ਦੇਖੋ ਓਹ ਮੌਤ ਦੇ ਮੂੰਹੋਂ ਮੁੜ ਆਏ.....!

ਸਮੁੰਦਰ ਵਿੱਚ ਸੋਮਾਲੀਆ ਦੇ ਕਿਨਾਰੇ ਤੋਂ ਬਹੁਤ ਦੂਰ.ਛੋਟੀ ਜਹੀ ਬੇੜੀ ਜਾਂ ਫਿਰ ਡੋਂਗਾ ਜਿਹਾ ਕਹਿ ਲਓ. ਉਸ ਵਿੱਚ ਓਹ ਕੁੱਲ ਤੀਹ ਜਣੇ ਸਨ. ਇਹਨਾਂ ਤੀਹਾਂ ਜਣਿਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ. ਜਿਊਂ ਹੀ ਉਹਨਾਂ ਨੇ ਕਿਨਾਰਾ ਛੱਡ ਕੇ ਖੁੱਲੇ ਸਮੁੰਦਰ ਚ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਕੋਈ ਖਰਾਬੀ ਜਹੀ ਪੇਸ਼ ਆ ਰਹੀ ਹੈ. ਏਹੋ ਜਹੀਆਂ ਗੱਲਾਂ ਕਿਓਂਕਿ ਸਮੁੰਦਰ 'ਚ ਆਮ ਵਾਪਰਦੀਆਂ ਹਨ ਇਸ ਲਈ ਕਿਸੇ ਨੇ ਇਸ ਪਾਸੇ ਕੋਈ ਖਾਸ ਧਿਆਨ ਨਾ ਦਿੱਤਾ. ਖ਼ਰਾਬੀ ਹੋਰ ਗੰਭੀਰ ਹੋਈ ਤਾਂ ਪਤਾ ਲੱਗਿਆ ਕਿ ਇਸ ਦੇ ਦੋਵੇਂ ਇੰਜਣ ਫੇਲ ਹੋ ਚੁੱਕੇ ਹਨ. ਇਸ ਮੁਸੀਬਤ ਦਾ ਮਾਮਲਾ ਅਜੇ ਵਿੱਚੇ ਹੀ ਸੀ ਕਿ ਇੱਕ ਹੋਰ ਚਿੰਤਾ ਸਾਹਮਣੇ ਆ ਖੜੋਤੀ. ਬੇੜੀ ਵਿਚ ਪੀਣ ਵਾਲਾ ਪਾਣੀ ਵੀ ਸਿਰਫ ਏਨਾ ਕੁ ਹੀ ਬਚਿਆ ਸੀ ਕਿ ਉਸ ਨਾਲ ਮਸਾਂ ਚਾਰ ਕੁ ਦਿਨ ਹੀ ਨਿੱਕਲ ਸਕਦੇ ਸਨ ਅਤੇ ਭੋਜਨ ਤਾਂ ਬਿਲਕੁਲ ਹੀ ਖਤਮ ਹੋ ਚੁੱਕਿਆ ਸੀ. ਚਾਰੋ ਪਾਸੇ ਪਾਣੀ ਹੀ ਪਾਣੀ ਸੀ ਸਮੁੰਦਰ ਦਾ ਖਾਰਾ ਪਾਣੀ ਅਤੇ ਕਿਨਾਰਾ ਓਹ ਬਹੁਤ ਦੂਰ ਛਡ ਆਏ ਸਨ. ਖਰਾਬ ਇੰਜਨਾਂ ਨਾਲ ਵਾਪਸੀ ਦੀ ਗੱਲ ਸੋਚੀ ਵੀ ਨਹੀਂ ਸੀ ਜਾ ਸਕਦੀ. ਪਰ ਆਖਦੇ ਨੇ ਕਿ ਰੱਖੇ ਰੱਬ ਤਾਂ ਮਾਰੇ ਕੌਣ ? ਬਸ ਕੁਝ ਏਹੋ ਜਿਹਾ ਕ੍ਰਿਸ਼ਮਾ ਇਹਨਾਂ ਨਾਲ ਵੀ ਵਾਪਰਿਆ. ਉਹਨਾਂ ਦੀਆਂ ਦੁਆਵਾਂ ਸੁਣੀਆਂ ਗਈਆਂ. ਉਸ ਵੇਲੇ ਅਦਨ ਦੀ ਖਾੜੀ ਵਿੱਚ ਅਮਰੀਕਨ ਨੇਵੀ ਦਾ ਜਹਾਜ਼ ਆਪਣੀ ਰੂਟੀਨ ਗਸ਼ਤ ਤੇ ਸੀ. ਸਮੁੰਦਰੀ ਲੁਟੇਰਿਆਂ ਅਤੇ ਡਾਕੂਆਂ ਦੇ ਮੁਕਾਬਲੇ ਲਈ ਦਿਨ ਰਾਤ ਸਮੁੰਦਰੀ ਰਾਖੀ ਤੇ ਨਿਯੁਕਤ ਇਸ ਜਹਾਜ਼ ਦੇ ਉਚ ਅਧਿਕਾਰੀਆਂ ਨੇ ਦੇਖਿਆ ਕਿ ਸਮੁੰਦਰ ਵਿੱਚ ਦੂਰ ਕਿਤੇ ਇੱਕ ਧੱਬਾ ਜਿਹਾ ਹਿਲ ਜੁਲ ਰਿਹਾ ਹੈ. ਹੋਰ ਗਹੁ ਨਾਲ ਦੂਰਬੀਨ ਰਾਹੀਂ ਦੇਖਿਆ ਤਾਂ ਪਤਾ ਲੱਗਿਆ ਕਿ ਅਸਲ ਵਿੱਚ ਇਹ ਕੋਈ ਛੋਟੀ ਜਹੀ ਬੇੜੀ ਸੀ. ਜਹਾਜ਼ ਨੂੰ ਪੂਰੀ ਤਿਆਰੀ ਦੇ ਨਾਲ ਇਸ ਪਾਸੇ ਤੋਰਿਆ ਗਿਆ ਕਿਓਂਕਿ ਇਸ ਵਿੱਚ ਸਮੁੰਦਰੀ ਲੁਟੇਰੇ ਵੀ ਤਾਂ ਹੋ ਸਕਦੇ ਸਨ. ਪੂਰੀ ਚੌਕਸੀ ਨਾਲ ਅਸਲੀਅਤ ਨੂੰ ਸਮਝਣ ਤੋਂ ਬਾਅਦ ਜਦੋਂ ਜਹਾਜ਼ ਦੇ ਅਧਿਕਾਰੀ ਇਹਨਾਂ ਦੇ ਨੇੜੇ ਪੁੱਜੇ ਤਾਂ ਉਹਨਾਂ ਨੇ ਦੇਖਿਆ ਕਿ ਇਹ ਵਿਚਾਰੇ ਤਾਂ ਬਹੁਤ ਹੀ ਮੁਸੀਬਤ 'ਚ ਸਨ. ਨਾ ਉਹਨਾਂ ਕੋਲ ਪੀਣ ਵਾਲਾ ਪਾਣੀ ਸੀ, ਨਾ ਹੀ ਭੋਜਨ ਅਤੇ ਨਹੀ ਕੋਈ ਦਵਾ ਦਾਰੂ. ਉਹਨਾਂ ਦੀ ਨਿੱਕੀ ਜਿਹੀ ਬੇੜੀ ਦੇ ਦੋਵੇਂ ਇੰਜਣ ਜੁਆਬ ਦੇ ਚੁੱਕੇ ਸਨ. ਇਹ ਸਭ ਕੁਝ 25 ਮਾਰਚ 2010 ਨੂੰ ਹੋਇਆ. ਬਚੇ ਗਏ ਇਹਨਾਂ ਸਾਰੇ ਵਿਅਕਤੀਆਂ ਨੂੰ ਤੁਰੰਤ ਮੁਢਲੀ ਸਹਾਇਤਾ ਦਿੱਤੀ ਗਈ. ਭੋਜਨ ਅਤੇ ਕੰਬਲ ਦੇ ਕੇ ਉਹਨਾਂ ਨੂੰ ਆਰਾਮ ਦੀ ਨੀਂਦ ਲੈਣ ਦਾ ਮੌਕਾ ਦਿੱਤਾ ਗਿਆ ਅਤੇ ਇਸ ਤਰਾਂ ਢਾਈ ਦਿਨਾਂ ਦੇ ਸਫ਼ਰ ਤੋਂ ਬਾਅਦ 27 ਮਾਰਚ 2010 ਨੂੰ ਇਹਨਾਂ ਸਾਰਿਆਂ ਨੂੰ ਹੀ ਉਹਨਾਂ ਦੇ ਪਿੰਡ ਸੀਲਾਇਆ ਵਿੱਚ ਪਹੁੰਚਾ ਦਿੱਤਾ ਗਿਆ. ਮੌਤ ਨੂੰ ਐਨ ਨੇੜਿਓਂ ਦੇਖ ਕੇ ਆਏ ਇਹਨਾਂ ਖੁਸ਼ਕਿਸਮਤਾਂ ਦੇ ਇੱਕ ਆਗੂ ਅਬਦੁਲ ਰਹਿਮਾਨ ਅਲੀ ਨੇ ਦਸਿਆ ਕਿ ਅਸੀਂ ਤਾਂ ਜਿਊਂਦੇ ਬਚਣ ਦੀ ਆਸ ਹੀ ਲਾਹ ਚੁੱਕੇ ਸਾਂ. ਇਸ ਤਰਾਂ ਇਹ ਸਾਰਾ ਮਾਮਲਾ ਬਚਾਓ ਦੇ ਇਤਿਹਾਸ ਵਿੱਚ ਇੱਕ ਨਵਾਂ ਚੈਪਟਰ ਬਣ ਕੇ ਜੁੜ ਗਿਆ. ਮੈਨੂੰ ਇਹ ਸਾਰਾ ਵੇਰਵਾ ਪੂਰੇ ਵਿਸਥਾਰ ਨਾਲ ਭੇਜਿਆ ਹੈ Combined Maritime Forces ਲਈ ਆਪਣੀ ਡਿਊਟੀ ਨਿਭਾ ਰਹੇ ਅਮਰੀਕਾ ਦੇ Navy Ensign Colleen M. Flynn ਨੇ ਅਤੇ ਅਮਰੀਕਾ ਦੀ ਜਲ ਸੈਨਾ ਲਈ ਇਹਨਾਂ ਪਲਾਂ ਨੂੰ ਕੈਮਰੇ 'ਚ ਕੈਦ ਕੀਤਾ ਹੈ Petty Officer 3rd Class Cory Phelps ਨੇ. ਤੁਹਾਨੂੰ ਇਹ ਪੰਜਾਬੀ ਰੂਪ ਕਿਹੋ ਜਿਹਾ ਲੱਗਿਆ, ਦਸਣਾਂ ਨਾ ਭੁੱਲਣਾ. --ਰੈਕਟਰ ਕਥੂਰੀਆ
No comments:
Post a Comment