Saturday, April 10, 2010

ਅੱਜ ਵੀ ਬੁਲੰਦ ਹੈ ਸ਼ਹੀਦ ਸਫਦਰ ਦੀ ਆਵਾਜ਼

ਸਫਦਰ ਹਾਸ਼ਮੀ ਨੂੰ ਸ਼ਹੀਦ ਕਰਨ  ਵਾਲਿਆਂ ਨੇ ਸੋਚਿਆ ਤਾਂ ਸ਼ਾਇਦ ਇਹੀ ਸੀ ਕਿ ਬਸ ਇੱਕ ਖੂਨ ਅਤੇ ਸਫਦਰ ਦੇ ਨਾਲ ਨਾਲ ਉਸਦੀ  ਇਹ ਆਵਾਜ਼ ਵੀ ਖਤਮ. ਪਰ ਬੌਣੀ ਜਿਹੀ ਸੋਚ ਵਾਲੇ ਓਹ ਬੰਦੇ ਸ਼ਾਇਦ ਨਹੀਂ ਸਨ ਜਾਣਦੇ ਕਿ ਸਫਦਰ ਦੀ ਸ਼ਹੀਦੀ ਤਾਂ ਰਕਤਬੀਜ ਦੀ ਕਹਾਣੀ ਨੂੰ ਵੀ ਪਿਛੇ ਪਾ ਦੇਵੇਗੀ ਸ਼ਹਾਦਤ ਤੋਂ ਬਾਅਦ ਇਹ ਆਵਾਜ਼ ਰੁਕਣ ਦੀ ਬਜਾਏ ਹੋਰ ਤੇਜ਼ੀ ਨਾਲ ਬੁਲੰਦ ਹੇਵੇਗੀ ਅਤੇ ਹੁੰਦੀ ਹੀ ਜਾਏਗੀ. ਉਸਦੀ ਯਾਦ 'ਚ ਲੋਕ ਅੱਜ ਵੀ ਸਹਮਤ ਦੇ ਨਾਂਅ ਹੇਠ ਇੱਕ ਜੁੱਟ ਹਨ. ਦੋ ਦਹਾਕਿਆਂ ਮਗਰੋਂ ਲੋਕ ਅੱਜ ਵੀ ਆਪਣੇ ਉਸ ਮਹਿਬੂਬ ਨਾਲ ਉਵੇਂ ਹੀ ਗੱਲਾਂ ਕਰਦੇ ਨੇ ਜਿਵੇਂ ਉਹ ਉਹਨਾਂ ਦੇ ਕੋਲ ਹੀ ਕੀਤੇ ਬੈਠਾ ਹੋਵੇ. 12 ਅਪ੍ਰੈਲ 1954 ਨੂੰ ਦਿੱਲੀ ਚ ਜਨਮ ਲੈਣ ਵਾਲੇ ਇਸ ਲੋਕ ਨਾਇਕ ਨੇ 1973 ਵਿੱਚ ਜਨ ਨਾਟ੍ਯ ਮੰਚ ਦੀ ਸਥਾਪਨਾ ਕੀਤੀ. ਸਾਹਿਰ ਲੁਧਿਆਣਵੀ ਦਾ ਇੱਕ ਗੀਤ ਉਹਨਾਂ ਦਿਨਾਂ ਚ ਬੜਾ ਹਰਮਨ ਪਿਆਰਾ ਹੋਇਆ ਸੀ..ਵੋਹ ਸੁਬਹ ਕਭੀ ਤੋ ਆਏਗੀ. ਪਰ ਨਰਕ ਤੋਂ ਵੀ ਬਦਤਰ ਇਸ ਦੁਨੀਆ ਨੂੰ ਬਦਲਣ ਲਈ ਲੋੜ ਸੀ ਸੰਘਰਸ਼ ਦੀ. ਲੋੜ ਸੀ ਹੱਲਾ ਬੋਲਣ ਦੀ ਤੇ ਸਫਦਰ ਨੇ ਇਸ ਹੱਲੇ ਵਿੱਚ ਆਪਣੀ ਜਾਨ ਦੀ ਆਹੂਤੀ ਤੱਕ ਦੇ ਦਿੱਤੀ ਪਰ ਕਦੇ ਕੋਈ ਸਮਝੌਤਾ ਨਹੀਂ ਕੀਤਾ. ਅੰਤਲੇ ਸਾਹਾਂ ਤੀਕ ਲੋਕਾਂ ਲਈ ਜੂਝਣ ਵਾਲੇ ਉਸ ਲੋਕ ਨਾਇਕ ਦਾ ਜਨਮ ਦਿਨ ਆਓਂਦਾ ਹੈ 12 ਅਪ੍ਰੈਲ ਨੂੰ ਜਦੋਂ ਕਿ ਨੁੱਕੜ ਨਾਟਕ ਦਿਵਸ ਵੀ ਹੁੰਦਾ ਹੈ. ਵਿਸਾਖੀ ਤੋਂ ਐਨ ਪਹਿਲਾਂ ਇਸ ਢੁਕਵੇਂ ਮੇਲ ਮੌਕੇ ਨੂੰ ਹੋਰ ਯਾਦਗਾਰੀ ਬਣਾਉਣ ਲਈ ਇਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾ ਰਿਹਾ ਹੈ 42 , ਅਸ਼ੋਕਾ ਰੋਡ, ਨਵੀਂ ਦਿੱਲੀ ਵਿੱਚ. ਤੁਹਾਡੇ ਸਾਰੀਆਂ ਲਈ ਇਸ ਦਾ ਰਸਮੀ ਬੁਲਾਵਾ ਜਨ ਨਾਟ੍ਯ ਮੰਚ ਦੇ ਪ੍ਰਧਾਨ ਅਸ਼ੋਕ ਤਿਵਾੜੀ ਅਤੇ ਖੁਦ ਸਫਦਰ ਦੀ ਜੀਵਨ ਸਾਥਣ ਮਲੋਯਾਸ਼੍ਰੀ ਹਾਸ਼ਮੀ ਨੇ ਦਿੱਤਾ ਹੈ ਜੋ ਕਿ ਇਸ ਮੰਚ ਦੀ ਸੱਕਤਰ ਵੀ ਹੈ. ਐਤਵਾਰ ਵਾਲੇ ਦਿਨ ਸ਼ਾਮੀ ਚਾਰ ਵਜੇ ਸ਼ੁਰੂ ਹੋਣ ਵਾਲੇ ਇਸ ਵਿਸ਼ੇਸ਼ ਪ੍ਰੋਗਰਾਮ ਦੌਰਾਨ ਲੋਕਾਂ 'ਚ ਬੈਠ ਕੇ ਹੋਣਗੀਆਂ ਲੋਕਾਂ ਦੀਆਂ ਗੱਲਾਂ. ਇਸ ਦੇ ਨਾਲ ਹੀ ਹੋਵੇਗਾ ਅਤੇ ਗੀਤ ਸੰਗੀਤ ਅਤੇ ਨੁੱਕੜ ਨਾਟਕਾਂ ਦਾ ਆਯੋਜਨ. ਪੁਰਾਣੀਆਂ ਗੱਲਾਂ ਵੀ ਹੋਣਗੀਆਂ ਅਤੇ ਨਵੇਂ ਨਿਸ਼ਾਨੇ ਵੀ ਉਲੀਕੇ ਜਾਣਗੇ. ਸਿਰਜਣਾਂ ਦੇ ਇਹਨਾਂ ਪਲਾਂ ਦੌਰਾਨ ਚਾਹ ਪਾਣੀ ਦੀਆਂ ਚੁਸਕੀਆਂ ਵੀ ਚੱਲਣਗੀਆਂ.ਤੁਸੀਂ ਆ ਰਹੇ ਹੋ ਨਾ....! ਜੇ ਗੱਲ ਅਜੇ ਕੱਚੀ ਪੱਕੀ ਹੈ ਤਾਂ ਫੇਰ ਹੁਣੇ ਹੀ ਪੂਰੀ ਤਰਾਂ ਪੱਕੀ ਕਰ ਲਓ. ਉਥੇ ਤੁਹਾਡੀ ਮੁਲਕਾਤ ਹੋਣੀ ਹੈ ਉਸ ਆਵਾਜ਼ ਨਾਲ ਜਿਸ ਨੂੰ ਖਾਮੋਸ਼ ਕਰਨ ਲਈ ਉਹਨਾਂ ਸਫਦਰ ਹਾਸ਼ਮੀ ਨੂੰ ਸ਼ਹੀਦ ਕਰ ਦਿਤਾ ਸੀ. ਆਓ ਤੇ ਸੁਣੋ...ਉਹ ਆਵਾਜ਼ ਅੱਜ ਵੀ ਬੁਲੰਦ ਹੈ. ਆਓ ਤੇ ਦੇਖੋ....ਜਜ਼ਬਿਆਂ ਦਾ ਓਹ ਜੋਸ਼ੀਲਾ ਸਮੁੰਦਰ ਅੱਜ ਵੀ ਠਾਠਾਂ ਮਾਰਦਾ ਹੈ. --ਰੈਕਟਰ ਕਥੂਰੀਆ

No comments: