨੂੰ ਇੱਕ ਕਾਮਯਾਬ ਇਨਸਾਨ ਬਣਾਉਣ ਦੇ ਇਸ ਉਪਰਾਲੇ ਅਧੀਨ ਹੀ ਓਹ ਪਹਿਲਾਂ ਦੋ ਗਰੁੱਪ ਸਿਖਿਅਤ ਕਰ ਚੁੱਕੇ ਹਨ ਅਤੇ ਹੁਣ ਤੀਸਰਾ ਗਰੁੱਪ ਸ਼ੁਰੂ ਕੀਤਾ ਗਿਆ ਹੈ. ਇਸ ਗਰੁੱਪ ਲਈ ਰਜਿਸਟ੍ਰੇਸ਼ਨ ਚਾਰ ਜਨਵਰੀ ਤੋਂ ਸ਼ੁਰੂ ਹੋ ਰਹੀ ਹੈ. ਇਸ ਗਰੁੱਪ ਨੂੰ ਈਮੇਲ ਰਾਹੀਂ ਛੋਟੇ ਛੋਟੇ ਸਬਕ ਇੱਕ ਨਿਸਚਿਤ ਵਕ਼ਫੇ ਮਗਰੋਂ ਭੇਜੇ ਜਾਇਆ ਕਰਨਗੇ. ਇਸ ਕੌਰਸ ਲਈ  ਸਮਾਂ ਲੱਗੇਗਾ ਛੇ ਮਹੀਨੇ ਅਤੇ ਇਹ ਪੂਰੀ ਤਰਾਂ ਮੁਫਤ ਹੋਵੇਗਾ. 
ਪ੍ਰੋਫੈਸਰ ਰਾਜਾ ਸਿੰਘ ਇੱਕ ਕਲਾਸ ਨੂੰ ਪੜ੍ਹਾਉਣ ਵੇਲੇ  
ਜ਼ਿੰਦਗੀ ਭ੍ਹਰ ਦੀ ਕਾਮਯਾਬੀ ਅਤੇ ਉਹ ਵੀ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨਾਲ....ਤੁਸੀਂ ਵੀ ਜਲਦੀ ਕਰੋ ਅਤੇ ਆਪਣੇ ਬੱਚਿਆਂ ਨੂੰ ਇਸ ਕੌਰਸ ਲਈ ਰਜਿਸਟਰਡ ਕਰੋ.ਇਸ ਕੌਰਸ ਲਈ ਜੋ ਉਮਰ ਦੱਸੀ ਗਈ ਹੈ ਉਹ ਹੈ ਦਸ ਤੋਂ ਅਠਾਰਾਂ (10 ਤੋਂ18) ਸਾਲ ਅਤੇ ਈਮੇਲ ਦਾ ਪਤਾ ਹੈ: missionarycollege@gmail.com ਰਾਜਾ ਸਿੰਘ ਜੀ ਆਪਣੀ ਇੱਕ ਲਿਖਤ ਵਿੱਚ ਯਾਦ ਵੀ ਕਰਾਉਂਦੇ ਹਨ ਕਿ ਜਿਵੇਂ  ਹਰੇਕ ਕਾਰੋਬਾਰ ਭਾਵ ਕਿਰਤ ਕਮਾਈ ਕਰਨ ਵਾਲਾ ਇਨਸਾਨ ਲਾਭ ਵਾਸਤੇ ਕੰਮ ਕਰਦਾ ਹੈ। ਹਰ ਸਾਲ ਦੇ ਅਖੀਰ ਤੇ ਲੇਖਾ ਜੋਖਾ ਕਰਦਾ ਹੈ ਕਿ ਕਿਨ੍ਹਾ ਲਾਭ, ਘਾਟਾ, ਅਤੇ ਖਰਚਾ ਹੋਇਆ? ਮੈਂ ਅੱਗੇ ਕਿਵੇਂ ਕਰਨਾ ਹੈ? ਇਵੇਂ ਹਿਸਾਬ ਕਿਤਾਬ ਰੱਖਣਵਾਲਾ ਇਨਸਾਨ ਹਾਨ-ਲਾਭ ਬਾਰੇ ਸੋਚ ਕੇ ਆਪਣੀ ਦੁਨੀਆਵੀ ਜ਼ਿੰਦਗੀ ਹੋਰ ਬਿਹਤਰ ਬਣਾਉਣ ਦੀ ਕੋਸਿ਼ਸ਼ ਕਰਦਾ ਹੈ ਪਰ ਬੇਹਿਸਾਬਾ ਵਿਅਕਤੀ ਹਮੇਸ਼ਾਂ ਘਾਟੇ ਵਿੱਚ ਰਹਿੰਦਾ ਹੈ ਅਤੇ ਸੰਸਾਰੀ ਵੀ ਉਸ ਦੀ ਇਜ਼ਤ ਨਹੀਂ ਕਰਦੇ।
ਲੋੜਵੰਦ ਬੱਚਿਆਂ ਲਈ ਦਸਵੰਧ
ਇਵੇਂ ਹੀ ਸਿੱਖ ਨੇ ਵੀ ਇਹ ਲੇਖਾ ਜੋਖਾ ਕਰਨਾ ਹੈ ਕਿ ਮੈ ਹੁਣ ਤੱਕ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ, ਫਿਲੌਸਫੀ ਅਤੇ ਇਤਿਹਾਸ ਤੋਂ ਕੀ ਸਿਖਿਆ ਹੈ? ਸਿੱਖ ਦੇ ਅਰਥ ਹੀ ਸਿਖਿਆਰਥੀ ਹਨ, ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ। ਹਰੇਕ ਸਿੱਖ ਨੂੰ ਗੁਰਬਾਣੀ ਦਾ ਆਪ ਪਾਠ ਕਰਨਾ ਅਰਥ ਸਿੱਖਣੇ ਅਤੇ ਕਮਾਉਣੇ  ਚਾਹੀਦੇ ਹਨ। ਸਿੱਖ ਰਹਿਤ ਮਰਯਾਦਾ, ਸਿੱਖ ਫਿਲੌਸਫੀ ਅਤੇ ਇਤਿਹਾਸ ਆਪ ਪੜਦੇ ਜਾਂ ਸੁਣਦੇ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਇੱਕ ਅਪੀਲ ਵੀ ਯਾਦ ਕਰਾਉਣੀ ਜ਼ਰੂਰੀ ਹੈ. ਉਂਝ ਤਾਂ ਕਿਸੇ ਵੀ ਲੋੜਵੰਦ ਦੀ ਮਦਦ ਇੱਕ ਇੰਸਾਨੀ ਫਰਜ਼ ਹੈ ਜੋ ਕਰਨੀ ਹੀ ਚਾਹੀਦੀ ਹੈ....ਪਰ  ਲੋੜਵੰਦ ਬੱਚਿਆਂ ਨੂੰ ਵਿਦਿਅਕ ਪੱਖੋਂ ਹਰ ਤੀਰਾਂ ਦੀ ਸ਼ੈਤਾ ਦੇਣਾ ਇੱਕ ਸਭ ਤੋਂ ਸੁਚੱਜਾ ਫਰਜ਼ ਹੈ. ਦੁਨੀਆ ਭਰ ਵਿੱਚ ਮੌਜੂਦ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੁਰੂ ਕਿ ਗੋਲਕ ਗਰੀਬ ਦਾ ਮੂੰਹ ਦੇ ਮਹਾਂ ਵਾਕ ਅਨੁਸਾਰ ਘਟੋਘੱਟ ਦਸ ਫੀਸਦੀ ਰਕਮ (ਦਸਵੰਧ)  ਇਹਨਾਂ ਲੋੜਵੰਦ ਬੱਚਿਆਂ ਨੂੰ  ਵਿਦਿਅਕ ਪੱਖੋਂ ਮਜ਼ਬੂਤ ਬਣਾਉਣ ਲਈ ਜ਼ਰੂਰ ਕਢਣ.
ਜੇ ਤੁਹਾਨੂੰ ਵੀ ਅਜਿਹੇ ਕਿਸੇ ਉਪਰਾਲੇ ਬਾਰੇ ਪਤਾ ਹੈ ਤਾਂ ਉਸਦਾ ਪੂਰਾ ਵੇਰਵਾ ਜ਼ਰੂਰ ਭੇਜੋ ਉਸ ਬਾਰੇ ਵੀ ਪੰਜਾਬ ਸਕਰੀਨ ਵਿੱਚ ਜ਼ਰੂਰ ਕੁਝ ਨਾ ਕੁਝ ਲਿਖਿਆ ਜਾਵੇਗਾ ਤਾਂ ਕਿ ਵਧ ਤੋਂ ਵਧ ਲੋਕ ਉਸਤੋਂ ਫਾਇਦਾ ਉਠਾ ਸਕਣ.ਕਾਮਯਾਬ ਅਤੇ ਨੇਕ ਇਨਸਾਨ ਹੀ ਪੂਰੀ ਦੁਨੀਆ ਲਈ ਕੁਝ ਚੰਗਾ ਸੋਚ ਵੀ ਸਕਣਗੇ ਅਤੇ ਕਰ ਵੀ ਸਕਣਗੇ. ਇਸ ਲਈ ਸੁਆਲ ਪੂਰੀ ਦੁਨੀਆ ਦਾ ਹੈ. ਆਓ ਨਵਾਂ ਨਰੋਆ ਸਿਹਤ ਮੰਦ ਸਮਾਜ ਸਿਰਜਣ ਲਈ ਆਪਾਂ ਵੀ ਕੁਝ ਸਹਿਯੋਗੀ ਬਣੀਏ. --ਰੈਕਟਰ ਕਥੂਰੀਆ 

No comments: