Saturday, November 20, 2010

ਵੀਰ ਸਾਂਘਵੀ ਤੇ ਬਰਖਾ ਦੱਤ:ਮੀਡੀਆ ਮਾਫੀਏ ਨੂੰ ਬੇਨਕਾਬ ਕੌਣ ਕਰੇ ?

Updated on November 21, 2010 at 11:21 AM
ਮੀਡੀਆ ਦਾ ਇੱਕ ਹਿੱਸਾ ਅਜਿਹਾ ਵੀ ਹੈ ਜੋ ਇਸਦੀ ਤਾਕ਼ਤ  ਦੀ ਲਗਾਤਾਰ ਦੁਰਵਰਤੋਂ ਕਰਕੇ ਬਹੁਤ ਕੁਝ ਅਜਿਹਾ ਕਰ ਰਿਹਾ ਹੈ ਜੋ ਦੇਸ਼ ਜਾਂ ਲੋਕਾਂ ਦੇ ਹਿੱਤ ਵਿੱਚ ਨਾ ਹੋ ਕੇ ਕਿਸੇ ਖਾਸ ਪਰਿਵਾਰ ਜਾਂ ਖਾਸ ਵਰਗ ਦੇ ਹਿੱਤ ਹੀ ਪੂਰ ਰਿਹਾ ਹੈ. ਇਸ ਮਕਸਦ ਦੇ ਤਾਜ਼ਾ ਮਾਮਲੇ ਨੂੰ ਬੇਨਕਾਬ ਕੀਤਾ ਹੈ ਯਾਦਵਿੰਦਰ ਕਰਫਿਊ ਨੇ ਆਪਣੇ ਵੈਬ ਪਰਚੇ ਗੁਲਾਮ ਕਲਮ ਵਿੱਚ.ਅਸੀਂ ਉਹ ਲੇਖ ਧੰਨਵਾਦ ਸਾਹਿਤ ਏਥੇ ਵੀ ਦੇ ਰਹੇ ਹਾਂ. --ਰੈਕਟਰ ਕਥੂਰੀਆ 
ਦੇਸ਼ 'ਚ 2 ਜੀ ਸਪੈਕਟਰਮ ਘਪਲੇ ਦੀ ਸਿਆਸਤ 'ਤੇ ਬਹਿਸ ਗਰਮ ਹੈ।ਦੂਰ ਸੰਚਾਰ ਮੰਤਰੀ ਏ ਰਾਜਾ ਦੇ ਅਸਤੀਫੇ ਨਾਲ ਵੀ ਯੂ ਪੀ ਏ ਸਰਕਾਰ ਦਾ ਖਹਿੜਾ ਨਹੀਂ ਛੁੱਟਿਆ ਹੈ।ਇਸ ਮਸਲੇ 'ਤੇ ਇਕੋ ਦਮ ਸਭ ਤੋਂ ਤੇਜ਼ ਹੋਏ ਮੀਡੀਆ ਦਾ ਹਰ ਮਾਮਲੇ ਦੇ ਟਰਾਇਲ ਦੀ ਤਰ੍ਹਾਂ ਮੀਡੀਆ ਟਰਾਇਲ ਵੀ ਜਾਰੀ ਹੈ,ਪਰ ਇਹ ਮੀਡੀਆ ਟਰਾਇਲ ਬਾਕੀਆਂ ਨਾਲੋਂ ਵੱਖਰਾ ਹੈ,ਕਿਉਂਕਿ ਇਸ 'ਚ ਮੀਡੀਆ ਦੀ ਹਾਲਤ "ਬਿੱਲੀ ਦੇ ਗਲ ਟੱਲੀ ਬੰਨ੍ਹਣ" ਵਾਲੀ ਹੈ।ਮਸਲੇ ਦੀਆਂ ਸਾਰੀਆਂ ਪਰਤਾਂ ਫਰੋਲੀਆਂ ਜਾ ਰਹੀਆਂ ਹਨ,ਪਰ ਦੋ ਧਨਾਢ ਮੀਡੀਆ ਘਰਾਣਿਆਂ ਨਾਲ ਜੁੜੇ ਦੋ ਇਲੀਟ ਤੇ ਮੰਨੇ ਪ੍ਰਮੰਨੇ ਪੱਤਰਕਾਰਾਂ ਦਾ ਮੀਡੀਆ ਟਰਾਇਲ ਨਹੀਂ ਕੀਤਾ ਜਾ ਰਿਹਾ ਹੈ।ਇਸ ਪੂਰੇ ਮਸਲੇ 'ਚ ਏ ਰਾਜਾ ਨੂੰ ਦੂਰ ਸੰਚਾਰ ਮੰਤਰੀ ਬਨਵਾਉਣ ਤੋਂ ਲੈ ਕੇ ਘਪਲਿਆ 'ਤੇ ਪਰਦਾ ਪਵਾਉਣ ਪਿੱਛੇ ਸਭ ਤੋਂ ਅਹਿਮ ਕਾਰਜ ਨੀਰਾ ਰਾਡੀਆ ਨਾਂਅ ਦੀ ਔਰਤ ਕਰ ਰਹੀ ਸੀ।
ਜਿਸਦੀਆਂ ਕਈ ਵੱਡੀਆਂ ਪੀ ਆਰ(ਲੋਕ ਸੰਪਰਕ) ਫਰਮਾਂ ਤੋਂ ਇਲਾਵਾ ਦੂਰ ਸੰਚਾਰ ਨਾਲ ਜੁੜੇ ਕੰਮ ਕਾਰ ਸਨ।ਰਿਲਾਇੰਸ ਦੇ ਮੁਕੇਸ਼ ਅੰਬਾਨੀ,ਐਨ ਡੀ ਟੀ ਵੀ,ਸਟਾਰ ਨਿਊਜ਼ ਸਣੇ ਉਸਨੇ ਕਈ ਮੀਡੀਆ ਤੇ ਉਦਯੋਗਪਤੀ ਘਰਾਣਿਆਂ ਦੇ ਪੀ ਆਰ ਦਾ ਕੰਮ ਸਾਂਭਿਆ ਹੋਇਆ ਹੈ।ਉਸਨੇ ਹੀ ਏ ਰਾਜਾ ਨੂੰ ਦੂਰ ਸੰਚਾਰ ਮੰਤਰੀ ਬਨਵਾਉਣ ਲਈ ਹਿੰਦੋਸਤਾਨ ਟਾਈਮਜ਼ ਦੇ ਘਾਗ ਕਹਾਉਂਦੇ ਪੱਤਰਕਾਰ ਵੀਰ ਸਾਂਘਵੀ ਤੇ ਐਨ ਡੀ ਟੀ ਵੀ ਦੀ ਗਰੁੱਪ ਐਡੀਟਰ ਤੇ ਪਦਮ ਸ਼੍ਰੀ ਨਾਲ ਸਨਮਾਨਿਤ ਬਰਖਾ ਦੱਤ ਨੂੰ ਸ਼ਾਮਲ ਕੀਤਾ।ਮੀਡੀਆ ਦੀ ਲੌਬਿੰਗ ਨਾਲ ਏ ਰਾਜਾ ਦੂਰ ਸੰਚਾਰ ਮੰਤਰੀ ਬਣੇ।ਏ ਰਾਜਾ ਨੂੰ ਮੰਤਰੀ ਬਨਵਾਉਣ ਦੌਰਾਨ ਨੀਰਾ ਰਾਡੀਆ ਦੀ ਵੀਰ ਸਾਂਘਵੀ ਤੇ ਬਰਖਾ ਦੱਤ ਨਾਲ ਟੈਲੀਫੋਨ 'ਤੇ ਹੋਈ ਗੱਲਬਾਤ ਸਬੂਤ ਦੇ ਰੂਪ 'ਚ ਸਾਹਮਣੇ ਵੀ ਆ ਚੁੱਕੀ ਹੈ।ਬਰਖਾ ਦੱਤ ਨੇ ਪਹਿਲਾਂ ਇਹ ਪਤਾ ਕੀਤਾ ਕਿ ਪ੍ਰਧਾਨਮੰਤਰੀ ਮੰਤਰੀ ਮੰਡਲ 'ਚ ਕਿਸ ਕਿਸ ਨੂੰ ਸ਼ਾਮਲ ਕਰ ਰਹੇ ਹਨ ਤੇ ਕਿਹੜਾ ਕਿਹੜਾ ਮੰਤਰਾਲਾ ਕਿਸ ਨੂੰ ਦੇ ਰਹੇ ਹਨ ਤੇ ਫੇਰ ਸ਼ਤਰੰਜ ਦੀ ਚਾਲ ਚੱਲੀ।ਹਿੰਦੀ ਅੰਗਰੇਜ਼ੀ ਦੀਆਂ ਕਈ ਵੈਬਸਈਟਾਂ ਤੋਂ ਇਲਾਵਾ ਇਹ ਗੱਲਬਾਤ ਦੇ ਕਈ ਹਿੱਸੇ ਯੂ ਟਿਊਬ 'ਤੇ ਵੀ ਉਪਲਬਧ ਹਨ।ਇਹ ਪੂਰੀ ਗੱਲਬਾਤ ਸਾਫ ਕਰਦੀ ਹੈ ਕਿ ਕਿਸ ਤਰ੍ਹਾਂ ਨੀਰਾ ਰਾਡੀਆ ਵਲੋਂ ਏ ਰਾਜਾ ਨੂੰ ਦੂਰ ਸੰਚਾਰ ਮੰਤਰੀ ਬਨਵਾਉਣ ਦੇ ਲਈ ਸੱਤਾਈ ਗਲਿਆਰਿਆਂ 'ਚ ਅਸਰ ਰਸੂਖ ਰੱਖਦੇ ਪੱਤਰਕਾਰਾਂ ਤੋਂ ਲੌਬਿੰਗ ਕਰਵਾਈ ਗਈ।ਅਸਲ 'ਚ ਦੇਸ਼ ਦੇ ਕਈ ਉਦਯੋਗਪਤੀਆਂ ਤੇ ਬਹੁਰਾਸ਼ਟਰੀ ਕੰਪਨੀਆਂ ਜੋ ਚਾਹੁੰਦੀਆਂ ਸਨ,ਉਸਨੂੰ ਨੀਰਾ ਰਾਡੀਆ ਨੇ ਪੀ ਆਰ ਦਲਾਲੀ ਦੇ ਜ਼ਰੀਏ ਦਲਾਲ ਪੱਤਰਕਾਰਾਂ ਨੂੰ ਨਾਲ ਸ਼ਾਮਲ ਕਰਦੇ ਹੋਏ ਅੰਜ਼ਾਮ ਦਿੱਤਾ।
 ਰਾਜਾ ਮੰਤਰੀ ਬਣੇ ਤੇ ਸਮੇਂ ਨਾਲ ਹੀ ਘਪਲਿਆਂ ਦਾ ਦੌਰ ਸ਼ੁਰੂ ਕੀਤਾ।70 ਹਜ਼ਾਰ ਕਰੋੜ ਰੁਪਏ 'ਚ ਕਿਸਦੀ ਕਿੰਨੀ ਹਿੱਸੇਦਾਰੀ ਸੀ,ਹੌਲੀ ਹੌਲੀ ਸਾਹਮਣੇ ਆ ਰਿਹਾ ਹੈ,ਪਰ ਮੀਡੀਆ ਦੇ ਮਾਫੀਏ ਨੇ ਇਹ ਦਲਾਲਗਿਰੀ ਕਿਉਂ ਕੀਤੀ ਤੇ ਉਸਦੀ ਜਨਤਾ ਦੇ ਇਹਨਾਂ ਹਜ਼ਾਰਾਂ ਕਰੋੜਾਂ 'ਚ ਕਿੰਨੀ ਹਿੱਸੇਦਾਰੀ ਹੈ,ਇਹ ਬਾਰੇ ਕੋਈ ਨਹੀਂ ਬੋਲ ਰਿਹਾ।ਬਰਖਾ ਤੇ ਵੀਰ ਸਾਂਘਵੀ ਦੀ ਜ਼ੁਬਾਨ ਕੈਮਰੇ ਤੇ ਕਾਲਮਾਂ 'ਚ ਕੈਂਚੀ ਦੀ ਤਰ੍ਹਾਂ ਚੱਲਦੀ ਹੈ,ਉਹ ਸਾਰੇ ਤਮਾਸ਼ੇ ਨੂੰ ਕਿਸੇ ਗੂੰਗੇ ਦੀ ਤਰ੍ਹਾਂ ਵੇਖ ਰਹੇ ਹਨ।ਬਲੌਗ,ਫੇਸਬੁੱਕ ਤੇ ਟਵੀਟਰ ਵਰਗੀਆਂ ਸਮਾਜਿਕ ਮੀਡੀਆ ਦੀਆਂ ਥਾਵਾਂ 'ਤੇ ਹੋਣ ਦੇ ਬਾਵਜੂਦ ਉਹਨਾਂ ਵੀ ਮਨਮੋਹਨ ਵਰਗੀ ਚੁੱਪ ਧਾਰੀ ਹੋਈ ਹੈ।ਬਰਖਾ ਤੇ ਵੀਰ ਸੰਘਵੀ ਦੀ ਚੁੱਪ ਤਾਂ ਆਪਣੇ ਆਪ ਦਲੀਲ ਦੇ ਰਹੀ ਹੈ ਪਰ ਦਿੱਲੀ 'ਚ ਬੈਠੇ 'ਸਰੋਕਾਰ' ਸ਼ਬਦ ਦੀ ਕਮਾਈ ਖਾਣ ਵਾਲੇ ਥੰਮ੍ਹ ਪੱਤਰਕਾਰਾਂ ਨੂੰ ਹੁਣ 'ਪੱਤਰਕਾਰੀ ਦੇ ਸਰੋਕਾਰ' ਯਾਦ ਨਹੀਂ ਆ ਰਹੇ ਹਨ।ਕਾਰਨ ਇਕੋ ਹੈ,ਕਿ ਦਿੱਲੀ ਦੇ ਇਹਨਾਂ ਦਲਾਲ ਪੱਤਰਕਾਰਾਂ ਨਾਲ ਮੱਥਾ ਲਾਉਣ ਨਾਲ ਉਹਨਾਂ ਦੀਆਂ ਨਿੱਜੀ ਯਾਰੀਆਂ-ਦੋਸਤੀਆਂ ਤੇ ਰਿਸ਼ਤੇਦਾਰੀਆਂ 'ਚ ਖਟਾਸ ਆਉਣੀ ਤਹਿ ਹੈ।ਹੋ ਸਕਦਾ ਹੈ ਮੀਡੀਆ ਦੀ ਮੁੱਖ ਧਾਰਾ 'ਚੋਂ ਵੀ ਬਾਹਰ ਕਰਵਾਉਣ ਦੀ ਕੋਸਿ਼ਸ਼ ਕੀਤੀ ਜਾਵੇ।ਨਹੀਂ ਸ਼੍ਰੋਮਣੀ ਇਨਾਮਾਂ ਦੀ ਸੂਚੀ 'ਚੋਂ ਨਾਂਅ ਵਗੈਰਾ ਕੱਟਣੇ ਤਾਂ ਵੱਟ 'ਤੇ ਪਏ ਹਨ।ਅਜਿਹੇ 'ਚ ਧਾਰਾ ਦੇ ਉਲਟ ਚੱਲਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ।ਅਜਿਹੇ ਵਿਰਲਿਆਂ 'ਚ ਟੈਲੀਵੀਜ਼ਨ ਪੱਤਰਕਾਰੀ ਦੇ ਜਾਣੇ ਪਛਾਣੇ ਚਿਹਰੇ ਪ੍ਰਸੁੰਨ ਬਾਜਪਈ ਹਨ,ਜਿਨ੍ਹਾਂ ਸਭ ਤੋਂ ਪਹਿਲਾਂ ਆਪਣੇ ਬਲੌਗ ਤੇ 'ਪ੍ਰਥਮ ਪ੍ਰਵੱਕਤਾ' ਨਾਂਅ ਦੇ ਮੈਗਜ਼ੀਨ 'ਚ ਲਿਖਕੇ 2ਜੀ ਸਪੈਕਟਰਮ 'ਚ ਸਿਰਫ ਮੀਡੀਆ ਦੇ ਲੋਕਾਂ ਦੇ ਨਾਂਅ ਆਉਣ ਦੀ ਗੱਲ ਲਿਖੀ ਸੀ।ਪ੍ਰਸੁੰਨ ਆਪਣੇ ਲੇਖ 'ਚ ਇਕ ਥਾਂ ਲਿਖਦੇ ਹਨ,"ਨੀਰਾ ਰਾਡੀਆ ਨੇ ਆਪਣੇ ਕੰਮ ਨੂੰ ਅੰਜ਼ਾਮ ਦੇਣ ਲਈ ਮੀਡੀਆ ਦੇ ਉਹਨਾਂ ਲੋਕਾਂ ਨੂੰ ਮੈਨੇਜ ਕੀਤਾ,ਜਿਨ੍ਹਾਂ ਦੀ ਹਸਤੀ ਦੀ ਸਿਆਸੀ ਗਲਿਆਰਿਆਂ 'ਚ ਚੰਗੀ ਪੈਂਠ ਹੈ"।ਇਕ ਹੋਰ ਥਾਂ ਕਹਿੰਦੇ ਹਨ ਕਿ, "ਨੀਰਾ ਰਾਡੀਆ ਹਰ ਹਥਿਆਰ ਦੀ ਵਰਤੋਂ ਇਸ ਮਸਲੇ ਲਈ ਕਰ ਰਹੀ ਸੀ,ਜਿਸ 'ਚ ਮੀਡੀਆ ਦੇ ਕਈ ਨਾਮਵਾਰ ਚਿਹਰੇ ਵੀ ਸ਼ਾਮਲ ਹੋਏ।ਜੋ ਲਗਾਤਾਰ ਸਿਆਸੀ ਗਲਿਆਰਿਆਂ 'ਚ ਇਸ ਗੱਲ ਦੀ ਪੈਰਵੀ ਕਰ ਰਹੇ ਸਨ,ਕਿ ਏ ਰਾਜਾ ਨੂੰ ਦੂਰ ਸੰਚਾਰ ਮੰਤਰਾਲਾ ਹੀ ਮਿਲੇ"।ਪਤਾ ਹੁੰਦਿਆਂ ਹੋਇਆਂ ਵੀ ਉਹ ਨਾਂਅ ਕੌਣ ਸਨ,ਲਿਖਣ ਦੀ ਦਲੇਰੀ
ਉਹ ਵੀ ਨਹੀਂ ਵਿਖਾ ਸਕੇ,ਕਿਉਂਕਿ ਪ੍ਰਸੁੰਨ ਨੂੰ ਪਤਾ ਹੈ,ਕਿ ਮੀਡੀਆ ਇੰਡਸਟਰੀ ਜਿੰਨੀ ਮਰਜ਼ੀ ਗੰਦੀ ਮੰਦੀ ਹੈ,ਪਰ "ਜੀਨਾ ਜਹਾਂ,ਮਰਨਾ ਜਹਾਂ,ਇਸਕੇ ਸਿਵਾ ਜਾਨਾ ਕਹਾਂ" ਵਾਲੀ ਗੱਲ ਤਾਂ ਪੱਕੀ ਹੈ।ਇਸ ਲਈ ਉਹਨਾਂ ਮੀਡੀਆ ਦੇ ਇਹਨਾਂ ਥੰਮ੍ਹਾਂ ਨਾਲ ਸਿੱਧਾ ਪੰਗਾ ਨਾ ਲੈਣਾ 'ਚ ਹੀ ਬੇਹਤਰੀ ਸਮਝੀ,ਪਰ ਫਿਰ ਵੀ ਮੁੱਖ ਧਾਰਾ ਦੇ ਕਿਸੇ ਅਦਾਰੇ 'ਚ ਵੱਡੀ ਥਾਂ 'ਤੇ ਬੈਠ ਕੇ ਅਜਿਹਾ ਕੁਝ ਬੋਲਣਾ ਕੋਈ ਛੋਟੀ ਦਲੇਰੀ ਨਹੀਂ,ਮੁੱਖ ਧਾਰਾ 'ਚ ਟੈਲੀਵਿਜ਼ਨ ਦੀ ਖ਼ਬਰੀ ਸਨਅਤ ਨਾਲ ਜੁੜੇ ਹੋਏ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਨਤਾ ਦੀ ਕਮਾਈ ਨੂੰ ਸੰਨ੍ਹ ਲਾਉਣ ਵਾਲਿਆਂ 'ਚ ਸ਼ਾਮਲ ਇਲੀਟ ਪੱਤਰਕਾਰ ਵੀਰ ਸਾਂਘਵੀ ਤੇ ਬੀਬੀ ਬਰਖਾ ਦੱਤ ਦਾ ਪੱਤਰਕਾਰੀ 'ਚ ਉਹੋ ਜਿਹੇ ਇਤਿਹਾਸ ਹੈ,ਜਿਵੇਂ ਆਮ ਤੌਰ ਕਿਹਾ ਜਾਂਦਾ ਹੈ ਕਿ ਪੱਤਰਕਾਰ ਪੈਦਾ ਹੁੰਦਾ ਹੈ ਜਾਂ ਬਣਦਾ ਹੈ।ਦਿੱਲੀ ਦੀ ਪੱਤਰਕਾਰੀ ਦੇ ਅਜਿਹੇ ਬਹੁਤ ਸਾਰੇ ਪੱਤਰਕਾਰ ਹਨ,ਜੋ ਕਾਂਗਰਸੀ ਤੇ ਭਾਜਪਾ ਦੀ ਛਤਰ ਛਾਇਆ ਹੇਠ ਪੈਦਾ ਹੋਏ।"ਟਰੈਵਲ ਐਂਡ ਲਿਵਿੰਗ ਚੈਨਲ" 'ਤੇ ਹਿੰਦੋਸਤਾਨ ਟਾਈਮਜ਼ 'ਚ ਆਪਣੀ ਕਥਾ ਸਣਾਉਣ ਵਾਲੇ ਤੇ ਐੱਨ ਡੀ ਟੀ ਵੀ 'ਤੇ "ਵੀ ਦ ਪੀਪਲ' ਸੋ਼ਅ ਕਰਨ ਵਾਲੀ ਬੀਬੀ ਬਰਖਾ ਉਹ ਸਖ਼ਸ਼ੀਅਤਾਂ ਹਨ,ਜਿਨ੍ਹਾਂ ਦਾ ਦੇਸ਼ ਨਾਲ ਪਿਆਰ ਐਨਾ ਹੈ ਕਿ ਇਹਨਾਂ ਦੀ ਜ਼ੁਬਾਨ ਤੋਂ ਇੰਡੀਆ ਸ਼ਬਦ ਕਦੇ ਨਹੀਂ ਲਹਿੰਦਾ।ਇਹ ਇੰਡੀਆ ਸ਼ਬਦ ਤੋਂ ਸੋਚਦੇ ਹਨ ਤੇ ਇੰਡੀਆ ਸ਼ਬਦ 'ਤੇ ਹੀ ਖ਼ਤਮ ਹੁੰਦੇ ਹਨ।ਇੰਡੀਆ ਕੀ ਕੀ ਗੁੱਲ੍ਹ ਖਿੜਾਉਂਦਾ ਹੈ ਜਾਂ ਇੰਡੀਆ 'ਚ ਵਸਦੇ ਭਾਰਤ ਦੀ ਗੱਲ ਕਰਨੀ ਇਹਨਾਂ ਨੂੰ ਗਵਾਰਾ ਨਹੀਂ।ਮੁਕੇਸ਼ ਅੰਬਾਨੀ ਦੇ ਕਰੀਬੀ ਮੰਨੇ ਜਾਂਦੇ ਵੀਰ ਸਾਂਘਵੀ ਆਪਣੇ ਲੇਖਾਂ 'ਚ ਉਹਨਾਂ ਦਾ ਗੁਣ-ਗਾਣ ਕਰਦੇ ਰਹਿੰਦੇ ਹਨ।
ਜੇ ਕੁਝ ਦਿਨ ਪਹਿਲਾਂ ਹੀ,ਜਦੋਂ ਮੁੱਖ ਧਾਰਾ ਹੱਥ ਧੋ ਕੇ ਅਰੁੰਧਤੀ ਰਾਏ ਦੇ ਕਸ਼ਮੀਰ ਬਿਆਨ ਦੇ ਪਿੱਛੇ ਪਈ ਹੋਈ ਤਾਂ ਉਹ ਪਿੱਛੇ ਨਹੀਂ ਰਹੇ,ਉਨ੍ਹਾਂ ਵੀ ਅਰੁੰਧਤੀ ਨੂੰ ਨਸੀਅਤ ਦੇਣ ਦੀ ਕੋਸਿ਼ਸ਼ ਕੀਤੀ।ਹਰ ਮਸਲੇ 'ਤੇ ਬੋਲਣਾ ਆਪਣਾ ਜਮਾਂਦਰੂ ਹੱਕ ਸਮਝਣ ਵਾਲੇ ਵੀਰ ਆਪਣੇ ਮਾਮਲੇ ਨੂੰ ਕਿਸੇ ਗਹਾਰੇ ਦੀ ਤਰ੍ਹਾਂ ਲਿੱਪਣ ਲੱਗੇ ਹੋਏ ਹਨ।ਇਸੇ ਤਰ੍ਹਾਂ "ਵੀ ਦ ਪੀਪਲ" ਸ਼ੋਅ 'ਚ ਲੋਕਾਂ ਨੂੰ ਜਮਹੂਰੀਅਤ ਦੇ ਅਮਲੀ ਅਰਥ ਸਮਝਾਉਣ ਵਾਲੀ ਬਰਖਾ ਦੱਤ ਨੇ ਆਪਣੇ 'ਤੇ ਲੱਗਦੇ ਇਲਜ਼ਾਮਾਂ ਦੇ ਮਾਮਲੇ 'ਤੇ 'ਤਾਨਸ਼ਾਹੀ' ਰੁਖ ਅਪਨਾਉਂਦੇ ਹੋਏ ਜਨਤਾ ਨੂੰ ਸਫਾਈ ਦੇਣੀ ਜ਼ਰੂਰੀ ਨਹੀਂ ਸਮਝੀ। ਪੂਰੇ ਮਸਲੇ ਦੇ ਚਲਦਿਆਂ ਇਕ ਹੋਰ ਗੱਲ ਵੀ ਸਾਫ ਹੋ ਜਾਂਦੀ ਹੈ ਕਿ ਕਿਵੇਂ ਸਾਰੇ ਮੁੱਖ ਧਰਾਈ ਮੀਡੀਆ ਅਦਾਰਿਆਂ 'ਚ ਲੱਖ ਵਿਰੋਧਤਾਈਆਂ ਹੋਣ ਦੇ ਬਾਵਜੂਦ ਕਿਸੇ ਸੰਧੀ ਤੋਂ ਬਿਨਾਂ ਹੀ ਅਜਿਹੇ ਮਸਲਿਆਂ 'ਤੇ ਸਾਂਝੀ ਸਹਿਮਤੀ ਹੈ।ਦਰਅਸਲ ਇਹਨਾਂ ਕਾਰਪੋਰੇਟ ਮੀਡੀਆ ਅਦਾਰਿਆਂ ਨੂੰ ਆਪੋ ਆਪਣੀਆਂ ਅਜਿਹੀਆਂ ਗੁੱਝੀਆਂ ਘਾਟਾਂ ਦੇ ਚਲਦਿਆਂ ਪਤਾ ਹੈ ਕਿ ਜੇ ਅੱਜ ਅਸੀਂ ਵੀਰ-ਬਰਖਾ ਨੂੰ ਨੰਗਾ ਕਰਾਂਗੇ ਤਾਂ ਕੱਲ੍ਹ ਨੂੰ ਕੋਈ ਸਾਨੂੰ ਕਰ ਸਕਦਾ ਹੈ।ਸੀ ਬੀ ਆਈ ਵਲੋਂ 70 ਘੰਟਿਆਂ ਦੇ ਟੇਪ 'ਚ ਰਿਕਾਰਡ ਫੋਨਾਂ ਬਾਰੇ ਸਭ ਨੂੰ ਪਤਾ ਹੋਣ ਦੇ ਬਾਵਜੂਦ,ਜੋ ਕਿ ਇਕ ਸਰਕਾਰੀ ਏਜੰਸੀ ਦਾ ਪੁਖ਼ਤਾ ਸਬੂਤ ਹੈ,ਇਸ ਮਸਲੇ 'ਤੇ ਕਿਸੇ ਵੀ ਅਦਾਰੇ ਨੇ ਕੋਈ ਛੋਟੀ ਮੋਟੀ ਖ਼ਬਰ ਵੀ ਪ੍ਰਕਾਸਿ਼ਤ ਜਾਂ ਪ੍ਰਸਾਰਿਤ ਨਹੀਂ ਕੀਤੀ।ਦੂਜਾ ਕਾਰਨ ਇਹ ਹੈ ਕਿ ਅੱਜ ਹਰ ਮੀਡੀਆ ਅਦਾਰੇ(ਖ਼ਾਸ ਕਰ 24 ਘੰਟੇ ਖ਼ਬਰੀ ਚੈਨਲਾਂ) 'ਚ ਕਿਸੇ ਨਾ ਕਿਸੇ ਵੱਡੇ ਉਦਯੋਗਪਤੀ ਦੀ ਪੂੰਜੀ ਲੱਗੀ ਹੋਈ ਹੈ,ਜਿਸਦਾ ਸਿੱਧਾ ਅਸਰ ਖ਼ਬਰ 'ਤੇ ਪੈਂਦਾ ਹੈ।ਇਸ ਲਈ ਕਿਹਾ ਜਾਂਦਾ ਹੈ ਕਿ ਖ਼ਬਰ ਨਿਊਜ਼ ਡੈਸਕ 'ਤੇ ਨਹੀਂ ਬਣਦੀ,ਬਲਕਿ ਇਸ਼ਤਿਹਾਰ ਤਹਿ ਹੋਣ ਵੇਲੇ ਹੀ ਬਣ ਚੁੱਕੀ ਹੁੰਦੀ ਹੈ।ਤੇ ਮੌਜੂਦਾ ਦੌਰ 'ਚ ਇਹਨਾਂ ਮੀਡੀਆ ਅਦਾਰਿਆਂ ਦੀ 90% ਆਮਦਨ ਬਹੁਰਾਸ਼ਟਰੀ ਕਾਰਪੋਰੇਟ ਅਦਾਰਿਆਂ ਤੋਂ ਹੀ ਆਉਂਦੀ ਹੈ।ਇਸਤੋਂ ਇਲਾਵਾ ਮੀਡੀਆ ਦੇ ਜਿਹੜੇ ਛੋਟੇ ਸਮੂਹ ਹਨ,ਉਹ ਵਿਚਾਰੇ ਬਜ਼ਾਰ 'ਚ ਸਥਾਪਤ ਹੋਣ ਲਈ ਵੱਡੇ ਅਦਾਰਿਆਂ ਦੇ ਪਿੱਛ ਲੱਗੂ ਬਣ ਜਾਂਦੇ ਹਨ।ਜੇ ਕੋਈ ਨਹੀਂ ਵੀ ਲਗਦਾ ਤਾਂ ਉਸਨੂੰ ਸਰਕਾਰੀ ਤੇ ਗੈਰ ਸਰਕਾਰੀ ਦਬਕਿਆਂ ਨਾਲ ਡਰਾ ਲਿਆ ਜਾਂਦਾ ਹੈ।
ਸਿਆਸਤ,ਕਾਰਪੋਰੇਟ ਅਦਾਰਿਆਂ,ਬਹੁ ਰਾਸ਼ਟਰੀ ਕੰਪਨੀਆਂ ਤੇ ਮੀਡੀਆ ਦਾ ਇਹ ਕਾਕਟੇਲ ਭਾਵੇਂ ਬਹੁਤ ਪੁਰਾਣਾ ਹੈ,ਪਰ 90ਵਿਆਂ ਤੋਂ ਬਾਅਦ ਇਹ ਯੋਜਨਾਬੱਧ ਤੇ ਸੰਸਥਾਗਤ ਰੂਪ 'ਚ ਸਾਹਮਣੇ ਆਇਆ। ਇਸ ਖੇਡ 'ਚ ਵੀਰ ਤੇ ਬਰਖਾ ਨਵੇਂ ਖਿਡਾਰੀ ਹਨ। ਖਿਡਾਰੀ ਬਦਲਦੇ ਹਨ ,ਪਰ ਖੇਡ ਲਗਾਤਾਰ ਚਲਦੀ ਰਹਿੰਦੀ ਹੈ।90ਵਿਆਂ ਤੋਂ ਬਾਅਦ ਵੱਡੇ ਮੀਡੀਆ ਅਦਾਰਿਆਂ ਅੰਦਰ ਇਕ ਮੁਹਿੰਮ ਚਲਾਈ ਗਈ,ਜਿਸ 'ਚ ਦਲਿਤ,ਧਾਰਮਿਕ ਘੱਟ ਗਿਣਤੀਆਂ,ਆਦਿਵਾਸੀ ਪੱਖੀ ਜਾਂ ਸੰਸਾਰੀਕਰਨ ਤੇ ਸੱਤਾ ਦਾ ਵਿਚਾਰਧਾਰਕ ਵਿਰੋਧ ਕਰਨ ਵਾਲੇ ਪੱਤਰਕਾਰਾਂ ਨੂੰ ਖੂੰਜੇ ਲਾਇਆ ਗਿਆ ਤੇ ਉਸਦੀ ਥਾਂ ਅੰਬਾਨੀਆਂ ਪੱਖੀ ਵੀਰ ਸਾਂਘਵੀਆਂ ਤੇ ਸਰਕਾਰ,ਮੀਡੀਆ ਤੇ ਕਾਰਪੋਰੇਟ ਦਾ ਗਠਜੋੜ ਬਣਾਉਣ 'ਚ ਮਾਹਰ ਬਰਖਾ ਵਰਗੇ ਲੋਕਾਂ ਨੂੰ ਝੰਡਾਬਰਦਾਰ ਬਣਾਇਆ ਗਿਆ।ਜਿਹੜੇ ਕਹੀ ਜਾਂਦੀ ਧਰਮ ਨਿਰਪੱਖਤਾ ਤੋਂ ਅੱਗੇ ਕਦੇ ਕੋਈ ਗੱਲ ਨਹੀਂ ਕਰਦੇ,ਖੈਰ ਇਸ ਪੂਰੇ ਮਸਲੇ ਦੀ ਵਿਚਾਰ ਚਰਚਾ ਕਿਤੇ ਹੋਰ ਕਰਾਂਗੇ।ਇਹ ਸਭ ਕੁਝ ਸਾਡੇ ਹੀ ਸਮਿਆਂ 'ਚ ਨਹੀਂ ਹੋ ਰਿਹਾ।ਦਿੱਲੀ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਜਲੰਧਰ ਤੱਕ ਬਹੁਤ ਕੁਝ ਭੇਂਟ ਹੋ ਚੁੱਕਿਆ ਤੇ ਹੋ ਰਿਹਾ ਹੈ।ਵੀਰ ਸਾਂਘਵੀ ਤੇ ਬਰਖਾ ਦੱਤ ਦੇ ਗਲੈਮਰ ਤੋਂ ਪ੍ਰਭਾਵਤ ਨਵੀਂ ਪੀੜ੍ਹੀ ਦੀ ਪੱਤਰਕਾਰੀ ਨਾਲ ਜੁੜਿਆ ਹਰ ਸਖ਼ਸ਼ ਵੀਰ-ਬਰਖਾ ਬਣਨ ਦੀ ਲੋਚਾ ਰੱਖਦਾ ਹੈ,ਓਨਾਂ ਨੂੰ ਬੱਸ ਐਨਾ ਕਹਿਣ ਨੂੰ ਜੀਅ ਕਰਦੈ ਕਿ ਵੀਰ-ਬਰਖਾ ਨਾ ਬਣਿਓ,ਸਿਰਫ ਪੱਤਰਕਾਰ ਹੀ ਬਣਿਓ। ਟੀ ਵੀ ਸਕਰੀਨ ਤੇ ਚਮਕਣਾਂ ਜਾਂ ਸੰਪਾਦਕੀ ਸਫੇ 'ਤੇ ਲਿਖਣਾ ਪੱਤਰਕਾਰੀ ਨਹੀਂ ਹੁੰਦੀ,ਬੱਸ ਐਨਾ ਸਮਝ ਲਓ,ਕਿ ਇਤਿਹਾਸ ਤੋਂ ਹੀ ਖ਼ਬਰ ਤੇ ਸੱਚ ਦੋ ਵੱਖੋ ਵੱਖਰੀਆਂ ਚੀਜਾਂ ਰਹੇ ਹਨ ਤੇ ਪੱਤਰਕਾਰ ਦਾ ਫਰਜ਼ ਖ਼ਬਰ ਤੇ ਸੱਚ ਵਿਚਲੇ ਫਾਸਲੇ ਨੂੰ ਖ਼ਤਮ ਕਰਨਾ ਹੈ।

ਯਾਦਵਿੰਦਰ ਕਰਫਿਊ ਨਾਲ ਉਹਨਾਂ ਦੀ ਇਸ ਮੇਲ ਆਈ ਡੀ mail2malwa@gmail.com 
ਤੇ ਵੀ  ਸੰਪਰਕ ਕੀਤਾ ਜਾ ਸਕਦਾ ਹੈ ਅਤੇ  ਉਹਨਾਂ ਦੇ ਮੋਬਾਈਲ ਨੰਬਰ :09899436972 ਤੇ  ਵੀ. ਤੁਸੀਂ ਆਪਣੇ ਵਿਚਾਰ ਇਸ ਪੋਸਟ ਹੇਠਾਂ ਦਿੱਤੇ ਕੁਮੈਂਟ ਬਾਕਸ ਚ ਵੀ  ਭੇਜ ਸਕਦੇ ਹੋ ਅਤੇ punjabscreen@gmail.com ਤੇ ਵੀ......ਰੈਕਟਰ ਕਥੂਰੀਆ