ਪੰਜਾਬੀ ਗ਼ਜ਼ਲ ਨੂੰ ਰੰਗ ਰੂਪ ਅਤੇ ਰਫਤਾਰ ਦੇਣ ਵਾਲੀਆਂ ਸ਼ਖਸੀਅਤਾਂ ਵਿਚ ਰੋਜ਼ਾਨਾ ਅਜੀਤ ਦੇ ਸੰਸਥਾਪਕ ਸਵਰਗੀ ਡਾਕਟਰ ਸਾਧੂ ਸਿੰਘ ਹਮਦਰਦ ਦਾ ਨਾਂ ਵੀ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ. ਉਹਨਾਂ ਦੀ ਦੇਖ ਰੇਖ ਵਿਚ ਹੀ ਇੱਕ ਹੋਰ ਪਰਚਾ ਛਪਦਾ ਸੀ ਮਾਸਿਕ ਤਸਵੀਰ. ਇਸ ਪਰਚੇ ਵਿਚ ਵੀ ਗ਼ਜ਼ਲ ਨੂੰ ਉਸੇ ਤਰਾਂ ਹੀ ਉਤਸ਼ਾਹ ਦਿਤਾ ਜਾਂਦਾ ਸੀ ਜਿਵੇਂ ਕਿ ਰੋਜ਼ਾਨਾ ਅਜੀਤ ਵਿਚ. ਜਨਾਬ ਉਲਫ਼ਤ ਬਾਜਵਾ ਇਸ ਗ਼ਜ਼ਲ ਫੁਲਵਾੜੀ ਨੂੰ ਬਹੁਤ ਹੀ ਮੇਹਨਤ ਅਤੇ ਲਗਨ ਨਾਲ ਸਜਾਇਆ ਕਰਦੇ ਸਨ. ਗ਼ਜ਼ਲ ਦੀਆਂ ਬਾਰੀਕਿਆਂ ਸਿਖਾਉਣ ਲਈ ਉਹਨਾਂ ਨੇ ਮਿਹਨਤ ਤਾਂ ਮੇਰੇ ਤੇ ਵੀ ਬਹੁਤ ਕੀਤੀ ਪਰ ਇਹ ਇੱਕ ਵਖਰੀ ਗੱਲ ਹੈ ਕਿ ਖਬਰਾਂ ਦੀ ਦੁਨੀਆ ਦੇ ਉਲਝੇਵਿਆਂ ਅਤੇ ਕਈ ਹੋਰਨਾਂ ਕਾਰਨਾਂ ਕਰਕੇ ਮੈਨੂੰ ਉਹ ਸਮਝ ਅਜੇ ਤਕ ਨਸੀਬ ਨਹੀਂ ਹੋ ਸਕੀ..ਕਿਓਂਕਿ ਮੈਂ ਓਹ ਸਾਧਨਾ ਕਰ ਹੀ ਨਹੀਂ ਸਕਿਆ ਜੋ ਕਿ ਗ਼ਜ਼ਲ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ...ਬਸ ਮਾੜੀ ਮੋਤੀ ਕਲਮ ਚਲਾ ਕੇ ਦਿਲ ਨੂੰ ਤੱਸਲੀ ਦੇ ਲਈ ਦੀ ਹੈ. ਤਸਵੀਰ ਵਿਚ ਵੀ ਮੇਰੀਆਂ ਗਜ਼ਲਾਂ ਕਈ ਵਾਰ ਛਪੀਆਂ. ਇਹ ਦੋ ਅੰਕ ਮੈਨੂੰ ਹਾਲ ਹੀ ਵਿਚ ਪ੍ਰਾਪਤ ਹੋਏ ਜਿਹਨਾਂ ਚ ਛਪੀਆਂ ਗਜ਼ਲਾਂ ਤੁਹਾਡੀ ਸਭ ਦੀ ਨਜ਼ਰ ਕਰ ਰਿਹਾ ਹਾਂ.
ਗ਼ਜ਼ਲ
ਉਲਫ਼ਤ ਚ ਦਿਲ ਜਲਾ ਕੇ ਵੀ ਜਿਊਂਦਾ ਰਿਹਾ ਹਾਂ ਮੈਂ ;
ਅਰਮਾਨ ਮਿਟ ਗਏ ਨੇ ਤੇ ਹਸਰਤ ਵੀ ਜਲ ਗਈ ;
ਹਰ ਵਾਰ ਹਾਰ ਖਾ ਕੇ ਵੀ ਜਿਊਂਦਾ ਰਿਹਾ ਹਾਂ ਮੈਂ !
ਗਮ ਦੀ ਹਵਾ ਬੁਝਾ ਗਈ ਆਸਾਂ ਦੇ ਸਭ ਚਿਰਾਗ ;
ਨ੍ਹੇਰੇ ਚ ਘਰ ਬਣਾ ਕੇ ਵੀ ਜਿਊਂਦਾ ਰਿਹਾ ਹਾਂ ਮੈਂ !
ਦੁਨੀਆ ਸੀ ਇਕ ਪਿਆਰ ਦੀ ਉਹ ਵੀ ਉਜੜ ਗਈ ;
ਯਾਦਾਂ ਦਾ ਘਰ ਬਣਾ ਕੇ ਵੀ ਜਿਊਂਦਾ ਰਿਹਾ ਹਾਂ ਮੈਂ !
ਸੁਣਿਆ ਸੀ ਜੀਣਾ ਧਰਮ ਹੈ, ਜੀਣਾ ਹੀ ਪੈ ਗਿਆ ;
ਜੀਣਾ ਹੈ ਜ਼ਹਰ ਖਾ ਕੇ ਵੀ ਜਿਊਂਦਾ ਰਿਹਾ ਹਾਂ ਮੈਂ !
--ਰੈਕਟਰ ਕਥੂਰੀਆ
ਮਾਸਿਕ ਪਰਚੇ ਤਸਵੀਰ ਦੇ ਜੂਨ-1979 ਵਾਲੇ ਅੰਕ ਵਿਚੋਂ
ਗ਼ਜ਼ਲ
ਤੂੰ ਵੀ ਹੋ ਜਾਏਂਗਾ ਜੁਦਾ ਮੈਨੂੰ ਪਤਾ ਨਾ ਸੀ ;
ਹੋਏਗਾ ਇਹ ਵੀ ਹਾਦਸਾ ; ਮੈਨੂੰ ਪਤਾ ਨਾ ਸੀ !
ਦੇ ਜਾਏਂਗਾ ਤੂੰ ਵੀ ਦਗਾ ਮੈਨੂੰ ਪਤਾ ਨਾ ਸੀ ;
ਨਿਕਲੇਂਗਾ ਤੂੰ ਵੀ ਬੇਵਫਾ, ਮੈਨੂੰ ਪਤਾ ਨਾ ਸੀ !
ਮੈਂ ਪੂਜਿਆ ਸੀ ਦੋਸਤਾ ਤੈਨੂੰ ਖੁਦਾ ਦੇ ਵਾਂਗ ;
ਜੋ ਨਿਕਲਿਆ ਤੂੰ ਦੋਸਤਾ, ਮੈਨੂੰ ਪਤਾ ਨਾ ਸੀ !
ਮੈਂ ਸੋਚਿਆ ਸੀ ਮਿਟੇਗਾ ਨ੍ਹੇਰਾ ਇਹ ਦਰਦ ਦਾ ;
ਇਸਦਾ ਨਹੀਂ ਕੋਈ ਸਿਰਾ, ਮੈਨੂੰ ਪਤਾ ਨਾ ਸੀ !
ਮੈਂ ਸੋਚਿਆ ਸੀ ਮੈਂ ਵੀ ਭੁਲਾ ਦਿਆਂਗਾ ਉਸ ਨੂੰ ;
ਮੈਥੋ ਇਹ ਹੋ ਨਾ ਸਕੇਗਾ, ਮੈਨੂੰ ਪਤਾ ਨਾ ਸੀ !
--ਰੈਕਟਰ ਕਥੂਰੀਆ
ਮਾਸਿਕ ਪਰਚੇ ਤਸਵੀਰ ਦੇ ਅਗਸਤ -1979 ਵਾਲੇ ਅੰਕ ਵਿਚੋਂ
No comments:
Post a Comment