ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਯੋਗ ਸਾਧਨਾ ਵਿੱਚ ਵੀ ਦਿਖਾਈ ਵਧੀਆ ਕਾਰਗੁਜ਼ਾਰੀ
ਹਾਲਾਂਕਿ ਨਸ਼ਿਆਂ ਅਤੇ ਅਸ਼ਲੀਲਤਾ ਦੀ ਹਨੇਰੀ ਪੂਰੇ ਜੋਰਾਂ ਤੇ ਵਾਗ ਰਹੀ ਹੈ ਫਿਰ ਵੀ ਸਿਹਤਮੰਦ ਸੋਚ ਰੱਖਣ ਵਾਲਿਆਂ ਨੇ ਅਜੇ ਹਾਰ ਨਹੀਂ ਮੰਨੀ. ਅਧਿਆਤਮ ਦੇ ਨਾਲ ਗਤਕੇਬਾਜ਼ੀ, ਯੋਗ ਸਾਧਨਾ ਅਤੇ ਹੋਰ ਉਸਾਰੂ ਉਪਰਾਲੇ ਵੀ ਜਾਰੀ ਹਨ. ਜਦੋਂ ਪਿਛਲੇ ਦਿਨੀਂ ਗਾਜ਼ੀਆਬਾਦ ਵਿੱਚ ਯੋਗ ਸਾਧਨਾ ਦੇ ਕੌਮੀ ਮੁਕ਼ਾਬਲਿਆਂ ਦਾ ਆਯੋਜਨ ਹੋਇਆ ਤਾਂ ਇਹਨਾਂ ਵਿੱਚ ਪੰਜਾਬ ਤੋਂ ਗਈ ਟੀਮ ਨੇ ਵੀ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ. ਮੁਕਾਬਲਿਆਂ ਤੋਂ ਬਾਅਦ ਜਦੋਂ ਇਹ ਟੀਮ ਪੰਜਾਬ ਪਰਤੀ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਵਿਖੇ ਇਸਦਾ ਸਵਾਗਤ ਬੜੇ ਹੀ ਜੋਸ਼ੋ ਖਰੋਸ਼ ਨਾਲ ਕੀਤਾ ਗਿਆ. ਟੀਮ ਦੇ ਨਾਲ ਗਏ ਇੰਚਾਰਜ ਅਤੇ ਕੋਚ ਸੂਰਯਾ ਵੇਦਾਂਤ ਨੇ ਟੀਮ 'ਚ ਸ਼ਾਮਿਲ ਮੈਂਬਰਾਂ ਦੀ ਕਾਰਗੁਜ਼ਾਰੀ ਬਾਰੇ ਮੀਡੀਆ ਨੂੰ ਵੀ ਦੱਸਿਆ. ਮਾਸਟਰ ਤਾਰਾ ਸਿੰਘ ਮੈਮੋਰੀਅਲ ਸਕੂਲ ਦੀ ਵਿਦਿਆਰਥਣ ਸ਼ਿਵਾਨੀ, ਸੱਤਪਾਲ ਮਿੱਤਲ ਸਕੂਲ ਦੀ ਵਿਦਿਆਰਥਣ ਦਾਮਿਨੀ, ਬੀ ਸੀ ਐਮ ਸਕੂਲ ਦੀ ਵਿਦਿਆਰਥਣ ਮਾਨਿਅਤਾ ਨੇ ਤਮਗੇ ਜਿੱਤ ਕੇ ਸੂਬੇ ਦਾ ਨਾਮ ਰੋਸ਼ਨ ਕੀਤਾ. ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਵਿੱਚ ਸਰਕਾਰੀ ਸਕੂਲ ਦੀ ਗੀਤੂ, ਬੀ ਸੀ ਐਮ ਸਕੂਲ ਦੀ ਹੀ ਮੁਸਕਾਨ ਅਤੇ ਅੰਜੁਮ ਨੇ ਵੀ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਕਾਇਲ ਕੀਤਾ. ਸੋਮਵਾਰ 2 ਨਵੰਬਰ 2010 ਨੂੰ ਜਦੋਂ ਇਹ ਟੀਮ ਵਾਪਿਸ ਪੁੱਜੀ ਤਾਂ ਟੀਮ ਦੇ ਇਹਨਾਂ ਮੈਂਬਰਾਂ ਨੂੰ ਇਕਠਿਆਂ ਦੇਖ ਕੇ ਸਾਡੇ ਮਿੱਤਰ ਸੰਜੇ ਸੂਦ ਨੇ ਤੁਰੰਤ ਆਪਣਾ ਕੈਮਰਾ ਕਢਿਆ ਅਤੇ ਇਹਨਾਂ ਪਲਾਂ ਨੂੰ ਹਮੇਸ਼ਾਂ ਲਈ ਯਾਦਗਾਰੀ ਬਣਾ ਦਿੱਤਾ. --ਰੈਕਟਰ ਕਥੂਰੀਆ
No comments:
Post a Comment