Thursday, May 06, 2010

ਸਵੀਡਨ ਤੋਂ ਇੱਕ ਖਾਸ ਰਿਪੋਰਟ

           ਕੁਦਰਤ ਦੇ ਰੰਗ ਬੜੇ ਅਜੀਬ ਨੇ. ਜੋ ਆਨੰਦ ਇਸ ਨੂੰ ਮਾਨਣ  ਵਿੱਚ ਹੈ ਉਹ ਇਸਨੂੰ ਜਾਨਣ ਵਿੱਚ ਨਹੀਂ. ਜੇ ਇਸਨੂੰ ਮਾਣਦਿਆਂ ਮਾਣਦਿਆਂ ਹੀ ਇਸ ਨਾਲ ਇੱਕਮਿੱਕ ਹੋ ਲਿਆ ਜਾਵੇ ਤਾਂ ਇਹ ਆਪਣਾ ਕੋਈ ਵੀ ਭੇਦ ਕਦੇ ਲਕੋ ਕੇ ਨਹੀਂ ਰੱਖਦੀ. ਸ਼ਾਇਦ ਇਹੀ ਕਾਰਣ ਹੈ ਕੀ ਜੋ ਕੁਝ ਮਹਾਂਪੁਰਸ਼ਾਂ ਨੇ ਇਸ ਬਾਰੇ ਸਦੀਆਂ ਪਹਿਲਾਂ ਬਿਆਨ ਕੀਤਾ ਉਸਨੂੰ ਸਾਇੰਸ ਵਾਲੇ ਹੁਣ ਸਾਬਿਤ ਕਰ ਰਹੇ ਨੇ...ਉਹ ਵੀ ਹੋਲੀ ਹੋਲੀ. ਕੁਦਰਤ ਨਾਲ ਇੱਕ ਮਿੱਕ ਹੋਣ ਦੀ ਕੋਸ਼ਿਸ਼ ਨੇ ਹੀ ਦਿਨਾਂ ਅਤੇ ਤਿਓਹਾਰਾਂ ਦਾ ਡੂੰਘਾ ਸੰਬੰਧ ਵੀ ਇਸ ਨਾਲ ਜੋੜਿਆ ਹੈ. ਅਸੀਂ ਜਨਵਰੀ ਵਿੱਚ ਲੋਹੜੀ ਮਨਾਉਂਦੇ ਹਾਂ ਪਰ ਸਵੀਡਨ ਵਿੱਚ ਬਿਲਕੁਲ ਇੱਸੇ ਤਰਾਂ ਦਾ ਤਿਓਹਾਰ ਅਪ੍ਰੈਲ ਮਹੀਨੇ ਵਿੱਚ ਮਨਾਇਆ ਜਾਂਦਾ ਹੈ. ਇਸ ਵਾਰ ਇਸ ਦਾ ਆਯੋਜਨ ਹੋਇਆ 30 ਅਪ੍ਰੈਲ ਨੂੰ. ਇਸ ਤਿਓਹਾਰ ਨੂੰ ਮਨਾਉਣ ਲਈ ਲੋਕਾਂ ਨੇ ਭੁੱਗਾ ਖਾਧਾ ਵੀ ਅਤੇ ਉਸਨੂੰ ਅਗਨੀ ਦੇਵਤਾ ਲਈ ਵੀ ਭੇਂਟ ਕੀਤਾ. ਅਗਨੀ ਦੇ ਦੁਆਲੇ ਨਾਚ ਗਾਣਾ ਅਤੇ ਮਸਤੀ ਪੰਜਾਬ ਵਿੱਚ ਮਨਾਈ ਜਾਂਦੀ ਲੋਹੜੀ ਵਰਗੀ ਹੀ ਸੀ. 
           ਲੋਹੜੀ ਵਰਗੇ ਇਸ ਤਿਓਹਾਰ ਤੋਂ ਅਗਲੇ ਦਿਨ ਹੀ ਪਹਿਲੀ ਮਈ ਨੂੰ ਆਇਆ ਕਿਰਤੀਆਂ ਅਤੇ ਕਾਮਿਆਂ ਦੇ ਲਹੂ ਦੀ ਲੋਅ ਨੂੰ ਲਗਾਤਾਰ ਰੁਸ਼ਨਾ ਰਿਹਾ ਮਈ ਦਿਵਸ. ਸਵੀਡਨ ਵਿੱਚ ਵੀ ਇਹ ਤਿਓਹਾਰ ਦੁਨਿਆ ਦੇ ਹੋਰਨਾਂ ਮੁਲਕਾਂ ਵਾਂਗ ਪਹਿਲੀ ਮਈ ਵਾਲੇ ਇਤਿਹਾਸਿਕ ਦਿਨ ਨੂੰ ਮਨਾਇਆ ਗਿਆ. ਇਸ ਮੌਕੇ ਤੇ ਹਰ ਖੇਤਰ ਵਿੱਚ ਕੰਮ ਕਰਦੇ ਵਰਕਰਾਂ ਨੇ ਮਈ ਦਿਵਸ ਦੇ ਇਸ ਮਾਰਚ ਵਿੱਚ ਭਾਗ ਲੈ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਆਖੀ ਅਤੇ ਪ੍ਰਣ ਕੀਤਾ ਕਿ ਓਹ ਸਾਰੇ ਇਸ ਮਹਾਨ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਉਹਨਾਂ ਪੂਰਨਿਆਂ ਤੇ ਚੱਲਣਗੇ ਜਿਹੜੇ ਮਈ ਦਿਵਸ ਦੇ ਸ਼ਹੀਦਾਂ ਨੇ ਆਪਨੇ ਖੂਨ ਨਾਲ ਪਾਏ ਹਨ.
          ਮਈ ਦਿਵਸ ਦੀ ਇਸ ਪਰੇਡ ਤੋਂ ਬਾਅਦ ਇਹ ਸਾਰੇ ਸਾਥੀ ਇੱਕ ਨਿਸਚਿਤ ਕੇਂਦਰੀ ਸਥਾਨ ਤੇ ਇਕੱਠੇ ਹੋਏ ਅਤੇ ਬੜੇ ਹੀ ਪਿਆਰ ਅਤੇ ਜੋਸ਼ ਦੇ ਨਾਲ ਆਪਣੇ ਮਹਿਬੂਬ ਲੀਡਰਾਂ ਦੇ ਅਨਮੋਲ ਵਿਚਾਰ ਸੁਣੇ.  ਇਸ ਵਾਰ ਲੋਹੜੀ ਤੋਂ ਬਾਅਦ ਜਦੋਂ ਮਈ ਦਿਵਸ ਦਾ ਇਹ ਤਿਓਹਾਰ ਮਨਾਇਆ ਗਿਆ ਤਾਂ ਆਪਣੇ ਪੰਜਾਬ ਦੇ ਸ਼ਹਿਰ  ਬਟਾਲਾ ਚੋਂ ਵਿਦੇਸ਼ ਗਏ ਹੋਏ ਸੰਗੀਤਕਾਰ ਹਰਵਿੰਦਰ ਸਿੰਘ ਜੀ ਵੀ ਓਥੇ ਮੌਜੂਦ ਸਨ. ਉਹਨਾਂ ਨੇ ਇਹਨਾਂ ਪਲਾਂ ਨੂੰ ਹੋਰ ਵੀ ਯਾਦਗਾਰੀ ਬਣਾਉਣ ਲਈ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਇਹਨਾਂ ਦੇ ਵੇਰਵੇ ਸਮੇਤ ਉਚੇਚੇ ਤੌਰ ਤੇ ਪੰਜਾਬ ਸਕਰੀਨ ਲਈ ਭੇਜਿਆ.  ਤੁਹਾਨੂੰ ਇਹ ਤਸਵੀਰਾਂ ਕਿਹੋ ਜਿਹੀਆਂ ਲੱਗੀਆਂ.   ਇਹ ਦਸਣਾ ਕਿਤੇ ਭੁੱਲ ਨਾ ਜਾਣਾ.--ਰੈਕਟਰ ਕਥੂਰੀਆ 

No comments: