ਡਾਕਟਰ ਹਰਦੀਪ ਕੌਰ ਸੰਧੂ |
ਅੱਜ ਜਿਸ ਸ਼ਖਸੀਅਤ ਦੀ ਗੱਲ ਕਰ ਰਹੇ ਹਾਂ ਉਸ ਦਾ ਹਿੰਦੀ ਪ੍ਰੇਮ ਵੀ ਇੱਕ ਮਿਸਾਲ ਹੈ. ਜੱਟ ਜਿਮੀਦਾਰਾਂ ਦਾ ਪੰਜਾਬੀ ਘਰ ਪਰ ਹਿੰਦੀ ਤੇ ਪਕੜ ਏਨੀ ਕਿ ਸਾਰੇ ਦੰਗ ਰਹਿ ਗਏ. ਬਚਪਨ 'ਚ ਬਣੀ ਉਹ ਪਕੜ ਵੀ ਅਜੇ ਕਾਇਮ ਹੈ ਅਤੇ ਉਹ ਪ੍ਰੇਮ ਵੀ ਪਰ ਇਸ ਹਕੀਕਤ ਦੇ ਬਾਵਜੂਦ ਵੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨਾਲ ਬਣਿਆ ਜਨਮ ਜਨਮ ਦਾ ਰਿਸ਼ਤਾ ਕਦੇ ਕਮਜ਼ੋਰ ਨਹੀਂ ਪਿਆ. ਜੇ ਹਿੰਦੀ ਵਿੱਚ ਸ਼ਬਦੋਂ ਕਾ ਉਜਾਲਾ ਚੱਲ ਰਿਹਾ ਹੈ ਤਾਂ ਉਸਦੇ ਨਾਲ ਨਾਲ ਉਸ ਵੱਲੋਂ ਪੰਜਾਬੀ ਵਿੱਚ ਪੰਜਾਬੀ ਵਿਹੜਾ ਵੀ ਪੂਰੀ ਸ਼ਾਨ ਨਾਲ ਬਰਕਰਾਰ ਹੈ. ਬਰਨਾਲੇ ਦੀ ਜੰਮ ਪਲ ਹਰਦੀਪ ਸੰਧੂ ਅੱਜ ਕੱਲ ਸਿਡਨੀ ਵਿੱਚ ਹੈ.ਆਸਟਰੇਲੀਆ ਵਿੱਚ. ਬਨਸਪਤੀ ਵਿਗਿਆਨ ਵਿੱਚ ਪੀ ਐਚ ਡੀ ਕਰਨ ਮਗਰੋਂ ਡਾਕਟਰ ਹਰਦੀਪ ਕੌਰ ਸੰਧੂ ਬਣ ਚੁੱਕੀ ਹੈ. ਅਧਿਆਪਨ ਦਾ ਕਿੱਤਾ ਕਰਦਿਆਂ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਨਾਂ ਤਾਂ ਸਾਹਿਤ ਨਾਲ ਲਗਨ ਘੱਟ ਹੋਣ ਦਿੱਤੀ ਅਤੇ ਨਾਂ ਹੀ ਸਿਲਾਈ, ਕਢਾਈ, ਕਰਾਫਟ ਅਤੇ ਕੈਨਵਸ ਨਾਲ ਆਪਣਾ ਮੋਹ.ਲਓ ਹਰਦੀਪਬਾਰੇ ਕੁਝ ਹੋਰ ਗੱਲਾਂ ਉਸਦੀ ਆਪਣੀ ਜ਼ੁਬਾਨੀ...ਉਸਦੀ ਆਪਣੀ ਕਲਮ ਨਾਲ.
ਪਿਛਲੇ ਛੇ-ਸੱਤ ਸਾਲਾਂ ਤੋਂ ਦੇਸੋਂ ਬਾਹਰ ਰਹਿੰਦਿਆਂ ਇਉਂ ਲੱਗਿਆ ਜਿਵੇਂ ਲਿਖਣਾ ਭੁੱਲ ਗਈ ਹੋਵਾਂ। ਕਲਮ ਚੁੱਪ ਸੀ ਪਰ ਦਿਲ ‘ਚ ਲਿਖਣ ਦੀ ਚਿੰਗਾਰੀ ਸੁਲਘਦੀ ਰਹੀ। ਸੱਤ ਸਮੁੰਦਰੋਂ ਪਾਰ ਰਹਿੰਦੇ ਹੋਏ ਪੰਜਾਬੀ ਬੋਲੀ, ਪੰਜਾਬੀ ਪਹਿਰਾਵੇ ਅਤੇ ਆਪਣੇ ਸਭਿਆਚਾਰ ਨੂੰ ਜਿਉਂਦਾ ਰੱਖਣ ਦੀ ਤਾਂਘ ਹੋਰ ਪਕੇਰੀ ਹੁੰਦੀ ਗਈ।
ਮੇਰੀ ਲੇਖਣੀ ‘ਚ ਮੇਰੇ ਮਾਪਿਆਂ ਤੇ ਮੇਰੀ ਪੜਨਾਨੀ ਦਾ ਵੱਡਾ ਹੱਥ ਹੈ। ਨਾਨੀ ਨੂੰ ਤਾਂ ਮੈਂ ਵੇਖਿਆ ਹੀ ਨਹੀਂ। ਮੈਨੂੰ ਲੱਗਦਾ ਹੈ ਜੇ ਮੈਂ ਪੜਨਾਨੀ ਕੋਲ਼ ਨਾ ਰਹੀ ਹੁੰਦੀ ਤਾਂ ਮੈਂ ਸ਼ਾਇਦ ਕੁਝ ਵੀ ਨਾ ਲਿਖ ਪਾਉਂਦੀ। ਮੇਰੀ ਕਿਸੇ ਬਣਾਈ ਚੀਜ਼ ਨੂੰ ਸੁਧਾਰ ਕੇ ਮਾਂ ਕਹਿੰਦੀ ‘ਇਹ ਤਾਂ ਮੇਰੀ ਧੀ ਨੇ ਬਣਾਈ ਹੈ’ ਤੋਂ ਮਿਲੀ ਹੱਲਾਸ਼ੇਰੀ ਨੇ ਹੀ ਮੈਨੂੰ ਅੱਜ ਇਸ ਮੁਕਾਮ ‘ਤੇ ਪਹੁੰਚਾਇਆ ਹੈ। ਡੈਡੀ ਤੋਂ ਮੈਂ ਚਿੱਤਰਕਾਰੀ ਸਿੱਖੀ।
ਜ਼ਿੰਦਗੀ ਦੀਆਂ ਕੌੜੀਆਂ-ਮਿੱਠੀਆਂ ਯਾਦਾਂ ਨੂੰ ਸ਼ਬਦਾਂ ਦੀ ਲੜੀ ‘ਚ ਪਰੋਂਦੇ ਰਹੀਏ ਤਾਂ ਕਹਾਣੀ ਆਪਣੇ-ਆਪ ਹੀ ਬਣ ਜਾਂਦੀ ਹੈ। ਸਮਾਜ ‘ਚ ਵਿਚਰਦਿਆਂ, ਅਸੀਂ ਜੋ ਕੁਝ ਦੇਖਦੇ ਜਾਂ ਮਹਿਸੂਸ ਕਰਦੇ ਹਾਂ, ਨੂੰ ਕਾਗਜ਼ ਦੀ ਹਿੱਕ ‘ਤੇ ਉਤਾਰਨਾ ਵੀ ਇੱਕ ਕਲਾ ਹੈ। ਇਸ ਸੂਖਮ ਕਲਾ ਦਾ ਬੀਜ ਅੱਜ ਤੋਂ ਦੋ ਕੁ ਦਹਾਕੇ ਪਹਿਲਾਂ ਅੱਸੀਵਿਆਂ ‘ਚ ਕਾਲਜ ਪੜਦਿਆਂ, ਮੇਰੇ ਅੰਦਰ ਅਜੇ ਪੁੰਗਰਨ ਹੀ ਲੱਗਾ ਸੀ ਕਿ ਕਿਸੇ ਤੱਤੇ ਪਾਰਖੂ ਨੇ ਆਵਦੇ ਹੀ ਅੰਦਾਜ਼ ‘ਚ ਤਾਰੀਫ਼ ਕਰਦਿਆਂ ਕਿਹਾ ਸੀ, ” ਇਸ ਉਮਰੇ ਹਰ ਕੋਈ ਆਪਣੇ ਆਪ ਨੂੰ ਲੇਖਕ ਜਾਂ ਸ਼ਾਇਰ ਸਮਝਦਾ।” ਮਨ ‘ਤੇ ਡੂੰਘਾ ਅਸਰ ਹੋਇਆ। ਜ਼ਿੰਦਗੀ ਦੇ ਥਪੇੜਿਆਂ ਨੇ ਤਾਣਾ-ਬਾਣਾ ਐਸਾ ਉਲਝਾਇਆ ਕਿ ਮੁੜ ਕੁਝ ਨਾ ਲਿਖਿਆ।
