Monday, November 01, 2010

ਜਦੋਂ ਸਿੱਖਾਂ ਲਈ ਇਹ ਘਰ ਸੀ ਬੇਗਾਨਾ ਹੋ ਗਿਆ...!

ਇਹ ਕਹਾਣੀ ਹੈ ਨਵੰਬਰ-84  ਦੇ ਉਹਨਾਂ ਕਾਲੇ ਦਿਨਾਂ ਦੀ  ਜਿਹਨਾਂ ਦੀਆਂ  ਭਿਆਨਕ ਯਾਦਾਂ ਲੱਖ ਭੁਲਾਉਣ ਦੇ ਬਾਵਜੂਦ ਵੀ ਹਰ ਸਾਲ ਤਾਜ਼ਾ ਹੋ ਜਾਂਦੀਆਂ ਹਨ. ਲੋਕ ਰਾਜ ਨੇ ਇਸ ਕਹਾਣੀ ਬਾਰੇ ਆਖਿਆ ਕਿ ਜਦੋਂ ਵੀ ਕੁਛ ਉਨ੍ਹਾਂ ਦਿਨਾਂ ਬਾਰੇ ਪੜ੍ਹੀਦਾ ਹੈ ਸਾਨੂੰ ਮਾਨਸਿਕ ਪਧਰ ਤੇ ਬਾਰ ਬਾਰ ਉਨ੍ਹਾ ਦਿਨਾਂ ਚੋਂ ਫੇਰ ਲੰਘਣਾ ਪੈਂਦਾ ਹੈ ਪਰ ਇਸ ਨੂ ਅਸੀਂ ਆਪਣੇ ਚੇਤਿਆਂ ਚੋਂ ਮਨਫੀ ਵੀ ਨਹੀਂ ਕਰ ਸਕਦੇ....ਦੂਸਰੀ ਮੁਸ਼ਕਿਲ ਇਹ ਹੈ ਕਿ ਬਿਲਕੁਲ ਨਿਰਪਖ ਰਹਿ ਕੇ ਵੀ ਉਨ੍ਹਾਂ ਦਿਨਾਂ ਦੇ ਮਾਹੌਲ ਅਤੇ ਘਟਨਾਵਾਂ ਦਾ ਮੁਤਾਲਿਆ ਕਰਨਾ ਵੀ ਬਹੁਤ ਮੁਸ਼ਕਿਲ ਹੈ...ਅਜੇਹਾ ਦੌਰ ਫਿਰ ਕਦੇ ਨਾ ਦੇਖਣਾ ਪਵੇ...ਮੇਰੇ ਜਿਹੇ ਲੋਕਾਂ ਨੂੰ ਹੋਰ ਵੀ ਜਿਆਦਾ ਮੁਸ਼ਕਿਲ ਹੁੰਦਾ ਹੈ ਜੋ ਦਿਖ ਤੋਂ ਮੁਸਲਮਾਨ ਅਤੇ ਨਾਮ ਤੋ ਹਿੰਦੂ ਪ੍ਰਤੀਤ ਹੁੰਦੇ ਨੇ, ਸੋਚ ਤੇ ਤਰਕ ਤੋਂ ਧਰਮ-ਨਿਰਪਖ ਪਰ ਸਭਿਆਚਾਰ ਤੇ ਜਜਬਾਤ ਤੋਂ ਸਿਖ ਤੇ ਸਾਨੂ ਹਰ ਰੰਗ ਦੇ ਫਿਰਕਾ-ਪ੍ਰਸਤਾਂ ਨਾਲ ਲੜਨਾ ਪੈਂਦਾ ਹੈ.ਏਸੇ ਤਰਾਂ ਸਈਅਦ ਆਸਿਫ਼  ਸ਼ਾਹਕਾਰ ਨੇ ਕਿਹਾ ਕਿ  ਗੁਲਸ਼ਨ ਦਿਆਲ ਦੀ ਇਹ ਕਹਾਣੀ ਅਸਲ ਵਿਚ ਇਸ ਇਤਿਹਾਸ ਦੀ ਕਹਾਣੀ ਏ ਜਿਹਦੇ ਵਿਚ ਇਨਸਾਨਾਂ ਨੂੰ ਮਜ਼ਹਬਾਂ ਧਰਮਾਂ ਤੇ ਹੋਰ ਧੜਿਆਂ ਵਿਚ ਵੰਡ ਕੇ ਬੇਕਸੂਰ ਤੇ ਬੇਗੁਨਾਹ ਇਨਸਾਨਾਂ ਤੇ ਜ਼ੁਲਮ ਕੀਤੇ ਗਏ ਕਹਿੰਦੇ ਨੇਂ ਕਰੇ ਦਾੜ੍ਹੀ ਵਾਲ਼ਾ ਤੇ ਫੜਿਆ ਜਾਵੇ ਮੁੱਛ ਵਾਲ਼ਾ....ਉਹਨਾਂ ਕਾਲੇ ਦਿਨਾਂ ਦੀ ਕਹਾਣੀ ਅਸੀਂ ਹੂ-ਬ-ਹੂ ਪ੍ਰਕਾਸ਼ਿਤ ਕਰ ਰਹੇ ਹਾਂ. ਇਸ ਵਿੱਚ ਇਤਿਹਾਸ ਦੀ ਵੀ ਚਰਚਾ ਹੈ ਅਤੇ ਮਿਥਿਹਾਸ ਦੀ ਵੀ. ਜ਼ਖਮਾਂ ਦੀ ਯਾਦ ਦੁਆਉਣ ਵਾਲੀ ਇਹ ਕਹਾਣੀ ਜਖਮਾਂ ਤੇ ਮਰਹਮ ਵੀ ਲਗਾਉਂਦੀ ਹੈ ਅਤੇ ਬਹੁਤ ਕੁਝ ਸੋਚਣ ਲਈ ਵੀ ਆਖਦੀ ਹੈ. ਸਾਹਿਤ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੀ  ਗੁਲਸ਼ਨ ਦਿਆਲ ਜਗਰਾਓਂ ਦੀ ਜੰਮਪਲ ਅਤੇ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਪੜ੍ਹਾਈ ਕਰਨ ਵਾਲੀ ਗੁਲਸ਼ਨ ਦਿਆਲ ਨੇ ਅਧਿਆਪਨ ਦੇ ਕਿੱਤੇ ਨੂੰ ਪੰਜਾਬ ਵਿੱਚ ਵੀ ਜਾਰੀ ਰੱਖਿਆ ਸੀ ਅਤੇ ਹੁਣ ਕੈਲੀਫੋਰਨੀਆ ਜਾ ਕੇ ਵੀ. ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਸਾਨੂੰ ਰਹੇਗੀ ਹੀ. ਰੈਕਟਰ ਕਥੂਰੀਆ         


ਪੰਜਾਬ ਦੀ ਹੱਦੋਂ ਬਾਹਰ -----ਗੁਲਸ਼ਨ ਦਿਆਲ

 ''ਇਹ ਪੁਲਸੀਏ ਕਿਤੇ ਫ਼ਿਰ ਅਤੀਹੇ ਨੇ ", ਮੇਰਾ ਦੋਸਤ ਕਾਰ ਚਲੌਂਦਾ ਗ਼ੁੱਸੇ ਨਾਲ ਚੀਕਿਆ , ਜਦ ਉਸ ਨੇ ਦੂਰੋਂ ਬੈਰੀਕੇਡ ਲੱਗਾ ਦੇਖਿਆ. "ਇਹ ਸਾਰੇ ਮਾਂ ਚੌ....ਹਿੰਦੂਆਂ ਨੂੰ ਤਾਂ ਲੰਘ ਜਾਣ ਦਿੰਦੇ ਨੇ ਪਰ ਪੱਗ ਤੇ ਦਾਹੜੀ ਦੇਖ ਕੇ ਇਹ ਭੈਣ ਦੇ ਯਾਰ .....ਹਰ ਇਕ ਨੂੰ ਰੋਕ ਲੈਂਦੇ ਨੇ ", ਮੇਰਾ ਦੋਸਤ ਬੋਲੀ ਜਾ ਰਿਹਾ ਸੀ. ਮੈਂ ਉਸ ਦੀਆਂ ਚੋਂਦੀਆਂ ਚੋਂਦੀਆਂ ਗਾਹਲਾਂ ਸੁਣ ਕੇ ਬੇ-ਆਰਾਮ ਮਹਿਸੂਸ ਕਰ ਰਹੀ ਸੀ. ਮੇਰੇ ਘਰ ਵਿਚ ਕੋਈ ਗਾਹਲ ਨਹੀਂ ਸੀ ਕੱਢਦਾ. ਮੈਂ ਕੁੱਝ ਨਹੀਂ ਕਿਹਾ ਤੇ ਉਹ ਕਾਰ ਹੌਲੀ ਕਰਦਾ ਫ਼ਿਰ ਭੜਕ ਉਠਿਆ.."ਅਜਿਹਾ ਸਲੂਕ ਕਰਦੇ ਨੇ ਜਿਵੇਂ ਅਸੀਂ ਕੋਈ ਆਦਮੀ ਨਹੀਂ ਜਾਨਵਰ ਹੋਈਏ". : ਮੇਰੇ ਦੂਜੇ ਦੋਸਤ ਨੇ ਉਸ ਦੀ ਹਾਂ ਵਿਚ ਹਾਂ ਮਲਾਉਂਦਿਆਂ ਆਖਿਆ : "ਜਿਨ੍ਹਾਂ ਲੋਕਾਂ ਇਸ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਕੇ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਨੂੰ ਅੱਜ ਉਸ ਸ਼ੇਰ ਸ਼ਾਹ ਮਾਰਗ ਸੋ ਕੀਲੀਡ ਗਰੈਂਡ ਤਰਣਕ ਰੋਡ ਤੇ ਭੇਡਾਂ ਬੱਕਰੀਆਂ ਵਾਂਗ ਸਮਝਿਆ ਜਾਂਦਾ ਹੈ. 
ਦੋਨੋਂ ਦੋਸਤ  ਵਾਰੋ ਵਾਰੀ ਬੋਲ ਕੇ ਅਪਣਾ ਗ਼ੁੱਸਾ ਕੱਢ ਰਹੇ ਸਨ ਤੇ ਤੀਜਾ ਸਾਡਾ ਹਰਿਆਣਵੀ ਦੋਸਤ ਮੇਰੇ ਕੋਲ਼ ਬੈਠਾ ਕਦੀਂ ਮੇਰੇ ਵੱਲ ਦੇਖਦਾ ਤੇ ਕਦੀ ਉਨ੍ਹਾਂ ਵੱਲ. ਇਸ ਲਈ ਸ਼ਾਇਦ ਇਹ ਪਹਿਲੀ ਵਾਰ ਸੀ ਕਿ ਕੋਈ ਕੁੜੀ ਤਿੰਨ ਹੱਟੇ-ਕੱਟੇ ਦੋਸਤਾਂ ਨਾਲ਼ ਸਫ਼ਰ ਕਰ ਰਹੀ ਸੀ. ਉੰਨੀ ਸੌ ਪੰਜਾਸੀ ਦੀ ਜਨਵਰੀ ਦਾ ਮਹੀਨਾ ਸੀ. ਇਨ੍ਹਾਂ ਮੇਰੇ ਤਿੰਨ ਜਮਾਤੀਆਂ ਨੇ ਮੇਰੇ ਨਾਲ਼ ਉਰਦੂ ਦੀ ਕਲਾਸ ਲੈ ਰੱਖੀ ਸੀ ਤੇ ਅਸੀਂ ਇਸੇ ਕਲਾਸ ਦੇ ਇਕ ਹਿੱਸੇ ਨੂੰ ਪੂਰਾ ਕਰਨ ਲਈ ਲਖਨਊ ਜਾ ਰਹੇ ਸਾਂ.ਬਾਕੀ ਸਾਰੇ ਜਮਾਤੀ ਰੇਲ ਗੱਡੀ ਤੇ ਗਏ ਸਨ ਪਰ ਇਨ੍ਹਾਂ ਤਿੰਨਾਂ ਨੇ ਆਪਣੀ ਕਾਰ ਵਿਚ ਜਾਣ ਦਾ ਫ਼ੈਸਲਾ ਕਰ ਲਿਆ ਤੇ ਪਤਾ ਨਹੀਂ ਕੀ ਸੋਚ ਕੇ ਮੈਂ ਵੀ ਉਨ੍ਹਾਂ ਨਾਲ਼ ਜਾਣ ਦੀ ਹਾਂ ਕਰ ਦਿੱਤੀ ਤੇ ਮੇਰੇ ਘਰ ਦਿਆਂ ਨੇ ਵੀ ਇਹ ਸਵਾਲ ਨਹੀਂ ਕੀਤਾ ਕਿ ਮੈ ਅਜਿਹਾ ਕਿਉਂ ਕਰ ਰਹੀ ਹਾਂ. ਉੰਨੀ ਸੌ ਚੌਰਾਸੀ ਦੇ ਕਤਲ-ਏ-ਆਮ ਦੀ ਯਾਦ ਤਾਜ਼ਾ ਸੀ ਤੇ ਮੈਂ ਆਪਣੇ ਦੋਸਤਾਂ ਦਾ ਗ਼ੁੱਸਾ ਸਮਝ ਸਕਦੀ ਸੀ. ਅਵਨਿੰਦਰ ਲੰਮੇ ਸਮੇ ਤੋਂ ਗੱਡੀ ਚਲਾਉਂਦਾ ਥੱਕਿਆ ਹੋਇਆ ਸੀ ਤੇ ਖਿਝਦਾ ਹੋਇਆ ਫ਼ਿਰ ਬੋਲਿਆ ,'ਗੁਰੂਆਂ ਨੇ ਇਨ੍ਹਾਂ ਨੂੰ ਮੁਗ਼ਲਾਂ ਤੋਂ ਬਚਾਉਂਦਿਆਂ ਸਿਰ ਕੱਟਾ ਲਏ. ,ਜਿਉਂਦੇ ਸੜ ਗਏ ਤੇ ਹੁਣ ਅਸੀਂ ਉਹਨਾ ਭੈਣ ਦੇ........ਨੂੰ ਦੁਸ਼ਮਣ, ਅੱਤਵਾਦੀ ਅਤੇ  ਗ਼ਦਾਰ ਨਜ਼ਰ ਆਉਂਦੇ ਹਾਂ," ਬੋਲਦਿਆਂ ਬੋਲਦਿਆਂ ਇਸ ਨੇ ਅਚਾਨਕ ਹੀ ਬ੍ਰੇਕ ਮਾਰੀ ਤੇ ਆਪਣੇ ਗ਼ੁੱਸੇ ਨੂੰ ਕਾਬੂ ਕੀਤਾ. ਉਹ ਇਨ੍ਹਾਂ ਖਿਝਿਆ ਹੋਇਆ ਤੇ ਗ਼ੁੱਸੇ ਵਿਚ ਸੀ ਕਿ ਸ਼ਾਇਦ ਬੋਲ ਕੇ ਉਹ ਕਿਸੇ ਮੁਸੀਬਤ ਵਿਚ ਹੀ ਪੇ ਜਾਂਦਾ, ਪਰ ਸ਼ਾਇਦ ਇਹ ਸੋਚ ਕੇ ਚੁੱਪ ਕਰ ਗਿਆ ਕਿ ਮੈਂ ਇਕੱਲੀ ਔਰਤ ਸਾਂ ਜੋ ਉਨ੍ਹਾਂ ਨਾਲ਼ ਸਫ਼ਰ ਕਰ ਰਹੀ ਸੀ ਤੇ ਉਹ ਕਿਸੇ ਪੰਗੇ ਵਿਚ ਨਹੀਂ ਸੀ ਪੈਣਾ ਚਾਹੁੰਦਾ ਜਾਂ ਸ਼ਾਇਦ ਕਿਸੇ ਪੰਗੇ ਵਿਚ ਪੈਣ ਤੋਂ ਡਰ ਗਿਆ ਸੀ. ਹਰੇ ਭਰੇ ਕਣਕ ਦੇ ਖੇਤ ਸਨ ਸਾਡੇ ਚੌਹੀਂ ਪਾਸੇ ਦੂਰ ਦੂਰ ਤੱਕ , ਵਿਚ ਵਿਚ ਦੀ ਸਰ੍ਰੋੰ  ਦੇ ਪੀਲੇ ਪੀਲੇ ਫੁੱਲ ਵੀ ਝਾਕ ਰਹੇ ਸਨ. ਸਰਦੀ ਦੀ ਸ਼ਾਮ ਇਸ ਤਰਾਂ ਲੱਗ ਰਹੀ ਸੀ ਜਿਵੇਂ ਧਰਤੀ ਮਾਂ ਨੇ ਰੰਗ ਬਰੰਗੀ ਰਜ਼ਾਈ ਨਾਲ਼ ਆਪਣੇ ਆਪ ਨੂੰ ਲਪੇਟਿਆ ਹੋਵੇ ਤੇ ਮੈਂ.... ਮੈਂ ਆਪਣੇ ਭਾਰਤ ਦੇਸ਼ ਮਹਾਨ ਵਿਚ ਇਕ ਕੈਦੀ ਵਾਂਗ ਮਹਿਸੂਸ ਕਰਨ ਲੱਗ ਪਈ ਸੀ. ਲੋਕਤੰਤਰ , ਧਰਮ ਨਿਰਪੇਖ ਭਾਰਤ ਮਾਂ ਨੂੰ ਲੱਖ ਲੱਖ ਸਲਾਮ , ਮੇਰੀ ਭਾਰਤ ਮਾਂ ਜਿਥੇ ਹਰ ਕੰਨਿਆ ਤੇ ਔਰਤ ਨੂੰ ਲਕਸਮੀ ਦੇਵੀ ਸਮਝ ਕੇ ਪੁੱਜਿਆ ਜਾਂਦਾ ਹੈ.ਮਨ ਹੀ ਮਨ ਵਿਚ ਮੈਂ ਆਪਣੀ ਧਰਤੀ ਲਈ ਸਿਰ ਝਕਾਉਂਦੀ ਹਾਂ ਤੇ ਉਸ ਦੀ ਜ਼ਮੀਨ ਨੂੰ ਚੁੰਮਦੀ ਹਾਂ ਜੋ ਹਰ ਰੋਜ਼ ਮੇਰੇ ਲਈ ਅਣਜਾਣੀ ਤੇ ਬੇਗਾਨੀ ਹੁੰਦੀ ਜਾ ਰਹੀ ਹੈ , ਬੇਗਾਨੀ ਸਿਰਫ਼ ਇਸ ਲਈ ਕਿ ਮੇਰੇ ਨਾਲ਼ ਬੈਠੇ ਦੋਸਤਾਂ ਦੇ ਸਿਰਾਂ ਤੇ ਪੱਗਾਂ ਤੇ ਦਾੜੀਆਂ ਸੰਨ. ਦੂਰ ਪੱਛਮ ਵਿਚ ਸੂਰਜ ਸ਼ਰਮ ਨਾਲ਼ ਲਾਲ਼ ਹੁੰਦਿਆ ਡੁੱਬ ਰਿਹਾ ਸੀ. 
ਇਸ ਤਰਾਂ ਲਗਦਾ ਸੀ ਜਿਵੇਂ ਸੂਰਜ ਮੂਧਾ ਪਿਆ ਕਟੋਰਾ ਹੋਵੇ ਤੇ ਜਿਸ ਵਿਚੋਂ ਚਾਰੇ ਪਾਸੇ ਲਹੂ ਡੁੱਲ ਰਿਹਾ ਸੀ. ਡੁੱਬ ਰਿਹਾ ਸੂਰਜ ਆਪਣੀ ਮਰ ਰਹੀ ਅੱਗ ਨਾਲ਼ ਜਾਂਦਾ ਜਾਂਦਾ ਸੜਕ ਤੇ ਖੇਤਾਂ ਨੂੰ ਕਲੱਤਣ ਲਾਲ਼ ਰੰਗ ਵਿਚ ਰੰਗ ਰਿਹਾ ਸੀ ਤੇ ਹਰ ਪਲ਼ ਇਹ ਰੰਗ ਹੋਰ ਕਾਲਾ ਪੈ  ਰਿਹਾ ਸੀ.ਦੋ ਕੁ ਮਹੀਨਿਆਂ ਤੋ ਉੱਪਰ ਹੋ ਗਏ ਸਨ - ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਇਸ ਦੇ ਖ਼ੁਦ ਦੇ ਅੰਗ ਰਖਿਅਕਾਂ  ਨੇ ਕਰ ਦਿੱਤਾ ਸੀ , ਕਿਉਂ ਹੋਇਆ ਤੇ ਕਿਵੇਂ ਹੋਇਆ ਉਸ ਦੀ ਮੈਨੂੰ ਕੋਈ ਸਮਝ ਨਹੀਂ ਆ ਰਹੀ ਸੀ. ਲੋਕਾਂ ਕੋਲ਼ ਅਨੇਕਾਂ ਸਵਾਲਾਂ ਦੇ ਅਨੇਕਾਂ ਜਵਾਬ ਸਨ ਪਰ ਮੈਨੂੰ ਉਸ ਦਾ ਕੋਈ ਭੇਤ ਨਹੀਂ ਸੀ. ਸਿਰਫ਼ ਇੰਨਾਂ ਪਤਾ ਸੀ ਕਿ ਹਰ ਸਿੱਖ ਹੁਣ ਆਪਣੇ ਵਤਨ ਵਿਚ ਗ਼ੈਰ ਹੋ ਗਿਆ ਸੀ, ਗ਼ਦਾਰ ਹੋ ਗਿਆ ਸੀ ਤੇ ਹੋਰ ਪਤਾ ਨਹੀਂ ਕੀ ਕੀ ਹੋ ਗਿਆ ਸੀ , ਬੱਸ ਇੰਨਾਂ ਕੁ ਅਹਿਸਾਸ ਸੀ ਖ਼ੈਰ ਏਸ ਬੈਰੀਕੇਡ ਤੇ ਏਨੀ ਛਾਣਬੀਣ ਨਹੀਂ ਸੀ ਹੋਈ, ਸਾਡੇ ਹਰਿਆਣਵੀ ਦੋਸਤ ਨੇ ਮੂਹਰੇ ਹੋ ਕੇ ਸਾਰੇ ਕਾਗ਼ਜ਼ ਦਿਖਾ ਦਿੱਤੇ ਸਨ, ਤੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ ਸਨ,ਇਸ ਤਰਾਂ ਕਲੀਨ ਸ਼ੇਵਨ ਚਿਹਰੇ ਨੇ ਸਾਨੂੰ ਹਰੀ ਝੰਡੀ ਦਵਾ ਦਿੱਤੀ ਸੀ. ਇਸ ਤਰਾਂ ਪੂਰੀ ਪੂਰੀ ਤਲਾਸ਼ੀ ਕਰਵਾ ਕੇ ਅਸੀਂ ਦਿੱਲੀ ਵਿਚ ਦਾਖ਼ਲ ਹੋਏ ਸਾਂ. ਦਿੱਲੀ ਹਿੰਦੁਸਤਾਨ ਦਾ ਦਿਲ ਤੇ ਸਾਡੀ ਰਾਜਧਾਨੀ æ ਪਰ ਅੱਜ ਲਗਦਾ ਸੀ ਕਿ ਜਿਵੇਂ ਕੋਈ ਇਹ ਕੈਦਖ਼ਾਨਾ ਜਾਂ ਵੱਡੀ ਸਾਰੀ ਜੇਲ੍ਹ ਬਣ ਗਿਆ ਹੋਵੇ. ਲੋਕ ਡਰੇ ਡਰੇ ਆ ਜਾ ਰਹੇ ਸੀ, ਹਰ ਥਾਂ ਆਮ ਲੋਕਾਂ ਦੇ ਚੇਹਰਿਆਂ ਤੇ ਇਕ ਡਰ ਜਿਹਾ ਫੈਲ ਰਿਹਾ ਸੀ ਸਹਿਮੇ ਸਹਿਮੇ ਜਿਹੇ ਕਦਮ. ਇਕ ਅਜੀਬ ਜਿਹਾ ਖ਼ੌਫ਼ ਪੈਦਾ ਹੋ ਜਾਂਦਾ ਹੈ ਦਿਨ ਦੇ ਢਲਣ ਨਾਲ਼. ਹਰ ਇਕ ਨੂੰ ਧੁੜਕੂ ਜਿਹਾ ਲੱਗਿਆ ਰਹਿੰਦਾ ਹੈ ਕਿ ਪਤਾ ਨਹੀਂ ਕਿਸ ਵੇਲੇ ਕੀ ਹੋ ਜਾਵੇ. ਗੋਲੀਆਂ ਵੀ ਕਿਤੇ ਇੱਕ ਕਿਸਮ ਦੀਆਂ ਥੋੜੀਆਂ ਨੇ ਅੱਜ ਕੱਲ੍ਹ , ਬਹੁਤ ਕਿਸਮਾਂ ਨੇ. ਕਸ਼ਮੀਰੀ ਅੱਤਵਾਦੀ, ਪੰਜਾਬੀ ਖਾੜਕੂ , ਨਕਸਲਵਾਦੀਏ , ਪੁਲਸੀਏ , ਸ਼ਿਵ ਸੈਨਾ, ਪਤਾ ਨਹੀਂ ਕੀ ਕੀ ਨਾਂ ਸੀ ਇਨ੍ਹਾਂ ਦੇ , ਜੋ ਵੀ ਸਨ ਉਨ੍ਹਾਂ ਨੂੰ ਸਿਰਫ਼ ਖ਼ੂਨ ਦੀ ਪਿਆਸ ਸੀ, ਕਦੇ ਸਿੱਖ ਦੇ ਖ਼ੂਨ ਦੀ , ਕਦੀ ਕਦੀ ਮੁਸਲਮਾਨ ਦੇ ਖ਼ੂਨ ਦੀ, ਕਦੇ ਈਸਾਈ ਦੇ ਖ਼ੂਨ ਦੀ ......ਰੱਬ ਹੀ ਜਾਣਦਾ ਹੈ ਕਿ ਇਹਨਾਂ ਗੋਲੀਆਂ ਨੂੰ ਇਹਨੇ ਵਿਤਕਰਿਆਂ ਦੀ ਕਿਵੇਂ ਪਛਾਣ ਹੋ ਜਾਂਦੀ ਸੀ ਜਦ ਕੀ ਹਰ ਹਾਲਤ ਵਿਚ ਖ਼ੂਨ ਤਾਂ ਲਾਲ਼ ਹੀ ਹੁੰਦਾ ਹੈ. 
 ਚੰਨ ਚਾਨਣੀ ਰਾਤ ਸੀ , ਸ਼ੀਤਲ ਰਿਸ਼ਮਾਂ ਸ਼ਾਇਦ ਸਾਨੂੰ ਯਾਦ ਦੁਆ ਰਹੀਆਂ ਸਨ ਕਿ ਕੁਛ ਵੀ ਹੋਵੇ ਹਰ ਹਾਲਤ ਵਿਚ ਸਾਨੂੰ ਸ਼ਾਂਤ ਮਨ ਤੇ ਸ਼ਾਂਤ ਚਿੱਤ ਹੀ ਰਹਿਣਾ ਚਾਹੀਦਾ ਏ. ਚੰਨ ਬਹੁਤ ਦੂਰ ਦਿਖਾਈ ਰਿਹਾ ਸੀ ਪਰ ਫ਼ਿਰ ਵੀ ਸਾਡੇ ਤੇ ਚਾਂਦੀ ਰੰਗਾ ਚਾਨਣ ਛਿੜਕ ਰਿਹਾ ਸੀ.ਹੌਲੀ ਹੌਲੀ ਚੰਨ ਦਾ ਜਾਦੂ ਚੱਲ ਰਿਹਾ ਸੀ ਤੇ ਲੱਗ ਰਿਹਾ ਸੀ ਕਿ ਚਿੰਨ ਜਿਵੇਂ ਜਿੱਤ ਰਿਹਾ ਹੋਵੇ ਤੇ ਸਾਨੂੰ ਸਮਝਾ ਰਿਹਾ ਹੋਵੇ ਕਿ ਉਸ ਨੇ ਸੂਰਜ ਦੀ ਸਾਰੀ ਗਰਮੀ ਤੇ ਅੱਗ ਨੂੰ ਜਜ਼ਬ ਕਰ ਲਿਆ ਸੀ ਤੇ ਹੁਣ ਧਰਤੀ ਤੇ ਹੁਣ ਉਹ ਧਰਤੀ ਤੇ ਸਫ਼ੈਦ ਪਾਕ ਚਾਦਰ ਖਲ੍ਹਾਰ ਦਿੱਤੀ ਹੈ....ਦਿੱਲੀ ਅੰਦਰ ਵੜੇ ਤੇ ਅਸੀਂ ਇਕ ਛੋਟੀ ਜਿਹੀ ਚਾਹ ਦੀ ਦੁਕਾਨ ਤੇ ਚਾਹ ਪੀਣ ਲਈ ਰੁਕੇ. ਦੁਕਾਨ ਦੀ ਮਾਲਕਣ ਕੋਈ ਗਰਭਵਤੀ ਔਰਤ ਸੀ. ਪਤਾ ਲੱਗਿਆ ਕਿ ਉਹ ਦੰਗਿਆ ਵਿੱਚ ਵਿਧਵਾ ਹੋ ਗਈ ਸੀ.- ਦੰਗੇ ਜਿਸ ਵਿਚ ਇਕੋ ਹੀ ਵਰਗ ਦੇ ਲੋਕ ਮਾਰੇ ਗਏ ਸਨ. ਇਹ ਸੀ ਦੰਗਿਆਂ ਦੀ ਸਭ ਤੋ ਅਧਭੁਤ  ਪਰਿਭਾਸ਼ਾ : ਇਕੋ ਹੀ ਵਰਗ ਦੇ ਲੋਕਾਂ ਨੂੰ ਬਿਛੜਾਂ ਵਾਂਗ ਕਤਲ ਕਰ ਦਿਓ ਤੇ ਫ਼ਿਰ ਉਸ ਨੂੰ ਦੰਗਿਆਂ ਦਾ ਨਾਮ ਦੇ ਦਿਓ. 
ਇਸ ਔਰਤ ਦੇ ਤਿੰਨ ਬੱਚੇ ਕੰਬਲ ਹੇਠ ਸੁੱਤੇ ਪਏ ਸਨ. ਇਕ ਕੰਬਲ ਸ਼ਾਇਦ ਕਿਸੇ ਸਥਾਨਕ ਰਾਜਨੀਤਕ ਆਗੂ ਨੇ ਇਨ੍ਹਾਂ ਲੋਕਾਂ ਨੂੰ ਵੰਡੇ ਸਨ. ਜਿਹਨਾਂ ਲੋਕਾਂ ਨੂੰ ਪਹਿਲਾਂ ਤਾਂ ਮਾਰਿਆ ਕੱਟਿਆ ਤੇ ਫ਼ਿਰ ਦੂਜੇ ਹਫ਼ਤੇ ਕੰਬਲ ਵੰਡ ਕੇ ਸਮਾਜ ਸੇਵਕਾਂ ਦੀ ਕਤਾਰ ਵਿਚ ਪਿਛਲੇ ਦਰਵਾਜ਼ੇ ਤੋਂ ਸ਼ਾਮਿਲ ਹੋ ਗਏ ਸਨ.ਮੈਨੂੰ ਚੰਨ ਦਾ ਚਿਹਰਾ ਉਦਾਸ ਲੱਗਣ ਲੱਗਾ. ਉਹ ਸੋਹਣਾ ਚੰਨ ਜਿਵੇਂ ਸੂਰਜ ਦੀ ਸਾਰੀ ਗਰਮੀ ਪੀ ਕੇ ਧਰਤ ਮਾਂ ਵੱਲ ਠੰਢੀਆਂ ਚਾਂਦੀ ਰੰਗੀ ਕਿਰਨਾਂ ਦਾ ਹੜ ਵਹਾ ਦਿੰਦਾ ਹੈ ਤੇ ਕਿੱਥੇ ਹਨ ਉਹ ਉਦਾਸ ਉਦਾਸ ਲੱਗ ਰਿਹਾ ਸੀ , ਇਸੇ ਤਰਾਂ ਇਹ ਲੋਕਾਂ ਦੇ ਦੁੱਖਾਂ ਤੇ ਜ਼ਹਿਰ ਨੂੰ ਕਿਉਂ ਨਹੀਂ ਚੂਸ ਲੈਂਦਾ ? ਸ਼ਾਇਦ ਚੰਨ ਨੇ ਇਹ ਕੰਮ ਸ਼ੰਕਰ ਭੋਲੇ ਨਾਥ ਲਈ ਛੱਡਿਆ ਹੋਵੇ. ਉਹ ਭੋਲੇ ਨਾਥ ਫ਼ਿਰ ਇਹ ਜ਼ਹਿਰ ਕਿਉਂ ਨਹੀਂ ਚੂਸਦਾ, ਦੁਨੀਆ ਦੀ ਰਚਨਾ ਵੇਲੇ ਉਸ ਨੇ ਸਾਰੇ ਜ਼ਹਿਰ ਨੂੰ ਚੂਸ ਕੇ ਆਪਣੇ ਕੰਠ ਵਿਚ ਇਕੱਠਾ ਕਰ ਲਿਆ ਸੀ. ਕਿੱਥੇ ਹੈ ਉਹ ਹਨ ? ਉਹ ਹੁਣ ਅਪਣਾ ਤਾਂਡਵ ਨਾਚ ਨੱਚ ਕੇ ਇਸ ਤਰਾਂ ਦੀ ਦੁਨੀਆ ਨੂੰ ਤਬਾਹ ਕਰਕੇ ਨਵੀਂ ਸੋਹਣੀ ਦੁਨੀਆ ਕਿਉਂ ਨਹੀਂ ਸੀ ਰਚਦਾ ? ਅਖੀਰ ਇਸ ਤਰਾਂ ਦੇ ਸੁਪਨੇ ਮੈਂ ਕਿਉਂ ਲੈ ਰਹੀ ਸੀ ? ਦਿੱਲੀ ਵਿਚ ਤਾਂ ਤਾਂਡਵ ਨਾਚ ਸਿੱਖਾਂ ਨੂੰ ਮਾਰਨ ਲਈ ਨੱਚਿਆ ਗਿਆ ਸੀ. ਇਸ ਕੌਮ ਨੂੰ ਮਾਰਨ ਲਈ ਜੋ ਮੇਰੇ ਖ਼ਿਆਲ ਵਿਚ ਖ਼ੁਦ ਹੀ ਹਨ ਆਪਣੇ ਆਪ ਨੂੰ ਮਾਰੀ ਜਾ ਰਹੀ ਸੀ, ਪੰਜਾਬੀਆਂ ਦੀ ਕੌਮ ਜੋ ਹਮੇਸ਼ਾ ਖ਼ੁਦ ਹੀ ਵੰਡੀ ਵੰਡੀ ਰਹਿੰਦੀ ਹੈ, ਅਕਸਰ ਉਸ ਦੇ ਆਗੂ ਬੜੇ ਹੁਸ਼ਿਆਰ ਰਹਿੰਦੇ ਹਨ ਇਕ ਦੂਜੇ ਦੀਆਂ ਜੜਾਂ ਕੱਟਣ ਨੂੰ, ਕੁਰਸੀਆਂ ਖ਼ਾਤਿਰ "ਸੁਰ ਦੇ ਬੱਚਿਆਂ ! ਆਹ ਆਪਣੇ ਟੈਂਪੂ , ਮਾਂ ਆਪਣੀ ਨੂੰ ਕੀਤੇ ਹੋਰ ਨਹੀਂ ਖੜ੍ਹਾ ਕਰ ਸਕਦਾ ?" ਇਕ ਸਰਦਾਰ ਨੇ ਯੂ ਪੀ ਦੇ ਭਈਆਂ ਤੇ ਗਾਹਲਾਂ ਦੀ ਜਿਵੇਂ ਬੌਛਾੜ ਹੀ ਸ਼ੁਰੂ ਕਰ ਦਿੱਤੀ. ਪਹਿਲਾ ਅਵਨਿੰਦਰ ਦੀਆਂ ਗਾਹਲਾਂ ਤੇ ਫ਼ਿਰ ਇਹ ਗਾਹਲਾਂ , ਮੇਰਾ ਸਬਰ ਦਾ ਪਿਆਲਾ ਹੁਣ ਛਲਕਣ ਹੀ ਵਾਲ਼ਾ ਸੀ , ਇਹ ਗਾਹਲਾਂ ਜਿਵੇਂ ਮੇਰੇ ਕੰਨਾਂ ਵਿਚ ਗੋਲੀਆਂ ਵਾਂਗ ਵੱਜੀਆਂ , ਮੈਨੂੰ ਇਸ ਤਰਾਂ ਦੀ ਜ਼ਬਾਨ ਬਿਲਕੁਲ ਚੰਗੀ ਨਹੀਂ ਸੋ ਲਗਦੀ , ਇਕ ਪਲ਼ ਤਾਂ ਇਸ ਤਰਾਂ ਲੱਗਿਆ ਜਿਵੇਂ ਕਿਸੇ ਨੇ ਮੇਰੇ ਅੰਦਰੋ ਸਭ ਕੁਛ ਜੋ ਸੋਹਣਾ ਸੀ ਇੱਕ ਝਪਟਾ ਮਾਰ ਕੇ ਖੋਹ ਲਿਆ ਹੋਵੇ. ਮੈਂ ਫ਼ਿਰ ਚੰਨ ਵੱਲ ਤੱਕਿਆ ਤੇ ਸੋਚਿਆ ਕਿ ਚੰਗਾ ਕੀਤਾ ਕਿ ਚੰਨ ਇਸ ਧਰਤੀ ਨਾਲੋਂ ਟੁੱਟ ਕੇ ਵੱਖ ਹੋ ਗਿਆ ਸੀ, ਇਸ ਧਰਤੀ ਨਾਲੋਂ ਜਿਸ ਨੂੰ ਹੁਣ ਗ਼ਲਤ ਰਾਹਾਂ ਤੇ ਤੁਰੀ ਹੋਈ ਤੇ ਖ਼ੂਨ ਦੀ ਪਿਆਸੀ ਮਨੁੱਖਤਾ ਨੇ ਆਪਣੇ ਪਾਪਾਂ ਨਾਲ਼ ਗੰਧਲਾ ਕਰ ਦਿੱਤਾ ਸੀ. ਫਿਰ ਮੈਂ ਕਦੇ ਇਹ ਵੀ ਸੋਚਦੀ ਸੀ ਕਿ ਫ਼ਿਰ ਵੀ ਚੰਨ ਕਿਨਾ ਚੰਗਾ ਹੈ ਜੋ ਆਪਣੀ ਧਰਤੀ ਮਾਂ ਨਾਲੋਂ ਨਾਤਾ ਨਹੀਂ ਸੋ ਤੋੜ ਸਕਿਆ ਤੇ ਇਕ ਆਗਿਆਕਾਰ ਬੱਚੇ ਵਾਂਗ ਧਰਤੀ ਦੇ ਦੁਆਲੇ ਗੇੜੇ ਕੱਢਦਾ ਰਹਿੰਦਾ ਹੈ ਤੇ ਹਰ ਪੰਦਰਾਂ ਦਿਨਾਂ ਬਾਦ ਇਸ ਨਾਲ ਲੁਕਣਮੀਟੀ ਦੀ ਖੇਡ ਖੇਡਦਾ ਰਹਿੰਦਾ ਹੈ . 
ਉਹ ਔਰਤ ਆਪਣੀ ਕਹਾਣੀ ਸੁਣਾਈ ਜਾ ਰਹੀ ਸੀ ਕਿ ਕਿਵੇਂ ਉਸ ਨੇ ਕਸਾਈਆਂ ਦੇ ਮਿੰਨਤਾਂ ਤਰਲੇ ਕੀਤੇ ਸਨ ਕਿ ਉਸ ਦੇ ਘਰ ਵਾਲੇ ਨੂੰ ਛੱਡ ਦੇਣ , ਉਹੀ ਤਾਂ ਸੀ ਉਸ ਦਾ ਤੇ ਉਸ ਦੇ ਬੱਚਿਆਂ ਦਾ ਇਕੋ ਇਕ ਸਹਾਰਾ. ਉਹ ਰੋਈ ਜਾ ਰਹੀ ਸੀ. ਉਸ ਦਾ ਚੌਥਾ ਬਾਲ ਵੀ ਤਾਂ ਆਉਣ ਵਾਲ਼ਾ ਸੀ, ਫ਼ਿਰ ਉਸ ਦੇ ਮਨ ਵਿਚ ਖ਼ੋਰੇ ਕੀ ਆਇਆ ਤੇ ਸਾਨੂੰ ਪੰਜਾਬ ਬਾਰੇ ਪੁੱਛਣ ਲੱਗ ਗਈ ਤੇ ਬਾਰ ਬਾਰ ਮੇਰੇ ਵੱਲ ਤੱਕ ਕੇ ਕਹਿਣ ਲੱਗੀ ਲਖਨਊ ਚੱਲੇ ਹੋ ਤਾਂ ਅਪਣਾ ਧਿਆਨ ਰੱਖਣਾ. ਉਸ ਨੇ ਅਪਣਾ ਬੋਲਣਾ ਵੀ ਚਾਲੂ ਰੱਖਿਆ ਤੇ ਗਾਹਕਾਂ ਨੂੰ ਚਾਹ ਵੀ ਬਣਾ ਕੇ ਦੇ ਰਹੀ ਸੀ ਤੇ ਦੁਕਾਨ ਨੂੰ ਬੰਦ ਕਰਨ ਦੀ ਤਿਆਰੀ ਵੀ ਕਰ ਰਹੀ ਸੀ.ਕਦੇ ਉਹ ਚੁੱਪ ਕਰ ਜਾਂਦੀ ਸੀ ਫ਼ਿਰ ਦੁਬਾਰਾ ਬੋਲਣ ਲੱਗ ਜਾਂਦੀ ਸੀ ਬਿਨਾਂ ਇਸ ਗੱਲ ਦੀ ਪ੍ਰਵਾਹ ਕੀਤਿਆਂ ਕਿ ਕੋਈ ਉਸ ਦੀ ਗੱਲ ਸੁਣ ਵੀ ਰਿਹਾ ਹੈ ਜਾਂ ਨਹੀਂ ਤੇ ਮੈਨੂੰ ਬਾਰ ਬਾਰ ਚੈਖੋਵ ਦੀ ਕਹਾਣੀ ਯਾਦ ਆ ਰਹੀ ਸੀ ਜਿਸ ਵਿਚ ਉਸ ਦਾ ਮੁੱਖ ਕਿਰਦਾਰ ਆਪਣੇ ਘੋੜੇ ਨੂੰ ਹੀ ਆਪਣੇ ਦੁੱਖ ਸੁਣਾਉਂਦਾ ਰਹਿੰਦਾ ਸੀ "ਉਸ ਦਿਨ ਦੋ ਕਾਲਜ ਦੇ ਮੁੰਡੇ ਪੰਜਾਬੋਂ ਇਥੇ ਆਏ ਸਨ, ਇਕ ਹਿੰਦੂ ਤੇ ਇਕ ਸੁੱਖ. ਦੋਨੋ ਪੱਕੇ ਮਿੱਤਰ ਸਨ,ਇਹਨਾਂ ਕਸਾਈਆਂ ਦੇ ਹੱਥ ਆ ਗਏ. ਸਰਦਾਰ ਮੁੰਡੇ ਨੂੰ ਜੂੜੇ ਤੋਂ ਫੜ ਕੇ ਘਸੀਟ ਲਿਆ ਗਿਆ, ਹਰਾਮ ਦਿਆਂ ਨੇ ਇਸ ਤੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ, ਗੱਲ ਚ ਟਾਇਰ ਪਾ ਕੇ ਅੱਗ ਲਾ ਦਿੱਤੀ ਮਰ ਜਾਣਿਆਂ ਨੇ. ਲਾਟਾਂ ਹੀ ਲਾਟਾਂ , ਜਿਉਂ ਹੀ ਲਾਟਾਂ ਉੱਚੀਆਂ ਹੁੰਦੀਆਂ ਉਸ ਦੀਆਂ ਚੀਕਾਂ ਉੱਚੀਆਂ ਹੁੰਦੀਆਂ ਤੇ ਦੇਖਣ ਵਾਲ਼ੀ ਭੀੜ ਖ਼ੁਸ਼ ਹੁੰਦੀ. ਉਸ ਹਿੰਦੂ ਮੁੰਡੇ ਨੇ ਬਥੇਰੇ ਮਿੰਨਤਾਂ ਤਰਲੇ ਕੀਤੇ ਤੇ ਆਖਿਆ ਉਸ ਨੂੰ ਛੱਡ ਦਿਓ. ਕਿਸੇ ਨੇ ਇਕ ਨਹੀਂ ਸੁਣੀ. ਆਪਣੇ ਮਿੱਤਰ ਨੂੰ ਇਸ ਤਰਾਂ ਤੜਪਦਿਆਂ  ਦੇਖ ਉਹ ਫੇਹ ਬੜਾ ਕੁਰਲਾਇਆ ,ਪਰ ਕਿਸੇ ਨੇ ਵੀ ਇਕ ਨਾ ਸੁਣੀ, ਆਖਦੇ ਨੇ ਉਹ ਮੁੰਡਾ ਕਮਲਾ ਹੋ ਗਿਆ. ਥੋੜੀ ਦੇਰ ਬਾਦ ਉਹ ਔਰਤ ਚੁੱਪ ਕਰ ਗਈ , ਫ਼ਿਰ ਬੋਲੀ ,"ਉਹ ਮੀਨੋ ਨੰਨ੍ਹੀਂ ਭੁੱਲਦਾ ਕਿਵੇਂ ਮੱਕੀ ਦੇ ਦਾਣਿਆਂ ਵਾਂਗ ਬਿੜਕ ਰਿਹਾ ਸੀ , ਲਗਦਾ ਸੀ ਕਿ ਉਸ ਮੁੰਡੇ ਦੀ ਗੱਲ ਕਰਦੀ ਕਰਦੀ ਜਿਵੇਂ ਉਹ ਅਪਣਾ ਦੁੱਖ ਭੁੱਲ ਗਈ ਸੀ ਕਿ ਉਹ ਵੀ ਤਾਂ ਵਿਧਵਾ ਹੋ ਗਈ ਸੀ ਕਦੀ ਰੋਂਦੀ , ਕਦੀ ਚੁੱਪ ਕਰਦੀ ਆਪਣੇ ਭਾਂਡੇ ਇਕੱਠੀ ਕਰਦੀ ਹੋਈ ਉਸ ਨੇ ਆਪਣੇ ਵੱਧ ਰਹੇ ਢਿੱਡ ਨੂੰ ਮੇਲ਼ੀ ਜਿਹੀ ਸ਼ਾਲ ਨਾਲ਼ ਢਕਿਆ , ਫ਼ਿਰ ਆਪਣੇ ਸੌਂ ਰਹੇ ਬੱਚਿਆਂ ਨੂੰ ਦੇਖਣ ਉੱਲਰੀ ਤੇ ਉਹਨਾਂ ਨੂੰ   ਠੀਕ ਤਰਾਂ ਢਕਿਆ ਤੇ ਪਲ਼ ਭਰ ਲਈ ਜਿਵੇਂ ਉਹ ਅਪਣਾ ਰੌਣਾ ਭੁੱਲ ਗਈ ਹੋਵੇ. ਜਦ ਉਸ ਨੇ ਆਪਣੇ ਬਾਲਾਂ ਨੂੰ ਇਸ ਤਰਾਂ ਸੁੱਤਿਆਂ ਹੋਇਆਂ ਦੇਖਿਆ. ਮੈਂ ਸੋਚਦੀ ਸੀ ਜ਼ਿੰਦਗੀ ਕਿਵੇਂ ਤੁਹਾਨੂੰ ਹਰ ਹਾਲ ਵਿਚ ਜਿਊਂਦਾ ਰੱਖਦੀ ਹੈ ਅਸੀਂ ਚਾਹ ਦੇ ਪੈਸੇ ਦਿੱਤੇ, ਇਕ ਬੋਝ ਜਿਹਾ ਮਨ ਤੇ ਲੈ ਕੇ ਉੱਠੇ, ਮੈਨੂੰ ਇਸ ਤਰਾਂ ਲਗਦਾ ਸੀ ਕਿ ਜਿਵੇਂ ਮੈਂ ਕਿਸੇ ਦੂਸਰੀ ਦੁਨੀਆ ਵਿਚ ਆ ਗਈ ਹੋਵਾਂ. 
ਇਸ ਤਰਾਂ ਲੱਗਿਆ ਕਿ ਅਸੀਂ ਜਿਵੇਂ ਕੋਈ ਭਿਆਨਕ ਨਜ਼ਾਰਾ ਦੇਖਿਆ ਹੋਵੇ ਤੇ ਇਸ ਭਿਆਨਕ ਹਾਦਸੇ ਦੇ ਅਸੀਂ ਖ਼ੁਦ ਹੀ ਗਵਾਹ ਹੋਈਏ. ਅਚਾਨਕ ਹੀ ਮੈਂ ਬਹੁਤ ਡਰ ਗਈ ਸੀ, ਕਿੱਥੇ ਮੈਂ ਆਪਣੇ ਘਰ ਦੀਆਂ ਮਹਿਫ਼ੂਜ਼ ਦੀਵਾਰਾਂ ਤੋਂ ਬਾਹਰ ਆ ਗਈ ਸਾਂ, ਦਿਲ ਕੀਤਾ ਭੱਜ ਕੇ ਆਪਣੇ ਘਰ ਮਾਂ ਦੀਆਂ ਬਾਹਵਾਂ ਵਿਚ ਚਲੀ ਜਾਵਾਂ. ਅਪਣਾ ਆਪ ਇਕ ਗਵਾਚੇ ਹੋਏ ਬਾਲ ਵਾਂਗ ਲੱਗਿਆ ,ਪਰ ਅਸੀਂ ਤਾਂ ਆਪਣਾ ਸਫ਼ਰ ਜਾਰੀ ਰੱਖਣਾ ਸੀ. ਕਾਰ ਭੱਜੀ ਜਾ ਰਹੀ ਸੀ, ਤੇ ਮੇਰੀਆਂ ਅੱਖਾਂ ਅੱਗੇ ਬਾਰ ਬਾਰ ਅੱਗ ਵਿੱਚ  ਸੜਦਾ ਬਲਦਾ ਤੜਫਦਾ ਹੋਇਆ ਉਹ ਮੁੰਡਾ ਬਾਰ ਬਾਰ ਆ ਰਿਹਾ ਸੀ. ਮੈਂ ਆਪਣੇ ਹਰਿਆਣਵੀ ਦੋਸਤ ਵੱਲ ਦੇਖਿਆ ਤੇ ਮੈਂ ਥੋੜਾ ਖਿਸਕ ਕੇ ਨੇੜੇ ਹੋ ਗਈ ਸੀ. ਉਹ ਮੇਰੇ ਨਾਲ ਹਿਫ਼ਾਜ਼ਤ ਵਾਂਗ ਲੱਗਿਆ ਜੋ ਮੈਨੂੰ ਹਰ ਮੁਸੀਬਤ ਤੋਂ ਬਚਾ ਲਵੇਗਾ.ਸੌਣ ਦੀ ਕੋਸਿਸ਼ ਕੀਤੀ, ਨੀਦ ਦੇ ਝੋਕੇ ਆ ਰਹੇ ਸਨ. ਇਸ ਤਰਾਂ ਲੱਗਿਆ ਕਿ ਜਿਵੇਂ ਕੋਈ ਸੰਤਰੀ ਰੰਗ ਦਾ ਪਿੰਜਰ ਮੇਰੇ ਨਾਲ਼ ਤੁਰ ਰਿਹਾ ਹੈ, ਚੰਨ ਕਿਤੇ ਗ਼ਾਇਬ ਹੋ ਗਿਆ ਲਗਦਾ ਸੀ .ਅਸਮਾਨ ਦੇ ਤਾਰਿਆਂ ਦਾ ਝੁਰਮਟ ਕਿਸੇ ਜ਼ਖ਼ਮ ਵਿਚੋਂ ਰਿਸਦੀ ਪੀਕ ਵਾਂਗ ਲੱਗ ਰਿਹਾ ਸੀਨ. , ਸੁੱਤਿਆਂ ਸੁੱਤਿਆਂ ਮੇਰਾ ਹੱਥ ਅਚਾਨਕ ਮੇਰੇ ਹਰਿਆਣਵੀ ਦੋਸਤ ਦੇ ਚਿਹਰੇ ਤੇ ਗਿਆ, ਦਾਹੜੀ ਨਹੀਂ ਸੀ ਤੇ ਮੈਂ ਤਸੱਲੀ ਨਾਲ਼ ਸੌਂ ਗਈ ਸੀ.