ਜਿਸ ਦੇਸ਼ ਲਈ ਕਦੇ ਲਿਖਿਆ ਗਿਆ ਸੀ : ਸਾਰੇ ਜਹਾਂ ਸੇ ਅਛਾ.....
ਉਸ ਦੇਸ਼ ਵਿਚ ਇੱਕ ਅਜਿਹਾ ਮੌਕਾ ਵੀ ਆਇਆ ਜਦੋਂ ਇੱਕ ਵਰਗ ਵਿਸ਼ੇਸ਼ ਦੇ ਲੋਕਾਂ ਨੂੰ ਘਰਾਂ ਵਿਚੋਂ ਧੂਹ ਧੂਹ ਕੇ ਸ਼ਰੇਆਮ ਉਹਨਾਂ ਦੇ ਗਲੇ ਵਿਚ ਟਾਇਰ ਪਾ ਪਾ ਕੇ ਸਾੜ ਦਿੱਤਾ ਗਿਆ. ਜੇਕਰ ਕਿਸੇ ਨੇ ਘਰ ਵਿਚ ਪਾਈ ਡਾਂਗ ਜਾਂ ਕਿਰਪਾਨ ਆਪਣੀ ਰਾਖੀ ਲਈ ਕਢੀ ਵੀ ਤਾਂ ਪੋਲਿਸ ਨੇ ਝਟਪਟ ਉਹਨਾਂ ਕੋਲੋਂ ਖੋਹ ਕੇ ਉਹ ਡਾਂਗ ਜਾਂ ਕਿਰਪਾਨ ਫ਼ਸਾਦੀਆਂ ਦੇ ਹਥਾਂ ਵਿਚ ਹੀ ਫੜਾ ਦਿੱਤੀ. ਆਖਿਰ ਜਦੋਂ ਮਾਮਲਾ ਅਦਾਲਤਾਂ ਵਿਚ ਪਹੁਚਿਆ ਤਾਂ ਪਤਾ ਲੱਗਾ ਕਿ ਇਥੇ ਤਾਂ -ਅੰਧਾ ਕਾਨੂੰਨ- ਹੈ. ਸੁਰਜੀਤ ਪਾਤਰ ਦੀਆਂ
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ,
ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ;
ਆਖੋ ਇਹਨਾਂ ਨੂੰ ਆਪਣੇ ਘਰੀਂ ਜਾਣ ਹੁਣ,
ਇਹ ਕਦੋਂ ਤੀਕ ਇਥੇ ਖੜੇ ਰਿਹਣਗੇ !
ਇੱਕ ਹੋਰ ਸ਼ੇਅਰ ਸੁਣਿਆ ਸੀ :
ਅਦਲ ਕੀ ਤੁਮ ਨਾ ਹਮੇਂ ਆਸ ਦਿਲਾਓ ਕਿ ਯਹਾਂ ;
ਕਤਲ ਹੋ ਜਾਤੇ ਹੈਂ ਜੰਜੀਰ ਹਿਲਾਨੇ ਵਾਲੇ !
ਪਰ ਜ਼ੁਲਮ ਦਾ ਸ਼ਿਕਾਰ ਹੋਈ ਕੌਮ ਨਾਲ ਸੰਬੰਧਿਤ ਪਤਰਕਾਰ ਜਰਨੈਲ ਸਿੰਘ ਨੇ ਇੱਕ ਵਾਰ ਫਿਰ ਖੁਲ ਕੇ ਆਪਣੀ ਗੱਲ ਕੀਤੀ ਹੈ. ਇਸ ਵਾਰ ਉਸ ਨੇ ਆਪਣਾ ਹਥਿਆਰ ਬਣਾਇਆ ਹੈ ਕਲਮ ਨੂੰ, ਉਹੀ ਕਲਮ ਜਿਸ ਨਾਲ ਉਸ ਨੇ ਦੈਨਿਕ ਜਾਗਰਣ ਵਿਚ ਹੁੰਦਿਆਂ ਕਈ ਹਕ਼ੀਕ਼ਤਾਂ ਸਾਹਮਣੇ ਲਿਆਂਦੀਆਂ ਸਨ.
ਹੁਣ ਉਸ ਨੇ ਇੱਕ ਕਿਤਾਬ ਲਿਖੀ ਹੈ ਜਿਸ ਨੂੰ ਪ੍ਰਕਾਸ਼ਿਤ ਕੀਤਾ ਹੈ -ਪੇੰਗੁਈਨ ਇੰਡੀਆ- ਨੇ ਅਤੇ ਉਸ ਦਾ ਮੁਖਬੰਦ ਲਿਖਿਆ ਹੈ ਖੁਸ਼ਵੰਤ ਸਿੰਘ ਨੇ. ਇਹ ਕਿਤਾਬ ਜਿਥੇ ੨੫ ਸਾਲਾਂ ਤੋ ਇਨਸਾਫ਼ ਦੀ ਉਡੀਕ ਕਰ ਰਹੀ ਕੌਮ ਲਈ ਇੱਕ ਦਸਤਾਵੇਜ਼ ਸਾਬਿਤ ਹੋਵੇਗੀ ਉਥੇ ਉਹਨਾਂ ਪਤਰਕਾਰਾਂ ਲਈ ਵੀ ਇੱਕ ਪ੍ਰੇਰਨਾ ਸਰੋਤ ਸਾਬਿਤ ਹੋਣ ਵਾਲੀ ਹੈ ਜੋ ਕਿਸੇ ਵੀ ਸਚ ਨੂੰ ਬੋਲਣ ਲਗਿਆਂ ਬਾਰ ਬਾਰ ਏਨਾ ਸੋਚਦੇ ਹਨ ਕਿ ਸਚ ਦਾ ਸਮਾਂ ਹੀ ਪੁਰਾਣਾ ਹੋ ਜਾਂਦਾ ਹੈ. ਜਰਨੈਲ ਸਿੰਘ ਨੇ ਬੂਟ ਸੁੱਟਣ ਵਾਲੀ ਘਟਨਾ ਤੋਂ ਬਾਅਦ ਛੇ ਮਹੀਨਿਆਂ ਦੇ ਅੰਦਰ ਹੀ ਆਪਣੀ ਲਗਨ ਅਤੇ ਅੰਦਰਲੀ ਰਚਨਾਤਮਕ ਸ਼ਕਤੀ ਨੂੰ ਲੋਕਾਂ ਦੇ ਸਾਹਮਣੇ ਇੱਕ ਮਸ਼ਾਲ ਵਾਂਗ ਸਾਹਮਣੇ ਲਿਆਂਦਾ ਹੈ. ਦਰਅਸਲ ਬੂਟ ਵੀ ਕਿਸੇ ਵਿਅਕਤੀ ਵਿਸ਼ੇਸ਼ ਵੱਲ ਨਹੀਂ ਬਲਕਿ ਉਸ ਸਿਸਟਮ ਦੇ ਖਿਲਾਫ਼ ਸੀ ਜਿਸ ਤੇ ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਸ਼ਰਮ ਮਹਿਸੂਸ ਹੁੰਦੀ ਹੈ. --ਰੈਕਟਰ ਕਥੂਰੀਆ
No comments:
Post a Comment