Wednesday, September 22, 2010

ਗੁਰਮਤਿ ਟਕਸਾਲ ਨੇ ਡੇਰਿਆਂ ਨੂੰ ਦਸਿਆ ਸਿੱਖ ਪੰਥ ਲਈ ਜ਼ਹਿਰ

ਸ਼ਬਦ ਗੁਰੂ ਦੇ ਸਿਧਾਂਤ ਨੂੰ ਬਚਾਉਣ ਲਈ ਚੱਲ ਰਹੀ ਵਿਚਾਰਧਾਰਕ ਜੰਗ ਇੱਕ ਵਾਰ ਫੇਰ ਨਵੀਆਂ ਸਿਖਰਾਂ ਛੂਹ ਰਹੀ ਹੈ. ਇਸ ਮਕਸਦ ਲਈ ਫੇਸਬੁਕ ਦੇ ਮੈਦਾਨ ਦੀ ਵਰਤੋਂ ਵੀ ਬਹੁਤ ਹੀ ਸੁਯੋਗਤਾ ਨਾਲ ਕੀਤੀ ਜਾ ਰਹੀ ਹੈ. ਚਾਰ ਜੂਨ 1984 ਨੂੰ ਆਪਣਾ ਸਥਾਪਨਾ ਦਿਵਸ ਦੱਸਣ ਵਾਲੀ ਗੁਰਮਤਿ ਟਕਸਾਲ  ਨੇ ਇਸ ਪਾਸੇ ਕਈ ਠੋਸ ਕਦਮ ਵਧਾਏ ਹਨ. ਰਾਜ ਕਰੇਗਾ ਖਾਲਸਾ ਨੂੰ ਆਪਣਾ ਰਾਜਨੀਤਕ ਵਿਚਾਰ ਦਸਦਿਆਂ ਇਸ ਟਕਸਾਲ ਨੇ ਸਪਸ਼ਟ ਕਿਹਾ ਹੈ ਕਿ ਸਿਖ ਪੰਥ ਲਈ ਇੱਕੋ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਇਸ ਦੇ ਮੁਕਾਬਲੇ ਜਾਂ ਇਸਦੀ ਬਰਾਬਰੀ ਤੇ ਦਸਮ ਗ੍ਰੰਥ ਜਾਂ ਕਿਸੇ ਹੋਰ ਨੂੰ ਸਵੀਕਾਰ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੀ ਗੱਲ ਹੈ. ਕਾਬਿਲੇ ਜ਼ਿਕਰ ਹੈ ਕਿ ਇਸਦੀ ਸਥਾਪਨਾ ਕੁਲਵਿੰਦਰ ਸਿੰਘ ਨੇ (ਸਪੇਨ) ਨੇ ਕੀਤੀ ਸੀ ਪਰ ਹੁਣ ਇਸਦੇ ਸੰਚਾਲਨ ਦੀ ਜ਼ਿੰਮੇਵਾਰੀ ਇਸਦੇ ਜਥੇਦਾਰਾਂ ਨੂੰ ਸੌੰਪੀ ਗਈ ਹੈ. ਟਕਸਾਲ ਦੇ ਇਹਨਾਂ ਜਥੇਦਾਰਾਂ ਵਿੱਚ   ਫਿਲਹਾਲ ਕੁਲਵਿੰਦਰ ਸਿੰਘ, ਅਮਰਜੀਤ ਸਿੰਘ ਚੰਡੀ, ਪ੍ਰੀਤਮ ਸਿੰਘ ਮਤਵਾਨੀ ਅਤੇ ਕਮਲਜੀਤ ਸਿੰਘ ਕੁੰਡਲ ਦੇ ਨਾਮ ਐਲਾਨੇ ਗਏ ਹਨ. ਇਸਦੀਆਂ ਸਹਿਯੋਗੀ ਸੰਸਥਾਵਾਂ ਵਿੱਚ ਲੁਧਿਆਣਾ ਦਾ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੀ ਹੈ, ਸ਼੍ਰੋਮਣੀ ਸਿੱਖ ਸਮਾਜ ਵੀ, ਖਾਲਸਾ ਪੰਚਾਇਤ ਵੀ, ਗਿਆਨੀ ਦਿੱਤ ਸਿੰਘ ਇੰਸੀਚਿਊਟ ਵੀ ਅਤੇ ਸਿੰਘ ਸਭਾ ਕਨਾਡਾ ਵੀ. ਗੁਰੂ ਨਾਨਕ ਇੰਸੀਚਿਊਟ, ਦਸਮ ਗ੍ਰੰਥ ਵਿਚਾਰ ਮੰਚ, ਤੱਤ ਗੁਰਮਤਿ ਪਰਿਵਾਰ ਅਤੇ ਗੁਰਮਤਿ ਪ੍ਰਚਾਰ ਸਭਾ ਦਿੱਲੀ ਸਮੇਤ ਦੇਸ਼ ਵਿਦੇਸ਼ ਦੇ ਕਈ ਹੋਰ ਉਘੇ ਸੰਗਠਨ ਅਤੇ ਸ਼ਖਸੀਅਤਾਂ ਇਸ ਗੁਰਮਤਿ ਟਕਸਾਲ ਦੇ ਨਾਲ ਹਨ.ਬਹੁਤ ਸਾਰੇ ਪ੍ਰਮੁੱਖ ਡੇਰਿਆਂ ਨੂੰ ਰੱਦ ਕਰਨ ਵਾਲੀ ਇਸ ਟਕਸਾਲ ਨੇ ਕਿਹਾ ਹੈ ਕਿ ਇਹ ਡੇਰੇ ਸਿੱਖ ਪੰਥ ਲਈ ਇੱਕ ਖਤਰਨਾਕ ਜ਼ਹਿਰ ਵਾਂਗ ਹਨ. ਇਹਨਾਂ ਡੇਰਿਆਂ ਵਿੱਚ ਸਰਸਾ, ਬਿਆਸ, ਨੂਰਮਹਿਲ,ਦੋਦੜਾ, ਭੈਣੀ, ਨਿਰੰਕਾਰੀ, ਕਲੇਰਾਂ, ਬਰ੍ਹੂੰਦੀ,  ਭਨਿਆਰਾਂ, ਪਿਹੋਵਾ (ਮਾਨ ਸਿੰਘ) ਅਤੇ ਚੋਂਕ ਮਹਿਤਾ ਨੂੰ ਵੀ ਸ਼ਾਮਿਲ ਕੀਤਾ ਗਿਆ  ਨਾਮਧਾਰੀਆਂ ਨੂੰ ਇੱਕ ਹਿੰਦੂ ਫਿਰਕਾ ਦਸਿਆ ਗਿਆ ਹੈ ਅਤੇ ਚੋਂਕ ਮਹਿਤੇ ਬਾਰੇ ਕਿਹਾ ਗਿਆ ਹੈ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਬਾਬਾ ਜਰਨੈਲ ਸਿੰਘ ਤੋਂ ਬਾਅਦ ਇਹ ਵੀ ਇੱਕ ਡੇਰਾ ਹੈ ਜੋ ਕਿ ਸਿਖ ਪੰਥ ਲਈ ਜ਼ਹਿਰ ਹੈ. ਦਿਲਚਸਪ ਗੱਲ ਹੈ ਕਿ ਭਿੰਡਰਾਂਵਾਲਿਆਂ ਲਈ ਏਥੇ ਨਾ ਤਾਂ ਸੰਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਅਤੇ ਨਾ ਹੀ ਸੰਤ ਸਿਪਾਹੀ ਸ਼ਬਦਾਂ ਦੀ ਜੋ ਕਿ ਉਹਨਾਂ ਬਾਰੇ ਅਕਸਰ ਹੀ ਵਰਤੇ ਜਾਂਦੇ ਹਨ. ਇਸ ਟਕਸਾਲ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ,  ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਰਣਜੀਤ ਸਿੰਘ ਢਡਰੀਆਂ  ਵਾਲਿਆਂ ਦੀ ਇੱਕ ਇੱਕ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਹੈ. ਇਸ ਤੋਂ ਇਲਾਵਾ ਤੁਹਾਨੂੰ ਉਥੇ ਹੋਰ ਵੀ ਕਾਫੀ ਕੁਝ ਮਿਲੇਗਾ. ਪੂਰਾ ਵੇਰਵਾ ਦੇਖਣ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ. ਗੁਰਮਤਿ ਟਕਸਾਲ ਦਾ ਈਮੇਲ ਪਤਾ ਇਸ ਪ੍ਰਕਾਰ ਹੈ : gurmattaksal@yahoo.com ਤੁਹਾਨੂੰ ਇਹ ਪੋਸਟ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ. ਮਿਲਦੇ ਹਾਂ ਅਗਲੀ ਪੋਸਟ ਦੇ ਨਾਲ ਕਿਸੇ ਨਵੇਂ ਮਾਮਲੇ ਨੂੰ ਲੈ ਕੇ.     --ਰੈਕਟਰ ਕਥੂਰੀਆ 

No comments: