Friday, November 05, 2010

ਇਸ ਧਰਤੀ ਨੂੰ ਅੰਬਰ ਜਿੱਡਾ ਥਾਲ ਦਿਓ

ਦੇਵਿੰਦਰ ਜੋਹਲ
 ਫੇਸਬੁਕ, ਟਵਿੱਟਰ, ਮਾਈ ਸਪੇਸ ਅਤੇ ਓਰਕੁੱਟ ਵਰਗੀਆਂ ਇਹ ਸਾਰੀਆਂ ਜਾਣੀਆਂ ਪਛਾਣੀਆਂ  ਸੋਸ਼ਲ ਸਾਈਟਾਂ ਹੁਣ ਇੱਕ ਮੋਬਾਇਲ ਮੰਚ ਬਣ ਚੁੱਕੀਆਂ ਹਨ. ਤੁਸੀਂ ਇਸ ਮੰਚ ਤੇ ਆਪਣੀ ਕਵਿਤਾ, ਗਜ਼ਲ, ਕਹਾਣੀ, ਲੇਖ ਜਾਂ ਫੇਰ ਬਹਿਸ ਦਾ ਮੁੱਦਾ ਵੀ ਰੱਖ ਸਕਦੇ ਹੋ. ਉਸ ਵਕ਼ਤ ਸਰੋਤੇ ਮੌਜੂਦ ਹੋਣ ਜਾਂ ਨਾਂ ਹੋਣ ਪਰ ਤ੍ਰੁਹਾਨੂੰ ਸੁਣਿਆ ਜਾਵੇਗਾ. ਉਸਦਾ ਨੋਟਿਸ ਵੀ ਲਿਆ ਜਾਵੇਗਾ. ਸਿਰਫ  ਇਹੀ ਨਹੀਂ ਉਸਨੂੰ ਕਾਗਜਾਂ ਦੀਆਂ ਫਾਈਲਾਂ ਨਾਲੋਂ ਵਧੇਰੇ ਢੰਗ ਤਰੀਕੇ ਨਾਲ ਸੰਭਾਲ ਕੇ ਰੱਖਿਆ ਜਾਵੇਗਾ.ਉੱਸੇ ਵੇਲੇ ਨਾ ਸਹੀ ਤਾਂ ਕੁਝ ਸਮੇਂ ਬਾਅਦ ਹੀ ਸਹੀ ਤੁਹ੍ਹਾਨੂੰ ਉਸ ਦਾ ਜੁਆਬ ਵੀ ਮਿਲੇਗਾ. ਉਸਤੇ ਟਿਪਣੀਆਂ ਵੀ ਆਉਣਗੀਆਂ. ਹੋ ਸਕਦਾ ਹੈ ਤੁਸੀਂ ਲਿਖਣ ਮਗਰੋਂ ਜਾਂ ਫੇਰ ਪੋਸਟ ਕਰਨ ਮਗਰੋਂ ਯਾਦ ਭੁਲ ਜਾਓ. ਪਰ ਇਸ ਮੰਚ ਤੇ ਪਹੁੰਚੀਆਂ ਤੁਹਾਡੀਆਂ ਰਚਨਾਵਾਂ ਤੁਹਾਡੀ ਦਸਤਕ ਦੇਂਦੀਆਂ ਹੀ ਰਹਿਣਗੀਆਂ. ਇਸ ਵਾਰ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਦੇਵਿੰਦਰ ਜੋਹਲ ਦੀਆਂ ਰਚਨਾਵਾਂ ਦੀ ਦਸਤਕ.  ਜਿਸ ਦਿਨ ਮੈਂ ਇਸ ਰਚਨਾ ਦੀ ਦਸਤਕ ਸੁਣੀ ਉਸ ਦਿਨ ਸੀ ਐਤਵਾਰ, ਤਾਰੀਖ ਸੀ 20 ਜੂਨ, ਸਾਲ ਸੀ 2010 ਅਤੇ ਸਮਾਂ ਸੀ ਸਵੇਰੇ 9 ਵੱਜ ਕੇ 06 ਮਿੰਟ.ਦੇਖਿਆ ਤਾਂ ਇਹ ਗ਼ਜ਼ਲ ਸੀ..ਲਓ ਤੁਸੀਂ ਵੀ ਕਰੋ ਇਸ ਨਾਲ ਡੂੰਘੀਆਂ ਡੂੰਘੀਆਂ ਗੱਲਾਂ. 
ਤੇਰੀ ਤਸਵੀਰ ’ਕੇਰਾਂ ਫਿਰ ਛਲਾਵਾ ਕਰ ਗਈ ਆਪੇ
ਦਿਖਾ ਕੇ ਚੰਨ ਦਾ ਟੁਕੜਾ ਕਲਾਵਾ ਭਰ ਗਈ ਆਪੇ

ਡਬੋਇਆ ਅੱਖੀਆਂ ਵਿਚ ਤੂੰ ਕਿਤੇ ਗਹਿਰਾ ਜਿਹਾ ਕਰਕੇ
ਇਹ ਮੇਰੀ ਲਾਸ਼ ਸੀ ਕਿ ਮੋਤੀਆਂ ਵਿਚ ਤਰ ਗਈ ਆਪੇ

ਬੜੇ ਤੱਤੇ ਲਹੂ ਦੀ ਗੱਲ ਖਬਰਾਂ ਤੱਕ ਵੀ ਨਾ ਪਹੁੰਚੀ
ਲਬਾਂ ਵਿਚ ਰਹਿ ਗਈ ਤੇਰੇ ਸਬੂਤੀ ਠਰ ਗਈ ਆਪੇ

ਜਿਤਾ ਕੇ ਆਪਣੀ ਬਾਜ਼ੀ ਸਾਂ ਤੁਰ ਚੱਲੇ ਚੁਪੀਤੇ ਹੀ
ਨਜ਼ਰ ਤੇਰੀ ਦੇ ਪੈਂਦੇ ਸਾਰ ਸਾਰੀ ਹਰ ਗਈ ਆਪੇ

ਕਿਹਾ ਉਸ ਨੇ ਦਵਿੰਦਰ ਨੂੰ ’ਤੇਰੀ ਕਵਿਤਾ ਬਦਨ ਤੇਰਾ”
ਮਿਰੇ ਅੱਖਰ ਮਿਰੇ ਚੁੰਮਣ ਲਬਾਂ ਤੇ ਧਰ ਗਈ ਆਪੇ


ਇਸ ਤੋਂ ਪਹਿਲਾਂ ਵੀ ਏਸੇ ਤਰਾਂ ਦੀ ਦਸਤਕ ਹੋਈ ਸੀ. ਉਸ ਦਿਨ ਵੀ ਐਤਵਾਰ ਸੀ. ਤਾਰੀਖ ਛੇ ਜੂਨ, ਸੰਨ 2010 ਅਤੇ ਸਮਾਂ ਸੀ ਦੁਪਹਿਰ ਦਾ.....ਬਾਰਾਂ ਵੱਜ ਕੇ 18 ਮਿੰਟ. ਇਹ ਰਚਨਾ ਵੀ ਗਜ਼ਲ ਸੀ ਪਰ ਗਜ਼ਲ ਸੀ ਛੋਟੀ ਬਹਿਰ ਵਾਲੀ. ਇਸਨੂੰ ਲਿਖਣਾ ਬੜਾ ਸੌਖਾ ਜਿਹਾ ਕੰਮ ਜਾਪਦਾ ਹੁੰਦਾ ਹੈ ਪਰ ਅਸਲ ਵਿੱਚ ਹੁੰਦਾ ਬੜਾ ਔਖਾ ਹੈ. ਰੋਜ਼ਾਨਾ ਅਜੀਤ ਦੇ ਸੰਸਥਾਪਕ ਡਾਕਟਰ ਸਾਧੂ ਸਿੰਘ ਹਮਦਰਦ ਨੇ ਇਸਦੀ ਪਿਰਤ ਪਾਉਣ ਅਤੇ ਫਿਰ ਉਸਨੂੰ ਮਜ਼ਬੂਤ ਬਣਾਉਣ ਵਿੱਚ ਕਾਫੀ ਯੋਗਦਾਨ ਪਾਇਆ. ਲਓ ਤੁਸੀਂ ਵੀ ਉਸ ਛੋਟੀ ਬਹਿਰ ਦਾ ਰੰਗ ਮਾਣੋ ਇਸ ਗਜ਼ਲ ਨੂੰ ਲਿਖਿਆ ਹੈ  ਦੇਵਿੰਦਰ ਜੋਹਲ  ਨੇ. 

ਕਹੀ ਅਣਕਹੀ ਵੀ ਸੁਣੀ ਅਣਸੁਣੀ ਵੀ
ਜ਼ਰਾ ਕੋਲ ਆਈ ਗਈ ਜਿਓਂ ਖੁਣੀ ਵੀ                            

ਉਹ ਮੂਰਤ ਇਲਾਹੀ ਨੂਰਾਨੀ ਮੁੱਹਬਤ
ਨਾ ਉਹ ਤੱਜ ਹੋਈ ਗਈ ਨਾ ਚੁਣੀ ਵੀ

ਜ਼ਰਾ ਅੱਖ ਨਮ ਸੀ ਉਹ ਚਿਹਰਾ ਬੇ ਰੌਣਕ
ਸੀ ਮੱਥੇ ਤੇ ਬੈਠੀ ਕੁਈ ਝੁਨਝੁਣੀ ਵੀ

ਬੜੀ ਵਾਰ ਉਲਝੀ ਦਿਲਾਂ ਦੀ ਇਬਾਰਤ
ਉਧੇੜੀ ਵੀ ਆਪੇ ਤੇ ਆਪੇ ਬੁਣੀ ਵੀ

ਨਿਭਾਈ ਬੜੀ ਤੂੰ ਕਮਾਈ ਬੜੀ ਤੂੰ
ਭੁਨ੍ਹਾਈ ਬੜੀ ਤੂੰ ਤੂੰ ਆਪੇ ਪੁਣੀ ਵੀ .

ਰੱਬ ਨੂੰ ਮੰਨਣ ਵਾਲਿਆਂ ਦੀ ਗਿਣਤੀ ਵੀ ਬੜੀ ਹੈ ਅਤੇ ਇਸਤੋਂ ਇਨਕਾਰ ਕਰਨ ਵਾਲਿਆਂ ਦੀ ਵੀ ਪਰ ਰੱਬ ਨੂੰ ਸਿਧੇ ਜਾਂ ਅਸਿਧੇ ਢੰਗ ਨਾਲ ਮੰਨਿਆ ਸਭ ਨੇ ਹੀ ਹੈ. ਜੇ ਕਿਸੇ ਨੇ ਇਹ ਕਿਹਾ ਕਿ ਤੁਝ ਮੇਂ ਰੱਬ ਦਿਖਤਾ ਹੈ ਯਾਰਾ ਮੈਂ ਕਿਆ ਕਰੂੰ..ਤਾਂ ਉਸਦੀ ਗੱਲ ਵੀ ਗੌਰ ਫਰਮਾਉਣ ਵਾਲੀ ਹੈ ਅਤੇ ਜੇ ਕਿਸੇ ਨੇ ਇਹ ਆਖਿਆ ਕਿ ਕਿਸੀ ਪੱਥਰ ਕੀ ਮੂਰਤ ਸੇ ਮੋਹੱਬਤ ਕਾ ਇਰਾਦਾ ਹੈ, ਪ੍ਰਸਤਿਸ਼ ਕੀ ਤਮੰਨਾ ਹੈ, ਮੋਹੱਬਤ ਕਾ ਇਰਾਦਾ ਹੈ ਤਾਂ  .
ਭਗਤੀ ਭਾਵਨਾ ਇਸ ਅੰਦਾਜ਼ ਵਿੱਚ ਵੀ ਪੂਰੀ ਸੀ. ਆਪੋ ਆਪਣੇ ਅੰਦਾਜ਼ ਵਿੱਚ ਸਭ ਨੇ ਕੁਝ ਆਖਿਆ. ਰੱਬ ਬਾਰੇ ਜ਼ਰਾ ਦੇਖੋ ਦੇਵਿੰਦਰ ਜੌਹਲ ਦਾ ਅੰਦਾਜ਼. ਇਹ ਅੰਦਾਜ਼ ਸਾਹਮਣੇ ਆਇਆ ਸੀ ਦਿਨ ਸ਼ਨੀਵਾਰ 29 ਮਈ 2010 ਨੂੰ ਰਾਤ 9 ਵੱਜ ਕੇ 42 ਮਿੰਟਾਂ ਤੇ.   

ਤੁਝ ਮੇਂ ਰੱਬ  ਦਿਖਤਾ ਹੈ ਯਾਰਾ ਮੈਂ ਕਿਆ ਕਰੂੰ 
ਖ਼ੁਦਾ ਜ਼ਿੰਦਾ ਕਦੇ ਨਾ ਸੀ                                                    
ਨਾ ਬਣਨਾ ਸੀ ਖ਼ੁਦਾ ਉਸਨੇ.
ਮੇਰੇ ਅਨੁਭਵ ਦੀ ਮੂਰਤ ਸੀ
ਕੀ ਮਰਨਾ ਸੀ ਭਲਾ ਉਸਨੇ.

ਕਦੇ ਸੁਪਨੇ ਦਾ ਸਾਂਈਂ ਉਹ
ਕਦੇ ਸਧਰਾਂ ਦੀ ਮਾਈ ਉਹ
ਮੇਰਾ ਸਾਇਆ ਮੇਰਾ ਲੇਖਕ
ਲਿਖੀ ਕਵਿਤਾ ਸਦਾ ਉਸਨੇ.

ਅਜੇ ਸਧਰਾਂ ਦਾ ਹਾਣੀ ਸੀ
ਅਚਾਨਕ ਰਹਿ ਗਿਆ ਪਿੱਛੇ
ਨਿਗ਼ਾਹਾਂ ਦੇ ਸਫ਼ੇ ਕੀਤੇ
ਪੜ੍ਹੇ ਬਿਨ ਖ਼ੁਦ ਜੁਦਾ ਉਸਨੇ

ਲਿਖੇ ਵਰਕੇ ਉਡਾ ਦਿੱਤੇ
ਹਵਾ ਨੇ ਮਸ਼ਕਰੀ ਸਮਝੀ
ਕਵੀ ਬਣਕੇ ਕੀ ਲੈਣਾ ਸੀ
ਮੁਕਾ ਦਿੱਤੀ ਕਥਾ ਉਸਨੇ.

ਕਿਹਾ ਉਸਨੂੰ ਮੁਕਾ ਦੇਵੇ
ਗ਼ੁਬਾਰਾ ਫ਼ਟਣ ਤੇ ਆਇਆ
ਰਿਹਾ ਤਣਿਆ ਨਾ ਇਕ ਮੰਨੀ
ਸਗੋਂ ਦਿੱਤੀ ਹਵਾ ਉਸਨੇ

ਕਤਲ ਕੀਤੇ ਜਦੋਂ ਅਰਮਾਂ
ਤਾਂ ਸਾਖੀ ਸੀ ਜ਼ਮੀਰ ਅਪਣੀ
ਬਚਾ ਕੇ ਅਣਖ ਅਪਣੀ ਨੂੰ

ਲਿਖੀ ਆਪੇ ਸਜ਼ਾ ਉਸਨੇ


ਏਸੇ ਦਿਨ ਅਰਥਾਤ ਸ਼ਨੀਵਾਰ 29 ਮਈ, 2010 ਨੂੰ ਸਵੇਰੇ ਗਿਆਰਾਂ ਵੱਜ ਕੇ 09 ਮਿੰਟਾਂ ਤੇ ਜਿਹੜੀ ਦਸਤਕ ਹੋਈ ਉਸ ਵਿੱਚ ਜ਼ਿਕਰ ਸੀ ਕੁਝ ਗੁਸਤਾਖੀਆਂ ਦਾ. ਤੁਹਾਨੂੰ ਪਤੈ ਓਹ ਗੁਸਤਾਖੀਆਂ ਕਿਸ ਦੀਆਂ ਸਨ.  ਦੇਵਿੰਦਰ ਜੌਹਲ ਦੀ ਇਹ ਰਚਨਾ ਕਿਹਨਾਂ ਗੁਸ੍ਤਾਖਾਂ ਵੱਲ ਇਸ਼ਾਰਾ ਕਰ ਰਹੀ ਹੈ...ਆਓ ਜਰਾ ਗਹੁ ਨਾਲ ਦੇਖਦੇ ਹਾਂ.
ਕਬੂਤਰ

ਬਹੁਤ ਗ਼ੁਸਤਾਖ਼ ਹੋ ਗਏ ਨੇ ਕਬੂਤਰ
ਰਾਹ ਖਹਿੜੇ ਚੁਗ ਲੈਂਦੇ ਨੇ
ਮੇਰੀ ਕਲਮ ਦੇ ਚੁੰਮਣ
ਸਿਆਹੀ ਦੀ ਹੱਥ-ਘੁੱਟਣੀ
ਕਾਗ਼ਜ਼ ਦੀ ਜੱਫੀ
ਬਹੁਤ ਸੱਖਣੀ ਹੋ ਜਾਂਦੀ ਹੈ ਕਵਿਤਾ
ਬੇ-ਪਰਦਾ
ਸੁੱਕੇ ਬੱਦਲਾਂ ਦੇ ਪਰਾਂ ਤੇ ਬੈਠੀ
ਮੀਂਹ ਦੇ ਖ਼ਾਬਾਂ ’ਚ ਵਸਦੀ
ਸਾਉਣ ਦੀ ਸੰਗਰਾਂਦ ਦਾ ਸਿਰਨਾਵਾਂ ਲੱਭਦੀ
ਕੋਰੇ ਕਾਗ਼ਜ਼ ਦੇ ਅਗਲੇ ਸਫ਼ੇ ਤੇ
ਖਿੜਨ ਲਗਦੀ ਹੈ
ਕਵਿਤਾ ਜੇ ਮਹਿਕ ਵਿਹੂਣੀ ਹੁੰਦੀ
ਬੀਬੇ ਕਬੂਤਰ ਬੇਸ਼ਕ ਗੋਲੇ ਹੋ ਗਏ ਹੁੰਦੇ
ਗ਼ਸਤਾਖ਼ ਕਦੇ ਨਾ ਹੁੰਦੇ

ਵੈਸੇ ਹੁਣੇ ਹੁਣੇ ਖ਼ਬਰ ਮਿਲੀ ਹੈ

ਬੀਬੇ ਕਬੂਤਰ ਬ-ਵਰਦੀ ਨਿਕਲੇ
ਆਪਣੇ ਬਦਨ ਤੇ
ਉਕਰਾਏ ਪਏ ਸੀ ਗ਼ੈਰ ਸਿਰਨਾਵੇਂ
ਸ਼ਾਇਦ ਗ਼ੈਰ-ਮੁਲਕੀ ਵੀ
ਫੜੇ ਗਏ ਨੇ
ਤੱਥ ਲੱਭਣਗੇ
ਕਿਸ ਕਿਸ ਕਥਾ ਦੇ ਬੀਜ ਫੁੱਟਣਗੇ
ਛਤਰੀਆਂ ਹੇਠੋਂ-
ਜਾਂ ਸ਼ਾਇਦ ਕੋਲ ਦੀ ਲੰਘ ਜਾਣ ਵੀ
ਬੱਦਲਾਂ ਦੀ ਪੀਂਘ ਝੂਟਣ
ਜਾਂ ਸਰਹੱਦ ਦੇ ਉਰਾਰ-ਪਾਰ ਫੁੰਡੇ ਜਾਣ
ਆਪਣੇ ਬੇਗ਼ਾਨੇ ਜਾਣ ਕੇ
ਗੁਸਤਾਖ਼ ਕਬੂਤਰ
ਪ੍ਰਸਾਸ਼ਕੀ ਜਾਂ ਰਾਜਨੀਤਿਕ. ਗ਼ੁਪਤਚਰ ..
ਫ਼ਿਲਹਾਲ
ਸੂਹੀਏ ਕਿਸੇ ਥਾਂ ਦੇ
ਮੇਰੀਆਂ ਕਵਿਤਾਵਾਂ ਠੁੰਗਦੇ ਨੇ
ਅਹਿਸਸ ਚੁਰਾਉਂਦੇ ਨੇ
ਕਿਤੇ ਵੇਚ ਆਉਂਦੇ ਨੇ-ਬਾਜ਼ਾਰੀ ਸਿਪਾਹੀ
ਮੇਰੀ ਕਲਮ ਦੀ ਸੁੱਕੀ ਸਿਆਹੀ

ਮੁਲਕ ਦੀ ਸਰਹੱਦ ਤੇ ਸੂਰਜ
ਰੁਕਿਆ ਖੜਾ ਹੈ
ਫ਼ਸਲਾਂ ਹਾਲੇ ਚੰਨ ਨੂੰ
ਦਫ਼ਤਰੀ ਅਰਘ ਚੜ੍ਹਾ ਰਹੀਆਂ ਨੇ
ਵਿਭਾਗੀ ਛਤਰੀਆਂ ਦੀ ਹਾਲੇ
ਤਪਤੀਸ਼ ਨਹੀਂ ਹੋਈ
ਪੰਛੀਆਂ ਦੀਆਂ ਡਾਰਾਂ
ਬਦਨਾਮ ਹੋ ਰਹੀਆਂ ਨੇ
ਖੰਬਾਂ ਦੀਆਂ ਡਾਰਾਂ
ਆਮ ਹੋ ਰਹੀਆਂ ਨੇ


ਏਸੇ ਤਰਾਂ ਦੇਵਿੰਦਰ ਜੌਹਲ ਦੀ ਹੀ ਇੱਕ ਹੋਰ ਰਚਨਾ ਸੀ ਦੀਵਾ ਬਾਲ਼ ਦਿਓ....ਇਸ 12 ਮਈ 2010 ਨੂੰ ਤੜਕੇ ਤੜਕੇ  2:24 ਵਜੇ ਹੋਈ ਦਸਤਕ ਨਾਲ. 
ਭਰਮ ਭੁਲੇਖਾ ਹੈ ਤਾਂ ਹਸ ਕੇ ਟਾਲ਼ ਦਿਓ
ਤੀਲੀ ਨੱਕ ਦੇ ਹੇਠਾਂ ਕਰਕੇ ਬਾਲ਼ ਦਿਓ








ਏਸੇ  ਤਰਾਂ ਵੀਰਵਾਰ 25 ਮਾਰਚ 2010 ਨੂੰ ਰਾਤੀਂ 9 ਵੱਜ ਕੇ 11 ਮਿੰਟਾਂ ਤੇ ਦੇਵਿੰਦਰ ਜੌਹਲ ਦੀ ਹੀ ਇੱਕ ਹੋਰ ਰਚਨਾ ਸੁਪਨਾ ਬਣ ਕੇ ਆਈ. 

ਫੋਟੋ ਧੰਨਵਾਦ ਸਹਿਤ : ਡ੍ਰੀਮ ਵਰਕ 
.....ਇਸ ਵਾਰ ਦੀ ਪੋਸਟ ਦੇ ਅਖੀਰ ਵਿੱਚ ਦੇਵਿੰਦਰ ਜੌਹਲ ਦੀਆਂ ਕੁਝ ਚਿਤ-ਕਵਿਤਾਵਾਂ ਜਿਹਨਾਂ ਦੀ ਦਸਤਕ ਸੁਣੀ ਗਈ ਸੀ ਵੀਰਵਾਰ ਚਾਰ ਮਾਰਚ 2010 ਨੂੰ ਤੜਕੇ ਤੜਕੇ ਪੂਰੇ ਸਵਾ ਇੱਕ ਵਜੇ 


ਫੋਟੋ ਧੰਨਵਾਦ ਸਹਿਤ : ਡ੍ਰੀਮ ਵਰਕ 





ਆਮਦ ਦਾ ਪਤਾ ਲੱਗਿਆ

....ਲਓ ਪੜ੍ਹੋ ਪੂਰੀ ਕਵਿਤਾ.

ਇਸ ਧਰਤੀ ਨੂੰ ਅੰਬਰ ਜਿੱਡਾ ਥਾਲ ਦਿਓ.

ਗ਼ਮ ਵੀ ਨਹੀਂ ਏ ਕੋਈ
ਕੋਈ ਦੁੱਖ ਹੈਗਾ ਏੇ
ਕੁਝ ਵੀ ਨਹੀਂ ਏ ਕੋਲ਼ੇ
ਕੁਝ ਕੁਝ ਹੈਗਾ ਏ
ਭਰਮ ਭੁਲੇਖਾ ਹੈ ਤਾਂ ਹਸ ਕੇ ਟਾਲ਼ ਦਿਓ
ਤੀਲੀ ਨੱਕ ਦੇ ਹੇਠਾਂ ਕਰਕੇ ਬਾਲ਼ ਦਿਓ..

ਕਹਿ ਵੀ ਦਿੱਤਾ ਸਭ ਕੁਝ
ਕਿਹਾ ਤੇ ਕੁਝ ਨਹੀਂ
ਸਭ ਕੁਝ ਪੱਲੇ ਹੈ ਪਰ
ਰਿਹਾ ਵੀ ਕੁਝ ਨਹੀਂ
ਅੱਖ ਨੂੰ ਆਪਣੇ ਸੁਪਨੇ ਦਾ ਕੰਕਾਲ ਦਿਓ
ਹੋਠਾਂ ਨੂੰ ਕੁਝ ਸ਼ਬਦਾਂ ਦਾ ਜੰਜਾਲ ਦਿਓ..

ਚਮਕੀ ਧੁੱਪ ਹੈ ਜਿਥੇ
ਉਥੇ ਛਾਂ ਦਿਸਦੀ
ਬੱਦਲਾਂ ਦੀ ਚੁੰਨੀ ਹੈ
ਵਿਚੋਂ ਮਾਂ ਦਿਸਦੀ
ਮਾਂਵਾਂ ਨੂੰ ਕੁਝ ਗੀਤਾਂ ਵਾਲਾ ਤਾਲ ਦਿਓ
ਨਦੀਆਂ ਦੇ ਖੁਸ਼ ਵਹਿਣਾ ਵਾਲੀ ਚਾਲ ਦਿਓ..

ਧੂਫ਼ ਧੁਖਾਏ ਧਰਤੀ
ਤਨ ਦੀ ਲੋਅ ਕਰਕੇ
ਰੂਪ ਲਿਖਾਏ ਹੱਥੀਂ
ਸੁੱਚਾ ਮੋਹ ਕਰਕੇ
ਗਲ਼ ਨੂੰ ਗਾਨੀ ਚੀਰਾ ਲਾਲ ਗੁਲਾਲ ਦਿਓ
ਨੱਥ ਭਨਾ ਕੇ ਸੁੱਟੋ ਹੱਥ ਰੁਮਾਲ ਦਿਓ

ਬਲਦੀ ਰੱਖੋ ਅੱਗ
ਕਿ ਸ਼ਾਇਦ ਸਾਹ ਆਵੇ
ਟੁਰਦਾ ਚਲਿਆ ਚੱਲ
ਕਿ ਸਾਇਦ ਰਾਹ ਆਵੇ
ਅੱਖ ਨੂੰ ਧੁੱਪ ਲੁਆਓ ਨਜ਼ਰਾਂ ਨਾਲ ਦਿਓ
ਆਪ ਚੁ੍ਰਾਹਾ ਟੱਪ ਕੇ ਦੀਵਾ ਬਾਲ਼ ਦਿਓ..

ਇਸ ਧਰਤੀ ਨੂੰ ਅੰਬਰ ਜਿੱਡਾ ਥਾਲ ਦਿਓ





ਸੁਪਨੇ ਦੀ ਅੱਖ ਸੁਰਮਾਂ ਹਾਂ ਮੈਂ ਸੁਪਨਾ ਵੀ।
ਮੈਂ ਪੂਰਾ ਹਾਂ ਪਲ ਭਰਪਲ ਨੂੰ ਖੁਰਨਾ ਵੀ ।

ਉੱਡਦਾ ਪੰਛੀ ਅੱਖਾਂ ਵਿੱਚਬਿਠਾਈਂ ਨਾ,
ਸੱਤ ਬਿਗ਼ਾਨੀ ਸੱਧਰਸੀਨੇ ਲਾਈਂ ਨਾ,
ਧੁੱਪ ਦਾ ਟੋਟਾਪੈਰਾਂ ਹੇਠ ਵਿਛਾਈਂ ਨਾ,
ਕਦ ਤਕ ਪੈਰਾਂ ਬਹਿਣਾਆਖ਼ਿਰ ਤੁਰਨਾ ਵੀ ।…

ਰੋਕ ਲਏ ਸਾਹਾਂ ਦੇਨਾਂ ਥਹੁ ਯਾਦ ਕਰਾਂ,
ਬੀਤ ਗਏ ਜਜ਼ਬੇ ਨੂੰਖ਼ੁਦ ਫ਼ਰਿਆਦਿ ਕਰਾਂ,
ਆਉਂਦਾ ਜਾਂਦਾ ਕੰਕਰ ਸੁਟਇਤਿ-ਆਦਿ ਕਰਾਂ,
ਲਹਿਰਾਏ ਪਾਣੀ ਚੌਂ ਈਫੁਰਨਾ ਫੁਰਨਾ ਵੀ ।…

ਠਹਿਰ ਗਿਆ ਪਰ ਕਦ ਤਕ ਆਖ਼ਿਰ ਪਾਣੀ ਹੈ,
ਆਪ ਰਿੜਕਣਾ ਪਾਇਆਆਪ ਮਧਾਣੀ ਹੈ,
ਇਸ ਮਿੱਟੀ ਦੀ ਜੁੰਬਸ਼ ਬਹੁਤ ਪੁਰਾਣੀ ਹੈ,
ਸਦੀਆਂ ਦੇ ਬਿਰਤਾਂਤਪੁਗਾ ਕੇ ਮੁੜਨਾ ਵੀ।…

ਸੁਪਨੇ ਦੀ ਅੱਖ ਸੁਰਮਾਂ ਹਾਂਮੈਂ ਸੁਪਨਾ ਵੀ।
ਮੈਂ ਪੂਰਾ ਹਾਂ ਪਲ ਭਰਪਲ ਨੂੰ ਖੁਰਨਾ ਵੀ ।



ਤੀਰਥ
ਸੁੱਚਾ ਰੰਗ ਗੁਆ ਲਿਆ।
ਕਾਲਖ ਜੇਬੇ ਪਾ ਲਈ
ਰੱਬ ਦਾ ਨਾਮ ਧਿਆ ਲਿਆ।

ਸੌਦਾ

ਅੱਖ ਟਿਕੀ ਅਸਮਾਨ ਤੇ ।
ਬੋਝੇ ਵਿਚ ਕੁਝ ਛੰਦ ਨੇ
ਪਹੁੰਚੇ ਖਾ੍ਬ ਦੁਕਾਨ ਤੇ ।

ਤ੍ਰਿੰਞਣ 

ਪੀੜਾਂ ਕੱਤੀਆਂ ਪੂਣੀਆ਼ ।
ਸੁਪਨੇ ਤੋੜੀ ਤੰਦ
ਰੂਹਾਂ ਨਿਮੋਝੂਣੀਆਂ ।

ਉਡੀਕ

ਅੱਖ ਵਿਛਾਈ ਰਾਹ ਵਿਚ ।
ਝਿੰਮਣਾ ਕੰਡੇ ਚੁਣ ਲਏ
ਕੰਕਰ ਫਸ ਗਏ ਸਾਹ ਵਿਚ ।

 ਦਿ੍ਸ਼ਦੀ

ਭਾਅ ਅਸਮਾਨੇ ਚੜ੍ਹ ਗਏ ।
ਹੇਠਾਂ ਲੱਥੀ ਜਿੰਦ ਤਾਂ
ਸਾਹ ਐਵੇਂ ਹੀ ਖੜ੍ਹ ਗਏ

ਸਮਝੌਤਾ

ਵਾਧੂ ਚਿੰਤਾ ਕਰ ਲਈ ।
ਖ਼ਾਬ ਵਿਛਾਉਂਣਾ ਕਰ ਲਏ        
ਅਣਖ ਵਿਚੋਲੇ ਵਰ ਲਈ

ਤੁਹਾਨੂੰ ਇਹ ਕਵਿਤਾਵਾਂ ਅਤੇ ਇਹਨਾਂ ਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ...ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. -ਰੈਕਟਰ ਕਥੂਰੀਆ 

No comments: