Thursday, July 22, 2010

ਹੁਣ ਲੁਧਿਆਣਾ ਵਿੱਚ ਕਾਬੂ ਕੀਤਾ ਗਿਆ ਪਾਕਿਸਤਾਨੀ ਜਾਸੂਸ




ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਦਾ ਇੱਕ ਏਜੰਟ ਹੁਣ ਲੁਧਿਆਣਾ ਵਿੱਚ ਕਾਬੂ ਕੀਤਾ ਗਿਆ ਹੈ. ਇਹ ਪਾਕਿਸਤਾਨੀ ਏਜੰਟ ਪਿਛਲੇ ਪੰਜਾਂ ਸਾਲਾਂ ਤੋਂ ਭੇਸ ਬਦਲ ਬਦਲ ਕੇ ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਰਹਿ ਰਿਹਾ ਸੀ. ਪਾਕਿਸਤਾਨ ਦੇ ਇਸ ਜਾਸੂਸ ਕੋਲੋਂ ਫੌਜੀ ਅਹਿਮੀਅਤ ਵਾਲੇ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਹੋਏ ਹਨ.ਪੁਲਿਸ ਨੇ ਇਹ ਗਿਰਫਤਾਰੀ ਇੱਕ ਖਾਸ ਮੁਖਬਿਰ ਦੀ ਇਤਲਾਹ ਤੇ ਕੀਤੀ. 
ਪੁਲਿਸ ਵੱਲੋਂ ਮੀਡੀਆ ਨੂੰ ਜਾਰੀ ਕੀਤੇ ਗਏ ਵੇਰਵੇ ਮੁਤਾਬਿਕ ਸ਼ੱਕੀ ਜਿਹਾ ਨਜ਼ਰ ਆਉਂਦਾ ਇੱਕ ਵਿਅਕਤੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਨੇੜੇ ਬਾਰ ਗੇੜੇ ਮਾਰ ਰਿਹਾ ਸੀ.
ਬੁਧਵਾਰ 21 ਜੁਲਾਈ ਵਾਲੇ ਦਿਨ ਇੱਕ ਖਾਸ ਮੁਖਬਰ ਨੇ ਆਕੇ ਇਤਲਾਹ ਦਿੱਤੀ ਕਿ ਇਹ ਵਿਅਕਤੀ ਕਿਸੇ ਜਾਅਲੀ ਨਾਮ ਹੇਠ ਸ਼ਾਹਕੋਟ ਜਲੰਧਰ ਵਿੱਚ ਰਹਿ ਰਿਹਾ ਹੈ. ਉਸ ਵੇਲੇ ਥਾਣਾ ਕੋਤਵਾਲੀ ਦੇ ਮੁਖੀ ਮਨਜਿੰਦਰ ਸਿੰਘ ਲੁਧਿਆਣਾ ਦੇ ਚੋਂਕ ਘੰਟਾ ਘਰ ਇਲਾਕੇ ਵਿੱਚ ਇੱਕ ਖਾਸ  ਡਿਊਟੀ ਤੇ ਤਾਇਨਾਤ ਸਨ. ਇਤਲਾਹ ਮਿਲਦਿਆਂ ਹੀ ਉਹਨਾਂ ਨੇ ਇਸਦੀ ਸੂਚਨਾ ਪੁਲਿਸ ਉੱਤਰੀ ਦੇ  ਸਹਾਇਕ ਕਮਿਸ਼ਨਰ ਪਰਮਜੀਤ ਸਿੰਘ ਪੰਨੂ ਲੁਧਿਆਣਾ ਨੂੰ ਦਿੱਤੀ ਅਤੇ ਇਸ ਸ਼ੱਕੀ ਵਿਅਕਤੀ ਨੂੰ ਉਸ ਵੇਲੇ ਕਾਬੂ ਕਰ ਲਿਆ ਜਦੋਂ ਕਿ ਇਹ ਲਕਸ਼ਮੀ ਸਿਨੇਮਾ ਵੱਲੋਂ ਆ ਰਿਹਾ ਸੀ. ਇਸਨੇ ਆਪਣਾ ਨਾਮ ਨਿਜਾਮ ਬਖ਼ਸ਼ ਪੁੱਤਰ ਅੱਲਾ ਦਿੱਤਾ ਦੱਸਿਆ.ਪਲਾਸਟਰ ਆਫ਼ ਪੈਰਿਸ ਦੀ ਠੇਕੇਦਾਰੀ ਦਾ ਕੰਮ ਕਰ ਰਿਹਾ ਇਹ ਜਾਸੂਸ ਪਿਛਲੇ ਪੰਜਾਂ ਸਾਲਾਂ ਤੋਂ ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਰਹਿ ਰਿਹਾ ਸੀ ਅਤੇ ਹੁਣ ਤੱਕ ਕਈ ਅਹਿਮ ਫੌਜੀ ਭੇਦ ਆਈ ਐੱਸ ਆਈ ਨੂੰ ਭੇਜ ਚੁੱਕਿਆ ਹੈ.


ਗਿਰਫਤਾਰੀ ਵੇਲੇ ਇਸਦੇ ਮੋਢੇ ਤੇ ਇੱਕ ਕਾਲਾ ਬੈਗ ਪਾਇਆ ਹੋਇਆ ਸੀ ਜਿਸ ਵਿਚੋਂ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ. ਪੁਛਗਿਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੋ ਸੰਭਾਵਨਾ ਹੈ.

No comments: