ਸ਼ਾਇਰਾਂ ਨੇ ਦਿਲ ਦੇ ਲੈਣ ਦੇਣ ਤੇ ਬੜਾ ਕੁਝ ਕਿਹਾ, ਬੜਾ ਕੁਝ ਲਿਖਿਆ. ਪਿਆਰ ਮੋਹੱਬਤ ਵਿੱਚ ਦਿਲ ਦੇ ਹਜ਼ਾਰਾਂ ਟੁਕੜੇ ਵੀ ਕੀਤੇ ਜਾਂ ਕਰਵਾਏ ਅਤੇ ਫਿਰ ਉਹਨਾਂ ਟੁਕੜਿਆਂ ਦੇ ਗੀਤ ਵੀ ਬਣਾਏ. ਪਰ ਅੱਜ ਅਸੀਂ ਜਿਸਦੀ ਚਰਚਾ ਕਰ ਰਹੇ ਹਾਂ ਇਹ ਕਿਸੇ ਗੀਤਕਾਰ ਦੀ ਕਲਪਨਾ ਨਹੀਂ ਸੀ. ਇਹ ਇੱਕ ਠੋਸ ਹਕੀਕਤ ਸੀ. ਇਹ ਗੱਲ ਵੱਖਰੀ ਹੈ ਕਿ ਦਿਲ ਨਾਲ ਸੰਬੰਧਤ ਸ਼ੇਅਰ ਏਥੇ ਵੀ ਕਹੇ ਜਾ ਰਹੇ ਸਨ. ਇਸ ਵਾਰ ਇਹ ਸ਼ਿਅਰ ਕਿਸੇ ਸ਼ਾਇਰ ਵੱਲੋਂ ਨਹੀਂ ਬਲਕਿ ਇੱਕ ਡਾਕਟਰ ਵਾਲੋਂ ਪੇਸ਼ ਕੀਤੇ ਜਾ ਰਹੇ ਸਨ. ਜਿਗਰ ਸਾਹਿਬ ਦਾ ਇਕ ਸ਼ੇਅਰ ਸਲਾਇਡ ਰਾਹੀਂ ਦਿਖਾਇਆ ਜਾ ਰਿਹਾ ਸੀ..: ਜ਼ਰਾ ਸਾ ਦਿਲ ਹੈ ਲੇਕਿਨ ਕਮ ਨਹੀਂ ਹੈ, ਕਿ ਇਸਮੇਂ ਕੌਣ ਸਾ ਆਲਮ ਨਹੀਂ ਹੈ. ਸਚ..ਇਸ ਛੋਟੇ ਜਹੇ ਦਿਲ ਵਿੱਚ ਕਈ ਸੰਸਾਰ ਵਸਦੇ ਹਨ. ਪਰ ਇਸ ਦਿਲ ਦੀ ਸਿਹਤ ਹੁਣ ਡੂੰਘੇ ਖਤਰੇ ਵਿੱਚ ਹੈ.
ਦੇਸ਼ ਵਿੱਚ ਹਰ ਸਾਲ ਦੋ ਲੱਖ ਅਜਿਹੇ ਬੱਚੇ ਪੈਦਾ ਹੋ ਰਹੇ ਹਨ ਜਿਹੜੇ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਪੀਡ਼ਤ ਹੁੰਦੇ ਹਨ. ਇਹਨਾਂ ਵਿੱਚੋਂ ਸਿਰਫ ਪੰਜ ਹਜ਼ਾਰ ਬੱਚੇ ਹੀ ਖੁਸ਼ਕਿਸਮਤ ਹਨ ਜਿਹਨਾਂ ਦਾ ਇਲਾਜ ਸਮੇਂ ਸਿਰ ਹੋ ਜਾਂਦਾ ਹੈ. ਬਾਕੀ ਬੱਚੇ ਜਾਂ ਤਾਂ ਲਾਪਰਵਾਹੀ ਦੀ ਬਲੀ ਚੜ੍ਹ ਜਾਂਦੇ ਹਨ ਤੇ ਜਾਂ ਫੇਰ ਪੈਸੇ ਦੀ ਕਮੀ ਕਾਰਣ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ. ਇਹਨਾਂ ਸਾਰੇ ਬੱਚਿਆਂ ਦੀ ਸਾਰ ਲੈਣ ਲਈ ਹੁਣ ਇੱਕ ਸਾਂਝਾ ਉਪਰਾਲਾ ਹੋਇਆ ਹੈ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਤੇ ਸੀ ਐਮ ਸੀ ਹਸਪਤਾਲ ਲੁਧਿਆਣਾ ਵੱਲੋਂ. ਇਸਦਾ ਪੂਰਾ ਵੇਰਵਾ ਦਿੱਤਾ ਗਿਆ ਸ਼ੁੱਕਰਵਾਰ 19 ਨਵੰਬਰ 2010 ਨੂੰ ਹੋਏ ਇੱਕ ਸਮਾਗਮ ਵਿੱਚ. ਪ੍ਰੋਗਰਾਮ ਦਾ ਨਾਮ ਸੀ ਚੈੰਪੀਅਨ ਦਾ ਦਿਲ.
ਅਸਲ ਵਿੱਚ ਇਹ ਬੱਚੇ ਇੱਕ ਤਰਾਂ ਨਾਲ ਚੈੰਪੀਅਨ ਹੀ ਹਨ. ਇਹਨਾਂ ਦੇ ਦਿਲ ਦੀ ਹਾਲਤ ਦੇਖ ਕੇ ਵੱਡੇ ਵੱਡੇ ਹਸਪਤਾਲਾਂ ਨੇ ਵੀ ਆਪ੍ਰੇਸ਼ਨ ਤੋਂ ਨਾਂਹ ਕਰ ਦਿੱਤੀ ਸੀ. ਪੂਰਾ ਦੇਸ਼ ਘੁੰਮ ਕੇ ਵੀ ਇਹਨਾਂ ਨੂੰ ਨਿਰਾਸ਼ਾ ਹੀ ਮਿਲੀ ਪਰ ਫਿਰ ਵੀ ਇਹਨਾਂ ਨੇ ਹਿੰਮਤ ਨਹੀਂ ਸੀ ਹਾਰੀ. ਜਦੋਂ ਦੁਨੀਆ ਭਰ ਵਿੱਚ ਨਾਮ ਕਮਾਉਣ ਵਾਲੇ ਡਾਕਟਰ ਐਚ ਐਸ ਬੇਦੀ ਦੇਸ਼ ਪਰਤੇ ਤਾਂ ਇਹਨਾਂ ਬੱਚਿਆਂ ਦੀ ਵੀ ਸੁਣੀ ਗਈ. ਪੰਜਾਬ ਦੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਹੁਣ ਸੀ ਐਮ ਸੀ ਹਸਪਤਾਲ ਨੂੰ ਇਸ ਵਿਸ਼ੇਸ਼ ਮਕਸਦ ਲਈ ਚੁਣਿਆ ਗਿਆ ਹੈ. ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਇਸ ਸ਼ੁਭ ਮੌਕੇ ਤੇ ਮਰੀਜ਼ ਬੱਚਿਆਂ ਦਾ ਵੀ ਹੋਂਸਲਾ ਵਧਾਇਆ ਅਤੇ ਹਸਪਤਾਲ ਦੇ ਸਟਾਫ਼ ਦਾ ਵੀ ਉਹਨਾਂ ਨੇ ਡਾਕਟਰ ਹਰਮਿੰਦਰ ਸਿੰਘ ਬੇਦੀ ਦੀਆਂ ਸੇਵਾਵਾਂ ਸੰਬੰਧੀ ਇੱਕ ਵਿਸ਼ੇਸ਼ ਸਲਾਇਡ ਸ਼ੋ ਵੀ ਦੇਖਿਆ. ਇਸ ਮਕਸਦ ਲਈ ਦਿਲ ਦੀਆਂ ਬਿਮਾਰੀਆਂ ਦੇ ਨਾਲ ਨਾਲ ਥੈਲੇਸੀਮੀਆ ਦੇ ਮਰੀਜ਼ ਬੱਚਿਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ. ਇਸ ਮੌਕੇ ਤੇ ਡਾਕਟਰ ਬੇਦੀ ਨੇ ਖਾਣ-ਪਾਨ ਦੀਆਂ ਆਦਤਾਂ ਅਤੇ ਲਾਈਫ ਸਟਾਈਲ ਨੂ ਚੰਗੇਰਾ ਬਣਾਉਣ ਤੇ ਵੀ ਜੋਰ ਦਿੱਤਾ. --ਰੈਕਟਰ ਕਥੂਰੀਆ.
No comments:
Post a Comment