Wednesday, November 17, 2010

ਪੱਤਰਕਾਰੀ ਚ ਆਏ ਨਿਘਾਰ ਨੂੰ ਬੇਨਕਾਬ ਕਰਦੀ ਪੁਸਤਕ "ਪੱਤਰਕਾਰ ਦੀ ਮੌਤ"

ਕੋਈ ਜ਼ਮਾਨਾ ਸੀ  ਜਦੋਂ ਲੋਕ ਪੱਤਰਕਾਰਾਂ ਨੂੰ ਮਿਲਣ, ਉਹਨਾਂ ਨੂੰ ਇੱਕ ਨਜ਼ਰ ਦੇਖਣ, ਉਹਨਾਂ ਦੇ ਨੇੜੇ ਹੋਣ ਅਤੇ ਉਹਨਾਂ ਨਾਲ ਸਮਾ ਬਤੀਤ ਕਰਨ ਲਈ ਮੌਕਾ ਭਾਲਿਆ ਕਰਦੇ ਸਨ. ਪੱਤਰਕਾਰਾਂ ਨਾਲ ਨੇੜਤਾ ਨੂੰ ਬਹੁਤ ਹੀ ਫਖਰ ਨਾਲ ਬਿਆਨਿਆ ਜਾਂਦਾ ਸੀ. ਜਦੋਂ ਕੋਈ ਪੱਤਰਕਾਰ ਕਿਸੇ ਸੰਘਰਸ਼ ਵਾਲੀ ਥਾਂ ਤੇ ਪੁੱਜਦਾ ਤਾਂ ਅੰਦੋਲਨਕਾਰੀਆਂ ਦੇ ਚਿਹਰੇ ਚਮਕ ਉੱਠਦੇ. ਉਹਨਾਂ ਨੂੰ ਆਪਣੀ ਭੁੱਖ, ਪਿਆਸ, ਥਕਾਵਟ ਅਤੇ ਲਾਠੀ ਚਾਰਜ ਦੀਆਂ ਸੱਟਾਂ ਦੇ ਦੁੱਖ ਵੀ ਭੁਲ ਜਾਂਦੇ. ਉਹਨਾਂ ਨੂੰ ਆਪਣਾ ਸੰਘਰਸ਼ ਜਿੱਤ ਦੇ ਨੇੜੇ ਹੋਇਆ ਪ੍ਰਤੀਤ ਹੁੰਦਾ. ਕਵਰੇਜ ਵਾਲੇ ਇਲਾਕੇ ਵਿੱਚ ਵਿਚਰਦਿਆਂ ਪੱਤਰਕਾਰ ਦੀ ਆਓਭਗਤ ਲਈ  ਅਮੀਰਾਂ ਦੇ ਨਾਲ ਨਾਲ ਗਰੀਬ ਘਰਾਂ ਵਾਲੇ ਵੀ ਕਾਹਲੇ ਹੁੰਦੇ. ਉਸ ਜ਼ਮਾਨੇ ਵਿੱਚ  ਰੇਡੀਓ ਦਾ ਬੋਲਬਾਲਾ ਸੀ ਅਤੇ  ਅਖਬਾਰਾਂ ਦੀ ਗਿਣਤੀ ਵੀ ਘੱਟ ਹੁੰਦੀ ਸੀ. ਉਹਨਾਂ ਅਖਬਾਰਾਂ ਲਈ ਕੰਮ ਕਰਦੇ ਪੱਤਰਕਾਰਾਂ ਦੀ ਜ਼ਿੰਦਗੀ ਵੀ ਆਮ ਤੌਰ ਤੇ ਇੱਕੋ ਅਖਬਾਰ ਨਾਲ ਜੁੜਿਆਂ ਹੀ ਬਤੀਤ ਹੋ ਜਾਂਦੀ. ਡਾਕ ਦੇ ਨਾਲ ਨਾਲ ਟੈਲੀਗ੍ਰਾਮਾਂ ਅਤੇ ਫੋਨ ਰਾਹੀਂ ਖਬਰਾਂ ਭੇਜਣ ਵਾਲੇ ਉਸ ਯੁਗ ਵਿੱਚ ਜੋ ਖਬਰਾਂ ਲੋਕਾਂ ਸਾਹਮਣੇ ਆਈਆਂ ਉਹਨਾਂ ਨੂੰ ਦੇਖ ਪੜ੍ਹ ਕੇ ਕਿਹਾ ਜਾ ਸਕਦਾ ਹੈ ਕਿ ਉਹ ਪੱਤਰਕਾਰੀ ਦਾ ਇੱਕ ਸੁਨਹਿਰੀ ਯੁਗ ਸੀ.ਹੋਲੀ ਹੋਲੀ ਫੈਕਸ ਆਈ, ਮੋਡਮ ਆਇਆ, ਕੈਮਰੇ ਆਏ, ਨਵੇਂ ਚੈਨਲ ਅਤੇ ਅਖਬਾਰਾਂ ਨੇ ਨਵੀਆਂ ਪ੍ਰੰਪਰਾਵਾਂ ਪਾਈਆਂ ਪਰ ਇਸਦੇ ਨਾਲ ਨਾਲ ਇੱਕ ਪ੍ਰਦੂਸ਼ਣ  ਜਿਹਾ ਕਦੋਂ ਆ ਗਿਆ ਇਸਦਾ ਸ਼ਾਇਦ ਕਿਸੇ ਨੂੰ ਵੀ ਪਤਾ ਹੀ ਨਹੀਂ ਲੱਗਿਆ. ਗਿਫਟ ਕਲਚਰ ਅਤੇ ਪੇਡ ਖਬਰਾਂ ਦੇ ਸਿਲਸਿਲੇ ਦੀ ਸ਼ੁਰੂਆਤ ਨੇ ਇੱਕ ਅਜਿਹਾ ਅਜਗਰ ਸਭ ਦੇ ਸਾਹਮਣੇ ਲਿਆਂਦਾ ਜਿਸਨੇ ਉਸ ਸੁਨਹਿਰੀ ਯੁਗ ਦੇ ਨਾਲ ਨਾਲ ਉਸਦੀਆਂ ਯਾਦਾਂ ਨੂੰ ਵੀ ਨਿਗਲਨਾਂ ਸ਼ੁਰੂ ਕਰ ਦਿੱਤਾ. ਹੁਣ ਪੱਤਰਕਾਰੀ ਅਤੇ ਪੱਤਰਕਾਰਾਂ ਦਾ ਜੋ ਹਾਲ ਹੈ ਇਸਦੀ ਚਰਚਾ ਵੱਡੇ ਪਧਰ ਤੇ ਹੋਣ ਲੱਗ ਪਈ ਹੈ. ਹਿੰਦੀ ਵਿੱਚ ਇਹ ਅਵਾਜ਼ ਜਿਆਦਾ ਬੁਲੰਦ ਹੋਈ ਹੈ ਪਰ ਹੁਣ ਪੰਜਾਬੀ ਪੱਤਰਕਾਰੀ ਵਿੱਚ ਵੀ ਇਸਦੀ ਸ਼ੁਰੂਆਤ ਹੋ ਗਈ ਹੈ. ਪਟਿਆਲਾ ਵਿੱਚ  ਇੱਕ ਅਜਿਹੀ ਕਿਤਾਬ ਸਾਹਮਣੇ ਆਈ ਹੈ ਜਿਸਦੇ ਦੋ ਐਡੀਸ਼ਨ ਵਿਕ ਚੁੱਕੇ ਹਾਂ ਅਤੇ ਤੀਜਾ ਐਡੀਸ਼ਨ ਛਪ ਰਿਹਾ ਹੈ. ਕਿਤਾਬ ਦਾ ਨਾਮ ਹੈ ਪੱਤਰਕਾਰ ਦੀ ਮੌਤ ਅਤੇ ਇਸਨੂੰ ਲਿਖਿਆ ਹੈ ਗੁਰਨਾਮ ਸਿੰਘ ਅਕ਼ੀਦਾ ਨੇ. ਪੰਜਾਬੀ ਦੇ ਨਾਲ ਨਾਲ ਹੁਣ ਇਸਨੂੰ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਵੀ ਛਾਪਿਆ ਜਾ ਰਿਹਾ ਹੈ.  ਇਸ ਪੁਸਤਕ ਵਿੱਚ ਤੁਹਾਨੂੰ ਅਜਿਹਾ ਕਾਫੀ ਕੁਝ ਮਿਲੇਗਾ ਜਿਸਨੂੰ ਪੜ੍ਹ ਕੇ ਤੁਸੀਂ ਸੋਚ ਵੀ ਸਕਦੇ ਹੋ ਅਤੇ ਕਹਿ ਵੀ ਸਕਦੇ ਹੋ ਕਿ ਕੀ ਪੱਤਰਕਾਰ ਅਜਿਹੇ ਹੁੰਦੇ ਹਨ. ਤੁਹਾਡੇ ਮਨ ਵਿੱਚ ਇਹ ਸੁਆਲ ਵੀ ਪੈਦਾ ਹੋ ਸਕਦਾ ਹੈ ਕਿ ਜੇ ਇਹ ਸਭ ਕੁਝ ਹਕੀਕਤ ਹੈ ਤਾਂ ਕਿਸੇ ਪੱਤਰਕਾਰ ਨੇ ਆਪਣੇ ਹੀ ਖੇਤਰ ਦੀ ਖੁਦ ਏਨੀ ਬਦਨਾਮੀ ਕਿਓਂ ਕੀਤੀ ? ਪਰ ਇਸ ਸੁਆਲ ਵਿਚ ਹੀ ਇਸਦਾ ਜੁਆਬ ਵੀ ਲੁਕਿਆ ਹੋਇਆ ਹੈ. ਕੋਈ ਹਰਿਆ ਬੂਟ ਰਹਿਓ ਰੀ ਵਾਂਗ ਇਸ ਕਾਰੋਬਾਰੀ ਯੁਗ ਵਿੱਚ ਵੀ ਕੁਝ ਅਜਿਹੇ ਪੱਤਰਕਾਰ ਮੌਜੂਦ ਹਨ ਜਿਹੜੇ ਹਰ ਤਰਾਂ ਦੀ ਗੰਦਗੀ ਦਾ ਪਰਦਾਫਾਸ਼ ਕਰਦੇ ਹਨ  ਅਤੇ ਇਸ ਮਾਮਲੇ ਵਿੱਚ ਓਹ ਕਦੇ ਆਪਣੀਆਂ ਦਾ ਵੀ ਕੋਈ ਲਿਹਾਜ਼ ਨਹੀਂ ਕਰਦੇ. ਜਦੋਂ ਪਿਛਲੇ ਦਿਨੀਂ ਇਸ ਪੁਸਤਕ ਨੂੰ ਰਲੀਜ਼ ਕੀਤਾ ਗਿਆ ਤਾਂ ਇਸ ਮੌਕੇ ਕਈ ਪ੍ਰਮੁੱਖ ਸ਼ਖਸੀਅਤਾਂ ਉਚੇਚੇ ਤੌਰ ਤੇ ਪੁੱਜੀਆਂ ਹੋਈਆਂ ਸਨ. ਪੜ੍ਹੋ ਪੂਰੀ ਰਿਪੋਰਟ.    ਇਸ ਪੁਸਤਕ ਨੂੰ ਤੁਸੀਂ ਓਨ ਲਾਈਨ ਵੀ ਪੜ੍ਹ ਸਕਦੇ ਹੋ ਸਿਰਫ ਏਥੇ ਕਲਿੱਕ ਕਰਕੇ. ਇਸ ਪੁਸਤਕ ਦੇ ਲੇਖਕ ਗੁਰਨਾਮ ਸਿੰਘ ਅਕੀਦਾ ਦਾ ਸੰਪਰਕ ਪਤਾ ਹੈ: ਐਫ-49 ਰਣਜੀਤ ਨਗਰ ਸਿਉਨਾ ਰੋਡ, ਪਟਿਆਲਾ, ਪੰਜਾਬ (ਭਾਰਤ).  ਮੋਬਾਇਲ ਨੰਬਰ  ਹੈ 09888506897  ਅਤੇ ਫੈਕਸ ਨੰਬਰ ਹੈ : 0175 -2355788ਤੁਸੀਂ ਆਪਣੇ ਵਿਚਾਰ ਇਸ ਪੋਸਟ ਦੇ ਹੇਠਾਂ ਕੋਮੈੰਟ ਵਾਲੇ ਲਿੰਕ ਵਿੱਚ ਵੀ ਭੇਜ ਸਕਦੇ ਹੋ ਅਤੇ ਇਸ ਈਮੇਲ ਰਾਹੀਂ ਵੀ:punjabscreen@gmail.com ਤੁਹਾਡੇ ਵਿਚਾਰਾਂ ਦੀ ਸਾਨੂੰ ਉਡੀਕ ਰਹੇਗੀ. --ਰੈਕਟਰ ਕਥੂਰੀਆ 

No comments: