Saturday, April 17, 2010

ਇੱਕ ਆਹੂਤੀ ਹੋਰ


    ਲੋਕਾਂ ਸਾਹਮਣੇ ਸਚ ਲਿਆਉਣ ਲਈ ਆਪਣੀ ਡਿਊਟੀ ਨਿਭਾਉਂਦਿਆਂ ਇੱਕ ਹੋਰ ਕੈਮਰਾ ਮੈਨ ਨੇ ਆਪਣੀ ਜਾਨ ਦੀ ਆਹੂਤੀ ਦੇ ਦਿੱਤੀ ਹੈ. ਇਸ ਵਾਰ ਹਿੰਸਾ ਨੇ ਬਲੀ ਲਈ ਹੈ SAMAA TV ਦੇ ਮਲਿਕ ਆਰਿਫ਼ ਦੀ. ਕੋਇਟਾ 'ਚ ਰਹਿਣ ਵਾਲੇ ਇਸ ਟੀ ਵੀ ਪੱਤਰਕਾਰ ਨੇ ਇਸ ਚੈਨਲ ਲਈ ਤਾਂ ਭਾਵੇਂ  ਅਜੇ ਦੋ ਸਾਲ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ.   ਪਰ ਉਂਝ ਓਹ ਪਿਛਲੇ ਤੀਹਾਂ ਸਾਲਾਂ ਤੋਂ ਇਸ ਕਿੱਤੇ ਵਿੱਚ ਹੈ. ਪਿਛੋਂ ਸਿਆਲਕੋਟ ਨਾਲ ਸੰਬੰਧ ਰਖਣ ਵਾਲੇ ਇਸ ਪੱਤਰਕਾਰ ਨੇ 1975 ਵਿੱਚ ਪੀ ਟੀ ਵੀ ਲਈ ਇੱਕ ਲਾਈਟ-ਮੈਨ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ  ਲਗਨ ਅਤੇ ਮਿਹਨਤ ਸਦਕਾ ਉਸ ਨੂੰ ਜਲਦੀ ਹੀ ਤਰੱਕੀ ਦੇ ਕੇ  ਕੈਮਰਾਮੈਨ ਬਣਾ ਦਿੱਤਾ ਗਿਆ. ਫਿਰ ਉਸਨੇ ਕਦੇ ਪਿਛੇ ਮੁੜ ਕੇ ਨਹੀਂ ਦੇਖਿਆ. ਘਟਨਾ ਕਿੰਨੀ ਹੀ ਖਤਰਨਾਕ ਕਿਓਂ ਨਾ ਹੋਵੇ.ਉਸਦੀ ਕਵਰੇਜ ਲਈ ਜਾਣ ਵਾਸਤੇ ਓਹ ਹਰ ਵਾਰ ਇੱਕ ਨਵੇਂ ਉਤਸ਼ਾਹ ਨਾਲ ਤਿਆਰ ਹੁੰਦਾ. ਸਚ ਨੂੰ ਲਭ ਕੇ ਕੈਮਰੇ ਵਿੱਚ ਕੈਦ ਕਰਨਾ ਅਤੇ ਫਿਰ ਉਸਨੂੰ ਲੋਕਾਂ ਸਾਹਮਣੇ ਰੱਖ ਦੇਣਾ...ਬਸ ਇਹੀ ਉਸ ਦਾ ਸਭ ਤੋਂ ਮਹਤਵਪੂਰਣ ਫਰਜ਼ ਬਣ ਗਿਆ ਸੀ. 
     ਜਦੋਂ 1978 ਵਿੱਚ ਜਨਰਲ ਜ਼ਿਆ-ਉਲ-ਹੱਕ  ਦੀ ਸਰਕਾਰ ਨੇ ਪੱਤਰਕਾਰਾਂ ਨੂੰ ਵੀ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ ਤਾਂ ਉਸ ਕਹਿਰ ਦਾ ਡਟ ਕੇ ਵਿਰੋਧ ਕਰਨ ਵਾਲਿਆਂ ਵਿੱਚ ਓਹ ਸਭ ਤੋਂ ਅੱਗੇ ਸੀ. ਫਿਰ 1994 ਵਿੱਚ ਜਦੋਂ ਕੰਧਾਰ ਵਾਲਾ ਮਾਮਲਾ ਹੋਇਆ ਤਾਂ ਉਸਦੀ ਕਵਰੇਜ ਲਈ ਵੀ ਉਹ ਬੜੇ ਹੀ ਉਤਸ਼ਾਹ ਨਾਲ ਰਵਾਨਾ ਹੋਇਆ. ਜਿਕਰਯੋਗ ਹੈ ਕਿ ਇਸ ਕਵਰੇਜ ਦੌਰਾਨ ਹੀ ਉਸਨੂੰ ਅਗਵਾ ਕਰਕੇ ਬੰਦੀ ਬਣਾ ਲਿਆ ਗਿਆ ਅਤੇ ਬੜੀ ਹੀ ਮੁਸ਼ਕਿਲ ਨਾਲ  ਕਿਤੇ ਜਾ ਕੇ  ਦੋ ਢਾਈ ਮਹੀਨਿਆਂ ਮਗਰੋਂ ਉਸ ਦੀ ਜਾਨ ਛੁੱਟੀ. ਪਰ ਮੌਤ ਨੂੰ ਏਨਾ ਨੇੜਿਓਂ ਦੇਖ ਕੇ ਵੀ ਉਸ ਵਿੱਚ ਕੋਈ ਕਮਜ਼ੋਰੀ ਨਹੀਂ ਆਈ. ਵਧ ਰਹੀ ਉਮਰ ਵੀ ਉਸਦੇ ਜੋਸ਼ੀਲੇ ਕਦਮਾਂ ਨੂੰ ਕਦੇ ਰੋਕ ਨਾ ਸਕੀ. 
    ਹੁਣ ਵੀ ਓਹ ਡਿਊਟੀ ਤੇ ਹੀ ਸੀ ਕਿ ਇੱਕ ਧਮਾਕੇ ਨੇ ਉਸਨੂੰ ਆਪਣੇ ਸਾਥੀਆਂ ਕੋਲੋਂ  ਹਮੇਸ਼ਾਂ ਹਮੇਸ਼ਾਂ ਲਈ ਜੁਦਾ ਕਰ ਦਿੱਤਾ. ਇਸ ਦੁਖਦਾਈ ਵਿਛੋੜੇ ਦੀ ਖਬਰ  ਸੁਣਦਿਆਂ ਹੀ ਪੱਤਰਕਾਰਾਂ ਵਿੱਚ ਗਮ ਅਤੇ ਗੁੱਸੇ ਦੀ ਲਹਿਰ ਦੌੜ ਗਈ. ਸਿੰਧ ਅਸੰਬਲੀ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੇ ਰੋਸ ਵਜੋਂ ਕਾਲੇ ਬਿੱਲੇ ਲਗਾਏ ਅਤੇ ਇਸ ਧਮਾਕੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ. 
     ਉਹਨਾਂ ਨੇ ਪੱਤਰਕਾਰਾਂ ਦੀ ਸੁਰੱਖਿਆ ਦਾ ਮਾਮਲਾ ਵੀ ਇੱਕ ਵਾਰ ਫਿਰ ਉਠਾਇਆ. ਖੈਬਰ ਜਰਨਲਿਸਟ ਯੂਨੀਅਨ ਨੇ ਵੀ ਇਸ ਧਮਾਕੇ ਦੀ ਨਿਖੇਧੀ ਕਰਦਿਆਂ ਆਪਣੇ ਸਾਥੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪੱਤਰਕਾਰਾਂ ਦੀ ਸੁਰੱਖਿਆ ਦੇ ਮਾਮਲੇ ਤੇ ਆਪਣੀ ਚਿੰਤਾ ਦਾ ਪ੍ਰਗਟਾਵਾ ਕੀਤਾ. 
     ਇਸ ਦੇ ਨਾਲ ਹੀ ਜਰਨਲਿਸਟ ਫਾਰ ਇੰਟਰਨੈਸ਼ਨਲ ਪੀਸ ਨੇ ਵੀ ਸੋਗ ਦਾ ਪ੍ਰਗਟਾਵਾ ਕੀਤਾ. ਇਸ ਸੰਗਠਨ ਦੇ ਪ੍ਰਧਾਨ ਇਫਤਿਖਾਰ ਚੌਧਰੀ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ  ਕਰਦਿਆਂ ਸਾਰੇ ਕੌਮਾਂਤਰੀ ਭਾਈਚਾਰੇ ਨੂੰ ਇਸ ਦੀ ਜਾਣਕਾਰੀ ਦਿੱਤੀ.    --ਰੈਕਟਰ ਕਥੂਰੀਆ

No comments: