Monday, May 28, 2018

ਬੈਂਕ ਕਰਮਚਾਰੀ ਹੜਤਾਲ ਕਿਉਂ ਕਰਦੇ ਹਨ?

Mon, May 28, 2018 at 10:41 AM
30 ਅਤੇ 31 ਮਈ ਨੂੰ ਬੈਂਕਾਂ ਵਿੱਚ ਦੋ ਦਿਨਾਂ ਹੜਤਾਲ
ਲੁਧਿਆਣਾ: 27 ਮਈ 2018: (ਐਮ. ਐਸ. ਭਾਟੀਆ//ਪੰਜਾਬ ਸਕਰੀਨ)::

30 ਅਤੇ 31 ਮਈ ਨੂੰ ਬੈਂਕਾਂ ਵਿੱਚ ਹੜਤਾਲ ਹੈ। ਅਸੀਂ ਹੜਤਾਲ ਕਿਉਂ ਕਰਦੇ ਹਾਂ? ਕੀ ਇਹ ਆਰਥਿਕਤਾ ਦਾ ਪਹੀਆ ਰੋਕਣ ਲਈ ਜਾਂ ਆਮ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਨ ਲਈ ਕੀਤੀ ਜਾਂਦੀ ਹੈ? ਕੀ ਅਸੀਂ ਹੜਤਾਲਾਂ ਕਰਦੇ ਹਾਂ ਤਾਂ ਕਿ ਬੈਂਕਾਂ ਨੂੰ ਘਾਟੇ ਵਿੱਚ ਲਿਆਂਦਾ ਜਾਵੇ? ਕੀ ਸਾਡੀ ਮਨਸ਼ਾ ਬੈਂਕ ਦੇ ਗਾਹਕਾਂ ਨੂੰ ਖ਼ਰਾਬ ਕਰਨ ਦੀ ਹੁੰਦੀ ਹੈ? ਕੀ ਅਸੀਂ ਆਪਣਾ ਰੋਸ ਜ਼ਾਹਿਰ ਕਰਨ ਲਈ ਪਬਲਿਕ ਜਾਇਦਾਦ ਨੂੰ ਨੁਕਸਾਨ ਪਹੁੰਚਾਵਾਂਗੇ? ਕੀ ਅਸੀਂ ਵਪਾਰੀ ਵਰਗ ਦਾ ਨੁਕਸਾਨ ਚਾਹੁੰਦੇ ਹਾਂ ? ਕੀ ਅਸੀਂ ਰੁਕਾਵਟਾਂ ਪੈਦਾ ਕਰਕੇ ਮੀਡੀਆ ਦਾ ਜ਼ਿਆਦਾ ਤੋਂ ਜ਼ਿਆਦਾ ਧਿਆਨ ਖਿਚੱਣਾ ਚਾਹੁੰਦੇ ਹਾਂ? ਕੀ ਕੋਈ ਵੀ ਮੁਹਿੰਮ ਲੋਕਾਂ ਦੇ, ਵਪਾਰੀ ਵਰਗ ਦੇ, ਗਾਹਕਾਂ ਦੇ, ਸ਼ੁਭਚਿੰਤਕਾਂ ਦੇ ਅਤੇ ਮੀਡੀਆ ਦੇ ਸਹਿਯੋਗ ਤੋਂ ਬਿਨਾ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਦੀ ਹੈ? ਇਹਨਾਂ ਸਾਰਿਆਂ ਦਾ ਜਵਾਬ ਹੈ - ਨਹੀਂ ! ਅਸੀਂ ਹੜਤਾਲ ਕਰਦੇ ਹਾਂ ਆਪਣਾ ਰੋਸ ਪ੍ਰਗਟ ਕਰਨ ਲਈ, ਆਪਣਾ ਗੁੱਸਾ ਦਿਖਾਉਣ ਲਈ, ਆਪਣੇ ਏਕੇ ਦਾ ਇਜਹਾਰ ਕਰਨ ਲਈ, ਆਪਣੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ, ਆਪਣੀ ਅਵਾਜ਼ ਉਠਾਉਣ ਲਈ, ਆਪਣੀ ਪ੍ਰਤੀਬੱਧਤਾ ਦਿਖਾਉਣ ਲਈ, ਆਪਣੀਆਂ ਚਿੰਤਾਵਾਂ ਸਾਂਝੀਆਂ ਕਰਨ ਲਈ, ਆਪਣੀਆਂ ਮੰਗਾਂ ਦੇ ਹੱਕ ਵਿੱਚ ਦਬਾਅ ਪਾਉਣ ਲਈ, ਜੇ ਲੋੜ ਪਏ ਤਾਂ ਸਖਤ ਚੇਤਾਵਨੀ ਦੇਣ ਲਈ।
30 ਅਤੇ 31 ਮਈ ਦੀ ਹੜਤਾਲ- ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਤਨਖਾਹਾਂ ਦੇ ਵਾਧੇ ਲਈ, ਜੋ 1 ਨਵੰਬਰ 2017 ਤੋਂ ਬਕਾਇਆ ਹੈ, ਲਈ ਚੱਲ ਰਹੀ ਗੱਲਬਾਤ ਦੌਰਾਨ ਸਰਕਾਰ ਦੇ ਇਸ਼ਾਰੇ ਤੇ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈ.ਬੀ.ਏ.) ਵੱਲੋਂ 2% ਦੇ ਨਿਗੁਣੇ ਵਾਧੇ ਦੀ ਪੇਸ਼ਕਸ਼ ਦੇ ਖਿਲਾਫ ਕੀਤੀ ਜਾ ਰਹੀ ਹੈ । 2012 ਤੋਂ 2017 ਤੱਕ ਚੱਲੇ ਦੋਪੱਖੀ ਸਮਝੌਤੇ ਵਿੱਚ ਤਨਖਾਹਾਂ ਵਿੱਚ 15% ਵਾਧਾ ਦਿੱਤਾ ਗਿਆ ਸੀ। ਜਿਕਰਯੋਗ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਬੈਂਕਾਂ ਦਾ ਕਾਰੋਬਾਰ ਵਧਿਆ ਹੈ। ਮੁਲਾਜ਼ਮਾਂ ਤੇ ਕੰਮ ਦਾ ਬੋਝ ਵੀ ਵਧਿਆ ਹੈ। ਇਹਨਾਂ ਹਾਲਤਾਂ ਵਿੱਚ ਮੁਲਾਜ਼ਮ ਪਹਿਲਾਂ ਨਾਲੋਂ ਜ਼ਿਆਦਾ ਵਾਧੇ ਦੀ ਉਮੀਦ ਲਗਾਈ ਬੈਠੇ ਹਨ। 
ਇਹ ਹੜਤਾਲ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਸੱਦੇ ਤੇ ਵਰਕਮੈਨ ਅਤੇ ਆਫੀਸਰਜ਼ ਦੀਆਂ ਨੌਂ ਯੂਨੀਅਨਾਂ, ਜਿਨ੍ਹਾਂ ਵਿੱਚ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ.ਆਈ.ਬੀ.ਈ.ਏ.), ਆਲ ਇੰਡੀਆ ਬੈਂਕ ਆਫ਼ੀਸਰਜ਼ ਕੰਨਫੈਡਰੇਸ਼ਨ (ਆਈ ਬੌਕ), ਨੈਸ਼ਨਲ ਕੰਨਫੈਡਰੇਸ਼ਨ ਆਫ ਬੈਂਕ ਇੰਪਲਾਈਜ਼ (ਐੱਨ.ਸੀ.ਬੀ.ਈ.), ਆਲ ਇੰਡੀਆ ਬੈਂਕ ਆਫ਼ੀਸਰਜ਼ ਐਸੋਸੀਏਸ਼ਨ (ਏ.ਆਈ.ਬੀ.ੳ.ਏ.), ਬੈਫੀ, ਇੰਨਬੈਫ, ਇੰਨਬੌਕ, ਐੱਨ.ਓ.ਬੀ. ਡਬਲਯੂ ਅਤੇ ਨੋਬੋ ਸ਼ਾਮਿਲ ਹਨ, ਕਰ ਰਹੀਆਂ ਹਨ। ਇਨ੍ਹਾਂ ਦੋ ਦਿਨਾਂ ਵਿੱਚ ਬੈਂਕਿੰਗ ਉਦਯੋਗ ਪੂਰੀ ਤਰ੍ਹਾਂ ਠੱਪ ਰਹੇਗਾ। ਜਿਕਰਯੋਗ ਹੈ ਕਿ ਨਵੰਬਰ 2017 ਨੂੰ ਖ਼ਤਮ ਰਹੇ ਦੋ ਪੱਖੀ ਸਮਝੌਤੇ ਲਈ 6 ਮਹੀਨੇ ਪਹਿਲਾਂ ਯਾਨੀ ਮਈ 2017 ਨੂੰ ਹੀ ਮੰਗ ਪੱਤਰ ਦਿੱਤਾ ਜਾ ਚੁੱਕਾ ਸੀ ਭਾਵੇਂ ਗੱਲਬਾਤ ਹੋਈ ਹੈ, ਪਰ ਆਈ.ਬੀ.ਏ. ਕੋਈ ਨਾ ਕੋਈ ਨਵਾਂ ਬਹਾਨਾ ਬਣਾ ਕੇ ਟਾਲ ਮਟੋਲ ਕਰ ਰਹੀ ਹੈ। ਇਸ ਸੰਬੰਧ ਵਿੱਚ ਫੋਰਮ ਦੇ ਨੇਤਾਵਾਂ ਵੱਲੋਂ 21 ਨਵੰਬਰ 2017 ਨੂੰ ਵਿੱਤ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਗਈ ਸੀ। ਆਈ.ਬੀ.ਏ. ਵੱਲੋਂ ਬਹਾਨੇਬਾਜੀ ਕੀਤੀ ਜਾ ਰਹੀ ਹੈ ਕਿ ਬੈਂਕਾਂ ਦੀ ਆਰਥਿਕ ਹਾਲਤ ਠੀਕ ਨਹੀਂ ਪਰ ਅਸਲੀਅਤ ਕੁੱਝ ਹੋਰ ਹੀ ਹੈ । ਬੈਂਕ ਲਗਾਤਾਰ ਮੁਨਾਫ਼ਾ ਕਮਾ ਰਹੇ ਹਨ, ਪਰ ਐੱਨ.ਪੀ.ਏ. ਦੇ ਲਈ ਪ੍ਰਬੰਧ ਕਰਨ ਕਰਕੇ ਹੀ ਬੈਂਕ ਘਾਟੇ ਵਿੱਚ ਜਾ ਰਹੇ ਹਨ । ਹੇਠਾਂ ਅਸੀਂ ਪਿਛਲੇ ਚਾਰ ਸਾਲਾਂ ਦੇ ਮੁਨਾਫੇ ਦਾ ਵਿਸਥਾਰ ਦੇ ਰਹੇ ਹਾਂ।
ਉਪਰੋਕਤ ਤੋਂ ਅਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਲਾਜ਼ਮ ਤਾਂ ਮੁਨਾਫਾ ਕਮਾ ਕੇ ਦੇ ਰਹੇ ਹਨ ਅਤੇ ਬੈਂਕਾਂ ਦੇ ਘਾਟੇ ਵਿੱਚ ਜਾਣ ਦੀ ਜ਼ੁੰਮੇਵਾਰੀ ਉਪਰਲੇ ਪੱਧਰ ਦੀ ਹੈ ਕਿਉਂਕਿ ਵੱਡੇ-ਵੱਡੇ ਘਰਾਣਿਆਂ ਨੂੰ ਕਰਜਾ ਦੇਣ ਲਈ ਰਾਜਨੀਤੀ ਕੰਮ ਕਰਦੀ ਹੈ। 
ਐੱਮ.ਐੱਸ. ਭਾਟੀਆ
ਜ਼ੋਨਲ ਸਕੱਤਰ
ਪੰਜਾਬ ਬੈਂਕ ਇੰਪਲਾਈਜ਼ ਫੈਡਰੇਸ਼ਨ
ਮੋਬਾ: 99884-91002

  

No comments: