Monday, November 22, 2010

26 ਤੱਕ ਪੰਜਾਬ ਵਿੱਚ ਸਰਗਰਮ ਓਸ਼ੋ ਦਾ ਕਾਰਵਾਂ-ਏ-ਪੰਜਾਬ

ਇਨਸਾਨ ਜੇ ਲੋੜ ਪੈਣ ਤੇ ਕਦੇ ਦਵਾਈ ਲੈਂਦਾ ਹੈ ਤਾਂ ਕਦੇ ਨਹੀ ਪੁਛਦਾ ਕਿ ਇਹ ਦਵਾਈ ਹਿੰਦੂ ਹੈ ਜਾਂ ਮੁਸਲਿਮ, ਸਾਹ ਲੈਣ ਵੇਲੇ ਵੀ ਕਦੇ ਨਹੀਂ ਪੁਛਦਾ ਕਿ ਇਹ ਹਵਾ ਕ੍ਰਿਸਚੀਅਨ ਹੈ ਜਾਂ ਸਿੱਖ. ਨੀਂਦ ਆਉਣ ਤੇ ਵੀ ਕਦੇ ਨਹੀਂ ਪੁਛਦਾ ਕਿ ਇਹ ਕਿਸ ਮਜ਼ਹਬ ਦੀ ਹੈ. ਉਹ ਭੁੱਖ ਲੱਗਣ ਤੇ ਵੀ ਕਦੇ ਉਸਦੀ ਜਾਤ ਜਾਂ ਧਰਮ ਨਹੀਂ ਪੁਛਦਾ ਪਰ ਜਦੋਂ ਸੁਆਲ ਆਉਂਦਾ ਹੈ ਜ਼ਿੰਦਗੀ ਦੀ ਕਲਾ ਸਿੱਖਨ  ਦਾ  ਤਾਂ ਉਹ ਕਈ ਸੁਆਲ ਖੜੇ ਕਰਦਾ ਹੈ.ਕਦੇ ਇਲਾਕੇ ਦੇ, ਕਦੇ ਮਜ਼ਹਬ ਦੇ, ਕਦੇ ਬੋਲੀ ਦੇ, ਕਦੇ ਧਰਮ ਦੇ.... ਜਦਕਿ ਜ਼ਿੰਦਗੀ ਦੀਆਂ ਅਸਲੀ ਗੱਲਾਂ ਇਸਤੋਂ ਕਿਤੇ ਉੱਚੀਆਂ ਹੁੰਦੀਆਂ ਹਨ. ਇਹਨਾਂ ਸਾਰੀਆਂ ਜ਼ੰਜੀਰਾਂ ਤੋਂ ਆਜ਼ਾਦ ਹੁੰਦੀਆਂ ਹਨ ਜਿਵੇਂ ਫੁੱਲਾਂ ਦੀ ਮਹਿਕ, ਸੂਰਜ ਦੀ ਧੁੱਪ, ਚੰਦ੍ਰਮਾ ਦੀ ਰੋਸ਼ਨੀ.ਓਸ਼ੋ ਦੇ ਇਸ ਸੁਨੇਹੇ ਨੂੰ ਇੱਕ ਵਾਰ ਫੇਰ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਪੂਰੇ ਪੰਜਾਬ ਵਿੱਚ ਇਕ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ ਕਾਰਵਾਂ -ਪੰਜਾਬ ਦੇ ਨਾਮ ਨਾਲ. ਸੱਤ ਨਵੰਬਰ  ਨੂੰ ਬਠਿੰਡਾ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਕਾਰਵਾਂ ਅਬੋਹਰ, ਮਲੋਟ, ਮੁਕਤਸਰ, ਜੈਤੋਂ, ਸੰਗਰੂਰ, ਪਟਿਆਲਾ, ਬਰਨਾਲਾ ਅਤੇ ਲੁਧਿਆਣਾ ਤੋਂ ਹੁੰਦਾ ਹੋਇਆ ਹੁਣ 23  ਨਵੰਬਰ  2010 ਤੱਕ ਅੰਮ੍ਰਿਤਸਰ ਵਿੱਚ ਓਸ਼ੋ ਦੇ ਸਦਾ ਬਹਾਰ ਸੁਨੇਹੇ ਦੀ ਮਹਿਕ ਵੰਡੇਗਾ. ਅੰਮ੍ਰਿਤਸਰ ਤੋਂ ਬਾਅਦ 24 ਨੂੰ ਨਗਰ ਕੀਰਤਨ ਅਤੇ ਸੰਧਿਆ ਸਤਸੰਗ ਹੋਏਗਾ ਜਲੰਧਰ ਵਿੱਚ ਅਤੇ ਆਖਿਰੀ ਪੜਾਅ ਹੋਏਗਾ 25 ਅਤੇ 26 ਨਵੰਬਰ ਨੂੰ ਚੰਡੀਗੜ੍ਹ ਵਿੱਚ. ਇਹਨਾਂ ਸਮਾਗਮਾਂ ਵਿੱਚ ਤੁਹਾਡੀ ਮੁਲਾਕਾਤ ਮਾਂ ਪ੍ਰੇਮ ਆਭਾ ਨਾਲ ਵੀ ਹੋਏਗੀ, ਮਾਂ ਦਿਵ੍ਯਮ ਨਿਸ਼ਠਾ ਨਾਲ ਵੀ, ਸਵਾਮੀ ਪ੍ਰੇਮ ਸ਼ਰਵਨ ਨਾਲ ਵੀ, ਸਵਾਮੀ ਵੀਤਰਾਗ ਭਾਰਤੀ ਨਾਲ ਵੀ ਅਤੇ ਸਵਾਮੀ ਅੰਤਰ ਜਗਦੀਸ਼ ਨਾਲ ਵੀ. ਇਹ ਸਾਰੇ ਆਪਣੇ ਆਪਣੇ ਅਨੁਭਵਾਂ ਦੇ ਅਧਾਰ ਤੇ ਦਸਣਗੇ ਕਿ ਧਾਰਮਿਕ ਜਾਂ ਮਜ਼ਹਬੀ ਨਾਮ ਤੋਂ ਬਿਨਾ ਵੀ ਕਿਵੇਂ ਧਾਰਮਿਕਤਾ ਨਾਲ ਜੁੜਿਆ ਜਾ ਸਕਦਾ ਹੈ. --ਰੈਕਟਰ ਕਥੂਰੀਆ 



No comments: