..........ਟੀ.ਵੀ. ਚੱਲ ਰਿਹੈ..ਪੰਜਾਬੀ ਚੈਨਲ ਲੱਗਾ ਹੋਇਐ। ਚੈਨਲ 'ਤੇ ਵਾਰ-ਵਾਰ 'ਮਾਂ ਬੋਲੀ ਦੇ ਮਾਣ' ਅਤੇ 'ਪੰਜਾਬੀ' ਹੋਣ ਦਾ ਐਲਾਨ ਹੋ ਰਿਹਾ ਹੈ...ਪਰ ਮਾਂ-ਬੋਲੀ ਕਮਰੇ ਦੀ ਨੁੱਕਰ 'ਚ ਉਦਾਸ ਜਿਹੀ ਬੈਠੀ ਐ। ਉਸਨੂੰ ਆਪਣੀ ਹਾਲਤ ਇਕ ਹਾਰੇ ਹੋਏ ਸਿਪਾਹੀ ਵਰਗੀ ਲੱਗ ਰਹੀ ਐ...ਉਦਾਸੀ ਨੇ ਤਾਂ ਉਸਨੂੰ ਬੜਾ ਚਿਰ ਪਹਿਲਾਂ ਈ ਘੇਰ ਲਿਆ ਸੀ...ਪਰ ਕੁਝ ਚਿਰਾਂ ਤੋ ਉਹ ਕੁਝ ਬਹੁਤਾ ਈ ਓਦਰ ਗਈ ਲੱਗਦੀ ਐ...।'ਸੋਚ' ਕੁਝ ਸਵਾਲ ਲੈ ਕੇ ਉਸ ਕੋਲ ਗਈ ਐ...ਸੋਚ ਦੂਰੋਂ ਖੜੀ ਹੀ ਉਸਦੀ ਉਦਾਸੀ 'ਚ ਲਹਿਣ ਦਾ ਯਤਨ ਕਰਦੀ ਐ...ਪਰ ਉਦਾਸੀ ਦੀ ਥਾਹ ਵੀ ਮਾਂ-ਬੋਲੀ ਦੇ ਹਾਸੇ ਵਾਂਗ ਗੁਆਚ ਗਈ ਐ ਸ਼ਾਇਦ...। ਉਦਾਸੀ ਦੀਆਂ ਗੁੰਝਲਾਂ ਦਾ ਕੋਈ ਸਿਰਾ ਨਹੀਂ ਲੱਭਦਾ...ਸੋਚ ਨਿਰਾਸ਼ ਹੋ ਕੇ ਪਰਤ ਆਈ ਐ...।ਸੋਚ ਕਈ ਚਿਰ ਉਸ ਵੱਲ ਟਿਕਟਿਕੀ ਲਾ ਕੇ ਵਿੰਹਦੀ ਰਹੀ ਐ... 'ਚੁੱਪ' ਓਦਰੀ ਮਾਂ-ਬੋਲੀ ਕੋਲ ਜਾ ਕੇ ਬਹਿ ਗਈ ਐ....। ਮਾਂ-ਬੋਲੀ ਤੋਂ ਕੁਝ ਪੁੱਛਣ ਦੀ ਥਾਂ...ਉਸਦੇ ਚਿਹਰੇ ਦੀ ਖ਼ਾਮੋਸ਼ੀ ਦੇ ਨਕਸ਼ ਪਛਾਨਣ ਦਾ ਯਤਨ ਕਰਦੀ ਐ...ਉਸਨੂੰ ਬੁਲਾਉਣ ਤੋਂ ਡਰਦੀ ਐ..ਤੇ ਉਸਨੂੰ ਬੁਲਾਉਣ ਦੀ ਥਾਂ ਉਸਦਾ ਚਿਹਰਾ ਪੜ੍ਹਦੀ ਐ...ਪਰ ਚੁੱਪ ਨੂੰ ਮਾਂ-ਬੋਲੀ ਦੀ ਖ਼ਾਮੋਸ਼ੀ ਦੇ ਬਗ਼ੈਰ ਉਸ ਚਿਹਰੇ 'ਚੋਂ ਕੁਝ ਵੀ ਨਹੀਂ ਲੱਭਿਆ..। ਮਾਂ-ਬੋਲੀ ਦੇ ਹੋਠਾਂ 'ਤੇ ਚੁੱਪ ਦਾ ਇਕ ਵੱਡਾ ਸਾਰਾ ਜੰਦਰਾ ਲਟਕ ਰਿਹਾ ਐ...ਪਰ ਉਸਦੀਆਂ ਅੱਖਾਂ ਦੱਸ ਰਹੀਆਂ ਨੇ...ਕਿ ਇਹ ਜੰਦਰਾ ਕਿਸੇ ਭਰੇ-ਭਰਾਏ ਘਰ ਦੇ ਬਾਹਰ ਲੱਗੇ ਜੰਦਰੇ ਵਰਗਾ ਨਹੀਂ ਐ....ਸਗੋਂ ਕਿਸੇ ਉਸ ਇਤਿਹਾਸਕ ਇਮਾਰਤ ਦੇ ਮੁੱਖ ਗੇਟ 'ਤੇ ਲੱਗੇ ਜੰਦਰੇ ਵਰਗੈ....ਜਿਸਦੀ ਆਬ ਥੇਹ ਬਣ ਰਹੀ ਹੋਵੇ...ਜਿਸਦੀਆਂ ਕੰਧਾਂ, ਬੂਹਿਆਂ, ਤਾਕੀਆਂ ਦੀ ਬੋਲਦੀ ਮੀਨਾਕਾਰੀ ਮਲਬਾ ਬਣ ਰਹੀ ਹੋਵੇ...ਜਿਸਦੀ ਸ਼ਾਨੋ-ਸ਼ੌਕਤ ਦਾ ਕਾਫ਼ੀ ਸਾਰਾ ਪਲੱਸਤਰ ਸਲ੍ਹਾਬ ਕੇ ਉਖੜ ਗਿਆ ਹੋਵੇ...ਤੇ ਬਾਕੀ ਰਹਿੰਦਾ...ਤੇਜ਼ੀ ਨਾਲ ਉਖੜ ਰਿਹਾ ਹੋਵੇ ਤੇ ਹੋਰ ਉਜੜਨ ਦੇ ਡਰੋਂ ਇਸ ਸ਼ਾਨਦਾਰ ਇਮਾਰਤ ਨੂੰ ਵੱਡਾ ਸਾਰਾ ਜੰਦਰਾ ਮਾਰ ਦਿੱਤਾ ਗਿਆ ਹੋਵੇ...। ਮਾਂ-ਬੋਲੀ ਦੇ ਮੂੰਹ 'ਤੇ ਲਟਕ ਰਿਹਾ ਇਹ ਜੰਦਰਾ ਵੀ ਉਹੀ ਐ...ਵਕਤ ਦੀਆਂ ਕੱਚੀਆਂ ਕੰਧਾਂ 'ਤੇ ਲੇਹਾਂ ਵਾਂਗ ਉਤਰਦੀ ਸ਼ਾਨ ਨੂੰ ਅੰਦਰ ਲੁਕਾਉਣ ਵਾਲਾ ਜੰਦਰਾ...!!'ਸੋਚ' ਕੋਲੋਂ ਮਾਂ-ਬੋਲੀ ਦੀ ਇਹ ਡੂੰਘੀ ਉਦਾਸੀ ਜਰੀ ਨਹੀਂ ਜਾ ਰਹੀ। ਉਹ ਕੁਝ ਹੋਰ ਜੇਰਾ ਇਕੱਠਾ ਕਰਦੀ ਐ...ਹਨੇਰੇ 'ਚ ਬੈਠੀ ਓਦਰੀ ਮਾਂ-ਬੋਲੀ ਨੂੰ ਮੋਢੇ ਤੋਂ ਹਲੂਣਦੀ ਐ...ਇਸ ਆਸ 'ਚ ਕਿ...ਉਹ ਬੋਲੇ, ਕੁਝ ਤਾਂ ਬੋਲੇ..ਆਪਣਾ ਗੁੰਮ ਤੋੜੇ...ਭਾਵੇਂ ਕੋਈ ਨਿਹੋਰਾ ਈ ਦੇ ਛੱਡੇ।ਅਡੋਲ....ਸਿਫਰ 'ਚ ਤੱਕਦੀ ਮਾਂ-ਬੋਲੀ ਕੁਝ ਹਰਕਤ 'ਚ ਆਈ ਐ। ਹੋਠਾਂ ਦੀ ਚੁੱਪ ਦਾ ਬੂਹਾ ਇਕ ਕੰਬਣੀ ਨੇ ਖੜਕਾਇਆ ਹੈ...ਪਰ ਹੋਠ ਮੁੜ ਸਥਿਰ ਹੋ ਗਏ ਨੇ...ਸ਼ਾਇਦ ਹੇਰਵਿਆਂ, ਨਿਹੋਰਿਆਂ ਦੇ ਝੁੰਡ ਨੇ ਬੂਹਾ ਖੜਕਾਇਆ ਐ...ਪਰ ਮਾਂ-ਬੋਲੀ ਨੇ ਚੁੱਪ ਦਾ ਬੂਹਾ ਨਹੀਂ ਖੋਲ੍ਹਿਆ...ਸ਼ਾਇਦ ਇਹ ਸੋਚ ਕੇ... ਕਿ ਉਸਦੇ ਹੇਰਵਿਆਂ ਨੂੰ ਦੂਰ ਕਰਨ ਵਾਲੇ ਲੋਕ ਕਿਧਰੇ ਬਹੁਤ ਪਿੱਛੇ ਰਹਿ ਗਏ ਨੇ..ਤੇ ਉਸਨੂੰ 'ਮਾਂ' ਆਖਣ ਵਾਲੀਆਂ ਜੀਭਾਂ 'ਤੇ ਕੋਈ ਟੂਣਾ ਚੱਲ ਗਿਆ ਐ...।...ਸੋਚਦਿਆਂ-ਸੋਚਦਿਆਂ ਮਾਂ-ਬੋਲੀ ਦੀਆਂ ਅੱਖਾਂ ਵਿੱਚ ਸਿੱਲ੍ਹ ਉਤਰ ਆਈ ਐ। ਉਹ ਮੁੱਢ ਬੈਠੀ 'ਸੋਚ' ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦੇ ਰਹੀ...ਸਗੋਂ ਆਪਣੇ ਪਰਛਾਵੇਂ ਨਾਲ ਗੱਲਾਂ ਕਰਨ ਲੱਗ ਪਈ ਐ..ਆਪਣੇ ਆਪ ਨੂੰ ਆਪਣੇ ਜ਼ਖ਼ਮ ਵਿਖਾਉਣ ਲੱਗ ਪਈ ਐ...ਆਪਣੇ ਘਾਣ ਦੀ ਵਿੱਥਿਆ...ਜਿਵੇਂ ਉਸਦੇ ਰਿਸ-ਰਿਸ ਕਰਦੇ ਜ਼ਖ਼ਮਾਂ 'ਚ ਕਿਸੇ ਨੇ ਅਛੋਪਲੇ ਜਿਹੇ ਚੀਰਾ ਲਗਾ ਦਿੱਤਾ ਹੋਵੇ...।...ਇਹ ਜ਼ਖ਼ਮ ਉਸਦੀ ਰੂਹ ਦਾ ਐ...ਇਕ ਅਜਿਹਾ ਜ਼ਖ਼ਮ ਜੋ ਲਾਇਆ ਵੀ ਉਸਦੇ ਆਪਣੇ ਲਾਡਲੇ ਪੁੱਤਾਂ ਨੇ ਈ ਐ....ਔਲਾਦ ਦੇ ਬੇਮੁੱਖ ਹੋਣ ਦੇ ਗ਼ਮ 'ਚ ਰੋ-ਰੋ ਸੁੱਜੀਆਂ ਅੱਖਾਂ 'ਚ ਟਸ-ਟਸ ਹੋਰ ਵਧ ਗਈ ਐ..ਅੱਖਾਂ 'ਚ ਹੰਝੂਆਂ ਦੀ ਭੀੜ ਵੱਧ ਗਈ ਐ...ਪਲਕਾਂ 'ਚ ਲੁਕਾਏ ਹੰਝੂਆਂ 'ਚ ਮਰੂੰ-ਮਰੂੰ ਕਰਦੇ ਸੁਪਨਿਆਂ ਦੇ ਹਉਕੇ ਹੋਰ ਲੰਮੇ ਹੋ ਗਏ ਲੱਗਦੇ ਨੇ...।ਉਹ ਸੋਚਦੀ ਐ...ਉਹ ਸਮਾਂ ਕਿੰਨਾ ਹੁਸੀਨ ਸੀ, ਜਦੋਂ ਸ਼ਰਮ ਹਯਾ ਤੇ ਸਤਿਕਾਰ ਦੀਆਂ ਹੱਦਾਂ 'ਚ ਉਸਦਾ ਮਾਸੂਮ ਬਚਪਨ ਬੀਤਿਆ... ...ਗੁਰੂਆਂ-ਪੀਰਾਂ, ਪੈਗ਼ੰਬਰਾਂ ਨੇ ਉਸਦੇ ਸਿਰ 'ਤੇ ਹੱਥ ਰੱਖ ਕੇ ਉਸਨੂੰ ਦੁੱਧਾਂ ਪੁੱਤਾਂ ਨਾਲ ਫਲਣ ਦਾ ਅਸ਼ੀਰਵਾਦ ਦਿੱਤਾ...ਇਉਂ ਉਸ ਨੂੰ 'ਮਾਂ-ਬੋਲੀ' ਦਾ ਰੁਤਬਾ ਮਿਲ ਗਿਆ...ਤੇ ਇਕ ਬੋਲੀ ਅਨਹਦ ਦਾ ਸਾਕਾਰ ਰੂਪ ਹੋ ਗਈ....।...ਤੇ ਫਿਰ ਉਹ ਆਪਣੀ ਜੋਬਨ ਦੀ ਰੁੱਤ ਬਾਰੇ ਸੋਚਦੀ ਐ...ਕਿੰਨੀ ਹੁਸੀਨ ਰੁੱਤ ਸੀ ਉਹ, ਜਦੋਂ ਗੁਰਾਂ ਦੀ ਛੋਹ ਲੈ ਕੇ ਉਹ ਉਮਰ ਦੇ ਉਸ ਪੜਾਅ ਤੱਕ ਅੱਪੜ ਗਈ, ਜਦੋਂ ਉਹ ਸਿਰਫ ਇਕ ਬੋਲੀ ਹੀ ਨਹੀਂ ਸੀ ਰਹੀ.. ਸਗੋਂ ਉਸਨੇ ਇਕ ਮੁਕੰਮਲ ਵਿਰਸੇ ਨੂੰ ਆਪਣੀ ਗਲਵਕੜੀ 'ਚ ਭਰ ਲਿਆ ਸੀ... ਉਸਦੇ ਜੋਬਨ 'ਚੋਂ ਲੋਕ ਗੀਤਾਂ ਦੀ ਮਹਿਕ ਆਉਣ ਲੱਗੀ... ਉਸਦੇ ਨੈਣਾਂ 'ਚ ਲੋਕ-ਵੰਨਗੀਆਂ ਦੇ ਰੰਗ ਤੈਰਨ ਲੱਗੇ..ਉਸਦੇ ਪੈਰਾਂ 'ਚ ਢੋਲੇ ਛਣਕਣ ਲੱਗੇ....ਉਸਦੀ ਮੁਰਗਾਈ ਵਰਗੀ ਤੋਰ ਚਾਂਦੀ ਦਾ ਗੜਵਾ ਮੰਗਣ ਲੱਗੀ.. ਉਸਦੀਆਂ ਡੰਡੀਆਂ ਦੇ ਲਿਸ਼ਕਾਰੇ ਮੂਹਰੇ ਚੰਨ ਵੀ ਝੂਠਾ ਜਿਹਾ ਪੈਣ ਲੱਗਾ.... ਉਸਦੀ ਧੜਕਣ ਨਾਲ ਜਿੰਦੂਏ ਧੜਕਣ ਲੱਗੇ....ਉਸਦੇ ਸਾਹਾਂ 'ਚ ਬੋਲੀਆਂ ਪੈਣ ਲੱਗੀਆਂ...ਉਸਦੀ ਤੋਰ ਨੂੰ ਝੂੰਮਰ ਸਿਜਦੇ ਕਰਨ ਲੱਗੇ...ਉਸਦੀ ਅੱਥਰੀ ਰਵਾਨਗੀ ਨੇ ਭੰਗੜੇ ਦਾ ਹਾਣੀ ਲੱਭ ਲਿਆ...ਤੇ ਜਦੋਂ ਕਦੇ ਕਦਾਈ ਉਵੇਂ ਈ...ਹੁਸਨ ਦੀ ਨਜ਼ਾਕਤ ਵਜੋਂ ਉਸਦਾ ਉਦਾਸ ਹੋਣ ਨੂੰ ਚਿੱਤ ਕਰਦਾ...ਤਾਂ ਵੀ ਉਹ ਚੁੱਪ ਨਾ ਬਹਿੰਦੀ...ਕਿਸੇ ਬਾਲੋ-ਮਾਹੀਏ ਦੀ ਬਾਤ.....ਆਪੇ ਨਾਲ ਪਾ ਬਹਿੰਦੀ...ਹੀਰ ਰਾਂਝੇ ਦਾ ਕਿੱਸਾ ਛੁਹ ਬਹਿੰਦੀ..ਕਦੇ ਸੱਸੀ ਦਾ ਪੱਖ ਪੂਰਨ ਲੱਗ ਪੈਂਦੀ...ਤੇ ਕਦੇ ਪੁੰਨੂੰ ਦੀਆਂ ਡਾਚੀਆਂ ਨਾਲ ਮਿਹਣੋਂ-ਮਿਹਣੀ ਹੋਣ ਲੱਗ ਪੈਂਦੀ....ਕਦੇ ਸੋਹਣੀ ਦੇ ਘੜੇ ਨਾਲ ਸਵਾਲ-ਜਵਾਬ ਕਰਨ ਲੱਗ ਪੈਂਦੀ ਤੇ ਕਦੇ ਸੁਹਣੀ ਨੂੰ ਖਵਾਏ ਮਹੀਂਵਾਲ ਦੇ ਪੱਟ 'ਤੇ ਕੋਸੇ ਜਿਹੇ ਗੀਤ ਦੀ ਟਕੋਰ ਕਰਨ ਲੱਗ ਪੈਂਦੀ...।...ਕੋਨੇ 'ਚ ਬੈਠੀ ਉਦਾਸ ਮਾਂ-ਬੋਲੀ ਦੇ ਓਦਰੇ ਉਨੀਂਦੇ ਨੈਣਾਂ 'ਚ ਇਕ ਲਿਸ਼ਕ ਆ ਗਈ ਹੈ... ਪਰ ਇਹ ਕੀ? ਇਹ ਤਾਂ ਯਾਦਾਂ ਦਾ ਨਜ਼ਾਰਾ ਸੀ! ਉਹ ਫਿਰ ਵਰਤਮਾਨ ਦੀ ਸਖ਼ਤ ਧਰਾਤਲ 'ਤੇ ਸਿਰ ਪਰਨੇ ਆਣ ਡਿੱਗੀ ਹੈ...।ਹੁਣੇ ਹੁਣੇ ਉਸਦੇ ਨੈਣਾਂ 'ਚ ਨੱਚਦੇ ਰੰਗ ਮੁੜ ਗੁਆਚ ਗਏ ਲੱਗਦੇ ਹਨ....ਜਿਵੇਂ ਕਿਸੇ ਉੱਡਦੀ ਰੰਗ-ਬਿਰੰਗੀ ਤਿਤਲੀ ਨੂੰ ਕਿਤਾਬ 'ਚ ਰੱਖ ਲਿਆ ਹੋਵੇ। ..ਉਹ ਸੋਚਦੀ ਐ...ਕਿ ਕੀ ਉਹਦੇ ਜੋਬਨ ਦੇ ਪੁਲਾਂ ਹੇਠੋਂ ਪਾਣੀ ਮੁੜ ਵੀ ਕਦੇ ਲੰਘੇਗਾ....?.....ਸੋਚਾਂ ਦੀ ਲੜੀ ਫਿਰ ਜੁੜ ਗਈ ਐ! ਕਿੰਨੇ ਚਾਵਾਂ ਨਾਲ ਉਸਨੇ ਤਰੱਕੀ ਦੀਆਂ ਬਰੂਹਾਂ 'ਤੇ ਆਸਾਂ ਦਾ ਤੇਲ ਚੋਇਆ ਸੀ ਕਿ ਗੁਰਾਂ ਵਲੋਂ ਦਿੱਤੇ ਅਸ਼ੀਰਵਾਦ ਉਸਦੇ ਪੁੱਤ ਪੀੜ੍ਹੀ ਦਰ ਪੀੜ੍ਹੀ ਜਵਾਨ ਹੋ ਕੇ ਉਸਦੀ ਸੱਚੀ ਸੇਵਾ ਕਰਨਗੇ....ਉਸਦੀ ਸ਼ਾਨ 'ਤੇ ਪਹਿਰਾ ਦੇਣਗੇ...ਤੇ ਫਿਰ ਇਕ ਦਿਨ ਸ਼ੁਹਰਤ ਵਾਲੀ ਚੀਚ ਵਹੁਟੀ ਵਿਆਹ ਕੇ ਲਿਆਉਣਗੇ।...ਉਹ ਮੁੜ ਅਤੀਤ 'ਚ ਗੁਆਚ ਰਹੀ ਐ...ਕੀ ਹੋਇਆ, ਜੇ ਪ੍ਰੰਪਰਾ ਵਿੱਚ ਪਲਿਆ ਉਸਦਾ ਹੁਸਨ ਕੁਝ ਪੁਰਾਣਾ ਪੈ ਗਿਐ...ਉਸਦੇ ਪੁੱਤ ਤਾਂ ਆਧੁਨਿਕ ਵਹੁਟੀ ਲੈ ਕੇ ਆ ਰਹੇ ਸੀ...ਨਵੀਂ ਨਕੋਰ। ਕੀ ਹੋਇਆ ਜੇ ਸ਼ੁਹਰਤ ਦੀ ਵਹੁਟੀ ਦੀ ਡੋਲੀ ਉਸਦੀ ਡੋਲੀ ਵਾਂਗ ਸੁਹਾਗ ਦੇ ਪੁਰਾਣੇ ਲੋਕ ਗੀਤਾਂ ਤੇ ਸਿੱਠਣੀਆਂ ਨਾਲ ਨਹੀਂ ਸ਼ਿੰਗਾਰੀ ਗਈ, ਪਰ ਸ਼ੁਹਰਤ ਦੀ ਵਹੁਟੀ ਕੋਲ ਨਵੇਂ-ਨਵੇਂ ਸਾਜ਼ਾਂ ਦਾ ਸ਼ਿੰਗਾਰ ਤਾਂ ਸੀ।...ਉਸਦਾ ਆਪਣਾ ਹੁਸਨ ਤਾਂ ਇਕ ਸੀਮਤ ਜਿਹੇ ਖਿੱਤੇ 'ਚ ਪ੍ਰਵਾਨ ਚੜ੍ਹਿਆ, ਪਰ ਸ਼ੁਹਰਤ ਦੇ ਹੁਸਨ ਦੀ ਮਹਿਕ ਤਾਂ ਹੁਣ ਸਭ ਹੱਦਾਂ ਸਰਹੱਦਾਂ ਪਾਰ ਕਰ ਗਈ ਐ...ਮਾਂ-ਬੋਲੀ ਨੇ ਕਿੰਨੀ ਖੁੱਲ੍ਹ ਦਿਲੀ ਤੇ ਚਾਵਾਂ ਨਾਲ ਆਪਣੀ ਪ੍ਰੰਪਰਾਗਤ ਤੇ ਸੂਫ਼ੀਆਨਾ ਗਾਇਕੀ ਦੀਆਂ ਚੁਗਾਠਾਂ 'ਤੇ ਸ਼ੁਹਰਤ ਦੀ ਆਮਦ 'ਤੇ ਮੋਹ ਦੇ ਦੀਵੇ ਬਾਲ਼ੇ...ਪਰ ਉਸਨੂੰ ਕੀ ਪਤਾ ਸੀ...ਕਿ ਉਸਦੇ ਪੁੱਤ ਹੀ ਉਸ ਦੀਆਂ ਜੜ੍ਹਾਂ ਵਾਲੀਆਂ ਚੁਗਾਠਾਂ ਨੂੰ ਸੁੱਕੀਆਂ ਆਖ ਕੇ ਲੂਹ ਸੁੱਟਣਗੇ!....ਮਾਂ-ਬੋਲੀ ਦੀ ਨਜ਼ਰ ਚੈਨਲ 'ਤੇ ਵੱਜ ਰਹੇ...ਨਹੀਂ ਸੱਚ...ਚੱਲ ਰਹੇ ਗਾਣੇ 'ਤੇ ਜਾ ਪਈ ਹੈ.....ਜੋਬਨ ਦੀਆਂ ਯਾਦਾਂ ਉਡਾਣਾਂ ਦੀ ਥਾਂ ਹਉਕੇ ਭਰਨ ਲੱਗ ਪਈਆਂ ਹਨ.....ਉਹ ਹੋਰ ਵੀ ਓਦਰ ਗਈ ਲਗਦੀ ਐ..ਜਿਵੇਂ ਕਿਸੇ ਪਰ ਕੱਟੇ ਪਰਿੰਦੇ ਨੂੰ ਤੁਹਫ਼ੇ 'ਚ ਪਿੰਜਰਾ ਦੇ ਦਿੱਤਾ ਗਿਆ ਹੋਵੇ!...ਗੀਤ ਚੱਲੀ ਜਾ ਰਿਹੈ। ਬੇਤੁਕੇ ਲਫ਼ਜ਼ ਮਾਂ-ਬੋਲੀ ਦੇ ਕੰਨਾਂ 'ਚ ਕਿਸੇ ਬਲਦੇ ਸਿੱਕੇ ਵਾਂਗ ਪੈ ਰਹੇ ਹਨ...ਪਰ ਉਹ ਹੈਰਾਨ ਹੈ ਕਿ ਉਹ ਇਹ ਸਭ ਕੀ ਦੇਖ ਰਹੀ ਐ? ਐਨੀ ਨਿਸੰਗਤਾ... ...ਐਨੀ ਬੇਹਯਾਈ...ਐਨੀ ਬੇਲਿਹਾਜ਼ੀ...!...ਉਸਨੇ ਤਾਂ ਆਪਣੀ ਹਸਰਤ ਦੀ ਵੀਣੀ 'ਚ ਚਾਵਾਂ ਦੀਆਂ ਵੰਙਾਂ ਚੜ੍ਹਾਉਣ ਦੀ ਫਰਮਾਇਸ਼ ਵੀ ਬੋਲੀਆਂ ਦਾ ਘੁੰਡ ਕੱਢ ਕੇ ਕੀਤੀ ਸੀ।...ਉਸਨੇ ਤਾਂ ਸੱਸ, ਨਨਾਣ ਤੇ ਦਰਾਣੀ-ਜਠਾਣੀ ਨਾਲ ਸ਼ਿਕਵੇ ਸ਼ਿਕਾਇਤਾਂ ਵੀ ਮਿੱਠੇ ਮਿੱਠੇ ਗੀਤਾਂ ਨਾਲ ਹੀ ਕੀਤੇ ਸੀ... ਉਸਨੇ ਤਾਂ ਆਪਣੇ ਚਾਵਾਂ ਦੀ ਝਾਂਜਰ ਵੀ ਮਹਿਬੂਬ ਦਾ ਘਰ ਲੰਘ ਕੇ ਹੀ ਛਣਕਾਈ ਸੀ! ਕਿ ਕਿਤੇ ਕੋਈ ਉਸਦੀ ਮੁਹੱਬਤ ਨੂੰ ਗ਼ਲਤ ਈ ਨਾ ਸਮਝ ਬੈਠੇ। ਉਸਨੇ ਤਾਂ ਆਪਣੀਆਂ ਸੱਧਰਾਂ ਦਾ ਹਾਣੀ ਲੱਭਣ ਲਈ ਬਾਬਲ ਨੂੰ 'ਦੇਵੀਂ ਵੇ ਬਾਬਲਾ ਓਸ ਘਰੇ' ਦਾ ਵਾਸਤਾ ਪਾਇਆ ਸੀ...!...ਪਰ ਉਹ ਇਹ ਕੀ ਵੇਖ ਰਹੀ ਐ...ਉਹ ਨੁੱਕਰ 'ਚ ਗੁੰਮ-ਸੁੰਮ ਸਹਿਮੀ ਜਿਹੀ ਬੈਠੀ ਸੋਚ ਰਹੀ ਐ ਕਿ.....ਆਹ ਉਸਦੇ ਪੁੱਤਾਂ ਨੂੰ ਕਿਹੜੀ ਮਾਰ ਵਗ ਵਗ ਗਈ ਐ?....ਉਹ ਜਿਊਣ ਜੋਗੇ ਇਹ ਕਿਹੜੇ ਵਹਿਣਾਂ 'ਚ ਵਹਿ ਤੁਰੇ ਨੇ...? ਮਾਂ-ਬੋਲੀ ਸੋਚੀ ਜਾ ਰਹੀ ਐ.....ਸੋਚੀ ਜਾ ਰਹੀ ਐ...ਜਦੋਂ ਪੁੱਤ ਏਨੇ ਨਿਰਮੋਹੇ ਹੋ ਜਾਣ ਤਾਂ ਇਕ ਮਾਂ ਭਲਾ ਹੋਰ ਕੀ ਕਰ ਸਕਦੀ ਐ!...ਹਉਕਾ ਹੀ ਭਰ ਸਕਦੀ ਐ...ਸਭ ਕੁਝ ਚੁੱਪ-ਚਾਪ ਜਰ ਸਕਦੀ ਐ..ਆਪਣੇ ਜਿਊਣ ਜੋਗਿਆਂ ਲਈ ਦੁਆਵਾਂ ਹੀ ਕਰ ਸਕਦੀ ਐ...।ਟੀ. ਵੀ. 'ਤੇ ਗੀਤ ਵੱਜ ਰਿਹਾ ਐ...ਨਹੀਂ ਸੱਚ ਚੱਲ ਰਿਹਾ ਐ.. ਨੰਗਾ ਨਾਚ ਹੋ ਰਿਹੈ..ਇਹ ਵੇਖ ਉਸਨੇ ਸਹਿਮ ਨਾਲ ਅੱਖਾਂ ਬੰਦ ਕਰ ਲਈਆਂ ਨੇ....ਉਹ ਸੋਚਦੀ ਐ..ਯਾ ਅੱਲ੍ਹਾ...ਉਸਦਾ ਦੇਖਿਆ ਇਹ ਸਭ ਕੁਝ ਝੂਠ ਹੀ ਹੋ ਜਾਵੇ...!...ਮਾਂ-ਬੋਲੀ ਫਿਰ ਅਤੀਤ 'ਚ ਗੁਆਚ ਜਾਂਦੀ ਐ....ਉਸਨੂੰ ਚੇਤੇ ਆਉਦੈ ਕਿ...ਉਸਦੇ ਗੀਤਾਂ ਦੀ ਹੇਕ ਸੁਣ ਕੇ ਤਾਂ ਫੁਲਕਾਰੀਆਂ ਰੰਗਲੇ ਮਹਿਲਾਂ 'ਚ ਉਡਣ ਲੱਗ ਪੈਂਦੀਆਂ ਸਨ...ਉਸਦੀਆਂ ਬੋਲੀਆਂ ਤਾਂ ਗਿੱਧਿਆਂ 'ਚ ਸੰਧੂਰੀ, ਖੱਟੇ, ਲਾਲ ਗੁਲਾਬੀ ਰੰਗ-ਬਿਰੰਗੇ ਦੁਪੱਟੇ ਲਹਿਰਾ ਦਿੰਦੀਆਂ ਸਨ...ਪਰ ਆਹ ਅੱਜ ਕੀ ਹੋਈ ਜਾ ਰਿਹੈ....ਇਹ ਵੇਖ ਮਾਂ ਬੋਲੀ ਦੇ ਦਿਲ ਨੂੰ ਕੁਝ ਹੋਈ ਜਾ ਰਿਹੈ...!!...ਟੀ.ਵੀ.' ਤੇ ਚੱਲ ਰਹੇ ਗੀਤ ਨਾਲ ਥਿਰਕਦੀ ਕੁੜੀ ਦਾ ਨੰਗਾ ਸਿਰ ਅਤੇ ਢਾਈ ਕੁ ਗਿੱਠ ਕੱਪੜੇ ਤੱਕ ਮਾਂ-ਬੋਲੀ ਧੁਰ ਅੰਦਰ ਤੱਕ ਠਰ ਗਈ ਐ...ਲੱੱਗਦੈ ਜਿਵੇਂ ਅੰਦਰੇ ਅੰਦਰ ਮਰ ਗਈ ਐ....ਨੱਚਦੀ ਅਧਨੰਗੀ ਕੁੜੀ ਮਾਂ-ਬੋਲੀ ਦੀ ਪਿਆਰੀ ਫੁਲਕਾਰੀ ਨੂੰ ਸ਼ਾਇਦ ਬੇਸ਼ਰਮੀ ਦੀ ਕਿੱਲੀ 'ਤੇ ਟੰਗ ਆਈ ਐ...! ਪਤਾ ਨਹੀਂ ਉਥੋਂ ਲਾਹ ਕੇ ਮੁੜ ਸਿਰ 'ਤੇ ਲਵੇਗੀ ਵੀ ਕਿ ਨਹੀਂ...। ਕੁੜੀ ਦੇ ਖਿੱਲਰੇ ਪਏ ਪਟੇ ਉਸਨੂੰ ਆਪਣੇ ਰੰਗਲੇ ਪਰਾਂਦਿਆਂ ਨੂੰ ਕੱਢੀ ਕਿਸੇ ਗੰਦੀ ਗਾਲ਼ ਵਰਗੇ ਲੱਗ ਰਹੇ ਨੇ....।.....ਮਾਂ-ਬੋਲੀ ਸੋਚਦੀ ਹੈ ਕਿ ਇਸ ਤਰ੍ਹਾਂ ਫੁਲਕਾਰੀਆਂ, ਪਰਾਂਦਿਆਂ ਨੂੰ ਛਿੱਕੇ ਟੰਗਣ ਦੇ ਗੁਨਾਹਾਂ ਦੀ ਕਚਹਿਰੀ ਹੁਣ ਕਿਹੜੀ ਗੁੱਤ 'ਤੇ ਲੱਗਿਆ ਕਰੂਗੀ...?...ਸੂਫ ਦੇ ਜਿਨ੍ਹਾਂ ਵੀਹ-ਵੀਹ ਗਜ਼ਾਂ ਦੇ ਘੱਗਰਿਆਂ ਦੇ ਸ਼ੀਸ਼ੇ....ਜਿਨ੍ਹਾਂ 'ਚੋਂ ਲੋਕ ਗੀਤਾਂ ਨੇ ਕਦੇ ਆਪਣਾ ਮੁੱਖ ਤੱਕਿਆ ਸੀ....ਉਹ ਘੱਗਰੇ ਵੀ ਨੱਚਦੀ ਕੁੜੀ ਸ਼ਾਇਦ ਉਸੇ ਬੇਸ਼ਰਮੀ ਦੀ ਕਿੱਲੀ 'ਤੇ ਟੰਗ ਆਈ ਹੈ...। ਮਾਂ ਬੋਲੀ ਨੇ ਮਲਮਲ ਤੇ ਰੇਸ਼ਮ ਦੀਆਂ ਜਿਨ੍ਹਾਂ ਰੰਗਲੀਆਂ ਕੁੜਤੀਆਂ ਤੇ ਜੈਕਟਾਂ 'ਤੇ ਮੋਰਨੀਆਂ ਪਵਾ-ਪਵਾ ਲੋਕ ਗੀਤਾਂ ਨੂੰ ਪੈਲ਼ਾਂ ਪੁਆਈਆਂ ਸਨ..ਉਹ ਕੁੜਤੀਆਂ ਵੀ ਸ਼ਾਇਦ ਉਸ ਕੁੜੀ ਨੇ ਬੇਹਯਾਈ ਦੇ ਢੇਰ 'ਤੇ ਸੁੱਟ ਦਿੱਤੀਆਂ ਨੇ...ਸਿਰੋਂ ਨੰਗੀ...ਪਿੰਡਿਓਂ ਅਧਨੰਗੀ... ਕੁੜੀ ਨੂੰ ਪੰਜਾਬੀ ਗੀਤ 'ਤੇ ਬੇਹੂਦਾ ਨਾਚ ਕਰਦਿਆਂ ਤੱਕ ਤਾਂ ਮਾਂ-ਬੋਲੀ ਨੇ ਘੁੰਡ ਦੀ ਯਾਦ ਨੂੰ ਸਹਿਮ ਕੇ ਕਿਧਰੇ ਵਗਾਹ ਹੀ ਮਾਰਿਆ ਲੱਗਦਾ ਐ....।...ਗੀਤ ਵੱਜੀ ਜਾ ਰਿਹੈ.....ਮਾਂ ਬੋਲੀ ਦੀਆਂ ਅੱਖਾਂ 'ਚ ਸਿੱਲ੍ਹ ਦੀ ਗਹਿਰ ਹੋਰ ਸੰਘਣੀ ਹੋ ਗਈ ਐ ...ਤੇ ਪਾਣੀ ਆਪਣੇ ਸਿਰੋਂ ਲੰਘਦਾ ਵੇਖ ਮਾਂ-ਬੋਲੀ ਨੇ ਘਬਰਾ ਕੇ ਅੱਖਾਂ ਬੰਦ ਕਰ ਲਈਆਂ ਨੇ...।..ਪਰ ਕੰਨਾਂ ਦਾ ਉਹ ਕੀ ਕਰੇ? ਟੀ.ਵੀ. 'ਤੇ ਵੱਜ ਰਿਹਾ 'ਕੱਲਾ-'ਕੱਲਾ ਬੋਲ ਉਸਦੇ ਦਿਲ 'ਚ ਛੇਕ ਕਰੀ ਜਾ ਰਿਹੈ...ਬੋਲ ਕੰਨੀਂ ਨਾ ਪੈਣ ਦੀ ਕੋਸ਼ਿਸ਼ 'ਚ ਉਸਨੇ ਆਪਣੇ ਕੰਨ ਬੰਦ ਕਰ ਲਏ ਨੇ...ਕੁਝ ਕੁ ਸੁਣਨਾ ਘਟਿਐ...ਪਰ ਗੀਤ ਦੇ ਬੋਲਾਂ ਦੇ ਕੁਝ ਕੁ ਟੋਟੇ...ਫਿਰ ਵੀ ਜ਼ਿਹਨ 'ਚ ਲੰਘ ਆਏ ਨੇ...ਛਵੀਆਂ, ਬੰਦੂਕਾਂ, ਰਫ਼ਲਾਂ, ਗੰਢਾਸਿਆਂ, ਬੰਬਾਂ, ਏ.ਕੇ. ਸੰਤਾਲੀਆਂ...!!ਉਹ ਸੋਚਦੀ ਐ ਕਿ ਇਹ ਮੈਂ ਕੀ ਸੁਣ ਰਹੀ ਆਂ...ਕੀ ਇਹ ਬੋਲ ਗੀਤ ਦੇ ਨੇ... ਉਸਨੂੰ ਕੰਨਾਂ 'ਤੇ ਯਕੀਨ ਨਹੀਂ ਆ ਰਿਹਾ... ਉਸਨੇ ਘਬਰਾ ਕੇ ਕੰਨਾਂ 'ਤੋਂ ਹੱਥ ਚੁੱਕ ਲਏ ਨੇ.....ਉਹ ਟੋਟੇ ਜੁੜ ਕੇ ਪੂਰਾ ਗੀਤ ਬਣ ਗਏ ਨੇ...।..ਤੇ ਹੁਣ ਉਸਨੇ ਕੰਨਾਂ 'ਤੋਂ ਚੁੱਕੇ ਹੱਥਾਂ ਨਾਲ ਆਪਣਾ ਸਿਰ ਫੜ ਲਿਆ ਐ.....ਉਹ ਸੋਚਦੀ ਐ ਕਿ ਕੀ ਇਸ ਤਰ੍ਹਾਂ ਦੇ ਗੀਤ ਗਾਉਣ ਵਾਲੇ ਉਸਦੇ ਪੁੱਤ ਹੀ ਨੇ...ਨਹੀਂ.....ਨਹੀਂ....ਉਸਦੇ ਪੁੱਤ ਤਾਂ ਰਾਂਝੇ ਵਰਗੇ ਸੀ, ਜਿਨ੍ਹਾਂ ਹੀਰ ਦੀ ਪਾਕ ਮੁਹੱਬਤ ਖ਼ਾਤਰ ਤਖ਼ਤ ਹਜ਼ਾਰੇ ਦੀਆਂ ਸਰਦਾਰੀਆਂ ਨੂੰ ਠੋਕ੍ਹਰ ਮਾਰ ਦਿੱਤੀ ਸੀ...ਬਾਰਾਂ ਵਰ੍ਹੇ ਹੀਰ ਦੀ ਚਾਕਰੀ ਕੀਤੀ ਸੀ...ਉਸਦੇ ਪੁੱਤਾਂ ਦਾ ਇਸ਼ਕ ਤਾਂ ਮਹੀਵਾਲ ਤੋਂ ਰੱਤੀ ਵੀ ਘੱਟ ਨਹੀਂ ਸੀ....ਉਨ੍ਹਾਂ ਦੇ ਹੱਥਾਂ 'ਚੋਂ ਵੰਝਲੀ ਖੋਹ ਕੇ ਆਹ ਬੰਦੂਕਾਂ ਗੰਢਾਸੇ ਕਿਸਨੇ ਫੜਾ ਦਿੱਤੇ ਨੇ....ਉਸਦੇ ਪੁੱਤ ਤਾਂ ਅੱਲ੍ਹੜਾਂ ਨੂੰ ਮੁੰਡਿਆਂ ਦੀ ਢਾਣੀ ਕੋਲੋਂ ਨੀਵੀਂ ਪਾ ਕੇ ਲੰਘਣ ਦੀ ਹਦਾਇਤ ਕਰਦੇ ਸੀ...ਇਹ ਇਨ੍ਹਾਂ ਨੂੰ ਕੀ ਹੋ ਗਿਐ...। ......ਉਸਦੇ ਲਾਡਲੇ ਪੁੱਤਰ ਧਾੜਵੀ ਕਦੋਂ ਤੋਂ ਬਣ ਗਏ?.....ਕੁੜੀਆਂ ਦੇ ਸ਼ਿਕਾਰੀ ਕਦੋਂ ਦੇ ਬਣ ਗਏ? ਉਨ੍ਹਾਂ ਦੀ ਪਾਕ ਮੁਹੱਬਤ ਅੱਯਾਸ਼ੀ 'ਚ ਕਿਵੇਂ ਬਦਲ ਗਈ....ਆਪਣੇ ਦਿਲਾਂ ਦੀ ਮਹਿਰਮ ਨੂੰ ਉਹ 'ਬੰਦੂਕਾਂ'-'ਬੰਬਾਂ' ਦੀਆਂ ਧਮਕੀਆਂ ਨਾਲ ਕਦੋਂ ਤੋਂ ਧਮਕਾਉਣ ਲੱਗ ਪਏ..! ...'ਤੇਰੀ ਮੇਰੀ ਇਕ ਜਿੰਦੜੀ, ਐਵੇਂ ਦੋ ਕਲਬੂਤ ਬਣਾਏ' ਆਖਣ ਵਾਲੇ ਉਸਦੇ ਪੁੱਤ ਆਪਣੀ ਮਹਿਬੂਬ ਨੂੰ ਇਹ ਕਿਹੋ ਜਿਹਾ ਪਿਆਰ ਕਰਨ ਲੱਗ ਪਏ ਨੇ....ਆਪਣੇ ਪਿਆਰ ਨੂੰ ਪਲਕਾਂ ਦੀ ਛਾਂ ਕਰਨ ਵਾਲੇ ਉਸਦੇ ਪੁੱਤ ਛਵੀਆਂ ਤੇ ਗੰਢਾਸੀਆਂ ਦੇ ਡਰਾਵੇ ਕਿਉਂ ਦੇਣ ਲੱਗ ਪਏ ਨੇ...!....ਮਾਂ ਬੋਲੀ ਸੋਚਦੀ ਐ ਕਿ ਲੋਰੀਆਂ ਦੀਆਂ ਗੁੜ੍ਹਤੀਆਂ ਲੈ ਕੇ ਲੋਕ ਗੀਤਾਂ ਦੀ ਦੁੱਧ ਮੱਖਣਾਂ ਨਾਲ ਪਲ਼ੇ ਉਸਦੇ ਪੁੱਤਾਂ ਨੂੰ ਤਾਂ ਖੜ-ਖੜ ਕਰਦੇ ਰੰਗਲੇ ਚਾਦਰੇ, ਰੇਸ਼ਮੀ ਕੁੜਤੀਆਂ, ਨੋਕ ਵਾਲੇ ਖੁੱਸਿਆਂ 'ਤੇ ਹੱਥਾਂ 'ਚ ਫੜੀ ਸੰਮਾਂ ਵਾਲੀ ਡਾਂਗ ਨੂੰ ਲਿਸ਼ਕਾ ਕੇ ਮੇਲੇ ਜਾਣ ਦਾ ਸ਼ੌਕ ਸੀ...ਫਿਰ ਇਹ ਸ਼ੌਕ 'ਰਫ਼ਲਾਂ-ਬੰਬਾਂ' ਵਰਗੇ ਹਥਿਆਰਾਂ' ਦੇ ਸ਼ੌਕ 'ਚ ਕਿਸ ਨੇ ਵਟਾ ਦਿੱਤਾ? ਉਸਦੇ ਪੁੱਤਰ ਤਾਂ ਆਪਣੇ ਦਿਲ ਦੇ ਜਾਨੀ ਦੇ ਨਾਂ 'ਤੇ ਪੂਰੀ ਉਮਰ ਲੁਆਉਣਾ ਲੋਚਦੇ ਸੀ... ਫਿਰ ਉਨ੍ਹਾਂ ਨੂੰ ਹਥਿਆਰਾਂ ਦੇ ਜ਼ੋਰ 'ਤੇ ਸੁਹਣੀਆਂ ਨਾਰਾਂ ਦੇ ਝਾਕੇ ਲੈਣ ਦਾ ਤਰੀਕਾ ਕਿਸਨੇ ਸਿਖਾ ਦਿੱਤੈ...?...ਮਾਂ ਬੋਲੀ ਨੂੰ ਸਮਝ ਨਹੀਂ ਆ ਰਹੀ ਕਿ ਉਸਦੇ ਪੁੱਤਰਾਂ ਦੀ ਰੂਹ ਵਿੱਚ ਵੱਸਦੇ ਰਾਂਝੇ ਪੁੰਨੂੰ ਅਹਿਮਦ ਸ਼ਾਹ ਅਬਦਾਲੀ ਵਾਂਗ ਧਾੜਵੀ ਕਦੋਂ ਦੇ ਬਣ ਗਏ?...ਇਹ ਸੋਚ ਸੋਚ ਕੇ ਉਸਦੇ ਕਾਲਜੇ ਨੂੰ ਹੌਲ ਪੈਣ ਲੱਗੇ ਨੇ....ਹੋਰ ਕਰੇ ਵੀ ਕੀ.....ਵਿਚਾਰੀ ਮਾਂ-ਬੋਲੀ...!²...ਉਸਦੀ ਚੁੱਪ ਦਾ ਤਾਲਾ ਜ਼ੋਰ ਨਾਲ ਹਿੱਲਿਆ ਹੈ....ਸਬਰ ਦੀ ਅਖ਼ੀਰ ਨੇ ਉਹ ਤਾਲਾ ਭੰਨ ਸੁੱਟਿਆ ਹੈ...ਇਕ ਚੀਕ ਕਮਰੇ ਦੇ ਹਰ ਕੋਨੇ ਨੇ ਸੁਣੀ ਹੈ....ਮਾਂ ਬੋਲੀ....ਉੱਚੀ ਉੱਚੀ ਰੋ ਪਈ ਐ.....ਚਲੋ ਚੰਗਾ ਈ ਹੋਇਐ..ਉਸਦਾ ਗੁੰਮ ਟੁੱਟਾ ਹੈ....ਕੁਝ ਬੋਲੇਗੀ ਤਾਂ ਸਹੀ.....ਆਪਣਾ ਦੁੱਖ ਫੋਲੇਗੀ ਤਾਂ ਸਹੀ...!ਡੌਰ-ਭੌਰ ਹੋਈ ਭੱਜੀ ਫਿਰਨ ਲੱਗੀ ਐ....ਆਪਣੀ ਬੇਪਤੀ ਦੇ ਤਮਾਸ਼ੇ ਨੂੰ ਯਾਦ ਕਰ ਰੋ ਰਹੀ ਐ.. ਜ਼ਾਰੋ ਜ਼ਾਰ ਇੱਧਰ-ਉਧਰ ਨੀਮ ਪਾਗ਼ਲਾਂ ਵਾਂਗ ਭੱਜੀ ਫਿਰ ਰਹੀ ਐ....!ਬੜੇ ਚਿਰ ਬਾਅਦ...ਕੁਝ ਸੋਚ ਕੇ..ਦਹਿਲੀਜ਼ 'ਚ ਆ ਬੈਠੀ ਐ...।ਉਸਨੇ ਨਜ਼ਰਾਂ ਰਾਹ 'ਤੇ ਗੱਡ ਲਈਆਂ ਨੇ....ਅੱਖਾਂ ਦੀ ਸਿੱਲ੍ਹ ਤਾਂ ਸੁੱਕ ਚੁੱਕੀ ਲਗਦੀ ਐ..ਸ਼ਾਇਦ ਅੱਥਰੂ ਮੁੱਕ ਗਏ ਹੋਣ..ਪਰ ਹਟਕੋਰਿਆਂ ਨੇ ਸਾਹਾਂ ਨਾਲ ਅਜੇ ਵੀ ਗਲਵਕੜੀ ਪਾਈ ਹੋਈ ਐ....ਵਿੱਚ ਵਿੱਚ ਹਉਕਾ ਵੀ ਆ ਜਾਂਦੈ। ਪਰ ਨਜ਼ਰਾਂ ਦੀ ਟਿਕਟਿਕੀ ਰਾਹ 'ਤੇ ਲੱਗੀ ਹੋਈ ਐ....ਜੋ ਰਾਹ ਤੋਂ ਇਕ ਛਿਣ ਲਈ ਵੀ....ਨਹੀਂ ਹਟ ਰਹੀ... ਮਤੇ ਉਸਦੀ ਕੁੱਖ ਦੀ ਲੱਜ ਪਾਲਣ ਵਾਲਾ ਉਸਦਾ ਕੋਈ ਪੁੱਤ ਹੀ ਨਾ ਉਸ ਕੋਲੋਂ ਖੁੰਝ ਜਾਵੇ.....ਉਹ ਲਗਾਤਾਰ ਰਾਹ ਵੱਲ ਵੇਖੀ ਜਾ ਰਹੀ ਐ...। ਬੜਾ ਚਿਰ ਹੋ ਗਿਐ....ਕੋਈ ਨਹੀਂ ਦਿਸ ਰਿਹਾ...ਦੂਰ ਤੱਕ ਕੋਈ ਨਹੀਂ...।ਅਹੁ ਕੀ....ਦੂਰ ਕੁਝ ਦਿਸ ਰਿਹੈ...ਸ਼ਾਇਦ ਕੋਈ ਆ ਰਿਹੈ...! ਸ਼ਾਇਦ ਨਹੀਂ... ਇਹ ਤਾਂ ਸੱਚੀਂ ਹੀ ਕੋਈ ਆ ਰਿਹੈ.....ਪਰ ਪਛਾਣ 'ਚ ਨਹੀਂ ਆ ਰਿਹਾ...। ਕੁਝ ਨੇੜੇ ਆ ਗਿਐ....ਹੋਰ ਨੇੜੇ ਆ ਗਿਐ....ਸ਼ਕਲ ਵੀ ਕੁਝ ਕੁਝ ਪਛਾਣ 'ਚ ਆ ਰਹੀ ਐ..ਹੈਂ!...ਇਹ ਤਾਂ ਉਹ ਐ....ਸ਼ਾਇਦ ਉਹੀ..ਜਿਸਦੀ ਸ਼ਕਲ ਉਸ ਦੇ ਗੁਆਚੇ ਪੁੱਤਾਂ ਨਾਲ ਕਾਫ਼ੀ ਮੇਲ ਖਾ ਰਹੀ ਐ...।ਆਉਣ ਵਾਲੇ ਦਾ ਪਰਛਾਵਾਂ ਐਨੀ ਨੇੜੇ ਆ ਗਿਐ ਕਿ ਉਸਦੀ ਪੂਰੀ ਸ਼ਕਲ ਸਾਹਮਣੇ ਐ..ਪਰ ਇਹ ਤਾਂ ਉਹ ਨਹੀਂ.....ਭਾਵੇਂ ਇਸ ਪੁੱਤ ਨੇ ਉਸਦੀਆਂ ਰੀਝਾਂ ਦਾ ਕਾਫ਼ੀ ਘਾਣ ਕੀਤੈ....ਪਰ ਮਾਂ ਤਾਂ ਮਾਂ ਹੀ ਹੁੰਦੀ ਐ ਨਾ!.... ਉਹ ਉਸਦੇ ਸਾਰੇ ਗੁਨਾਹ ਮੁਆਫ਼ ਕਰ ਦੇਣਾ ਚਾਹੁੰਦੀ ਐ...ਉਸਨੂੰ ਅੱਗੇ ਤੋਂ ਵਰਜਣਾ ਚਾਹੁੰਦੀ ਐ..ਕਿ ਜਿਊਣ ਜੋਗਿਆ....ਫ਼ਰਜ਼ਾਂ ਦੀ ਤੰਦ ਵਿਚਾਲਿਓਂ ਨਹੀਂ ਵੱਢੀਦੀ?.....ਮਾਂ ਕਿੰਨੀ ਵੀ ਬੁੱਢੀ ਹੋ ਜਾਵੇ.....ਘਰੋਂ ਨਹੀਂ ਕੱਢੀਦੀ.... ਮਾਂ ਦੀ ਉਂਗਲ ਨਹੀਂ ਛੱਡੀਦੀ....ਕਦੇ ਵੀ ਉਸਨੂੰ ਗਾਲ੍ਹ ਨਹੀਂ ਕੱਢੀਦੀ.....ਮਾਂ ਬੋਲੀ ਨੂੰ ਆਸ ਹੈ ਕਿ ਉਸਦਾ ਇਹ ਭੁਲੱਕੜ ਪੁੱਤ ਉਸਦੇ ਪੈਰੀਂ ਡਿੱਗ ਕੇ ਆਪਣੀ ਭੁੱਲ ਬਖ਼ਸ਼ਾਏਗਾ। ਮਾਂ-ਬੋਲੀ ਨੂੰ ਮੁੜ ਆਪਣੇ ਸਿਰ ਦਾ ਤਾਜ਼ ਬਣਾਏਗਾ...!ਪਰ ਇਹ ਕੀ.....ਉਸਦੇ ਲਾਡਲੇ ਪੁੱਤ ਦੇ ਤਾਂ ਮਿਜਾਜ਼ ਈ ਬਦਲੇ ਹੋਏ ਨੇ...ਉਹ ਤਿਲਮਿਲਾ ਉੱਠਿਆ ਐ...ਬੰਦੂਕਾਂ, ਗੰਢਾਸਿਆਂ, ਬੰਬਾਂ, ਛਵੀਆਂ ਵਾਲੀ ਸੋਚ ਨੇ ਉਸਦੀ ਜ਼ੁਬਾਨ 'ਚ ਵੀ ਬਾਰੂਦ ਭਰ ਦਿੱਤੈ...! ਮਾਂ ਦੀ ਮਿੱਠੀ ਝਿੜਕ ਦੀ ਸਾਣ 'ਤੇ ਉਸਦੀ ਖੁੰਢੀ ਸੋਚ ਤਿੱਖੀ ਨਹੀਂ ਹੋ ਰਹੀ....ਤੇ ਉਸਦਾ ਲਾਡਲਾ ਪੁੱਤ ਦਹਾੜ ਪਿਆ ਐ....ਅਖੇ ''ਤੂੰ ਕਿੱਧਰ ਦੀ ਮਾਂ ਐ.....ਤੂੰ ਕਾਹਦੀ ਮਾਂ ਐ.....ਮਾਂ ਤਾਂ ਬੱਚਿਆਂ ਦਾ ਢਿੱਡ ਪਾਲ਼ਦੀ ਐ.....ਤੂੰ ਹੁਣ ਉਹ ਪਹਿਲਾਂ ਵਾਲੀ ਮਾਂ ਨਹੀਂ ਰਹੀ....ਤੂੰ ਹੁਣ ਬੁੱਢੜੀ ਹੋ ਗਈ ਐਂ ਅੰਮਾਂ....ਤੂੰ ਹੁਣ ਸਾਨੂੰ ਰੋਟੀ ਦੇਣ ਦੇ ਕਾਬਲ ਨਹੀਂ ਰਹੀ....ਤੇ ਜਿਹੜੀ ਮਾਂ ਬੱਚਿਆਂ ਨੂੰ 'ਅੰਨ' ਨਹੀਂ ਦੇ ਸਕਦੀ, ਉਹ ਹੋਰ..... ਦੇ ਸਕਦੀ ਹੈ!''...ਤੇ ਮਾਂ ਬੋਲੀ ਉਥੇ ਹੀ ਖੜੀ ਪ..ਥ..ਰਾ ਗਈ ਐ.....!.....ਵਿਚਾਰੀ ਮਾਂ ਬੋਲੀ!!
Wednesday, October 20, 2010
ਵਿਚਾਰੀ ਮਾਂ ਬੋਲੀ
ਪੰਜਾਬੀ ਦੇ ਪ੍ਰਸਿਧ ਸ਼ਾਇਰ ਅਤੇ ਪੱਤਰਕਾਰ ਹਰਜਿੰਦਰ ਸਿੰਘ ਬਲ ਨੇ ਵੱਖ ਪੜਾਵਾਂ ਦੌਰਾਨ ਕਾਫੀ ਕੁਜ੍ਗ ਦੇਖਿਆ ਕਾਫੀ ਕੁਝ ਮਹਿਸੂਸ ਕੀਤਾ ਅਤੇ ਕਾਫੀ ਕੁਝ ਲਿਖਿਆ. ਇਹੀ ਕਾਰਣ ਹੈ ਕਿ ਉਹਨਾਂ ਦੇ ਸ਼ਬਦਾਂ ਵਿੱਚ ਸਾਦਗੀ, ਅੰਦਾਜ਼ ਵਿੱਚ ਵੀ ਸਾਦਗੀ ਪਰ ਗੱਲ ਹਮੇਸ਼ਾਂ ਵਿਲੱਖਣਤਾ ਵਾਲੀ ਹੁੰਦੀ ਹੈ. ਹੁਣ ਉਹਨਾਂ ਨੇ ਪੰਜਾਬੀ ਦੀ ਦੁਰਦਸ਼ਾ ਬਾਰੇ ਇੱਕ ਹਿਰਦੇ ਵੇਧਕ ਲੇਖ ਲਿਖਿਆ ਹੈ. ਇਸ ਲੇਖ ਨੂੰ ਅਸੀਂ ਪੰਜਾਬ ਸਕਰੀਨ ਵਿੱਚ ਹੂਬਹੂ ਪ੍ਰਕਾਸ਼ਿਤ ਕਰ ਰਹੇ ਹਾਂ. ਇਸ ਬਾਰੇ ਤੁਹਾਡੇ ਵਿਚਾਰਾਂ ਦੀ ਵੀ ਉਡੀਕ ਰਹੇਗੀ...ਰੈਕਟਰ ਕਥੂਰੀਆ
Subscribe to:
Post Comments (Atom)
1 comment:
ਮਾਂ ਬੋਲੀ ਜੇ ਭੱਲ ਜਾਓਗੇ, ਕੱਖਾਂ ਵਾਂਗੂ ਰੁੱਲ ਜਾਓਗੇ ।
Post a Comment