ਇੱਕ ਔਰਤ ਲੇਖਕ ਲਈ ਸਾਹਿਤਕ ਰੁਚੀਆਂ ਉਸ ਦੀ ਜ਼ਿੰਦਗੀ ਨੂੰ ਫਤਹਿ ਕਰਨ ਵਾਲ਼ੀ ਪੌੜੀ ਦੇ ਆਖਰੀ ਟੰਬੇ ‘ਤੇ ਬੈਠੀਆਂ ਦਮ ਤੋੜਦੀਆਂ ਨਜ਼ਰ ਆਉਂਦੀਆਂ ਨੇ। ਸਮਾਜਕ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਦੱਬੀ ਉਹ ਕਈ ਵਾਰ ਜੀਵਨ ਦੀਆਂ ਲੁਕਵੀਆਂ ਪਰਤਾਂ ਨੂੰ ਬਿਆਨਣ ਤੋਂ ਵੀ ਝਿਜਕਦੀ ਹੈ। ਮੈਂ ਵੀ ਰਵਾਇਤੀ ਪੰਜਾਬੀ ਪਰਿਵਾਰ ਨਾਲ਼ ਸਬੰਧ ਰੱਖਦੀ ਹਾਂ। ਮੇਰੇ ਅੰਦਰ ਵੀ ਇੱਕ ਰਵਾਇਤੀ ਔਰਤ ਬੈਠੀ ਹੈ।
ਦਰਅਸਲ ਹਰਦੀਪ ਨੇ ਸਿੱਖ ਲਿਆ ਹੈ ਕਿ ਜ਼ਿੰਦਗੀ ਦੀ ਅਸ਼ਾਂਤੀ ਚੋਂ ਵੀ ਸ਼ਾਂਤੀ ਕਿੰਝ ਤਲਾਸ਼ ਕਰਨੀ ਹੈ, ਜੇ ਮੌਤ ਵੀ ਸਾਹਮਣੇ ਆ ਜਾਏ ਤਾਂ ਉਸਨੂੰ ਜ਼ਿੰਦਗੀ ਵਿੱਚ ਕਿਵੇਂ ਬਦਲਣਾ ਹੈ, ਉਹ ਅਸਮਾਨ ਨੂੰ ਵੀ ਕਲਾਵੇ ਵਿੱਚ ਲੈਣ ਦੀ ਕਲਾ ਵਿੱਚ ਨਿਪੁੰਨ ਹੋ ਗਈ ਹੈ. ਹੁਣ ਉਸ ਲਈ ਬਰਨਾਲੇ ਅਤੇ ਸਿਡਨੀ ਵਿਚਲੀ ਦੂਰੀ ਕਦੇ ਵੀ ਕੋਈ ਦੀਵਾਰ ਨਹੀਂ ਬਣਦੀ.ਲਓ ਉਸਦੀ ਕਵਿਤਾ ਦਾ ਰੰਗ ਵੀ ਦੇਖੋ.
ਇਸ ਵਿੱਚ ਵੀ ਹਰਦੀਪ ਦੀ ਕਵਿਤਾ--ਨਾਗਪੁਰ ਤੋਂ ਛਪਦੇ ਇਸ ਪਰਚੇ ਵਿੱਚ ਕਈ ਪ੍ਰਸਿਧ ਹਿੰਦੀ ਲੇਖਕ ਵੀ ਛਪ ਚੁੱਕੇ ਹਨ. 144 ਸਫਿਆਂ ਦਾ ਇਹ ਵਿਸ਼ੇਸ਼ਾਂਕ 45 ਹਜ਼ਾਰ ਦੀ ਗਿਣਤੀ 'ਚ ਪ੍ਰਕਾਸ਼ਿਤ ਹੋਇਆ ਸੀ. |
3 comments:
nice one.
Dr. Hardeep Ji,
Vadhaai hove. Punjabi Screen Padan to baad aapji de jivan bare jaankari mili. Kalam de sipahi oh duniya de kisi vi konech rehn taa vi oh chup nahin reh sakde, Sahitya de naal aap da prem aur apne desh, samaj nu na puldeya, apne vatan to dur reh ke vi,tusi her vele kuchh nava karan di soch, eh bahut khusi di gal hai, Tusi isi tarah taraqqi karde raho, agey vaddey raho.....NAVA SAAL DI SHUBHKAAMNA 2010
ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ
ਕਿਸਮਤ ਤੋਂ ਜ਼ਿਆਦਾ ਕੁਝ ਨਹੀਂ ਮਿਲਦਾ
ਪਿਆਰ ਬਜ਼ਾਰੋਂ ਮੁੱਲ ਨਹੀਂ ਮਿਲ਼ਦਾ
ਮੱਥਾ ਰਗੜਕੇ ਖੁਦਾ ਨਹੀਂ ਮਿਲਦਾ !
Surinder Ratti
Mumbai
ਕਥੂਰੀਆ ਸਾਹਿਬ,
ਪੰਜਾਬੀ ਵਿਹੜੇ ਦੀ ਚਰਚਾ ਪੰਜਾਬ ਸਕਰੀਨ 'ਤੇ ਕਰਕੇ ਤੁਸਾਂ ਨੇ ਮੈਨੂੰ ਨਿ:ਸ਼ਬਦ ਕਰ ਦਿੱਤਾ । ਮੇਰੇ ਕੋਲ਼ ਸ਼ਬਦ ਨਹੀਂ ਹਨ ਆਪ ਦਾ ਸ਼ੁਕਰੀਆ ਕਰਨ ਲਈ। ਆਵਦੀਆਂ ਹੀ ਭੁੱਲੀਆਂ-ਵਿਸਰੀਆਂ ਯਾਦਾਂ ਨੂੰ ਮੁੜ ਤੋਂ ਸਜੀਵ ਕਰਨ ਦਾ ਹੀ ਉਪਰਾਲਾ ਕਰਦਾ ਹੈ ਇਹ ਪੰਜਾਬੀ ਵਿਹੜਾ । ਅੱਜ ਤੋਂ ਤਕਰੀਬਨ ਸਾਲ ਕੁ ਪਹਿਲਾਂ ਸ਼ੁਰੂ ਕੀਤਾ ਏਸ ਬਲਾਗ 'ਤੇ ਮੇਰੀਆਂ ਉਮੀਦਾਂ ਤੋਂ ਵੱਧ ਕੇ ਰੌਣਕਾਂ ਲੱਗੀਆਂ । ਇਹ ਸਭ ਪੰਜਾਬੀ ਪਾਠਕਾਂ ਦੇ ਨਿੱਘੇ ਪਿਆਰ ਤੇ ਹੁੰਗਾਰੇ ਦਾ ਹੀ ਨਤੀਜਾ ਹੈ।
ਮੈਂ ਵਿਸ਼ੇਸ਼ ਤੌਰ 'ਤੇ ਡਾ. ਸੁਸ਼ੀਲ ਰਹੇਜਾ ਤੇ ਸੁਰਿੰਦਰ ਰੱਤੀ ਜੀ ਦਾ ਵੀ ਧੰਨਵਾਦ ਕਰਦੀ ਹਾਂ।
ਆਸ ਕਰਦੀ ਹਾਂ ਏਸ ਵਿਹੜੇ ਏਸ ਨਵੇਂ ਸਾਲ ਹੋਰ ਪਾਠਕ ਆਉਣਗੇ ਤੇ ਰੌਣਕਾਂ ਵਧਾਉਣਗੇ।
ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ !
ਹਰਦੀਪ ਕੌਰ ਸੰਧੂ (ਬਰਨਾਲ਼ਾ)
Post a Comment