

ਕਈ ਵਾਰ ਕਈ ਮੁਲਾਕਾਤਾਂ ਬੜੀਆਂ ਅਜੀਬ ਹੁੰਦੀਆਂ ਹਨ ਅਤੇ ਕਈ ਮੁਲਾਕਾਤਾਂ ਦੇ ਓਹ ਅੰਦਾਜ਼ ਅਤੇ ਹਾਲਾਤ ਜਿਹਨਾਂ ਵਿੱਚ ਇਹ ਮੁਲਾਕਾਤਾਂ ਹੋਈਆਂ ਹੁੰਦੀਆਂ ਹਨ। ਸਤਿੰਦਰ ਸ਼ਾਹ ਸਿੰਘ ਨਾਲ ਵੀ ਇਹ ਮੁਲਾਕਾਤ ਅਚਾਨਕ
ਫੇਸਬੁੱਕ ਤੇ ਹੋਈ। ਕੁੱਝ ਸੰਖੇਪ ਜਿਹਾ ਵਿਚਾਰ ਵਟਾਂਦਰਾ ਵੀ ਹੋਇਆ ਜਿਸ ਵਿਚ ਉਸਦੀ ਹਲੀਮੀ ਨੇ ਮੈਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਉਸਨੇ ਮੈਨੂੰ ਕੁੱਝ ਲਿਖਤਾਂ ਅਤੇ ਪੋਸਟਾਂ ਵਿੱਚ ਟੈਗ ਵੀ ਕੀਤਾ। ਆਪਣੀ ਸਿਹਤ ਚ ਆ ਰਹੀ ਗਿਰਾਵਟ ਅਤੇ ਕੰਪਿਊਟਰ ਦੀ ਕਿਸੇ ਤਕਨੀਕੀ ਖਰਾਬੀ ਕਾਰਣ ਮੈਂ ਕਿਸੇ ਵੀ ਸਨੇਹੀ ਦੀ ਪੋਸਟ ਵਲ ਧਿਆਨ ਨਾ ਦੇ ਸਕਿਆ ਪਰ
ਸਤਿੰਦਰ ਸ਼ਾਹ ਸਿੰਘ ਵੱਲੋਂ ਭੇਜੀ ਇੱਕ ਆਈਟਮ ਤੇ ਕਲਿੱਕ ਕਰਨੋਂ ਮੈਂ ਰਹਿ ਨਾ ਸਕਿਆ। ਇਸ ਨੂੰ ਲਿਖਿਆ ਸੀ
ਸੁਰਜੀਤ ਸਿੰਘ ਗੋਪੀਪੁਰ ਨੇ। ਜਦੋਂ ਇਸ ਨੂੰ ਫੇਸਬੁੱਕ ਤੇ ਪੂਰਾ ਪੜ੍ਹਣ ਵਿੱਚ ਦਿਕੱਤ ਆਈ ਤਾਂ ਮੈਂ ਇਸ ਦੇ ਮੂਲ ਸਰੋਤ ਤੱਕ ਪਹੁੰਚਿਆ। ਇਹ ਇੱਕ ਸ਼ਾਨਦਾਰ ਬਲੋਗ ਨਿਕਲਿਆ ਜਿਸ ਵਿੱਚ ਬੜੀ ਹੀ ਮੇਹਨਤ ਨਾਲ ਕਈ ਅਹਿਮ ਮੁਦਿੱਆਂ ਦੀ ਚਰਚਾ ਤਰਕਪੂਰਣ ਢੰਗ ਨਾਲ ਕੀਤੀ ਗਈ ਹੈ।
ਨਵੰਬਰ ਚੁਰਾਸੀ ਦੀ ਚਰਚਾ ਕਰਦਿਆਂ ਬੜੇ ਹੀ ਸਾਫ ਸ਼ਬਦਾਂ ਵਿੱਚ ਆਪਣੀ ਗੱਲ ਸ਼ੁਰੂ ਕੁੱਝ ਇਸਤਰਾਂ ਸ਼ੁਰੂ ਕੀਤੀ ਗਈ ਹੈ।
ਕੈਨੇਡਾ ਦੀ ਪਾਰਲੀਮੈਂਟ ਵਿਚ ਨਵੰਬਰ ’84 ਵਿਚ ਦਿੱਲੀ ਤੇ ਦੇਸ਼ ਦੀਆਂ ਹੋਰ ਕਈ ਥਾਵਾਂ ’ਤੇ ਸਿੱਖਾਂ ਦੇ ਹੋਏ ਕਤਲੇਆਮ ਨੂੰ ‘ਨਸਲਕੁਸ਼ੀ’ ਕਰਾਰ ਦੇਣ ਵਾਲੀ ਪਟੀਸ਼ਨ ਪੇਸ਼ ਹੋਣੀ ਇਕ ਇਤਿਹਾਸਕ ਘਟਨਾ ਮੰਨੀ ਜਾ ਰਹੀ ਹੈ ਕਿਉਂਕਿ ਇਸ ਨਾਲ ਭਾਰਤੀ ਨਿਜ਼ਾਮ ਤੋਂ ਨਿਰਾਸ਼ ਹੋਈ ਪੀੜਤ ਕੌਮ ਨੂੰ ਕੌਮਾਂਤਰੀ ਪੱਧਰ ’ਤੇ ਇਨਸਾਫ਼ ਮਿਲਣ ਦੀ ਹਲਕੀ ਜਿਹੀ ਆਸ ਵੀ ਜਾਗੀ ਹੈ। ਭਾਰਤ ਦੀਆਂ ਅਦਾਲਤਾਂ ਵਿਚ ਬਿਰਖ ਹੋਏ ਸਿੱਖਾਂ ਦੀਆਂ ਨਜ਼ਰਾਂ ਹੁਣ ਕੌਮਾਂਤਰੀ ਭਾਈਚਾਰੇ ਵੱਲ ਲੱਗੀਆਂ ਹਨ ਤੇ ਉਸ ਦੀਆਂ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀਆਂ ਕੋਸ਼ਿਸ਼ਾਂ ਨੂੰ ਨਵਾਂ ਉਤਸ਼ਾਹ ਮਿਲਿਆ ਹੈ। ਇਸ ਨਾਲ ਭਾਰਤੀ ਨਿਜ਼ਾਮ ਜੋ ਅਖੀਰੀ ਰੂਪ ’ਚ ਇਸ ਅਣ-ਮਨੁੱਖੀ ਕਾਰੇ ਲਈ ਜ਼ਿੰਮੇਵਾਰ ਹੈ, ਨੂੰ ਕਟਹਿਰੇ ’ਚ ਖੜ•ਾ ਕਰਨ ਤੇ ਸ਼ਰਮਸਾਰ ਕਰਨ ਦਾ ਰਾਹ ਪੱਧਰਾ ਹੋਇਆ ਹੈ।
ਦੁਨੀਆ ਸਾਹਮਣੇ ਆਪਣੇ ਕੁਕਰਮਾਂ ਦਾ ਪਰਦਾਫਾਸ਼ ਹੋਣ ਦੇ ਡਰੋਂ ਹੀ ਭਾਰਤੀ ਰਾਜਸੱਤਾ ਵੱਲੋਂ ਵੱਖ-ਵੱਖ ਏਜੰਸੀਆਂ ਰਾਹੀਂ ਅਸਿੱਧੇ ਤੌਰ ’ਤੇ ਪੂਰਾ ਤਾਣ ਲਾਇਆ ਗਿਆ ਕਿ ਇਹ ਪਟੀਸ਼ਨ ਕੈਨੇਡਾ ਦੀ ਪਾਰਲੀਮੈਂਟ ਵਿਚ ਨਾ ਪੇਸ਼ ਹੋਵੇ। ਏਸੇ ਤਰਾਂ
ਪੰਜਾਬ ਵਿਚ ਨਕਸਲਵਾਦ ਮੁੜ ਉਭਰਨ ਦੀ ਸੰਭਾਵਨਾ ਬਾਰੇ ਵੀ ਦਲੀਲਾਂ ਦੇ ਕੇ ਗੱਲ ਕੀਤੀ ਗਈ ਹੈ।
ਥੋੜ੍ਹਾ ਸਮਾਂ ਪਹਿਲਾਂ ਸੀ. ਪੀ. ਆਈ. (ਮਾਓਵਾਦੀ) ਦਾ ਦਿਮਾਗ ਕਹੇ ਜਾਣ ਵਾਲੇ ਤੇ ਇਸ ਦੀ ਪੋਲਿਟ ਬਿਊਰੋ ਦੇ ਮੈਂਬਰ ਕੋਵਾਰਡ ਗਾਂਧੀ ਜਿਸ ਬਾਰੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰਾਂ ਲੱਗੀਆਂ ਸਨ ਕਿ ਉਸ ਨੇ ਹਾਲ ਹੀ ਵਿਚ ਪੰਜਾਬ ਦੇ ਹਾਲਾਤ ਜਾਨਣ ਲਈ ਇਸ ਦਾ ਦੌਰਾ ਕੀਤਾ ਹੈ ਕਿ ਇਸ ਦੇ ਹਾਲਾਤ ਮਾਓਵਾਦੀ ਲਹਿਰ ਨੂੰ ਚਲਾਉਣ ਦੇ ਸਾਜ਼ਗਾਰ ਹਨ ਕਿ ਨਹੀਂ, ਨੇ ਆਪਣੀ ਪੰਜਾਬ ਸਬੰਧੀ ਰਿਪੋਰਟ ਵਿਚ ਇਹ ਕਿਹਾ ਸੀ ਕਿ ‘ਪੰਜਾਬ ਦੀ ਸਮਾਜਿਕ ਸਥਿਤੀ ਅਜੇ ਅਜਿਹੀ ਨਹੀਂ ਬਣੀ ਜੋ ਕਿ ਅਜਿਹੀ ਲਹਿਰ ਚਲਾਉਣ ਦੇ ਸਮਰੱਥ ਹੋਵੇ ਕਿਉਂਕਿ ਇਥੇ ਸਮਾਜਿਕ ਵਿਰੋਧਤਾਈਆਂ ਤਿੱਖੀਆਂ ਨਹੀਂ ਹਨ। ਇਸ ਲਈ ਫਿਲਹਾਲ ਇਥੇ ਨਕਸਲੀ ਲਹਿਰ ਉ¤ਠਣ ਦੀ ਕੋਈ ਸੰਭਾਵਨਾ ਨਹੀਂ।’

ਇਸੇ ਬਲੋਗ ਬਾਰੇ ਅਖੀਰ ਵਿੱਚ ਚਰਚਾ ਕਰਦੇ ਹਾਂ ਇੱਕ
ਵਿਸ਼ੇਸ਼ ਮੁਲਾਕਾਤ ਦੀ ਜਿਸ ਵਿਚ ਆਪਣੇ ਵੇਲਿਆਂ ਦੇ ਉੱਘੇ ਪੱਤਰਕਾਰ
ਜਸਪਾਲ ਸਿੰਘ ਸਿੱਧੂ ਨੇ ਬੜੀਆਂ ਤਿੱਖੀਆਂ ਗੱਲਾਂ ਕੀਤੀਆਂ ਹਨ।
ਇਹ ਕਿਹਾ ਜਾਂਦਾ ਸੀ ਕਿ ਪ੍ਰੈਸ ਵਾਲਿਆਂ ਨਾਲ ਬਹੁਤ ਬੁਰਾ ਸਲੂਕ ਹੁੰਦਾ, ਡਰ ਕੇ ਕੰਮ ਚਲਦਾ ਸੀ ਤੇ ਮੈਨੂੰ ਨਹੀਂ ਕੋਈ ਡਰ ਦੇ ਪੱਧਰ ’ਤੇ ਲਗਿਆ.....ਡਰ ਕਾਹਦਾ ਕਿ ਜੇ ਤੁਸੀਂ ਗਲਤ ਕੰਮ ਨਹੀਂ ਕਰਨਾ। ਮੈਂ ਕਹਿੰਦਾ ਹੁੰਦਾ ਸੀ ਕਿ ਜੇ ਤੁਸੀਂ ਕੰਮ ਹੀ ਗਲਤ ਕਰੋਗੇ, ਪ੍ਰੈਸ ਵਾਲਾ ਕੰਮ ਛੱਡ ਕੇ ਪੁਲਸ ਵਾਲਾ, ਇੰਟੈਲੀਜੈਂਸ ਏਜੰਸੀਆਂ ਵਾਲਾ, ਮੁਖਬਰੀ ਵਾਲਾ ਤੇ ਹੋਰ ਇਹੋ ਜਿਹਾ ਕਰੋਗੇ ਤਾਂ ਤੁਹਾਨੂੰ ਇਹੋ ਜਿਹਾ ਪੰਗਾ ਪਵੇਗਾ ਹੀ ਪਵੇਗਾ। ਤੁਸੀਂ ਇਸ ਪਰਦੇ ਥੱਲੇ ਜਿਆਦਾ ਦੇਰ ਤੱਕ ਕੰਮ ਨਹੀਂ ਕਰ ਸਕਦੇ। ਬੁਰਕਾ ਤੁਸੀਂ ਪੱਤਰਕਾਰੀ ਦਾ ਪਾ ਕੇ, ਕੰਮ ਦੂਜਾ ਕਰਨਾ। ਨਕਸਲਬਾੜੀ ਮੁਦੇ ਤੇ ਚਰਚਾ ਕਰਦਿਆਂ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ
ਨਕਸਲਬਾੜੀ ਲਹਿਰ ਬਾਰੇ ਮੀਡੀਆ ਦੀ ਜੋ ਪ੍ਰੋਜੈਕਸ਼ਨ ਹੈ- ਨਕਸਲਬਾੜੀ ਲਹਿਰ ਦਾ ਭਾਰਤੀ ਮੀਡੀਆ ਨੇ ਤਾਂ ਵਿਰੋਧ ਕੀਤਾ ਹੀ ਕੀਤਾ ਹੈ ਕਿਉਂਕਿ ਇਹ ਜਿਹੜਾ ਮੀਡੀਆ ਹੈ, ਸਾਰਾ ਪੂੰਜੀਵਾਦੀ ਜਾਂ ਸਰਮਾਏਦਾਰੀ ਦਾ ਮੀਡੀਆ। ਇਸ ਦਾ ਪੈਂਤੜਾ ਇਹੀ ਰਿਹਾ ਕਿ ਬਿਜਨਸ ਚਲਾਉਣਾ ਤੇ ਨਾਲ ਹੀ ਸੂਚਨਾ ਨੂੰ ਆਪਣੇ ਕਾਬੂ ਵਿੱਚ ਲਿਆਉਂਣਾ। ਉਸ ਸੂਚਨਾ ਦੇ ਸੰਚਾਲਨ ਲਈ ਸਰਕਾਰ ਵੀ ਮਦਦ ਦਿੰਦੀ ਸੀ। ਮੁਕਦੀ ਗੱਲ ਤਾਂ ਇਹ ਹੈ ਕਿ ਮੀਡੀਆ ਹੀ ਜਦੋਂ ਪੂੰਜੀਪਤੀਆਂ ਦਾ, ਇਹ ਕਿਵੇਂ ਨਕਸਲਬਾੜੀਆਂ ਦੀ ਮਦਦ ਕਰੇਗਾ, ਪੂੰਜੀਪਤੀਆਂ ਵਿਰੁੱਧ ਤਾਂ ਉਹ ਲੜਦੇ ਆ।
ਇਸ ਬਲਾਗ ਦੀਆਂ ਲਿਖਤਾਂ ਨੂੰ ਦੇਖਣ ਤੋਂ ਬਾਅਦ ਕੁਲ ਮਿਲਾ ਕੇ ਹੁਣ ਇਹ ਆਸ ਯਕੀਨ ਵਿਚ ਬਦਲਣ ਲੱਗ ਪਈ ਹੈ ਕਿ ਪੰਜਾਬੀ ਬਲਾਗ ਵੀ ਬਹੁਤ ਹੀ ਤੇਜ਼ੀ ਨਾਲ ਹਿੰਦੀ ਅਤੇ ਅੰਗਰੇਜ਼ੀ ਬਲਾਗ ਜਗਤ ਦੇ ਬਰਾਬਰ ਹੋਣ ਵਲ ਵਧ ਰਹੇ ਹਨ । ਰੈਕਟਰ ਕਥੂਰੀਆ ।
No comments:
Post a Comment