Sunday, April 04, 2010

ਮੇਰੀ ਸੋਚ

ਜ਼ਮੀਨ ਅਤੇ ਆਸਮਾਨ ਮਿਲਦੇ ਨਜ਼ਰ ਤਾਂ ਆਓਂਦੇ ਹਨ ਪਰ ਅਸਲ ਵਿੱਚ ਮਿਲਦੇ ਓਹ ਕਿਤੇ ਵੀ ਨਹੀਂ. ਉਹੀ ਹਾਲਤ ਦੁਨੀਆ ਦੀ ਵੀ ਹੈ. ਜਿਹੜੇ ਲੋਕ ਆਪਸ 'ਚ ਮਿਲੇ ਹੋਏ ਜਾਂ ਮਿਲ ਚੁੱਕੇ ਨਜ਼ਰ ਆਓਂਦੇ ਹਨ ਓਹ ਅਸਲ ਵਿੱਚ ਇੱਕ ਦੂਜੇ ਦੇ ਨੇੜੇ ਰਹਿੰਦਿਆਂ ਵੀ ਇੱਕ ਦੂਜੇ ਕੋਲੋਂ ਕੋਹਾਂ ਦੂਰ ਹੁੰਦੇ ਹਨ. ਨੇੜੇ ਰਹਿ ਕੇ ਵੀ ਦੂਰ ਹੋਣ ਦਾ ਦਰਦ, ਭੀੜ 'ਚ ਵੀ ਇਕੱਲੇ ਹੋਣ ਦਾ ਦਰਦ, ਸਾਰੀ ਸਾਰੀ ਉਮਰ ਕੋਲ ਕੋਲ ਰਹਿ ਕੇ ਵੀ ਇੱਕ ਦੂਜੇ ਨੂੰ ਨਾ ਸਮਝ ਸਕਣ ਦਾ ਦਰਦ ਜਿਹੜੇ ਹੰਢਾਉਂਦੇ  ਹਨ ਉਹੀ ਜਾਣਦੇ ਹਨ. ਮਿਰਗ ਤ੍ਰਿਸ਼ਨਾ ਦੀ ਇਸ ਭਟਕਣ ਵਿੱਚ ਅਰਧ ਨਾਰੀਸ਼ਵਰ ਦਾ ਰਹਸ ਕਈਆਂ ਲਈ ਕਈ ਵਾਰ ਇੱਕ ਵਰਦਾਨ ਬਣ ਕੇ ਆਓਂਦਾ ਹੈ. ਨੇੜਤਾ ਵਾਲੀਆਂ ਦੂਰੀਆਂ ਅਤੇ ਦੂਰੀਆਂ ਵਾਲੀ ਨੇੜਤਾ ਦੀ ਇਹ ਅਵਸਥਾ ਵੀ ਬੜੀ ਅਜੀਬ ਹੁੰਦੀ ਹੈ. ਇਸ ਅਵਸਥਾ ਦੀਆਂ ਗੱਲਾਂ ਕੀਤੀਆਂ ਹਨ ਰਮਨ ਮੋਗਾ ਵਾਲਾ ਨੇ. ਤੁਹਾਨੂੰ ਇਹ ਰਚਨਾ ਕਿਹੋ ਜਹੀ ਲੱਗੀ.ਇਸ ਬਾਰੇ ਜ਼ਰੂਰ ਦੱਸਣਾ ਜੀ. --ਰੈਕਟਰ ਕਥੂਰੀਆ 
ਦਿਲ  ਦੀਆਂ ਗਹਿਰਾਈਆਂ  'ਚ,
ਜਿਹੜਾ ਤੇਰਾ ਪਿਆਰ ਪਨਪਦੈ,
ਹਰ ਵੇਲੇ ਜੋੜੀ ਰੱਖਦੈ ਮੈਨੂੰ ਤੇਰੇ ਨਾਲ,
ਨਿੱਕੀ-ਨਿੱਕੀ ਗੱਲ ਤੇ,ਸੋਚਣ ਨੂੰ ਮਜਬੂਰ ਕਰਦੈ,
ਸੋਚ-ਸੋਚ ਹੱਸਣਾ,ਦੁਖੀ ਹੋਣਾ,
ਅੱਖਾਂ ਬੰਦ ਕਰਨੀਆਂ ਤੇ ਬੋਲਣਾ,
ਕਿਤੇ ਆਪਣਾ ਮਿਲਣ ਜ਼ਮੀਨ-ਆਸਮਾਨ ਨਾ ਹੋ ਜਾਵੇ,
ਕਿਤੇ ਮੈ ਤੇਰੀ ਮੁੱਠੀ  ਦਾ ਰੇਤਾ ਨਾ ਹੋ ਜਾਵਾਂ,
ਤੇ ਮੇਰਾ ਹੱਥ ਫੜ ਕੇ ਧੜਕਨ ਤੇ ਰੱਖ ਦੇਣਾ,
ਫੇਰ ਮੈਂ ਸਾਹ ਅੰਦਰ ਖਿੱਚਣਾ,
ਤੇਰੀ ਖੁਸ਼ਬੋ ਮਹਿਸੂਸ ਕਰਨਾ,
ਹਰ ਵੇਲੇ ਤੈਨੂੰ ਅੰਗ-ਸੰਗ ਰੱਖਣਾ,
ਸੱਚੀ ਆਦਤ ਹੋ ਗਈ ਹੈ ਮੇਰੀ..................
ਕਦੇ-ਕਦੇ ਮਨ ਝਿਜੋੜ ਦਿੰਦਾ,
ਕੰਬਾ ਦਿੰਦਾ,ਜਦੋਂ  ਦੁਨੀਆ ਦਾ ਖਿਆਲ ਆਓਂਦੈ,
ਜਾਤ-ਪਾਤ ਵਿੱਚ ਵੰਡੀ ਦੁਨੀਆ ਦਾ,
ਇਸ਼ਕ ਦੀ ਵੈਰੀ ਦੁਨੀਆ ਦਾ,
ਜੋ ਔਰਤ ਨੂੰ ਝੂਠੀ ਤੇ ਕਾਗਜੀ ਆਜ਼ਾਦੀ ਦਿੰਦਾ,
ਐਸੇ ਸਮਾਜ ਦਾ,
ਪਰ ਜੀਵਨ-ਸਾਥੀ ਚੁਣਨ ਦਾ ਨਹੀ,
ਏਹ ਕਾਗ਼ਜੀ ਅਜ਼ਾਦੀ ਨਹੀ ਤਾਂ ਹੋਰ ਕੀ ਐ..........
ਪਰ ਸਿੱਕੇ ਦੇ ਦੂਜੇ ਪਾਸੇ ਵੀ ਵੇਖਦਾਂ,

ਜਿਸ ਵਿੱਚ ਝੂਠੇ ਪਿਆਰ ਵੀ ਨੇ,
ਸਿਰਫ ਤਨਾਂ ਦੇ ਪਿਆਰ,
ਐਸੇ ਪਿਆਰ ਨੇ ਹੀ ਤਾਂ ,
ਸਮਾਜ ਦੀ ਸੋਚ ਨੂੰ ,
ਜ਼ੰਗ ਲਗਾ ਦਿੱਤਾ,
ਅੱਖਾਂ ਤੇ ਚਮੜੇ ਦੀ ਪੱਟੀ ਬੰਨ ਦਿੱਤੀ ਆ,
ਜੀਹਨੇ ਹਰ ਰਿਸ਼ਤੇ ਨੂੰ ਗਲਤ ਸੋਚਣ ਦਾ ਆਦੀ ਬਣਾ ਦਿੱਤਾ,
ਏਸ ਲਈ ਸਾਰੀ ਗਲਤੀ ਇਹਨਾਂ ਦੀ ਵੀ ਨਹੀ ..........
ਪਰ ਸੱਜਣ ਜੀ ਅਸੀ ਏਸ ਤੋਂ ਕੀ ਲੈਣਾ,
ਛੱਡ ਇਹਨਾਂ ਗੱਲਾਂ  ਨੂੰ ਤੇ ਪਿਆਰ ਕਰ,
ਕਿਓਂਕਿ ਮੈਂ ਮਨਦਾਂ ਪਿਆਰ ਨੂੰ ਰੂਹਾਂ ਦਾ ਮਿਲਾਪ,
ਤੂੰ ਕਦੇ ਫੋਟੋ ਦੇਖੀ ਸ਼ਿਵ-ਪਾਰਬਤੀ ਦੀ,
ਜਿਸ ਵਿੱਚ ਇੱਕ ਪਾਸਾ ਔਰਤ ਦਾ,
ਦੂਜਾ ਪਾਸਾ ਮਰਦ ਦਾ ਹੈ,
ਹੁਣ ਏਹਦਾ ਮਤਲਬ ਸਮਝ ਕੀ ਹੈ,
ਰੱਬ ਨੇ ਜਦੋ ਸ੍ਰਿਸ਼ਟੀ ਬਣਾਈ,
ਮਰਦ-ਔਰਤ ਇੱਕੋ ਸਰੂਪ ਬਨਾਇਆ,
ਬਾਅਦ 'ਚ ਦੋ ਹਿੱਸੇ ਕੀਤੇ,
ਹੁਣ ਜੀਹਦਾ ਜੇਹੜਾ ਹਿੱਸਾ ਹੈ,
ਉਹਨੂੰ ਉਹ ਜ਼ਰੂਰ ਮਿਲਦਾ,
ਤੇ ਤੂੰ.....
ਜੇਕਰ ਮੇਰਾ ਦੂਜਾ ਹਿੱਸਾ ਹੋਈ ਜ਼ਰੂਰ ਮਿਲੇਗੀ ਮੈਨੂੰ.
ਨਹੀ ਤੇ ਰੱਬ ਰਾਖਾ............
     --ਰਮਨ ਮੋਗਾ ਵਾਲਾ

No comments: