Tuesday, November 16, 2010

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ

ਸ਼ਹੀਦ ਸ: ਕਰਤਾਰ ਸਿੰਘ ਸਰਾਭਾ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ 
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਹਨਾਂ ਦੇਸ਼ ਸੇਵਾ'ਚ ਪੈਰ ਪਾਇਆ
ਓਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ |

ਕੁੱਝ ਸ਼ਖ਼ਸ ਅਜਿਹੇ ਹੁੰਦੇ ਨੇ ਜਿਹਨਾਂ ਵਿਚ ਕੁੱਝ ਨਾ ਕੁੱਝ ਕਰ ਮਰਨ ਦਾ ਜਜ਼ਬਾ ਹੁੰਦਾ ਹੈ | ਓਹ ਪਾਗਲ ਹੁੰਦੇ ਨੇ ਜਾਂ ਨਹੀਂ, ਮੈਨੂੰ ਨਹੀਂ ਪਤਾ, ਪਰ ਓਹਨਾਂ ਵਿੱਚ ਕੁੱਝ ਵਿਲੱਖਣ ਗੱਲ ਜ਼ਰੂਰ ਹੁੰਦੀ ਹੈ ਜਿਸ ਕਰਕੇ ਓਹ ਲੋਕ-ਮਨਾਂ ਵਿੱਚ ਧੁਰ ਅੰਦਰ ਤੱਕ ਵੱਸ ਜਾਂਦੇ ਹਨ | ਅਜਿਹੀਆਂ ਕਈ ਸਖਸ਼ੀਅਤਾਂ ਅਤੇ ਲੋਕਾਂ ਵਿਚੋਂ ਇਕ ਚਿਹਰਾ ਸੀ ਜਿਸਨੇ ਬਹੁਤ ਹੀ ਛੋਟੀ ਉਮਰ ਵਿਚ ਬਹੁਤ ਹੀ ਵੱਡੀ ਮੱਲ ਮਾਰੀ |

ਕਰਤਾਰ ਸਿੰਘ ਸਰਾਭਾ (1896 - 1915)

ਮਹਿਜ਼ 19 ਸਾਲ ਦੀ ਉਮਰ ਵਿਚ ਸ਼ਹੀਦ ਨੇ ਫਾਂਸੀ ਦੇ ਰੱਸੇ ਨੂੰ ਗਲ ਲਾਇਆ ਅਤੇ ਫਿਰ ਜਨਮ ਲੈ ਕੇ ਦੇਸ਼ ਅਜ਼ਾਦ ਕਰਾਉਣ ਦੀ ਗਲ ਕਹੀ | ਚੜਦੀ ਜਵਾਨੀ ਵਿੱਚ ਪੈਰ ਧਰ ਰਹੇ ਇੱਕ ਨੌਜਵਾਨ ਗੱਭਰੂ ਨੇ ਆਪਣਾ ਆਪਾ ਦੇਸ਼ ਦੇ ਲੇਖੇ ਲਾ ਦਿੱਤਾ |

ਮੁੱਢਲਾ ਸੰਘਰਸ਼ :
  
ਸ਼ਹੀਦ ਸ: ਕਰਤਾਰ ਸਿੰਘ ਸਰਾਭਾ ਜੀ ਨੇ 24 ਮਈ, 1896 ਈ: ਨੂੰ ਇਸ ਦੁਨੀਆ ਵਿੱਚ ਪੈਰ ਪਾ ਕੇ ਸ: ਮੰਗਲ ਸਿੰਘ ਜੀ ਦੇ ਘਰ ਨੂੰ ਭਾਗ ਲਾਏ | ਓਹਨਾਂ ਦਾ ਜਨਮ ਜਿਲ੍ਹਾ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ “ਸਰਾਭਾ” ਵਿੱਚ ਹੋਇਆ | ਬਚਪਨ ਵਿੱਚ ਓਹਨਾ ਦੇ ਦੋਸਤਾਂ ਨੇ ਓਹਨਾ ਦੇ ਤੇਜ਼ ਦੌੜਾਕ ਹੋਣ ਕਰਕੇ ਓਹਨਾ ਦਾ ਨਾਮ “ਅਫਲਾਤੂਨ” ਰੱਖਿਆ ਹੋਇਆ ਸੀ | ਓਹਨਾ ਦੇ ਬਚਪਨ ਵਿੱਚ ਹੀ ਓਹਨਾ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ | ਫਿਰ ਆਪ ਜੀ ਦੀ ਦੇਖ-ਭਾਲ ਆਪ ਜੀ ਦੇ ਦਾਦਾ ਜੀ ਨੇ ਕੀਤੀ | ਆਪ ਜੀ ਨੇ ਆਪਣੀ ਦਸਵੀਂ ਜਮਾਤ ਦੀ ਪੜ੍ਹਾਈ ਲਈ ਲੁਧਿਆਣੇ ਦੇ “ਮਾਲਵਾ ਖਾਲਸਾ ਹਾਈ ਸਕੂਲ” ਵਿੱਚ ਦਾਖਲਾ ਲਿਆ ਅਤੇ ਦਸਵੀਂ ਵਿੱਚ ਹੀ ਆਪ ਜੀ ਨੂੰ ਆਪਣੇ ਚਾਚਾ ਜੀ ਨਾਲ ਓੜੀਸਾ ਜਾਣਾ ਪਿਆ |

ਕਾਲਜ ਅਤੇ ਉਚੇਰੀ ਵਿਦਿਆ ਲਈ ਅਮਰੀਕਾ ਜਾਣਾ:
ਸ਼ਹੀਦ ਦਾ ਘਰ 
ਸਕੂਲ ਤੋਂ ਬਾਅਦ ਆਪ ਜੀ ਨੇ ਕਾਲਜ ਵਿੱਚ ਦਾਖਲਾ ਲਿੱਤਾ | ਉਚੇਰੀ ਵਿਦਿਆ ਲਈ ਆਪ ਜੀ ਨੂੰ ਅਮਰੀਕਾ ਭੇਜਿਆ ਗਿਆ | 1912 ਵਿੱਚ ਆਪ ਜੀ  San Francisco ਸ਼ਹਿਰ ਵਿੱਚ ਸਮੁੰਦਰੀ ਜਹਾਜ਼ ਰਾਹੀਂ ਪੁੱਜੇ |  ਓਥੇ ਆਪ ਜੀ ਨੇ California ਦੀ  Berkeley University ਵਿੱਚ chemistry ਵਿਸ਼ੇ ਦੀ ਡਿਗਰੀ ਲਈ ਦਾਖਲਾ ਲਿਆ | ਪੜ੍ਹਾਈ ਦੇ ਨਾਲ-ਨਾਲ ਆਪ ਨੇ ਖਰਚਾ ਚਲਾਉਣ ਲਈ ਕਮਾਈ ਵੀ ਕੀਤੀ | ਆਪ ਜੀ ਨੇ Central California ਵਿੱਚ ਫਲਾਂ ਦੇ ਬਾਗਾਂ ਵਿੱਚ ਫਲ ਤੋੜਨ ਦੀ ਨੌਕਰੀ ਕੀਤੀ ਅਤੇ ਜਦੋਂ ਵੀ ਆਪ ਕਿਸੇ ਭਾਰਤੀ ਨਾਲ ਮਿਲਦੇ ਤਾਂ ਆਪਣੇ ਦੇਸ਼ ਨੂੰ ਅਜ਼ਾਦ ਕਰਾਉਣ ਬਾਰੇ ਗਲ ਕਰਦੇ ਰਹਿੰਦੇ |
                                       ਓਥੇ ਆਪ ਜੀ ਨਾਲ ਇਕ ਬਹੁਤ ਹੀ ਘਟੀਆ ਤਜ਼ਰਬਾ ਵਾਪਰਿਆ | ਜਦੋਂ ਆਪ ਜੀ San Francisco ਪਹੁੰਚੇ ਤਾਂ ਓਥੇ ਅਮਰੀਕਨ ਸਿਪਾਹੀਆਂ ਦਾ ਭਾਰਤੀਆਂ ਪ੍ਰਤੀ ਰਵੱਈਆ ਦੇਖਿਆ | ਓਥੇ ਪਹੁੰਚੇ ਬਾਕੀ ਗੈਰ ਭਾਰਤੀ ਮੁਸਾਫ਼ਿਰਾਂ ਨੂੰ ਨਾਂ-ਮਾਤਰ ਜਿਹੇ ਸੁਰੱਖਿਆ ਇਮਤਿਹਾਨਾਂ ਵਿਚੋਂ ਗੁਜ਼ਰਨਾ ਪਿਆ ਪਰ ਭਾਰਤੀਆਂ ਨੂੰ ਬੜੇ ਹੀ ਕਠਿਨ ਸੁਰੱਖਿਆ ਇਮਤਿਹਾਨਾਂ ਵਿਚੋਂ ਗੁਜਾਰਿਆ | ਇਸ ਗਲ ਨੇ ਆਪ ਜੀ ਦੇ ਮੰਨ'ਤੇ ਬਹੁਤ ਅਸਰ ਕੀਤਾ | ਜਦੋਂ ਆਪ ਜੀ ਨੇ ਕਿਸੇ ਮੁਸਾਫ਼ਿਰ ਤੋਂ ਪੁਛਿਆ ਤਾਂ ਆਪ ਜੀ ਨੂੰ ਦੱਸਿਆ ਗਿਆ ਕਿ ਅਮਰੀਕਾ ਵਿੱਚ ਗ਼ੁਲਾਮ ਦੇਸ਼ ਦੇ ਨਾਗਰਿਕਾਂ ਨਾਲ ਇਹੋ ਜਿਹਾ ਹੀ ਸਲੂਕ ਕੀਤਾ ਜਾਂਦਾ ਹੈ | ਇਸ ਗਲ ਤੋਂ ਆਪ ਜੀ ਨੂੰ ਅਮਰੀਕਨਾ ਦਾ ਭਾਰਤੀਆਂ ਪ੍ਰਤੀ ਨਜ਼ਰਿਆ ਪਤਾ ਲੱਗਿਆ | ਓਥੇ ਆਪ ਜੀ ਨੂੰ ਇਸ ਗਲ ਦੀ ਰਮਜ਼ ਪਈ ਕਿ ਗੁਲਾਮੀ ਸਭ ਤੋਂ ਵੱਡਾ ਸਰਾਪ ਹੈ |

ਗਦਰ ਪਾਰਟੀ ਅਤੇ ਅਖਬਾਰ:

21 ਅਪ੍ਰੈਲ 1913 ਈ:  ਨੂ ਆਪ ਜੀ ਨੇ ਲਾਲਾ ਹਰਦਿਆਲਪੰਡਿਤ ਜਗਤ ਰਾਮ ਰਿਹਾਨਾਭਾਈ ਜਵਾਲਾ ਸਿੰਘ ਨਾਲ ਮਿਲ ਕੇ ਅਮਰੀਕਾ ਵਿੱਚ ਇਕ ਕ੍ਰਾਂਤੀਕਾਰੀ ਪਾਰਟੀ ਦਾ ਗਠਨ ਕੀਤਾ | ਇਸ ਪਾਰਟੀ ਦਾ ਨਾਮ “ਗਦਰ ਪਾਰਟੀ” ਰੱਖਿਆ ਗਿਆ | ਇਸ ਪਾਰਟੀ ਦਾ ਮੁੱਖ ਮੰਤਵ ਭਾਰਤ ਨੂੰ ਅੰਗਰੇਜ਼ਾਂ ਦੀ ਕੈਦ ਤੋਂ ਮੁਕਤ ਕਰਾਉਣਾ ਸੀ | ਓਸ ਪਾਰਟੀ ਦਾ ਨਾਅਰਾ ਸੀ “ਦੇਸ਼ ਦੀ ਅਜ਼ਾਦੀ ਲਈ ਆਪਣਾ ਸਭ ਕੁਝ ਦਾਅ’ਤੇ ਲਾ ਦਿਓ |”  1 ਨਵੰਬਰ  1913 ਈ: ਨੂੰ ਗਦਰ ਪਾਰਟੀ ਨੇ ਹੀ ਗਦਰ ਨਾਮ ਦਾ ਅਖਬਾਰ ਛਾਪਣਾ ਸ਼ੁਰੂ ਕੀਤਾ | ਇਹ ਅਖਬਾਰ ਪੰਜਾਬੀਹਿੰਦੀਉਰਦੂਬੰਗਾਲੀਗੁਜਰਾਤੀ ਅਤੇ ਪੁਸ਼ਤੋ ਭਾਸ਼ਾਵਾਂ ਵਿੱਚ ਛਾਪਿਆ ਜਾਂਦਾ ਸੀ | ਇਸ ਅਖਬਾਰ ਦਾ ਸਾਰਾ ਕੰਮ ਆਪ ਜੀ ਨੇ ਹੀ ਸੰਭਾਲਿਆ | ਇਹ ਅਖਬਾਰ ਦੁਨੀਆ ਦੇ ਹਰ ਇਕ ਕੋਨੇ ਵਿੱਚ ਵੱਸ ਰਹੇ ਭਾਰਤੀ ਤੱਕ ਭੇਜਿਆ ਜਾਂਦਾ | ਇਸ ਅਖਬਾਰ ਦਾ ਮਕਸਦ ਅੰਗਰੇਜ਼ਾਂ ਦੀ ਅਸਲ ਸੱਚਾਈ ਤੋਂ ਵਾਕਫ ਕਰਾਉਣਾ, ਭਾਰਤੀਆਂ'ਤੇ ਮਿਲਟਰੀ ਟ੍ਰੇਨਿੰਗ ਦੇ ਨਾਮ'ਤੇ ਤਸ਼ੱਦਦ ਕਰਨਾ ਅਤੇ ਹਥਿਆਰਾਂ ਦੀ ਗਲਤ ਵਰਤੋਂ ਵਰਗੇ ਝੂਠਾਂ ਤੋਂ ਅੰਗਰੇਜ਼ਾਂ ਦੇ ਮੂੰਹ ਤੋਂ ਪਰਦਾ ਚੁੱਕਣਾ ਸੀ |

ਪੰਜਾਬ ਵਿੱਚ ਵਿਦਰੋਹ:

1914 ਈ: ਵਿੱਚ ਪਹਿਲੀ ਵਿਸ਼ਵ ਜੰਗ ਦੇ ਸ਼ੁਰੂ ਹੁੰਦਿਆਂ ਆਪ ਜੀ ਤੇ ਆਪ ਜੀ ਦੀ ਪਾਰਟੀ ਨੇ ਵੀ ਅੰਗਰੇਜ਼ਾਂ ਵਿਰੁੱਧ ਖੁੱਲੇ-ਆਮ ਵਿਦਰੋਹ ਛੇੜ ਦਿੱਤਾ | ਇਸ ਸੰਦਰਭ ਵਿੱਚ ਆਪ Sri Lanka ਦੀ ਰਾਜਧਾਨੀ colombo ਦੇ ਰਸਤਿਓਂ ਭਾਰਤ ਆਏ |15 ਸਤੰਬਰ 1914 ਈ:, ਆਪ ਜੀ ਦਾ ਅਮਰੀਕਾ ਵਿੱਚ ਅਖੀਰਲਾ ਦਿਨ ਸੀ | ਆਪ ਜੀ ਦੇ ਨਾਲ-ਨਾਲ ਹੋਰ ਵੀ ਕ੍ਰਾਂਤੀਕਾਰੀ ਵਾਪਿਸ ਭਾਰਤ ਪਰਤ ਆਏ ਅਤੇ ਕਈ ਵਾਪਿਸ ਆਉਣ ਦੀਆਂ ਤਿਆਰੀਆਂ ਵਿੱਚ ਜੁਟ ਗਏ | ਹਿੰਦੁਸਤਾਨ ਪਹੁੰਚ ਕੇ ਆਪ ਜੀ ਨੂੰ ਗਦਰ ਪਾਰਟੀ ਦੇ ਮਕਸਦ ਨੂੰ ਪੰਜਾਬ ਵਿੱਚ ਵਧਾਉਣ ਦਾ ਜਿੰਮਾ ਦਿੱਤਾ ਗਿਆ | ਇਸ ਸੰਦਰਭ ਵਿੱਚ ਆਪ ਜੀ ਨੇ ਪੰਜਾਬ ਦੀਆਂ ਫੌਜੀ ਛਾਉਣੀਆਂ ਵਿੱਚ ਗਦਰ ਅਖਬਾਰ ਦੀਆਂ ਹਜ਼ਾਰਾਂ ਕਾਪੀਆਂ ਵੰਡੀਆਂ ਅਤੇ ਪਿੰਡਾਂ ਵਿੱਚ ਵੀ ਰੱਜ ਕੇ ਇਸ ਦਾ ਪ੍ਰਚਾਰ ਕੀਤਾ | ਇਸੇ ਹੀ ਸੰਦਰਭ ਵਿੱਚ ਆਪ ਜੀ ਬੰਗਾਲ ਗਏ ਅਤੇ ਓਥੇ ਆਪ ਜੀ ਦਾ ਮੇਲ ਵਿਸ਼ਨੂੰ ਗਣੇਸ਼ ਪਿੰਗਲੇਸਚਿੰਦਰਾ ਨਾਥ ਸਾਨਿਆਲਅਤੇ ਰਾਸ਼ ਬਿਹਾਰੀ ਬੋਸ ਨਾਲ ਹੋਇਆ | ਪਿੰਗਲੇ ਜੀ ਦੇ ਨਾਲ ਆਪ ਜੀ ਨੇ ਮੇਰਠਆਗਰਾਬਨਾਰਸਅਲਾਹਾਬਾਦ,ਅੰਬਾਲਾਲਹੌਰ ਅਤੇ ਰਾਵਲਪਿੰਡ ਦੀਆਂ ਫੌਜੀ ਛਾਉਣੀਆਂ ਦਾ ਦੌਰਾ ਕੀਤਾ ਅਤੇ ਓਥੋਂ ਦੇ ਸਿਪਾਹੀਆਂ ਨੂੰ ਅੰਗਰੇਜ਼ਾਂ ਵਿਰੱਧ ਲੜਨ ਲਈ ਤਿਆਰ ਕੀਤਾ |  ਪੰਜਾਬ ਵਿੱਚ ਹੀ ਆਪ ਜੀ ਨੇ ਇਕ ਬੰਬ ਤਿਆਰ ਕਰਨ ਵਾਲੀ ਫੈਕਟਰੀ ਲਾਈ | ਇਹ ਫੈਕਟਰੀ ਆਪ ਜੀ ਨੇ ਝਾਬੇਵਲ ਅਤੇ ਲੋਹਟਬੱਧੀ ਪਿੰਡ ਵਿੱਚ ਲਾਈ | ਉਸ ਫੈਕਟਰੀ ਦੀ ਆਰਥਿਕ ਸਹਾਇਤਾ ਲਈ ਆਪ ਜੀ ਨੇ 1915 ਈ: ਵਿੱਚ ਸਾਹਨੇਵਾਲ ਅਤੇ ਮਨਸੂਰਾਂ ਵਰਗੇ ਪਿੰਡਾਂ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਓਹਨਾ ਲੋਕਾਂ ਦੇ ਘਰਾਂ ਵਿੱਚ ਡਾਕੇ ਮਾਰਨੇ ਸ਼ੁਰੂ ਕੀਤੇ ਜੋ ਲੋਕ ਅੰਗਰੇਜ਼ੀ ਸ਼ਾਸਨ ਦੇ ਰੱਜ ਕੇ ਹਿਮਾਇਤੀ ਸਨ | ਇਹਨਾ ਡਾਕਿਆਂ ਨਾਲ ਆਪ ਜੀ ਪਾਰਟੀ ਦੀ ਆਰਥਿਕਤਾ ਲਈ ਵੀ ਫੰਡ ਇਕੱਠੇ ਕਰਦੇ ਰਹੇ | 
                                                                                                                                 ਇੱਕ ਵਾਰ ਆਪ ਜੀ ਇੱਕ ਪਿੰਡ ਵਿੱਚ ਡਾਕਾ ਮਾਰਨ ਗਏ | ਓਥੇ ਇੱਕ ਬਹੁਤ ਹੀ ਸੁੰਦਰ ਕੁੜੀ ਨੂੰ ਦੇਖ ਕੇ ਆਪ ਜੀ ਦੇ ਇਕ ਸਾਥੀ ਦਾ ਮੰਨ ਡੋਲ ਗਿਆ | ਉਸ ਨੇ ਉਸ ਦੀ ਬਾਂਹ ਫੜ ਲਈ | ਇਹ ਸਭ ਆਪ ਜੀ ਨੂੰ ਚੰਗਾ ਨਹੀਂ ਲੱਗਿਆ | ਆਪ ਜੀ ਨੇ ਆਪਣੀ ਬੰਦੂਕ ਆਪਣੇ ਸਾਥੀ ਦੀ ਕੰਨ-ਪਟੀ’ਤੇ ਰੱਖ ਦਿੱਤੀ ਤੇ ਕਿਹਾ, “ਤੂੰ ਇਹ ਕਰ ਕੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ, ਤੇਰਾ ਗੁਨਾਹ ਬਹੁਤ ਹੀ ਸੰਗੀਨ ਹੈ | ਤੈਨੂੰ ਇਸਦੀ ਸਜ਼ਾ ਮਿਲਣੀ ਚਾਹੀਦੀ ਹੈ | ਤੈਨੂੰ ਇਸ ਕੁੜੀ ਦੇ ਪੈਰਾਂ ਵਿੱਚ ਝੁੱਕ ਕੇ ਮੁਆਫੀ ਮੰਗਣੀ ਪਵੇਗੀ | ਜੇ ਇਹ ਤੈਨੂੰ ਮੁਆਫ ਕਰ ਦੇਣਗੇ ਤਾਂ ਮੈਂ ਵੀ ਤੈਨੂੰ ਮੁਆਫ ਕਰ ਦੇਵਾਂਗਾ |”

        ਇਸ ਤਰਾਂ ਆਪ ਜੀ ਨੇ ਆਪਣੀ ਸੁੱਚੀ ਨੀਅਤ ਅਤੇ ਸੋਚ ਦਾ ਵੀ ਸਬੂਤ ਦਿੱਤਾ | ਇਹਨਾਂ ਡਾਕਿਆਂ ਵਿੱਚ ਆਪ ਜੀ ਦੇ 2 ਗਦਰੀ ਸਾਥੀ ਵਰਿਆਮ ਸਿੰਘ ਅਤੇ ਭਾਈ ਰਾਮ ਰੱਖਾ ਸ਼ਹੀਦ ਹੋ ਗਏ | 25 ਜਨਵਰੀ 1915 ਈ: ਨੂੰ ਰਾਸ਼ ਬਿਹਾਰੀ ਬੋਸਜੀ ਦੇ ਅੰਮ੍ਰਿਤਸਰ ਪੁੱਜਣ'ਤੇ ਗਦਰ ਪਾਰਟੀ ਦੀ ਇਕ ਮੀਟਿੰਗ ਹੋਈ ਅਤੇ ਉਸ ਮੀਟਿੰਗ ਵਿੱਚ  21 ਫਰਵਰੀ 1915 ਈ: ਵਾਲੇ ਦਿਨ ਨੂੰ ਵਿਦਰੋਹ ਦੀ ਸ਼ੁਰੂਆਤ ਵਾਲੇ ਦਿਨ ਵਜੋਂ ਐਲਾਨਿਆ ਗਿਆ ਤੇ ਇਹ ਯੋਜਨਾ ਬਣਾਈ ਗਈ ਕਿ ਮੀਆਂ ਮੀਰ ਤੇ ਫਿਰੋਜਪੁਰ ਛਾਉਣੀਆਂ ਨੂੰ ਅੰਗਰੇਜਾਂ ਦੇ ਚੁੰਗਲ ਤੋਂ ਅਜ਼ਾਦ ਕਰਾਉਣ ਤੋਂ ਬਾਅਦ ਅੰਬਾਲਾ ਅਤੇ ਦਿੱਲੀ ਵਾਲ ਵਧਿਆ ਜਾਵੇਗਾ |

ਹਿੰਦੀ ਪੁਸਤਕ
ਗੱਦਾਰੀ:  

ਉਸ ਪਾਰਟੀ ਵਿੱਚ ਅੰਗਰੇਜ਼ੀ ਸਰਕਾਰ ਦਾ ਇੱਕ ਮੁਖਬਰ ਕਿਰਪਾਲ ਸਿੰਘ ਵੀ ਸ਼ਾਮਿਲ ਸੀ | ਪਰ ਇਸ ਗਲ ਬਾਰੇ ਆਪ ਜੀ ਨੂੰ ਪਤਾ ਲੱਗ ਗਿਆ ਅਤੇ ਆਪ ਜੀ ਨੇ ਵਿਦਰੋਹ ਦੀ ਤਰੀਕ 21 ਫਰਵਰੀ ਤੋਂ ਬਦਲ ਕੇ 19 ਫਰਵਰੀ ਕਰ ਦਿੱਤੀ | ਪਰ ਕਿਸੇ ਨਾ ਕਿਸੇ ਤਰੀਕੇ ਉਸ ਮੁਖਬਰ ਨੇ ਇਹ ਖ਼ਬਰ ਵੀ ਅੰਗਰੇਜ਼ੀ ਸਰਕਾਰ ਤੱਕ ਪਹੁੰਚਾ ਦਿੱਤੀ ਅਤੇ ਪੁਲਿਸ ਨੇ ਕਈ ਗਦਰੀਆਂ ਨੂੰ ਗਿਰਫਤਾਰ ਕਰ ਲਿਆ ਅਤੇ ਵਿਦਰੋਹ ਕਾਮਯਾਬ ਨਾ ਹੋ ਸਕਿਆ |

ਸ਼ਹਾਦਤ:
ਅਖੀਰ 2 ਮਾਰਚ 1915 ਈ:, ਨੂੰ ਪੁਲਿਸ ਨੇ ਚੱਕ, ਨੰ. 5, ਜਿਲ੍ਹਾ ਲਾਇਲਪੁਰ ਤੋਂ ਰਿਸਾਲਦਾਰ ਗੰਡਾ ਸਿੰਘਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਵਰਗੇ ਗਦਰੀਆਂ ਸਮੇਤ ਆਪ ਜੀ ਨੂੰ ਗਿਰਫਤਾਰ ਕਰ ਲਿਆ ਅਤੇ ਆਪ ਜੀ ਦੇ ਵਿਰੁਧ "ਲਾਹੌਰ ਬਗਾਵਤ" ਦਾ ਕੇਸ ਪਾਇਆ ਗਿਆ | ਅਦਾਲਤ ਨੇ ਆਪ ਜੀ ਨੂੰ ਸਾਰੇ ਗਦਰੀਆਂ ਤੋਂ ਵੱਧ ਖਤਰਨਾਕ ਮੰਨਦਿਆਂ ਹੋਇਆਂ ਆਪ ਜੀ ਨੂੰ ਫਾਂਸੀ ਦੀ  ਸਜ਼ਾ ਸੁਣਾ ਦਿੱਤੀ | ਆਪ ਜੀ 16 ਨਵੰਬਰ 1915 ਈ: ਨੂੰ ਲਹੌਰ ਦੀ ਸੈਂਟਰਲ ਜੇਲ ਵਿੱਚ ਸ਼ਹਾਦਤ ਦਾ ਜਾਮ ਪੀਤਾ |

ਸ਼ਰਧਾਂਜਲੀ:

ਆਪ ਜੀ ਸ਼ਹਾਦਤ ਤੋਂ ਬਾਅਦ ਬਹਾਦੁਰੀ ਦੀ ਇੱਕ ਮਿਸਾਲ ਬਣ ਗਏ | ਆਪ ਜੀ ਦੀ ਸ਼ਹੀਦੀ ਨੇ ਨੌਜਵਾਨਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ | ਓਹਨਾਂ ਹੀ ਨੌਜਵਾਨਾਂ ਵਿਚੋਂ ਇੱਕ ਸੀ ਸ: ਸ਼ਹੀਦ  ਭਗਤ ਸਿੰਘ | ਓਹ ਵੀ ਆਪ ਜੀ ਨੂੰ ਆਪਣਾ ਗੁਰੂ ਮੰਨਦੇ ਸਨ ਤੇ ਆਪ ਜੀ ਦੇ ਕਦਮਾਂ'ਤੇ ਚੱਲ ਕੇ ਓਹਨਾਂ ਨੇ ਵੀ ਸ਼ਹੀਦੀ ਜਾਮ ਪੀਤਾ ਅਤੇ ਆਪ ਜੀ ਨੂੰ ਸ਼ਰਧਾਂਜਲੀ ਦਿੱਤੀ |

ਆਪ ਜੀ ਦੀ ਯਾਦ ਵਿੱਚ ਪੰਜਾਬੀ ਦੇ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਜੀ ਨੇ ਆਪ ਜੀ ਨੂੰ ਸਮਰਪਿਤ ਇਕ ਨਾਵਲ “ਇੱਕ ਮਿਆਨ ਦੋ ਤਲਵਾਰਾਂ" ਲਿਖਿਆ |    -- ਸਤਿੰਦਰ ਸ਼ਾਹ ਸਿੰਘ

 ਸਮਾਜ ਦੀ ਪ੍ਰਗਤੀ ਦਾ ਧਿਆਨ ਬਹੁਤ ਹੀ ਗੰਭੀਰਤਾ ਨਾਲ ਰੱਖਣ ਵਾਲੇ  ਪੰਜਾਬੀ ਦੇ ਸਾਹਿਤਕਾਰ ਸਤਿੰਦਰ ਸਿੰਘ ਸ਼ਾਹ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਯਾਦ ਕਰਦਿਆਂ ਜਿੱਥੇ ਉਪਰੋਕਤ ਲੇਖ ਲਿਖਿਆ ਹੈ ਉਥੇ ਇੱਕ ਕਵਿਤਾ ਵੀ ਭੇਜੀ  ਹੈ. ਲਓ ਪੜ੍ਹੋ ਇਹ ਕਵਿਤਾ.

ਵਿਕਾਸ ਕਰੋ
ਪੈਸੇ ਢਿਡੀਂ ਨਾ ਪਾਓ,
ਜਨਤਾ ਦਾ
ਹੱਕ ਮਾਰ ਕੇ
ਆਪਣਾ ਘਰ ਨਾ ਚਲਾਓ,
ਸ਼ਹੀਦੀਆਂ ਦਾ
ਰਤਾ ਖਿਆਲ ਤਾਂ ਕਰ ਲਵੋ |
ਭਾਵੇਂ ਸਾਡੇ ਬੁੱਤ
ਨਾ ਬਣਾਓ,
ਪਰ
ਵਿੱਠਾਂ ਦੀ ਕਰੀਰ ਤਾ ਨਾ ਖੁਆਓ |


 ਤੁਹਾਨੂੰ ਉੱਪਰ ਦਿੱਤਾ ਲੇਖ ਅਤੇ ਇਹ ਕਵਿਤਾ ਕਿਹੋ ਜਹੇ ਲੱਗੇ ਜ਼ਰੂਰ ਦੱਸਣਾ. ਤੁਸੀਂ ਇਸ ਬਾਰੇ ਰਚਨਾ ਦੇ ਅਖੀਰ ਵਿੱਚ ਕੋਮੈੰਟ ਬਾਕਸ ਵਿੱਚ ਜਾ ਕੇ ਵੀ ਦਸ ਸਕਦੇ ਹੋ ਪਰ ਜੇ ਕੋਈ ਤਕਨੀਕੀ ਦਿੱਕਤ ਆਵੇ ਤਾਂ ਵਿਚਾਰ ਭੇਜਣ ਲਈ ਪਤਾ ਹੈ: punjabscreen@gmail.com ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ.  --ਰੈਕਟਰ ਕਥੂਰੀਆ 

1 comment:

Anonymous said...

Rector ji mere likhe lekh nu apne blog vich jagah den layi bahut bahut dhanvaad .