Wednesday, December 15, 2010

ਬਹਿਸ ਸਿੱਖ ਅੰਦੋਲਨ, ਕਮਿਊਨਿਸਟ ਲਹਿਰ ਅਤੇ ਪੰਜਾਬ ਦੀ

ਫੇਸਬੁਕ ਨੂੰ ਗੰਭੀਰਤਾ ਨਾਲ ਲਿਆ ਜਾਏ ਜਾਂ ਨਾਂ ਇਸ ਬਾਰੇ ਸਭ ਦੀ ਰਾਏ ਵੱਖ ਵੱਖ ਹੋ ਸਕਦੀ ਹੈ ਪਰ ਜੋ ਵਿਚਾਰ ਵਟਾਂਦਰਾ ਇਸ ਸਮੇਂ ਫੇਸਬੁਕ ਤੇ ਹੋ ਰਿਹਾ ਹੈ ਉਸ ਨੂੰ ਗੰਭੀਰਤਾ ਨਾਲ ਲਿਆ ਜਾਏ ਤਾਂ ਇਹ ਕੋਸ਼ਿਸ਼ਾਂ ਵਧੇਰੇ ਸਾਰਥਕ ਹੋ ਸਕਦੀਆਂ ਹਨ. ਇਸ ਨੂੰ ਗੰਭੀਰਤਾ ਨਾਲ ਲੈ ਕੇ ਪ੍ਰਭਾਵਿਤ ਧਿਰਾਂ ਆਪਣੇ ਅਸਲੀ ਦੁਸ਼ਮਣ ਦੀ ਪਛਾਨ ਕਰ ਸਕਦੀਆਂ ਹਨ ਅਤੇ ਬਹਿਸ ਦੀ ਸਾਰੀ ਸ਼ਕਤੀ ਉਸ ਵੱਲ ਨਿਸ਼ਾਨਾ ਸੇਧਤ ਕਰਨ ਲਈ ਵਰਤ ਸਕਦੀਆਂ ਹਨ.ਇਸ ਤਰਾਂ ਦੇ ਕਈ ਵਿਚਾਰ ਹਨ, ਕਈ ਤਸਵੀਰਾਂ ਅਤੇ ਕਈ ਦਸਤਾਵੇਜ਼. ਫਿਲਹਾਲ ਇਸ ਰੁਝਾਣ ਦੀ ਚਰਚਾ ਕਰਦਿਆਂ ਇੱਕ ਲੇਖ ਲਿਆ ਗਿਆ ਹੈ "ਪੰਜਾਬ ਦਾ ਇਤਿਹਾਸ ਅਤੇ “ਕਾਮਰੇਡਾਂ” ਦੀਆਂ ਗੁਸਤਾਖੀਆਂ ਇਸ ਲੇਖ ਨੂੰ ਮੂਲ ਰੂਪ ਵਿੱਚ ਪ੍ਰਭਸ਼ਰਨਬੀਰ ਸਿੰਘ  ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ) ਨੇ  ਆਪਣੇ ਬਲੋਗ ਤੇ ਲਿਖਿਆ ਸੀ ਸ਼ੁੱਕਰਵਾਰ 23 ਅਕਤੂਬਰ 2009 ਨੂੰ.ਉਸ ਲੇਖ ਨੂੰ ਧੰਨਵਾਦ ਸਹਿਤ ਫੇਸਬੁਕ ਤੇ ਲਿਆਂਦਾ  ਰਵਿੰਦਰ ਸਿੰਘ ਨੇ 13 ਦਸੰਬਰ 2010 ਨੂੰ ਬਾਦ ਦੁਪਹਿਰ 12:39 ਵਜੇ. ਇਸ ਵਿਚਲੇ ਵਿਚਾਰਾਂ ਦਾ ਸਮਰਥਨ ਕਰਦਿਆਂ  ਜਸਵਿੰਦਰ ਸਿੰਘ ਨੇ ਕਿਹਾ ਬਹੁਤ ਹੀ ਵਧੀਆ ਲੇਖ ਹੈ ....ਪਰ ਸ਼ਾਇਦ ਕਈ ਲੋਕਾਂ ਦਾ ਸਮਝ ਵਾਲਾ ਖਾਨਾ ਕੰਮ ਨਹੀਂ ਕਰ ਰਿਹਾ....ਕੀ ਕੋਈ ਕਾਮਰੇਡ ਇਹ ਜਵਾਬ ਦੇਵੇਗਾ ਕਿ 1857 ਦੇ ਗਦਰ ਦਾ ਕੀ ਮੂਲ ਕਾਰਨ ਸੀ..? ਏਸੇ ਤਰਾਂ ਜਸਵੰਤ ਸਿੰਘ ਅਮਨ ਨੇ ਕਿਹਾ ਕਿ ਸਚ ਤੋਂ ਮੂੰਹ ਮੋੜੀ ਬੈਠੇ ਕਾਮਰੇਡ ਸਿਰਫ ਪ੍ਰਾਪੇਗੰਡੇ ਤੇ ਜੋਰ ਦੇਂਦੇ ਹਨ...ਉਹਨਾਂ ਇਹ ਸਲਾਹ ਵੀ ਦਿੱਤੀ ਕਿ ਪੰਜਾਬੀ ਕਾਮਰੇਡਾਂ ਨੂੰ ਅੰਨੇਵਾਹ ਮਾਰਕਸ ਪਿਛੇ ਲੱਗਣ ਦੀ ਬਜਾਏ ਬੰਗਾਲ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਆਪਣੇ ਕਲਚਰ ਨੂੰ ਅਪਣਾਉਣਾ ਚਾਹੀਦਾ ਹੈ.

ਇਸ ਰੁਝਾਣ ਦੀ ਚਰਚਾ ਤਹਿਤ ਹੀ ਇੱਕ ਤਸਵੀਰ ਵੀ ਨਾਲ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ. ਇਸ ਤਸਵੀਰ ਵਿੱਚ ਇੱਕ ਵਿਦਵਾਨ ਲੇਖਕ ਹਰਪਾਲ ਸਿੰਘ ਪੰਨੂੰ ਦਾ ਲੇਖ  ਸ਼ਹੀਦ ਭਗਤ ਸਿੰਘ ਬਾਰੇ ਬਹੁਤ ਹੀ ਅਰਥਪੂਰਨ ਗੱਲਾਂ ਕਰਦੇ ਇਸ ਲੇਖ ਦੀ ਇਸ ਤਸਵੀਰ ਨੂੰ ਫੇਸਬੁਕ ਤੇ ਜਾਰੀ ਕੀਤਾ ਹੈ ਇਕ਼ਬਾਲ ਗਿੱਲ ਹੁਰਾਂ ਨੇ 13 ਦਸੰਬਰ 2010 ਨੂੰ.ਇਸ ਲੇਖ ਵਿਚਲੇ ਨੁਕਤਿਆਂ ਤੇ ਆਪਣੇ ਵਿਚਾਰ ਪ੍ਰਗਟਾਓੰਦਿਆਂ  ਜਿਥੇ  ਚਮਨ ਲਾਲ ਜੀ ਨੇ ਇਹ ਗੱਲ ਯਾਦ ਦੁਆਈ ਹੈ ਕਿ ਮਹਾਤਮਾ ਗਾਂਧੀ ਜੀ ਵੀ ਸ਼ਹੀਦ ਸਨ ਜਿਹਨਾਂ ਨੂੰ 79 ਸਾਲਾਂ ਦੀ ਉਮਰ ਵਿੱਚ ਹਿੰਦੂ  ਫਿਰਕਾਪ੍ਰਸਤ ਤਾਕ਼ਤਾਂ ਨੇ ਸ਼ਹੀਦ ਕਰ ਦਿੱਤਾ.ਉਥੇ  ਹਰਵਿੰਦਰ ਭੰਡਾਲ ਨੇ ਕਿਹਾ ਹੈ ਕਿ ਭਗਤ ਸਿੰਘ ਨੇ ਸਾਂਡਰਸ ਦੇ ਕਤਲ ਤੋਂ ਪਹਿਲਾਂ ਹੀ ਆਪਣੇ ਕੇਸ ਕਟਵਾ ਦਿੱਤੇ ਸਨ ਕਿਓਂਕਿ ਉਹ ਹਰ ਤਰਾਂ ਦੇ ਧਾਰਮਿਕ ਚਿਨ੍ਹਾਂ ਤੋਂ ਮੁਕਤ ਹੋਣਾ ਚਾਹੁੰਦਾ ਸੀ. ਚਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਇਹ ਉਹ ਦੇਸ਼ ਹੈ ਜਿਥੇ ਕਰਕਰੇ ਦੀ ਮੌਤ ਦਾ ਸੱਚ ਸਾਹਮਣੇ ਨਾ ਆ ਆਉਣ ਦੇਣ ਲਈ ਮੀਡੀਆ ਏਵੇ ਰੌਲਾ ਪਾ ਰਿਹਾ ਜਿਵੇਂ ਕਰਨਲ ਪ੍ਰੋਹਤ ਨਾਲ ਯਾਰੀ ਹੋਵੇ .............ਕਰਕਰੇ ਕਿਸ ਨੇ ਮਾਰਿਆ ..ਸੁਆਲ ਹੀ ਰਹਿ ਜਾਵੇਗਾ .........ਇਹ ਸਾਰੀ ਵਿਚਾਰ ਚਰਚਾ ਵੀ ਪੜ੍ਹਨ ਵਾਲੀ ਹੈ. .ਤੇਜਾ ਜੀ ਨੇ ਇੱਕ ਵਖਰੀ ਥਾਂ ਤੇ ਇਹ ਵੀ ਕਿਹਾ ਹੈ ਕਿ ਹਰਪਾਲ ਪੰਨੂ ਦੇ ਧਰਮ ਬਾਰੇ ਜਾਨਣ ਲਈ ਆਰ ਐਸ ਐਸ ਦੀ ਇਸ ਸਾਈਟ ਤੇ ਵੇਖੋ ........23 ਨੰਬਰ ਤੇ ਏਨ੍ਹਾਂ ਦਾ ਨਾਂ ......ਰਾਸ਼ਟਰਵਾਦੀ ਸਿੱਖ........ਹਾ ਹਾ ਹਾ ......ਤੇਜਾ ਜੀ ਵੱਲੋਂ ਦੱਸੀ ਗਈ ਸਾਈਟ ਦੇਖਣ ਲਈ ਏਥੇ ਕਲਿੱਕ ਕਰੋ ਅਤੇ ਨਾਲ ਹੀ ਪੜ੍ਹੋ ਪ੍ਰਭਸ਼ਰਣਬੀਰ  ਸਿੰਘ ਦਾ ਇਹ ਲੇਖ:      


                                ਪੰਜਾਬ ਦਾ ਇਤਿਹਾਸ ਅਤੇ “ਕਾਮਰੇਡਾਂ” ਦੀਆਂ ਗੁਸਤਾਖੀਆਂ

 

                                                                        ਪਰਮਜੀਤ ਰੋਡੇ ਦਾ ਬੇਹੱਦ ਨਫਰਤ ਨਾਲ ਭਰਿਆ ਲੇਖ ਪੜ੍ਹਿਆ, ਜਿਸਦਾ ਨਿਸ਼ਾਨਾ ਚੜ੍ਹਦੀ ਕਲਾਦੀ ਇੱਕ “ਗੁਸਤਾਖੀ” ਹੈ। ਇਹ ਗੁਸਤਾਖੀ ਇੱਕ ਅਜਿਹੀ ਇਤਿਹਾਸਕ ਸਾਜ਼ਿਸ਼ ਨੂੰ ਉਘਾੜਨਾ ਹੈ ਜਿਸ ਰਾਹੀਂ ਗਦਰੀ ਬਾਬਿਆਂ ਦੀ ਚੇਤਨ ਪੱਧਰ ਉੱਤੇ ਅਜਿਹੀ ਇਤਿਹਾਸਕ ਪੇਸ਼ਕਾਰੀ ਕੀਤੀ ਗਈ ਕਿ ਆਉਣ ਵਾਲੀਆਂ ਨਸਲਾਂ ਆਪਣੇ ਸਮਕਾਲੀ ਸੰਘਰਸ਼ਾਂ ਲਈ ਬਾਬਿਆਂ ਨੂੰ ਪ੍ਰੇਰਨਾ ਸਰੋਤ ਨਾ ਬਣਾ ਸਕਣ। ਸਿਰਫ ਏਨਾ ਹੀ ਨਹੀਂ, ਇਸ ਗਲਤ ਪੇਸ਼ਕਾਰੀ ਰਾਹੀਂ ਪੰਜਾਬ ਦਾ ਅਗਾਂਹਵਧੂ ਅਖਵਾਉਂਦਾ ਵਰਗ ਹਿੰਦੁਸਤਾਨ ਦੀ ਜਾਬਰ ਹਕੂਮਤ ਦੇ ਹੱਕ ਵਿੱਚ ਵੀ ਭੁਗਤਿਆ ਹੈ। ਚੜ੍ਹਦੀ ਕਲਾ’ ਅਖਬਾਰ ਵਿੱਚ ਸਤੰਬਰ 9 ਤੋਂ 15 ਵਾਲੇ ਅੰਕ ਵਿੱਚਕਾਮਰੇਡਾਂ ਦੀ ਬੇਈਮਾਨੀਸਿਰਲੇਖ ਹੇਠ ਇੱਕ ਟਿੱਪਣੀ ਕੀਤੀ ਗਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕਜ਼ਿੰਮੇਵਾਰ” ਆਗੂ ਵਲੋਂ ਸੰਪਾਦਿਤ ਕੀਤੀ ਅਤੇ ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ ਦੀ ਇਤਿਹਾਸ ਸਬ ਕਮੇਟੀ ਵਲੋਂ ਛਾਪੀ ਗਈ ਕਿਤਾਬ ‘ਗਦਰ ਲਹਿਰ ਦੀ ਕਹਾਣੀ - ਗਦਰੀ ਬਾਬਿਆਂ ਦੀ ਜ਼ੁਬਾਨੀਵਿੱਚ ਸੰਪਾਦਕ ਵਲੋਂ ਬਾਬਾ ਵਿਸਾਖਾ ਸਿੰਘ ਦੀ ਇੱਕ ਕਵਿਤਾ ਵਿੱਚੋਂ ਕੁਝ ਅਜਿਹੇ ਹਿੱਸੇ ਕੱਟ ਦਿੱਤੇ ਗਏ ਹਨ ਜੋ ਦਰਸਾਉਂਦੇ ਹਨ ਕਿ ਬਾਬਿਆਂ ਦੀ ਕਾਰਜਸ਼ੀਲਤਾ ਦਾ ਅਸਲ ਪ੍ਰੇਰਨਾ ਸਰੋਤ ਸਿੱਖੀ ਸੀ ਨਾ ਕਿ ਕੋਈ ਹੋਰ ਵਿਚਾਰਧਾਰਾ। ਪਰਮਜੀਤ ਰੋਡੇ ਨੇ ਇਸ ਦੋਸ਼ ਨੂੰ “ਨਿਰਾਪੁਰਾ ਝੂਠ, ਬੇਬੁਨਿਆਦ, ਮਨਘੜਤ, ਗੈਰਜ਼ਿੰਮੇਵਾਰਾਨਾ ਅਤੇ ਕਿਸੇ ਬੁਰੀ ਭਾਵਨਾ ਦੀ ਉਪਜ ਦੱਸਿਆ ਹੈ।” ਉਨ੍ਹਾਂ ਦਾ ਤਰਕ ਇਹ ਹੈ ਕਿ “ਕਿਸੇ ਵੀ ਸੰਪਾਦਕ ਕੋਲ ਇਹ ਹੱਕ ਹੁੰਦਾ ਹੈ ਕਿ ਵਿੱਢੇ ਹੋਏ ਪ੍ਰਾਜੈਕਟ ਦੀਆਂ ਲੋੜਾਂ ਅਨੁਸਾਰ ਕਿਸੇ ਲਿਖਤ ਦਾ ਕੋਈ ਹਿੱਸਾ ਕੱਟ ਦੇਵੇ, ਪਰ ਉਸ ਕੋਲ ਇਹ ਹੱਕ ਨਹੀਂ ਹੁੰਦਾ ਕਿ ਇੰਝ ਕਰਦਿਆਂ ਉਹ ਮੌਲਿਕ ਲਿਖਤ ਦੀ ਬੁਨਿਆਦੀ ਸਮਝ ਜਾਂ ਉਸਦੇ ਤੱਤ ਨੂੰ ਹੀ ਬਦਲ ਦੇਵੇ।” ਆਪਣੀ ਗੱਲ ਦੀ ਪ੍ਰੋੜਤਾ ਕਰਨ ਦੀ ਅਸਫਲ ਕੋਸ਼ਿਸ਼ ਦੌਰਾਨ ਉਹ ਇਹ ਵੀ ਕਹਿੰਦੇ ਹਨ,ਚੈਨ ਸਿੰਘ ਚੈਨ ਨੇ ਆਪਣੀ ਕਿਤਾਬ ਦਾ ਸੰਪਾਦਨ ਕਰਨ ਲੱਗਿਆਂ ਬਾਬਾ ਜੀ ਦੀ ਲਿਖਤ ਛਾਪਣ ਵਕਤ ਇਸ ਅਸੂਲ ਪ੍ਰਤੀ ਪੂਰੀ ਸੰਜੀਦਗੀ ਅਤੇ ਸੁਹਿਰਦਤਾ ਵਿਖਾਈ ਹੈ। ਇਸੇ ਲਈ ਤਾਂ ਬਾਬਾ ਜੀ ਦੀ ਲਿਖਤ ਦਾ ਉਹ ਹਿੱਸਾ ਛਾਪਿਆ ਹੈ, ਜਿਹੜਾ ਬਾਬਾ ਜੀ ਨੂੰ ਇੱਕ ਸੱਚੇ ਸੁੱਚੇ ਸਿੱਖ ਵਜੋਂ ਪੇਸ਼ ਕਰਦਾ ਹੈ।” ਇਸੇ ਲੜੀ ਤਹਿਤ ਉਹ ਬਾਬਾ ਜੀ ਦੀ ਲਿਖਤ ਦੇ ਉਸ ਹਿੱਸੇ ਦਾ ਵੀ ਹਵਾਲਾ ਦੇ ਰਹੇ ਹਨ, ਜਿਸ ਵਿੱਚੋਂ ਉਨ੍ਹਾਂ ਦਾ ਸਿੱਖੀ ਪਿਆਰ ਝਲਕਦਾ ਹੈ ਅਤੇ ਜਿਹੜਾ ਚੈਨ ਸਿੰਘ ਚੈਨ ਨੇ ਆਪਣੀ ਕਿਤਾਬ ਵਿੱਚ ਵੀ ਛਾਪਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖੀ ਪਿਆਰ ਵਾਲਾ ਜਿਹੜਾ ਹਿੱਸਾ ਕੱਢਿਆ ਗਿਆ ਅਤੇ ਜਿਹੜਾ ਰੱਖਿਆ ਗਿਆ, ਕੀ ਇਨ੍ਹਾਂ ਦੋਹਾਂ ਹਿੱਸਿਆਂ ਵਿੱਚ ਕੋਈ ਅੰਤਰ ਹੈ ਅਤੇ ਜੇ ਹੈ, ਤਾਂ ਇਹ ਅੰਤਰ ਕੀ ਹੈ?ਇਸ ਸੁਆਲ ਨੂੰ ਮੁਖਾਤਿਬ ਹੋਣ ਤੋਂ ਪਹਿਲਾਂ ਆਓ ਪਰਮਜੀਤ ਰੋਡੇ ਦੀ ਇੱਕ ਦਲੀਲ ਹੋਰ ਸੁਣ ਲਈਏ। ਉਨ੍ਹਾਂ ਦਾ ਕਹਿਣਾ ਹੈ ਕਿ ਬਾਬਿਆਂ ਦੇ ਆਸਤਕ ਜਾਂ ਨਾਸਤਕ ਹੋਣ ਦਾ ਮਸਲਾ ਕਦੇ ਬਹਿਸ ਦਾ ਵਿਸ਼ਾ ਨਹੀਂ ਰਿਹਾ (ਪਰ ਇਹ ਭੁੱਲ ਜਾਂਦੇ ਹਨ ਕਿ ਹਥਲੀ ਬਹਿਸ ਇਸੇ ਮਸਲੇ ’ਤੇ ਹੋ ਰਹੀ ਹੈ)। ਅੱਗੇ ਕਹਿੰਦੇ ਹਨ, “ਬਹਿਸ-ਭੇੜ ਦਾ ਅਸਲੀ ਅਤੇ ਬਹੁਤ ਹੀ ਗੰਭੀਰ ਮੁੱਦਾ ਹੋਰ ਹੈ, ਜਿਸਨੂੰ ਸੰਬੋਧਤ ਹੋਣ ਤੋਂ ‘ਚੜ੍ਹਦੀ ਕਲਾ’ ਅਤੇ ਅਜਿਹੀਆਂ ਹੋਰ ਧਿਰਾਂ ਲਗਾਤਾਰ ਕੰਨੀਂ ਕਤਰਾਉਂਦੀਆਂ ਹਨ। ਉਹ ਹੈ ਧਰਮ ਅਤੇ ਸਿਆਸਤ ਦੇ ਆਪਸੀ ਸਬੰਧਾਂ ਬਾਰੇ ਗਦਰ ਪਾਰਟੀ ਦੀ ਸਮਝ। ਗਦਰ ਪਾਰਟੀ ਮੁੱਢ ਤੋਂ ਹੀ ਧਰਮ ਅਤੇ ਸਿਆਸਤ ਦੇ ਦੋ ਵੱਖਰੇ ਵੱਖਰੇ ਖੇਤਰ ਮੰਨ ਕੇ ਚਲਦੀ ਰਹੀ ਹੈ।” ਹੈਰਾਨੀ ਇਸ ਗੱਲ ਦੀ ਹੈ ਕਿ ਰੋਡੇ ਜੀ ਆਪਣੀ ਗੱਲ ਬਗੈਰ ਕਿਸੇ ਹਵਾਲੇ ਤੋਂ ਏਨੇ ਆਤਮ ਵਿਸ਼ਵਾਸ ਨਾਲ ਕਿਵੇਂ ਕਰ ਰਹੇ ਹਨ? ਏਥੇ ਗੱਲ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਪ੍ਰਗਟ ਹੋ ਰਹੇ ਸਿੱਖੀ ਜਜ਼ਬਿਆਂ ਦੀ ਅਤੇ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਪਿੱਛੇ ਕਾਰਜਸ਼ੀਲ ਵਿਚਾਰਧਾਰਾ ਹੋ ਰਹੀ ਹੈ। ਗਦਰ ਪਾਰਟੀ ਦੇ ਮੈਨੀਫੈਸਟੋ ਦੀ ਨਹੀਂ। ਕੀ ਰੋਡੇ ਜੀ ਇਸ ਗੱਲ ਦੀ ਖੇਚਲ ਕਰਨਗੇ ਕਿ ਬਾਬਾ ਵਿਸਾਖਾ ਸਿੰਘ ਜੀ ਦੀਆਂ ਰਚਨਾਵਾਂ ਵਿੱਚੋਂ ਕੋਈ ਇੱਕ ਵੀ ਸਤਰ ਅਜਿਹੀ ਲੱਭ ਕੇ ਵਿਖਾਉਣ, ਜਿਸ ਰਾਹੀਂ ਪਤਾ ਲਗਦਾ ਹੋਵੇ ਕਿ ਉਹ ਧਰਮ ਨੂੰ ਸਿਰਫ ਨਿੱਜੀ ਮਸਲਾ ਮੰਨਦੇ ਸਨ ਅਤੇ ਧਰਮ ਤੇ ਸਿਆਸਤ ਨੂੰ ਅੱਡ-ਅੱਡ ਮੰਨ ਕੇ ਚੱਲਦੇ ਸਨ। ਇਸਦੇ ਉਲਟ ਬਾਬਾ ਜੀ ਹਮੇਸ਼ਾ ਹੀ ਆਪਣੀ ਰਾਜਨੀਤਕ ਜਦੋਜਹਿਦ ਨੂੰ ਧਾਰਮਿਕ ਪ੍ਰਤੀਬੱਧਤਾ ਦੇ ਹਿੱਸੇ ਵਜੋਂ ਦੇਖਦੇ ਸਨ। ਰੋਡੇ ਜੀ ਦੀ “ਤੀਖਣ ਬੁੱਧੀ” ਇਹ ਕਿਵੇਂ ਨਜ਼ਰਅੰਦਾਜ਼ ਕਰ ਗਈ ਕਿ ਚੈਨ ਸਿੰਘ ਚੈਨ ਦੁਆਰਾ ਕੱਟੀਆਂ ਗਈਆਂ ਲਾਈਨਾਂ ਸਾਫ ਅਤੇ ਸਪੱਸ਼ਟ ਸ਼ਬਦਾਂ ਵਿੱਚ ਦੱਸ ਰਹੀਆਂ ਹਨ ਕਿ ਬਾਬਾ ਵਿਸਾਖਾ ਸਿੰਘ ਜੀ ਲਈ ਧਰਮ ਅਤੇ ਸਿਆਸਤ ਦੋ ਵੱਖਰੇ-ਵੱਖਰੇ ਖੇਤਰ ਨਹੀਂ ਸਨ, ਸਗੋਂ ਉਨ੍ਹਾਂ ਦੀ ਸਿਆਸਤ ਹਰ ਕਦਮ ਉੱਤੇ ਧਰਮ ਦੀ ਰਹਿਨੁਮਾਈ ਹੇਠ ਚੱਲ ਰਹੀ ਸੀ। ਮਿਸਾਲ ਦੇ ਤੌਰ ’ਤੇ -ਸਾਨੂੰ ਆਖਦੇ ਗੁਰਾਂ ਤੋਂ ਪੁੱਛੋ ਤੁਸੀਂ,ਕਿਵੇਂ ਮੁਲਕ ਦਾ ਚੌਂਹਦੇ ਸੁਧਾਰ ਭਾਈ।ਅਸਾਂ ਸੰਗਤੇ ਗੁਰਾਂ ਦਾ ਵਾਕ ਲਿਆ,ਸਤਿਗੁਰ ਦਿੰਦੇ ਨੇ ਤਾਪ ਉਤਾਰ ਭਾਈ।ਅਸਾਂ ਆਖਿਆ ਗੁਰਾਂ ਨਿਹਾਲ ਕੀਤੇ,ਦੋਵੇਂ ਹੋ ਗਏ ਤਿਆਰ ਬਰ ਤਿਆਰ ਭਾਈ।ਸਪੱਸ਼ਟ ਹੈ ਕਿ ਉਹ ਮੁਲਕ ਦੇ ਸੁਧਾਰ ਦਾ ਕੰਮ (ਸਿਆਸਤ) ਗੁਰਾਂ ਦਾ ਵਾਕ ਅਤੇ ਆਗਿਆ (ਧਰਮ) ਲੈ ਕੇ ਕਰ ਰਹੇ ਹਨ। ਫਿਰ ਉਨ੍ਹਾਂ ਲਈ ਧਰਮ ਅਤੇ ਸਿਆਸਤ ਵੱਖੋ-ਵੱਖਰੇ ਕਿਵੇਂ ਹੋ ਗਏ। ਉਪਰੋਕਤ ਸਤਰਾਂ ਕੱਟ ਕੇ ਕੀ ਸੰਪਾਦਕ ਨੇ ਬਾਬਾ ਵਿਸਾਖਾ ਸਿੰਘ ਜੀ ਦੀ ਲਿਖਤ ਦੀ ਬੁਨਿਆਦੀ ਸਮਝ ਜਾਂ ਤੱਤ ਨੂੰ ਨਹੀਂ ਬਦਲਿਆ? ਬਾਬਾ ਜੀ ਦੀ ਬੁਨਿਆਦੀ ਸਮਝ ਇਹ ਹੈ ਕਿ ਜ਼ਿੰਦਗੀ ਆਪਣੀ ਸੰਪੂਰਨਤਾ ਵਿੱਚ ਇੱਕ ਇਕਾਈ ਹੈ, ਇਸਨੂੰ ਹਿੱਸਿਆਂ ਵਿੱਚ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਮਨੁੱਖ ਦੀ ਰੂਹਾਨੀਅਤ, ਉਸ ਦੀ ਮਾਨਸਿਕਤਾ, ਉਸ ਦੇ ਸਮਾਜਿਕ-ਆਰਥਿਕ, ਰਾਜਨੀਤਕ ਸਰੋਕਾਰ, ਉਸਦੀਆਂ ਕਲਾਮਈ ਪ੍ਰਵਿਰਤੀਆਂ, ਸਭ ਕੁਝ ਆਪਸ ਵਿੱਚ ਅੰਤਰ-ਸਬੰਧਿਤ ਹੈ। ਇਸ ਸਭ ਨੂੰ ਅਲੱਗ ਅਲੱਗ ਕਰਕੇ ਇਕਹਿਰੇ ਰੂਪ ਵਿੱਚ ਵੇਖਣਾ ਹੋਛਾਪਣ ਹੈ, ਅਗਿਆਨਤਾ ਹੈ ਅਤੇ ਸਿਰੇ ਦੀ ਮੂਰਖਤਾ ਹੈ। ਪੰਜਾਬ ਦੇ ਕਾਮਰੇਡਾਂ ਨੇ ਅੱਜ ਤੱਕ ਇਹੋ ਕੁਝ ਕੀਤਾ ਹੈ। ਬਾਬਾ ਵਿਸਾਖਾ ਸਿੰਘ ਜੀ ਦੀ ਰਚਨਾ ਦੀ ਜੇਕਰ ਈਮਾਨਦਾਰੀ ਨਾਲ ਪੜ੍ਹਾਈ ਕੀਤੀ ਜਾਵੇ ਤਾਂ ਸਹਿਜੇ ਹੀ ਪਤਾ ਲਗਦਾ ਹੈ ਕਿ ਉਨ੍ਹਾਂ ਲਈ ਸਮੂਹ ਮਨੁੱਖੀ ਸਰੋਕਾਰਾਂ ਦਾ ਕਿਸੇ ਰੂਹਾਨੀ ਕੇਂਦਰ ਨਾਲ ਜੁੜਨਾ ਜ਼ਰੂਰੀ ਹੈ। ਬਾਬਾ ਜੀ ਅੱਗੇ ਲਿਖਦੇ ਹਨ -ਸੁਰਤ ਜਦ ਦੀ ਸੰਭਲੀ ਦਾਸ ਨੇ ਹੈ,ਮੈਂ ਤਾਂ ਗੁਰਾਂ ਦਾ ਤਾਬਿਆਦਾਰ ਭਾਈ।ਬਾਬਾ ਜੀ ਦੀਆਂ ਲਿਖਤØਾਂ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਰਹਿਣ ਦੇਂਦੀਆਂ ਕਿ ਉਨ੍ਹਾਂ ਦੇ ਜੀਵਨ ਦਾ ਹਰ ਪਹਿਲੂ, ਹਰ ਕਦਮ ਅਤੇ ਸਾਰੀ ਕਾਰਜਸ਼ੀਲਤਾ ਗੁਰਾਂ ਦੀ ਆਗਿਆ ਨਾਲ ਉਨ੍ਹਾਂ ਦੀ ਰਜ਼ਾ ਹੇਠ ਚੱਲਣਾ ਸੀ। ਉਹ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵਾਕ ਲੈਂਦੇ ਅਤੇ ਅਰਦਾਸ ਕਰਦੇ ਤੇ ਫਿਰ ਵੀ ਕੰਮ ਨੂੰ ਹੱਥ ਪਾਉਂਦੇ।ਸਾਡਾ ਦੀਆ ਅਰਦਾਸਾ ਸੋਧ ਉਨ੍ਹਾਂ,ਖੁਸ਼ੀ ਨਾਲ ਫਿਰ ਛੱਡੇ ਜੈਕਾਰ ਭਾਈ।ਪੰਜਾਂ ਰਲ ਫਿਰ ਕੰਮ ਸੀ ਸ਼ੁਰੂ ਕੀਤਾ,ਹੋਈ ਕੌਂਪਣੀ ਖੂਬ ਤਿਆਰ ਭਾਈ।ਜ਼ੁਲਮ ਅਤੇ ਅਨਿਆਂ ਦੇ ਖਿਲਾਫ ਉਨ੍ਹਾਂ ਦੀ ਜੰਗ ਲਈ ਸਿੱਖੀ ਕੇਵਲ ਮੁੱਖ ਪ੍ਰੇਰਨਾਸ੍ਰੋਤ ਹੀ ਨਹੀਂ ਸੀ ਸਗੋਂ ਸਿੱਖੀ ਉਹ ਫਲਸਫਾ ਸੀ, ਜਿਸ ਲਈ ਧਰਮ ਅਤੇ ਸਿਆਸਤ ਦੋਵੇਂ ਵੱਖ-ਵੱਖ ਨਹੀਂ ਹਨ। ਪਾਠਕ ਆਪ ਹੀ ਸੋਚਣ ਕਿ ਜਿਸ ਆਤਮ-ਵਿਸ਼ਵਾਸ ਨਾਲ ਰੋਡੇ ਜੀ ਗਦਰੀ ਬਾਬਿਆਂ ਲਈ ਧਰਮ ਅਤੇ ਸਿਆਸਤ ਅੱਡ-ਅੱਡ ਹੋਣ ਬਾਰੇ ਐਲਾਨ ਕਰ ਰਹੇ ਹਨ ਉਹ ਆਤਮ ਵਿਸ਼ਵਾਸ ਅਗਿਆਨਤਾ ਨਾਲ ਅੰਨ੍ਹੀ ਹੋਈ ਹੈਂਕੜ ਹੈ ਜਾਂ ਕੁਝ ਹੋਰ? ਦੂਸਰੀ ਗੱਲ ਹੈ ਚੈਨ ਸਿੰਘ ਚੈਨ ਦੀ “ਸੰਜੀਦਗੀ ਅਤੇ ਸੁਹਿਰਦਤਾ”। ਇਸ ਮਸਲੇ ਬਾਰੇ ਵੀ ਮੈਂ ਖੁਦ ਕੁਝ ਨਹੀਂ ਕਹਿਣਾ ਚਾਹਾਂਗਾ ਅਤੇ ਗਦਰ ਲਹਿਰ ਦੇ ਆਗੂ ਅਤੇ ਆਜ਼ਾਦੀ ਸੰਗਰਾਮ ਦੌਰਾਨ ਕਈ ਵਾਰ ਜੇਲ੍ਹ ਕੱਟ ਚੁੱਕੇ ਮਿਲਖਾ ਸਿੰਘ ਨਿੱਝਰ ਦੇ ਵਿਚਾਰ ਸਾਂਝੇ ਜ਼ਰੂਰ ਕਰਾਂਗਾ। ਆਪਣੀ ਪੁਸਤਕਬੱਬਰ ਅਕਾਲੀ ਲਹਿਰ ਦਾ ਇਤਿਹਾਸਵਿੱਚ ਉਹ ਲਿਖਦੇ ਹਨ -ਭਾਈ ਸੁੰਦਰ ਸਿੰਘ ਮਖਸੂਸਪੁਰ ਦੀ ਡਿਊਟੀ ਲਾਈ ਗਈ ਕਿ ਉਹ ਭਾਗ ਸਿੰਘ ਕੈਨੇਡੀਅਨ ਤੋਂ ਬੱਬਰ ਤਹਿਰੀਕ ਦਾ ਇਤਿਹਾਸ ਲਿਖਵਾਏ। ਸਾਰੇ ਬੱਬਰਾਂ ਨੇ ਦੋ ਹਜ਼ਾਰ ਰੁਪਏ ਇਕੱਠੇ ਕਰਕੇ ਭਾਈ ਸੁੰਦਰ ਸਿੰਘ ਨੂੰ ਦੇ ਦਿੱਤੇ। ਭਾਈ ਸੁੰਦਰ ਸਿੰਘ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਹੀ ਦਿਨਾਂ ਵਿੱਚ ਕਾਂਗਰਸ ਸਰਕਾਰ ਨੇ ਕੈਨੇਡੀਅਨ ਸਾਹਿਬ ਨੂੰ ਬਾਕੀ ਕਮਿਊਨਿਸਟਾਂ ਸਮੇਤ ਫੜ ਕੇ ਅੰਦਰ ਕਰ ਦਿੱਤਾ, ਜਿਸ ਕਰਕੇ ਕੰਮ ਵਿੱਚੇ ਰਹਿ ਗਿਆ। ਫੇਰ ਵੀ ਭਾਈ ਸੁੰਦਰ ਸਿੰਘ ਨੇ ਬਾਕੀ ਰਹਿੰਦਾ ਕੰਮ ਆਪਣੀ ਮਨਸ਼ਾ ਅਨੁਸਾਰ ਚੈਨ ਸਿੰਘ ਚੈਨ ਤੋਂ ਕਰਵਾ ਕੇ ਕਮੇਟੀ ਸਾਹਮਣੇ ਲਿਜਾ ਧਰਿਆ। ਕਮੇਟੀ ਨੇ ਜਦੋਂ ਸੁਣਿਆ ਕਿ ਬੱਬਰ ਲਹਿਰ ਤਾਂ ਸਾਰੀ ਦੀ ਸਾਰੀ ਭਾਈ ਸੁੰਦਰ ਸਿੰਘ ਦੁਆਲੇ ਹੀ ਗੇੜੇ ਕੱਢ ਰਹੀ ਹੈ ਅਤੇ ਕਈ ਮਨਘੜਤ ਕਹਾਣੀਆਂ ਜੋੜ ਦਿੱਤੀਆਂ ਗਈਆਂ ਹਨ, ਬਾਹਰ ਦੇ ਬੱਬਰਾਂ ਦੀਆਂ ਸ਼ਹੀਦੀਆਂ ਨੂੰ ਅੱਖੋਂ ਓਹਲੇ ਕਰਕੇ ਆਪਣੇ ਜਿਹਲ ਦੇ ਕਾਰਨਾਮਿਆਂ ਉੱਤੇ ਹੀ ਜ਼ੋਰ ਦਿੱਤਾ ਗਿਆ ਹੈ, ਤਾਂ ਸਾਰਾ ਲਿਖਿਆ-ਲਿਖਾਇਆ ਭਾਈ ਸੁੰਦਰ ਸਿੰਘ ਦੀ ਮੌਜੂਦਗੀ ਵਿੱਚ ਹੀ ਸਾੜ ਸੁੱਟਿਆ ਗਿਆ।” ਇਹ ਹੈ ਚੈਨ ਸਿੰਘ ਚੈਨ ਦੀ “ਸੰਜੀਦਗੀ ਅਤੇ ਸੁਹਿਰਦਤਾ ਇਸੇ ਤਰ੍ਹਾਂ ਦੀ “ਸੰਜੀਦਗੀ ਅਤੇ ਸੁਹਿਰਦਤਾ” ਹੀ ਅੱਜ ਤੱਕ ਪਰਮਜੀਤ ਰੋਡੇ ਅਤੇ ਉਨ੍ਹਾਂ ਦੇ ਸਾਥੀ ਕਾਮਰੇਡ ਪਾਲਦੇ ਆ ਰਹੇ ਹਨ।ਜੇ ਆਪਾਂ ਬਾਕੀ ਸਭ ਗੱਲਾਂ ਪਾਸੇ ਰੱਖ ਇਸ ਮਸਲੇ ਬਾਰੇ ਖੁਦ ਬਾਬਾ ਵਿਸਾਖਾ ਸਿੰਘ ਜੀ ਦਦੇਹਰ ਦੇ ਵਿਚਾਰ ਜਾਣੀਏ ਤਾਂ ਇੱਕ ਪਲ ਵਿੱਚ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਸਿੱਖੀ ਉਨ੍ਹਾਂ ਲਈ ਮਹਿਜ਼ ਇੱਕ ਨਿੱਜੀ ਮਸਲਾ ਸੀ ਜਾਂ ਇੱਕ ਸੰਪੂਰਨ ਤਰਜ਼ੇ-ਜ਼ਿੰਦਗੀ, ਜਿਸ ਵਿੱਚ ਸਿਆਸਤ ਵੀ ਸ਼ਾਮਲ ਹੈ। ਉਨ੍ਹਾਂ ਦੇ ਆਪਣੇ ਸ਼ਬਦਾਂ ਵਿੱਚ ਸੁਣੋ, “ਕਈ ਕਹਿੰਦੇ ਹਨ ਕਿ ਮੈਂ ਕਮਿਊਨਿਸਟ ਹਾਂ ਤੇ ਰੂਸੀ ਸਾਂਝੀਵਾਲਤਾ ਮੇਰਾ ਨਿਸ਼ਾਨਾ ਹੈ। ਮੇਰਾ ਨਿਸ਼ਾਨਾ ਸ੍ਰੀ ਦਸਮੇਸ਼ ਜੀ ਦੀ ਕਰਨੀ ਹੈ ਤੇ ਮੇਰੀ ਸਾਂਝੀਵਾਲਤਾ ਗੁਰੂਕਿਆਂ ਵਾਲੀ ਸਾਂਝੀਵਾਲਤਾ ਹੈ। 1906-07 ਈ. ਵਿੱਚ ਕਿਹੜੀ ਰੂਸੀ ਸਾਂਝੀਵਾਲਤਾ ਸੀ ਜਦ ਤੋਂ ‘ਸਰਬੱਤ ਦਾ ਭਲਾ’ ਮੇਰੇ ਵਿਚਾਰ ਅਤੇ ਕਰਮਾਂ ਦਾ ਸ਼੍ਰੇਸ਼ਟ ਅੰਗ ਬਣਿਆ ਹੈ। ਮੈਂ ਜੋ ਕੁਝ ਲਿਆ ਹੈ ਉਹ ਗੁਰੂਘਰੋਂ ਲਿਆ ਹੈ। ਕਮਿਊਨਿਜ਼ਮ ਨੇ ਗਰੀਬ ਦੁਖੀ ਦੁਨੀਆਂ ਦਾ ਬੜਾ ਭਲਾ ਕੀਤਾ ਹੈ ਪਰ ਇਸ ਵਿੱਚ ਅਜੇ ਤਰੁੱਟੀਆਂ ਹਨ। ਸਿੱਖੀ ਬਹੁਤ ਵੱਡੀ ਚੀਜ਼ ਹੈ, ਕਮਿਊਨਿਜ਼ਮ ਸਿੱਖੀ ਦਾ ਇੱਕ ਅੰਗ ਹੈ, ਇਹ ਸਿੱਖੀ ਵਿੱਚ ਸਮਾ ਸਕਦਾ ਹੈ ਪਰ ਸਿੱਖੀ ਇਸ ਵਿੱਚ ਸਮਾ ਨਹੀਂ ਸਕਦੀ। ਗੁਰੂ ਕਾ ਲੰਗਰ, ਸਾਂਝੀ ਸੇਵਾ, ‘ਤੇਰਾ ਘਰ ਸੋ ਮੇਰਾ ਘਰ’ ਇਸ ਦਾ ਪ੍ਰਚਾਰ ਸੈਂਕੜੇ ਸਾਲ ਗੁਰੂ ਸਾਹਿਬਾਨ ਨੇ ਕਰਕੇ ਸਾਂਝੀਵਾਲਤਾ ਅਤੇ ਬਰਾਬਰਤਾ ਦਾ ਰਾਹ ਦੱਸਿਆ।” ਬਾਬਾ ਜੀ ਦੇ ਇਨ੍ਹਾਂ ਵਿਚਾਰਾਂ ਨੂੰ ਜਾਨਣ ਤੋਂ ਬਾਅਦ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਉਨ੍ਹਾਂ ਦੇ ਮਨ ਅੰਦਰ ਕਿਸ ਵਿਚਾਰਧਾਰਾ ਦੀ ਕਿਹੜੀ ਥਾਂ ਸੀ। ਹੁਣ ਕਾਮਰੇਡ ਇਹ ਦੱਸਣ ਕਿ ਪਿਛਲੇ ਸੱਠ ਸੱਤਰ ਸਾਲ ਤੋਂ ਪੰਜਾਬ ਦੇ ਲੋਕਾਂ ਨੂੰ ਜਿਹੜਾ ਇਹ ਝੂਠ ਬੋਲ ਰਹੇ ਹਨ ਕਿ ਗਦਰੀ ਬਾਬੇ ਕਮਿਊਨਿਸਟ ਪਹਿਲਾਂ ਸਨ ਤੇ ਸਿੱਖ ਬਾਅਦ ਵਿੱਚ ਅਤੇ ਸਿੱਖੀ ਸਿਰਫ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦਾ ਸਰੋਕਾਰ ਸੀ, ਉਸਦਾ ਹਿਸਾਬ ਕੌਣ ਦੇਵੇਗਾ? ਪਰਮਜੀਤ ਰੋਡੇ ਜੀ, ਤੁਸੀਂ ਹੁਣ ਦੱਸੋ ਕਿ ਇਹ ਕੁਫਰ ਤੋਲਣ ਲੱਗਿਆਂ ਕੀ ਤੁਸੀਂ ਲੋਕਾਂ ਨੂੰ ਬੁੱਧੂ ਸਮਝਿਆ ਸੀ? ਕੀ ਤੁਸੀਂ ਨਹੀਂ ਸੀ ਜਾਣਦੇ ਕਿ ਝੂਠ ਨੂੰ ਭਾਵੇਂ ਹਜ਼ਾਰ ਵਾਰ ਦੁਹਰਾਇਆ ਜਾਵੇ, ਉਹ ਸੱਚ ਨਹੀਂ ਬਣ ਸਕਦਾ ਅਤੇ ਆਖਰ ਸੱਚ ਦੇ ਪ੍ਰਕਾਸ਼ ਨੇ ਝੂਠ ਦੇ ਬੱਦਲਾਂ ਨੂੰ ਚੀਰ ਲੋਕਾਂ ਅੱਗੇ ਚਾਨਣ ਕਰਨਾ ਹੀ ਹੁੰਦਾ ਹੈ? ਕਾਮਰੇਡਾਂ ਵਲੋਂ ਕੀਤਾ ਗਿਆ ਸਿੱਖੀ ਨਾਲ ਵਿਸਾਹਘਾਤ ਸਿਰਫ ਸਿੱਖੀ ਦੇ ਹੀ ਖਿਲਾਫ ਨਹੀਂ ਸਗੋਂ ਇਸਨੇ ਪੰਜਾਬ ਦੀ ਧਰਤੀ ਅਤੇ ਇੱਥੇ ਵਸਦੇ ਕੁੱਲ ਵਰਗਾਂ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਇਨ੍ਹਾਂ ਨੇ ਪੰਜਾਬ ਦੀ ਸਿਰਜਣਾਤਮਕ ਸ਼ਕਤੀ ਨੂੰ ਵਰਗਲਾ ਕੇ ਪੰਜਾਬ ਦੇ ਹੀ ਹਿੱਤਾਂ ਦੇ ਖਿਲਾਫ ਵਰਤਿਆ। ਖੈਰ, ਇਸ ਖਿਆਲ ਦਾ ਵਿਸਥਾਰ ਕਿਸੇ ਵੱਖਰੇ ਲੇਖ ਵਿੱਚ ਕੀਤਾ ਜਾ ਸਕਦਾ ਹੈ।ਰੋਡੇ ਜੀ ਦੀਆਂ ਦਲੀਲਾਂ ਦਾ ਥੋਥਾਪਣ ਦੱਸਦਾ ਹੈ ਕਿ ਉਹ ਇਸ ਗੱਲ ਬਾਰੇ ਉੱਕਾ ਹੀ ਅਣਜਾਣ ਹਨ ਕਿ ਧਰਮ ਅਤੇ ਸਿਆਸਤ ਨੂੰ ਅੱਡ-ਅੱਡ ਕਰਨ ਦਾ ਖਿਆਲ ਉਪਜਿਆ ਕਿੱਥੋਂ? ਇਹ ਵਿਚਾਰ ਯੂਰੋਪੀਅਨ ਆਧੁਨਿਕ ਫਲਸਫੇ ਦਾ ਮੁੱਖ ਵਿਚਾਰ ਹੈ। ਰੋਡੇ ਜੀ ਪਤਾ ਨਹੀਂ ਕਿਵੇਂ ਇਸ ਗੱਲ ਨੂੰ ਸਵੈ-ਸਿੱਧ ਹੀ ਸਮਝੀ ਬੈਠੇ ਹਨ ਕਿ ਧਰਮ ਅਤੇ ਸਿਆਸਤ ਨੂੰ ਅਲੱਗ ਕਰਕੇ ਦੇਖਣਾ ਚੰਗੀ ਗੱਲ ਹੈ। ਉਹ ਇਹ ਕਿਵੇਂ ਨਜ਼ਰਅੰਦਾਜ਼ ਕਰ ਰਹੇ ਹਨ ਕਿ ਜਿਸ ਬਸਤੀਵਾਦ ਨੇ ਧਰਤੀ ਉੱਤੇ ਅਣਗਿਣਤ ਜ਼ੁਲਮ ਕਮਾਏ ਅਤੇ ਜਿਸ ਬਸਤੀਵਾਦ ਖਿਲਾਫ ਗਦਰੀ ਬਾਬਿਆਂ ਦਾ ਸੰਘਰਸ਼ ਸੇਧਤ ਸੀ, ਧਰਮ ਅਤੇ ਸਿਆਸਤ ਨੂੰ ਵੱਖ ਕਰਕੇ ਦੇਖਣ ਵਾਲਾ ਨਜ਼ਰੀਆ ਸਭ ਤੋਂ ਪਹਿਲਾਂ ਉਨ੍ਹਾਂ ਬਸਤੀਵਾਦੀਆਂ ਨੇ ਹੀ ਅਪਣਾਇਆ ਸੀ। ਗੈਰ-ਪੱਛਮੀ ਮੁਲਕਾਂ ਅੰਦਰ ਧਰਮ ਲੋਕਾਂ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਸੀ ਅਤੇ ਹੈ। ਜਦੋਂ ਬਸਤੀਵਾਦ ਆਇਆ ਤਾਂ ਲੋਕਾਂ ਨੇ ਇਸ ਦਾ ਵਿਰੋਧ ਆਪਣੀਆਂ ਧਾਰਮਿਕ ਪ੍ਰੰਪਰਾਵਾਂ ਵਿੱਚੋਂ ਪ੍ਰੇਰਨਾ ਲੈ ਕੇ ਕਰਨਾ ਸ਼ੁਰੂ ਕੀਤਾ। ਇਸ ਦੀ ਇੱਕ ਮਿਸਾਲ ਅਲਜੀਰੀਆ ਵਿੱਚ ਨੈਸ਼ਨਲ ਲਿਬਰੇਸ਼ਨ ਫਰੰਟ ਦਾ ਫਰਾਂਸੀਸੀ ਬਸਤੀਵਾਦ ਦੇ ਖਿਲਾਫ ਸੰਘਰਸ਼ ਹੈ। ਉੱਥੋਂ ਦੇ ਆਜ਼ਾਦੀ ਘੁਲਾਟੀਆਂ ਨੇ ਆਪਣਾ ਪ੍ਰੇਰਨਾ ਸਰੋਤ ਇਸਲਾਮ ਨੂੰ ਬਣਾਇਆ। ਧਰਮ ਨੂੰ ਲੋਕਾਂ ਦੀ ਜ਼ਿੰਦਗੀ ਵਿੱਚੋਂ ਮਨਫੀ ਕਰਨਾ ਬਸਤੀਵਾਦੀ ਹਾਕਮਾਂ ਨੂੰ ਰਾਸ ਆਉਂਦਾ ਸੀ, ਕਿਉਂਕਿ ਧਰਮ ਲੋਕਾਂ ਦੀ ਰਾਜਨੀਤਕ ਜਦੋਜਹਿਦ ਨੂੰ ਠੋਸ ਆਧਾਰ ਪ੍ਰਦਾਨ ਕਰਦਾ ਹੈ। ਇਸਲਾਮ ਅਤੇ ਸਿੱਖੀ ਦੇ ਸੰਦਰਭ ਵਿੱਚ ਇਸ ਗੱਲ ਦੇ ਮਾਅਨੇ ਹੋਰ ਵੀ ਵਧ ਜਾਂਦੇ ਹਨ ਕਿਉਂਕਿ ਇਨ੍ਹਾਂ ਧਰਮਾਂ ਦੇ ਬਾਨੀਆਂ ਨੇ ਖੁਦ ਜ਼ੁਲਮ ਦੇ ਖਿਲਾਫ ਸੰਘਰਸ਼ ਕਰ ਕੇ ਲੋਕਾਂ ਅੰਦਰ ਅਨਿਆਂ ਖਿਲਾਫ ਲੜਨ ਦਾ ਇੱਕ ਸਦੀਵੀ ਜਜ਼ਬਾ ਭਰ ਦਿੱਤਾ ਸੀ।ਦੂਸਰੀ ਗੱਲ ਇਹ ਹੈ ਕਿ ਸਾਮਰਾਜੀ ਅਤੇ ਸਮਾਜਵਾਦੀ ਦੋਵੇਂ ਕਿਸਮਾਂ ਦੇ ਬਸਤੀਵਾਦ ਪਿੱਛੇ ਆਧੁਨਿਕ ਫਲਸਫਾ ਕੰਮ ਕਰ ਰਿਹਾ ਹੈ। ਪੰਜਾਬ ਦੇ ਕਾਮਰੇਡਾਂ ਨੂੰ ਪੂੰਜੀਵਾਦੀ ਮੁਲਕਾਂ ਦਾ ਬਸਤੀਵਾਦ ਤਾਂ ਦਿਸਦਾ ਹੈ ਪਰ ਸਮਾਜਵਾਦੀ ਮੁਲਕਾਂ ਦੇ ਬਸਤੀਵਾਦ ਵਲੋਂ ਉਹ ਅੱਖਾਂ ਮੀਟੀ ਰੱਖਦੇ ਹਨ। ਰੂਸ ਨੇ ਜੋ ਕੁਝ ਚੈਕੋਸਲਵਾਕੀਆ ਅਤੇ ਅਫਗਾਨਿਸਤਾਨ ਵਿੱਚ ਕੀਤਾ, ਕੀ ਉਹ ਬਸਤੀਵਾਦ ਦਾ ਘਿਨਾਉਣਾ ਰੂਪ ਨਹੀਂ ਸੀ? ਰੂਸ ਦੇ ਕਮਿਊਨਿਸਟ ਸ਼ਾਸਕ ਸਟਾਲਿਨ ਨੇ ਕਰੋੜਾਂ ਲੋਕਾਂ ਨੂੰ ਕਤਲ ਕਰਕੇ ਅਤੇ ਲੇਬਰ ਕੈਂਪਾਂ ਵਿੱਚ ਤਸੀਹੇ ਦੇ ਕੇ ਕੀ ਬਸਤੀਵਾਦੀ ਹਾਕਮਾਂ ਨਾਲੋਂ ਘੱਟ ਗੁਜ਼ਾਰੀ ਸੀ? ਕਿਉਂ ਪੰਜਾਬ ਦੇ ਕਾਮਰੇਡ ਸਟਾਲਿਨ ਦੇ ਜ਼ੁਲਮਾਂ ਤੋਂ ਅੱਖਾਂ ਮੀਟ ਕੇ ਅੱਜ ਤੱਕ ਚੁੱਪ ਬੈਠੇ ਹਨ? ਜੇਕਰ ਗਦਰੀ ਬਾਬੇ ਸਟਾਲਿਨ ਦੇ ਰੂਸ ਵਿੱਚ ਹੁੰਦੇ ਤਾਂ ਉਨ੍ਹਾਂ ਦੀ ਸਾਂਝ ਟ੍ਰਾਟਸਕੀ, ਜਿਹੜਾ ਕਿ ਸਾਰੀ ਉਮਰ ਸਟਾਲਿਨ ਦੇ ਜ਼ੁਲਮਾਂ ਖਿਲਾਫ ਸੰਘਰਸ਼ ਕਰਦਾ ਰਿਹਾ ਸੀ?, ਨਾਲ ਹੋਣੀ ਸੀ ਨਾ ਕਿ ਸਟਾਲਿਨ ਨਾਲ। ਕਾਮਰੇਡਾਂ ਦਾ ਵਿਚਾਰਧਾਰਕ ਕੱਟੜਵਾਦ ਉਨ੍ਹਾਂ ਨੂੰ ਮਜ਼ਲੂਮ ਨਾਲੋਂ ਜ਼ਾਲਮ ਦੇ ਜ਼ਿਆਦਾ ਨੇੜੇ ਲਿਜਾ ਕੇ ਖੜ੍ਹਾ ਕਰ ਦਿੰਦਾ ਹੈ। ਇਸੇ ਵਿਚਾਰਧਾਰਕ ਕੱਟੜਵਾਦ ਨੇ ਗਦਰੀ ਬਾਬਿਆਂ ਤੋਂ ਬਾਅਦ ਸਿੱਖੀ ਨੂੰ ਤਿਲਾਂਜਲੀ ਦੇ ਕੇ ਇਸਦੇ ਵਿਰੁੱਧ ਨਫਰਤ ਦੀ ਭਾਵਨਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।ਤਾਕਤ ਦੇ ਹਰ ਸੰਘਰਸ਼ ਪਿੱਛੇ ਇੱਕ ਗਿਆਨ ਘੜਨ ਦੀ ਰਾਜਨੀਤੀ (Politics of Knowledge Formation) ਦੀ ਲੁਪਤ ਹੁੰਦੀ ਹੈ। ਉੱਤਰ-ਬਸਤੀਵਾਦੀ ਸੋਚ ਦਾ ਮੁੱਖ ਨਿਸ਼ਾਨਾ ਇਹੀ ਰਾਜਨੀਤੀ ਹੈ। ਮਿਸ਼ੇਲ ਫੂਕੋ ਅਤੇ ਉਸ ਤੋਂ ਬਾਅਦ ਐਡਵਰਡ ਸਈਦ ਨੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਇਹ ਸਾਬਤ ਕੀਤਾ ਹੈ ਕਿ ਗਿਆਨ ਸੱਤਾ ਦੇ ਇੱਕ ਔਜ਼ਾਰ ਵਜੋਂ ਕੰਮ ਕਰਦਾ ਹੈ ਅਤੇ ਸ਼ਾਸਿਤ ਲੋਕਾਂ ਦੇ ਦਮਨ ਨੂੰ ਅਦ੍ਰਿਸ਼ਟ ਅਤੇ ਵਧੇਰੇ ਖਤਰਨਾਕ ਬਣਾਉਂਦਾ ਹੈ। ਵੀਹਵੀਂ ਸਦੀ ਦੇ ਪੰਜਾਬ ਦਾ ਇਤਿਹਾਸ ਦੱਸਦਾ ਹੈ ਕਿ ਇੱਥੋਂ ਦੇ ਕਾਮਰੇਡ ਜਾਬਰ ਹਕੂਮਤ ਦੇ ਹੱਕ ਵਿੱਚ, ਉਨ੍ਹਾਂ ਦੇ ਬਸਤੀਵਾਦੀ ਗਿਆਨ-ਸ਼ਾਸਤਰ ਦੇ ਔਜ਼ਾਰ ਬਣ ਕੇ ਭੁਗਤੇ ਹਨ। ਇੱਥੇ ਇਹ ਗੱਲ ਵੀ ਧਿਆਨ ਵਿੱਚ ਰੱਖਣਯੋਗ ਹੈ ਕਿ ਗੈਰ-ਪੱਛਮੀ ਲੋਕਾਂ ਪ੍ਰਤੀ ਮਾਰਕਸ ਦਾ ਨਜ਼ਰੀਆ ਵੀ ਪੂਰਬਵਾਦੀ ਵਿਦਵਾਨਾਂ ਵਰਗਾ ਹੀ ਸੀ। ਆਪਣੀ ਕਿਤਾਬ 18th Brumaire of Louis Bonaparte ਵਿੱਚ ਗੈਰ-ਪੱਛਮੀ ਮੁਲਕਾਂ ਦੇ ਲੋਕਾਂ ਬਾਰੇ ਉਹ ਲਿਖਦਾ ਹੈ, “They cannot represent themselves, they must be represented.” ਭਾਵ ਇਹ ਕਿ ਗੈਰ-ਪੱਛਮੀ ਲੋਕ ਆਪਣੀ ਤਰਜ਼ਮਾਨੀ ਖੁਦ ਕਰਨ ਦੇ ਸਮਰੱਥ ਨਹੀਂ। ਇਹੀ ਵਿਚਾਰ ਸੀ ਜਿਹੜਾ ਬਸਤੀਵਾਦ ਦਾ ਧੁਰਾ ਸੀ ਕਿ ਗੈਰ-ਪੱਛਮੀ ਮੁਲਕਾਂ ਦੇ ਲੋਕ ਪੱਛਮੀ ਮੁਲਕਾਂ ਦੇ ਲੋਕਾਂ ਦੇ ਬਰਾਬਰ ਦਾ ਦਰਜਾ ਨਹੀਂ ਰੱਖਦੇ, ਇਸ ਲਈ ਪੱਛਮੀ ਮੁਲਕਾਂ ਦੇ ਲੋਕਾਂ ਨੂੰ ਹੱਕ ਹੈ ਕਿ ਉਨ੍ਹਾਂ ਉੱਤੇ ਰਾਜ ਕਰਨ। ਮਾਰਕਸ ਦੇ ਇਸ ਬਸਤੀਵਾਦੀ ਨਜ਼ਰੀਏ ਕਾਰਣ ਹੀ ਰੂਸੀ ਸਾਮਰਾਜ ਨੇ ਬਸਤੀਵਾਦੀ ਰੁਖ ਅਖਤਿਆਰ ਕੀਤਾ ਅਤੇ ਆਪਣੇ ਗੁਆਂਢੀ ਮੁਲਕਾਂ ਉੱਤੇ ਹਮਲੇ ਕਰਕੇ ਜ਼ੁਲਮ ਕਮਾਏ। ਮਾਰਕਸਵਾਦ ਵਿੱਚ ਅੰਨ੍ਹੀ ਸ਼ਰਧਾ ਰੱਖਣ ਵਾਲਿਆਂ ਨੂੰ ਇਸ ਸੱਚਾਈ ਦਾ ਸਾਹਮਣਾ ਕਰਨ ਦੀ ਲੋੜ ਹੈ।ਇੱਕ ਹੋਰ ਅਹਿਮ ਗੱਲ ਜਿਹੜੀ ਕਾਮਰੇਡ ਨਜ਼ਰ ਅੰਦਾਜ਼ ਕਰਦੇ ਹਨ, ਉਹ ਇਹ ਕਿ ਸਿੱਖੀ ਕੋਲ ਇੱਕ ਵਿਲੱਖਣ ਧਾਰਮਿਕ ਸਹਿਣਸ਼ੀਲਤਾ ਦੀ ਭਾਵਨਾ ਹੈ, ਜਿਹੜੀ ਕਿ ਅਖੌਤੀ ਆਧੁਨਿਕ ਧਰਮ ਨਿਰਪੱਖ ਫਲਸਫੇ ਕੋਲ ਵੀ ਨਹੀਂ ਹੈ। ਅੱਜ ਅਮਰੀਕਾ ਦੀ ਸਰਦਾਰੀ ਹੇਠ ਹੋ ਰਹੇ ਵਿਸ਼ਵੀਕਰਨ ਨੇ ਸੈਕੂਲਰਿਜ਼ਮ ਦੇ ਫਲਸਫੇ ਨੂੰ ਆਪਣਾ ਵਾਹਕ ਬਣਾਇਆ ਹੋਇਆ ਹੈ। ਪਰ ਇਹ ਫਲਸਫਾ ਸਿਰਫ ਦੇਖਣ ਨੂੰ ਹੀ ਧਰਮ ਨਿਰਪੱਖ ਹੈ। ਧਰਮ ਨਿਰਪੱਖਤਾ ਦੀ ਆੜ ਹੇਠ ਇਹ ਆਪਣੀ ਮੰਡੀ ਦਾ ਵਿਸਤਾਰ ਕਰ ਰਿਹਾ ਹੈ ਅਤੇ ਲੋਕਾਂ ਨੂੰ ਮਨੁੱਖਾਂ ਤੋਂ ਉਪਭੋਗੀ ਬਣਾ ਰਿਹੈ। ਇਹੀ ਹਾਲ ਸਮਾਜਵਾਦ ਦਾ ਸੀ। ਉਸ ਅੰਦਰ ਵੀ ਵਿਚਾਰਾਂ ਦੀ ਵਿਲੱਖਣਤਾ ਲਈ ਕੋਈ ਥਾਂ ਨਹੀਂ ਸੀ ਅਤੇ ਉਹ ਵੀ ਹਰ ਇੱਕ ਨੂੰ ਲਾਲ ਰੰਗ ਵਿੱਚ ਹੀ ਰੰਗਿਆ ਵੇਖਣਾ ਚਾਹੁੰਦਾ ਸੀ ਦੈਰਿਦਾ, ਲੈਵੀਨਾਸ, ਲਿਓਤਾਰਦ ਅਤੇ ਮਿਸ਼ੇਲ ਫੂਕੋ ਵਰਗੇ ਸਿਖਰ ਦੇ ਚਿੰਤਕਾਂ ਨੇ ਵੀ ਅੱਜ ਸਾਨੂੰ ਇਹ ਦਿਖਾ ਦਿੱਤਾ ਹੈ ਕਿ ਜਿਹੜੀ ਵੀ ਵਿਚਾਰਧਾਰਾ ਵਿਲੱਖਣਤਾ ਪ੍ਰਤੀ ਸਹਿਣਸ਼ੀਲਤਾ ਵਾਲਾ ਰਵੱਈਆ ਨਹੀਂ ਅਪਣਾਏਗੀ ਉਹੀ ਫਾਸ਼ੀਵਾਦ ਵਿੱਚ ਪਲਟ ਜਾਵੇਗੀ। ਸਿੱਖੀ ਦਾ ਇਤਿਹਾਸ ਦੱਸਦਾ ਹੈ ਕਿ ਸਿੱਖੀ ਅੰਦਰ ਮਜ਼ਬੀ ਤੁਅੱਸਬ ਦੀ ਕੋਈ ਥਾਂ ਨਹੀਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਵਿੱਚ ਹਿੰਦੂ, ਸਿੱਖਾਂ, ਮੁਸਲਮਾਨਾਂ ਅਤੇ ਈਸਾਈਆਂ ਨੂੰ ਆਪੋ-ਆਪਣੇ ਧਰਮਾਂ ਨੂੰ ਮੰਨਣ ਦੀ ਆਜ਼ਾਦੀ ਸੀ, ਇਸਦੀ ਉੱਘੀ ਮਿਸਾਲ ਹੈ। ਸਾਮਰਾਜਵਾਦ ਅਤੇ ਸਮਾਜਵਾਦ ਦੋਵੇਂ ਹੀ ਇਸ ਕਿਸਮ ਦੀ ਸਹਿਣਸ਼ੀਲਤਾ ਤੋਂ ਵਾਂਝੇ ਹਨ।ਇੱਕ ਹੋਰ ਮੁੱਦਾ ਜਿਹੜਾ ਰੋਡੇ ਹੁਰਾਂ ਉਠਾਇਆ ਹੈ, ਉਹ ਹੈ 1857 ਦੇ ਗਦਰ ਦਾ। ਇਸ ਗਦਰ ਦੌਰਾਨ ਸਿੱਖਾਂ ਦੇ ਰੋਲ ਨੂੰ ਉਦੋਂ ਦੀ ਇਤਿਹਾਸਕ ਸਥਿਤੀ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ। ਰੋਡੇ ਵਰਗੇ ਲੋਕਾਂ ਨੂੰ ਕਦੇ ਇਹ ਖਿਆਲ ਕਿਉਂ ਨਾ ਆਇਆ ਕਿ ਸਿੱਖਾਂ ਵਿਰੁੱਧ ਅੰਗਰੇਜ਼ਾਂ ਦੀਆਂ ਲੜਾਈਆਂ ਦੌਰਾਨ ਭਾਰਤੀਆਂ (ਪੂਰਬੀਆਂ) ਨੇ ਅੰਗਰੇਜ਼ਾਂ ਦੀ ਜਿਹੜੀ ਮੱਦਦ ਕੀਤੀ ਸੀ, ਉਹ ਹੀ ਸਿੱਖਾਂ ਦੇ ਰਾਜ ਦੇ ਖਾਤਮੇ ਦਾ ਕਾਰਣ ਬਣੀ ਸੀ? ਸਿੱਖਾਂ ਦਾ ਰਾਜ ਤਬਾਹ ਕਰਨ ਲਈ ਸਾਰੇ ਭਾਰਤ ਦੀਆਂ ਰਿਆਸਤਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ। ਕੀ ਕਿਸੇ ਕਾਮਰੇਡ ਇਤਿਹਾਸਕਾਰ ਨੇ ਇਸ ਤੱਥ ਨੂੰ ਆਪਣੀ ਲਿਖਤ ਵਿੱਚ ਕਦੇ ਮੰਨਿਆ ਹੈ? ਸ਼ਾਹ ਮੁਹੰਮਦ ਇਸੇ ਲਈ ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਨੂੰ ‘ਜੰਗ ਹਿੰਦ-ਪੰਜਾਬ’ ਦਾ ਨਾਂ ਦਿੰਦਾ ਹੈ। 1849 ਵਿੱਚ ਸਿੱਖਾਂ ਦਾ ਰਾਜ ਭਾਰਤੀਆਂ ਅਤੇ ਅੰਗਰੇਜ਼ਾਂ ਵਲੋਂ ਮਿਲ ਕੇ ਤਬਾਹ ਕੀਤਾ ਗਿਆ। 1857 ਦੇ ਗਦਰ ਨੂੰ ਇਸ ਪ੍ਰਸੰਗ ਵਿੱਚ ਹੀ ਸਮਝਿਆ ਜਾਣਾ ਚਾਹੀਦਾ ਹੈ। ਨਾਲੇ ਕਾਮਰੇਡਾਂ ਨੂੰ ਭਾਈ ਮਹਾਰਾਜ ਸਿੰਘ ਵਰਗੇ ਸੂਰਬੀਰ ਵਿਖਾਈ ਕਿਉਂ ਨਹੀਂ ਦਿੰਦੇ, ਜਿਨ੍ਹਾਂ ਨੇ 1849 ਤੋਂ ਬਾਅਦ ਅੰਗਰੇਜ਼ਾਂ ਦੇ ਖਿਲਾਫ ਆਪਣਾ ਸੰਘਰਸ਼ ਮਰਦੇ ਦਮ ਤੱਕ ਜਾਰੀ ਰੱਖਿਆ?ਅੱਜ ਸਮਾਂ ਇਹ ਮੰਗ ਕਰ ਰਿਹੈ ਕਿ ਵਿਚਾਰਧਾਰਕ ਸੰਕੀਰਣਤਾ ਦੀਆਂ ਵਲਗਣਾਂ ਵਿੱਚੋਂ ਬਾਹਰ ਆਇਆ ਜਾਵੇ। ਸਮਕਾਲੀ ਪ੍ਰਸਥਿਤੀਆਂ ਨੂੰ ਪਛਾਣਦੇ ਹੋਏ ਵਿਲੱਖਣਤਾ ਅਤੇ ਸਹਿਣਸ਼ੀਲਤਾ ਦੀਆਂ ਹਾਮੀ ਧਿਰਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਮਾਰਕਸਵਾਦ ਦੀ ਅਤਿ ਪੇਤਲੀ ਅਤੇ ਆਪਹੁਦਰੀ ਵਿਆਖਿਆ ਰਾਹੀਂ ਪੰਜਾਬ ਨਾਲ ਦਗਾ ਕੀਤਾ ਗਿਆ ਹੈ ਅਤੇ ਕਾਮਰੇਡਾਂ ਵਲੋਂ ਇਸ ਧਰਤੀ ਦੀ ਪੀੜ ਨੂੰ ਪਛਾਨਣ ਤੋਂ ਇਨਕਾਰ ਕੀਤਾ ਗਿਆ ਹੈ। ਪੰਜਾਬ ਦੇ ਕਾਮਰੇਡਾਂ ਨੂੰ ਅਮਰੀਕਾ ਦੇ ਜ਼ੁਲਮ ਤਾਂ ਦਿਸਦੇ ਹਨ, ਪਰ ਆਪਣੀਆਂ ਅੱਖਾਂ ਸਾਹਮਣੇ ਹਿੰਦੁਸਤਾਨੀ ‘ਲੋਕਤੰਤਰ’ ਵੱਲੋਂ ਕੀਤੇ ਜਾ ਰਹੇ ਅਥਾਹ ਜ਼ੁਲਮਾਂ ਦੇ ਖਿਲਾਫ ਉਨ੍ਹਾਂ ਦੇ ਮੂੰਹ ਕਿਉਂ ਸੀਤੇ ਜਾਂਦੇ ਹਨ?ਸਮੇਂ ਦੀ ਮੰਗ ਹੈ ਕਿ ਕਾਮਰੇਡ ਵੀਰ ਈਮਾਨਦਾਰੀ ਨਾਲ ਇਨ੍ਹਾਂ ਸਵਾਲਾਂ ਦੇ ਰੂਬਰੂ ਹੋਣ। 

ਤੁਸੀਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਸੰਬੰਧਤ ਉੱਪਰ ਦਿੱਤੀਆਂ ਦੋ ਤਸਵੀਰਾਂ ਬਾਰੇ ਕੀ ਸੋਚਦੇ ਹੋ ਅਤੇ ਪ੍ਰਭਸ਼ਰਨਬੀਰ ਸਿੰਘ ਦੇ ਉਪਰੋਕਤ ਲੇਖ ਬਾਰੇ ਤੁਹਾਡੇ ਕੀ ਖਿਆਲ ਹਨ ?ਆਪਣੇ ਵਿਚਾਰਾਂ ਤੋਂ ਜਾਣੂ ਜ਼ਰੂਰ ਕਰਾਉਣਾ--ਰੈਕਟਰ ਕਥੂਰੀਆ  

3 comments:

Rector Kathuria said...

Jaswant Singh Aman wrote on Facebook:Kathuria ji, most of the times all of us get emotional on such issues. Post independence nationalism blinds us; so does anti religion (particulrly anti sikh ) thoughts. Every body is interested in claiming the martyrs without adopting their philosophy. The box in your article only speaks of fight against injustice. Is it a sikh fight or hindu fight or communist fight? does it matter? but at present, none of the claimants of Bhagat Singh' legacy is fighting that battle!

Rector Kathuria said...

ਸਿੱਖ ਧਰਮ-ਸੰਵਾਦ wrote on Facebook:NICE WRK ...TNX JI .......SHARE KITA AAP JI NE SADE NAAL ..

Rector Kathuria said...

Iqbal Gill wrote on Facebook:ਸਿਧੀ ਜਿਹੀ ਗੱਲ ਹੈ ਜਦੋਂ ਸਾਡੇ ਕੋਲ ਅੱਜ ਦਾ ਕੁਝ ਦੱਸਣ ਲਈ ਨਹੀਂ ਹੁੰਦਾ ਅਸੀਂ ਇਤਿਹਾਸ ਦਾ ਦਹੁਰਾਉ ਕਰਕੇ ਆਪਣੀ ਹਉਮੇ ਨੂੰ ਖੜਾ ਰਖਣ ਦੀ ਕੋਸ਼ਿਸ਼ ਕਰਦੇ ਹਾਂ ਜਦਕਿ ਦੇਖਣਾ ਇਹ ਚਾਹੀਦਾ ਹੈ ਕਿ "ਇਤਿਹਾਸ ਤੋਂ ਸਿਖਕੇ ਅਸੀਂ ਅੱਜ ਕੀ ਕਰ ਰਹੇ ਹਾਂ ?" ਇਤਿਹਾਸ ਐਸੀ ਚੀਜ ਹੈ ਕਿ ਇਸ ਵਿਚ ਕਿੰਨਾ ਹੀ ਗਲਤ ਵੀ ਪੇਸ਼ ਕੀਤਾ ਹੁੰਦਾ ਹੈ ਅਜਿਹਾ ਅੱਗੇ ਵੀ ਹੁੰਦਾ ਰਹੇਗਾ ਇਸ ਲਈ ਸਚ ਦੇਖਣ ਲਈ ਵਰਤਮਾਨ ਹੀ ਕਸੌਟੀ ਰਹੇ ਚੰਗਾ | ਅਸਲ ਸਵਾਲ ਇਹ ਹੈ ਕਿ ਅੱਜ ਕੌਣ ਕੀ ਕਰ ਰਿਹਾ ਹੈ ? ਇਸਤੋਂ ਬਚਣ ਦਾ ਬਹੁਤ ਆਸਾਨ ਤਰੀਕਾ ਹੈ ਇਤਿਹਾਸ ਦਾ ਗੁਣਗਾਨ ਕਰਨਾ |