Friday, June 11, 2010

ਪਾਕਿਸਤਾਨ ਵਿੱਚ ਇੱਕ ਵਿਸ਼ੇਸ਼ ਆਯੋਜਨ 15 ਜੂਨ ਵਾਲੇ ਦਿਨ


ਦ ਇੰਸੀਚਿਊਟ ਫਾਰ ਪੀਸ ਐਂਡ ਸੈਕੁਲਰ ਸਟਡੀਜ਼ ਵੱਲੋਂ ਨੌਜਵਾਨੀ ਨੂੰ ਲਾਮਬੰਦ ਕਰਨ ਲਈ ਇੱਕ ਹੋਰ ਸ਼ਾਨਦਾਰ ਅਤੇ ਯਾਦਗਾਰੀ ਆਯੋਜਨ ਕੀਤਾ ਜਾ ਰਿਹਾ ਹੈ 15 ਜੂਨ ਨੂੰ ਪਾਕਿਸਤਾਨ ਵਿੱਚ. ਲਾਹੋਰ  ਦੀ ਫਿਰੋਜਪੁਰ ਰੋਡ ਤੇ ਬਣੇ ਗੁਲਾਬ ਦੇਵੀ ਹਸਪਤਾਲ ਨੇੜੇ ਅਲੀ ਆਡੀਟੋਰੀਅਮ ਇਹ ਪ੍ਰੋਗਰਾਮ ਨੌਜਵਾਨਾਂ ਵੱਲੋਂ ਨੌਜਵਾਨਾਂ ਲਈ ਕਰਵਾਇਆ ਜਾ ਰਿਹਾ ਹੈ. ਇਸ ਵਿਚ ਸ਼ਿਰਕਤ ਕਰਨ ਲਈ ਕਈ ਸੰਸਥਾਵਾਂ ਅਤੇ ਸੰਗਠਨਾਂ ਦੇ ਵਿਦਿਆਰਥੀ ਪੁੱਜਣਗੇ. ਯੁਵਾ ਸ਼ਕਤੀ ਨੂੰ ਹੋਰ ਸ਼ਕਤੀਵਾਨ ਅਤੇ ਗਿਆਂਵਾਂ ਬਣਾਉਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਇਹ ਵਿਸ਼ੇਸ਼ ਆਯੋਜਨ ਪੂਰੀ ਤਰਾਂ ਮੌਜ ਮਸਤੀ ਅਤੇ ਸਭਿਆਚਾਰਕ ਰੰਗਾਂ ਨਾਲ ਵੀ ਭਰਪੂਰ ਹੋਵੇਗਾ. ਬਾਅਦ ਦੁਪਹਿਰ ਤਿੰਨ ਵਜੇ ਸ਼ੁਰੂ ਹੋ ਕੇ ਦੇਰ ਸ਼ਾਮ ਅਠ ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਗੀਤ ਸੰਗੀਤ ਵੀ ਹੋਵੇਗਾ, ਰੰਗਮੰਚ ਅਤੇ ਡਾਂਸ ਦੀਆਂ ਆਈਟਮਾਂ ਵੀ ਅਤੇ ਨਾਲ ਨਾਲ ਚੱਲੇਗਾ ਭਖਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ. ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੇ ਸਰਗਰਮ ਮੈਂਬਰ ਕਾਮਰੇਡ ਬਸ਼ੀਰ ਜੋ ਕਿ ਅਟਕ ਦੇ ਰਹਿਣ ਵਾਲੇ ਹਨ ਇਸ ਸਾਰੇ ਆਯੋਜਨ ਵਿੱਚ ਕਈ ਅਹਿਮ ਗੱਲਾਂ ਕਰਨਗੇ. ਇੱਕ ਆਜ਼ਾਦ ਖਿਆਲ ਫਿਲਮ ਮੇਕਰ ਆਇਸ਼ਾ ਆਰਿਫ਼ ਵੀ ਇਸ ਮੌਕੇ ਉਚੇਚੇ ਤੌਰ ਤੇ ਪੁੱਜੇਗੀ ਜੋ ਕਿ ਇਤਫਾਕ ਨਾਲ ਅੱਜ ਕਲ ਲਾਹੋਰ ਵਿੱਚ ਹੀ ਹੈ. ਗੱਲ ਸੰਘਰਸ਼ ਦੀ ਚੱਲੇ ਤਾਂ ਜਿਹੜੇ ਨਾਮ ਸਾਹਮਣੇ ਆਉਂਦੇ ਹਨ ਉਹਨਾਂ ਵਿੱਚ ਇਕ ਨਾਂਅ ਹੈ ਲਾਹੋਰ ਦੀ ਹੀ ਰਹਿਣ ਵਾਲੀ ਦੀਪ ਸਈਦਾ ਦਾ. ਉਹ ਵੀ ਇਸ ਮੌਕੇ ਤੇ ਪੂਰੇ ਜੋਸ਼ੋ ਖਰੋਸ਼ ਨਾਲ ਆਪਣੀ ਮੌਜੂਦਗੀ ਦੇ ਅਹਿਸਾਸ ਨੂੰ ਇੱਕ ਵਾਰ ਫੇਰ ਯਾਦਗਾਰੀ ਬਣਾਏਗੀ. ਕਈ ਹੋਰਾਂ ਨੇ ਵੀ ਇਸ ਸੰਬੰਧ ਵਿਚ ਆਪਣੀ ਸਹਿਮਤੀ ਭੇਜ ਦਿੱਤੀ ਹੈ. ਜੇ ਤੁਹਾਡੇ ਰਸਤੇ ਵਿੱਚ ਕੋਈ ਤਕਨੀਕੀ ਜਾਂ ਕਾਨੂੰਨੀ ਰੁਕਾਵਟ ਨਹੀਂ ਹੈ ਤਾ ਤੁਸੀਂ ਵੀ ਜ਼ਰੂਰ ਪੁੱਜੋ. ਸ਼ਾਮਿਲ ਹੋ ਰਹੇ ਹੋ ਨਾ...? ਵਹਾਬ ਸ਼ਾਹ ਦਾ ਸੂਫ਼ੀ ਡਾਂਸ ਇਸ ਸਾਰੇ ਪ੍ਰੋਗਰਾਮ ਨੂੰ ਚਾਰ ਚੰਨ ਲਾਏਗਾ ਕਿਤੇ ਮਿਸ ਨਾ ਕਰ ਜਾਣਾ ਜਨਾਬ...!
                                         -ਰੈਕਟਰ ਕਥੂਰੀਆ 

No comments: