Monday, March 12, 2018

ਔਰਤ ਨੂੰ ਇਸ਼ਤਿਹਾਰੀ ਵਸਤੂ ਬਣਾਉਣ ਦਾ ਤਿੱਖਾ ਵਿਰੋਧ

ਜਮਹੂਰੀ ਅਧਿਕਾਰ ਸਭਾ ਵੱਲੋਂ ਕੌਮਾਂਤਰੀ ਔਰਤ ਦਿਵਸ ਮੌਕੇ ਸੈਮੀਨਾਰ
ਲੁਧਿਆਣਾ: 11 ਮਾਰਚ 2018: (ਪੰਜਾਬ ਸਕਰੀਨ ਟੀਮ):: 
ਜਮਹੂਰੀ ਅਧਿਕਾਰ ਸਭਾ ਪੰਜਾਬ (ਲੁਧਿਆਣਾ) ਵੱਲੋਂ ਸਥਾਨਕ ਪੰਜਾਬੀ ਭਵਨ ਵਿੱਚ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ “ਔਰਤਾਂ ਦੀ ਸਮਾਜ ਵਿੱਚ ਬਰਾਬਰੀ ਅਤੇ ਜਮਹੂਰੀ ਹੱਕਾਂ ਦੀ ਚੇਤਨਾ” ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਮੁੱਖ ਵਕਤਾ ਸਨ ਡਾ: ਮੌਸਮੀ ਬਾਸੂ  ਜੋ ਕਿ ਜੇ ਐਨ ਯੂ ਨਵੀਂ ਦਿੱਲੀ ਵਿਖੇ ਪਰੋਫੈਸਰ ਹਨ। ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਡੇ ਦੇਸ਼ ਵਿੱਚ ਆਮ ਸਮਾਜਿਕ ਵਰਤਾਰਿਆਂ ਸਮੇਂ ਵੇਖਿਆ ਜਾ ਸਕਦਾ ਹੈ ਕਿ ਔਰਤ ਦੀ ਬਰਾਬਰਤਾ ਸਿਰਫ ਕਹਿਣ ਤੱਕ ਹੀ ਸੀਮਤ ਹੈ। ਇਹ ਬਰਾਬਰਤਾ ਉਸਨੂੰ ਖ਼ੁਦ ਸਖ਼ਤ ਮਿਹਨਤ ਸੰਘਰਸ਼ ਕਰਕੇ ਹਾਸਲ ਕਰਨੀ ਪੈਣੀ ਹੈ। ਉਹਨਾਂ ਸਰਕਾਰੀ ਸਰਪ੍ਰਸਤੀ ਹੇਠ ਵੱਡੀਆਂ ਵਿਉਪਾਰਕ ਕੰਪਨੀਆਂ ਵੱਲੋੰ ਤਿਆਰ ਵਸਤਾਂ ਨੂੰ ਵੇਚਣ ਲਈ ਮੀਡੀਆ ਵਿੱਚ ਔਰਤ ਨੂੰ ਇਕ ਨੁਮਾਇਸ਼ੀ ਵਸਤੂ ਦੇ ਤੌਰ ਤੇ ਵਰਤਣ ਦਾ ਗੰਭੀਰ ਨੋਟਿਸ ਲਿਆ ਹੈ। ਬੇਟੀ ਬਚਾਓ-ਬੇਟੀ ਪੜਾਓ ਦੀ ਲਹਿਰ ਤੇ ਗੱਲ ਕਰਦਿਆਂ ਦਿਨੋ-ਦਿਨ ਮਹਿੰਗੀ ਹੋ ਰਹੀ ਵਿੱਦਿਆ ਉੱਪਰ ਉੰਗਲ ਰੱਖਦਿਆਂ ਉਹਨਾਂ ਕਿਹਾ ਕਿ ਹੁਣ ਇਹ ਸਿਰਫ ਰੱਜੇ ਪੁੱਜੇ ਲੋਕਾਂ ਤੱਕ ਹੀ ਸੀਮਤ ਕਰ ਦਿੱਤੀ ਗਈ ਹੈ। ਜੇ ਐਨ ਯੂ ਦੇ ਹਵਾਲੇ ਰਾਹੀਂ ਉਹਨਾਂ ਦੱਸਿਆ ਕਿ ਉੱਥੇ ਜੋ ਫ਼ੀਸ ਪਹਿਲੈਣ ਇਕ ਹਜ਼ਾਰ ਰੁ. ਸੀ, ਉਹ ਹੁਣ 4500/- ਰੁ. ਕਰ ਦਿੱਤੀ ਗਈ ਹੈ। ਇਸ ਤਰਾਂ ਆਮ ਲੋਕ ਬੇਟੀਆਂ ਕਿਵੇਂ ਪੜਾਉਣਗੇ? ਦੂਜੇ ਪਾਸੇ ਯੂਨੀਵਰਸਿਟੀ ਵਿੱਚ ਸਾਲ 2017-18 ਦੌਰਾਨ ਵਿਦਿਆਰਥੀਆਂ ਦੀਆਂ ਸੀਟਾਂ ਉੱਪਰ ਵੀ ਵੱਡੀ ਪੱਧਰ ਤੇ ਕੱਟ ਲਗਾ ਦਿੱਤੀ ਹੈ ਜਿਸ ਦਾ ਲੜਕੀਆਂ ਦੀ ਉਚੇਰੀ ਪੜਾਈ ਤੇ ਵੀ ਬੁਰਾ ਅਸਰ ਪੈਣਾ ਹੈ।
  ਵਿਦਿਆਰਥੀ ਆਗੂ ਹਰਦੀਪ ਕੌਰ ਕੋਟਲਾ, ਮੈਡਮ ਸ਼ੋਭਾ ਮਲੇਰੀ, ਬੇਲਣ ਬਰਗੇਡ ਸੰਸਥਾ ਦੀ ਮੁੱਖੀ ਅਨੀਤਾ ਸ਼ਰਮਾ, ਏ ਆਈ ਐਸ ਐਫ ਆਗੂ ਮਨਪਰੀਤ ਕੌਰ, ਯੰਗ ਰਾਈਟਰਜ ਐਸੋਸੀਏਸਨ ਪੀਏਯੂ ਆਗੂ ਸਿਮਰਨਜੀਤ ਕੌਰ, ਮੈਡਮ ਪਰਮਜੀਤ ਕੌਰ ਗਿੱਲ,  ਮੈਡਮ ਪਰੀਯਾ ਅਤੇ ਮੈਡਮ ਮਧੂ ਨੇ ਜਿੱਥੇ ਇਸ ਸੈਮੀਨਾਰ ਦੀ ਪ੍ਰਧਾਨਗੀ ਕੀਤੀ, ਉੱਥੇ ਆਪਣੇ ਵਿਚਾਰਾਂ ਰਾਹੀਂ ਵੀ ਸਰੋਤਿਆਂ ਨੂੰ ਹਲੂਣਾ ਦਿੱਤਾ।ਸ੍ਰੀਮਤੀ ਸੁਖਚਰਨਜੀਤ ਕੌਰ, ਨੀਤੂ ਅਤੇ ਗੁਰਬੀਰ ਕੌਰ ਬਰਨਾਲਾ ਨੇ ਆਪਣੀ ਹਾਜ਼ਰੀ ਗੀਤ ਅਤੇ ਕਵਿਤਾਵਾੰ ਰਾਹੀੰ ਲਵਾਈ ।ਮਾਸਟਰ ਜਸਦੇਵ ਲਲਤੋਂ ਅਤੇ ਕਸਤੂਰੀ ਲਾਲ ਨੇ ਇਨਕਲਾਬੀ ਗੀਤ ਸੁਣਾਕੇ ਸਰੋਤਿਆਂ ਨੂੰ ਪਰਭਾਵਿਤ ਕੀਤਾ।
          ਸਟੇਜ ਸੰਚਾਲਨ ਕਰਦਿਆਂ ਜਸਵੰਤ ਜੀਰਖ ਨੇ ਇਤਿਹਾਸ  ਵਿੱਚ ਔਰਤਾਂ ਵੱਲੋਂ ਨਿਭਾਏ ਜਾਂਦੇ ਰਹੇ ਸ਼ਾਨਾਂਮੱਤੇ ਕਾਰਨਾਮਿਆਂ ਬਾਰੇ ਜਾਣਕਾਰੀ ਦਿੰਦਿਆਂ ਅੱਜ ਵੀ ਉਹਨਾਂ ਨੂੰ ਜੱਥੇਬੰਦ ਹੋਕੇ ਗਲਤ ਕਦਰਾਂ ਕੀਮਤਾਂ ਖ਼ਿਲਾਫ਼ ਡਟਣ ਦਾ ਸੱਦਾ ਦਿੱਤਾ। ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰ ਪਰੋਫੈਸਰ ਜਗਮੋਹਣ ਸਿੰਘ ਵੱਲੋਂ ਅੰਤ ਵਿੱਚ ਸਰੋਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਔਰਤਾਂ ਸਮੇਤ ਸਾਡੇ ਸਾਰਿਆਂ ਲਈ ਅੱਜ ਦਾ ਕੌਮਾਂਤਰੀ ਦਿਨ ਮਨਾਉਣ ਤੱਕ ਹੀ ਸੀਮਤ ਨਹੀਂ ਸਗੋਂ ਸਭ ਲਈ ਮੁਲੰਕਣ ਦਾ ਦਿਨ ਹੈ ਕਿ ਅਸੀਂ  ਪਿਛਲੇ ਸਾਲ ਵਿੱਚ ਸਮਾਜ ਵਿੱਚ ਬਰਾਬਰਤਾ ਲਿਆਉਣ ਲਈ ਕੀ ਕੀਤਾ ਹੈ? ਇਸ ਨੂੰ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ। ਇਸ ਸਾਲ ਹੋਰ ਵੱਧ ਸ਼ਿੱਦਤ ਨਾਲ ਇਸ ਪਾਸੇ ਕੰਮ ਕਰਨ ਦੀ ਲੋੜ ਹੈ।
  ਇਸ ਸਮੇਂ ਔਰਤਾਂ ਦੀ ਵੱਡੀ ਗਿਣਤੀ ਸਮੇਤ ਉੱਘੇ ਸਮਾਜ ਚਿੰਤਕਾਂ ਵਿੱਚੋਂ ਏ ਕੇ ਮਲੇਰੀ, ਸਤੀਸ਼ ਸੱਚਦੇਵਾ, ਕੰਵਲਜੀਤ ਖੰਨਾ, ਚਰਨ ਸਿੰਘ ਨੂਰਪੁਰਾ, ਅਰੁਣ ਕੁਮਾਰ,  ਐਡਵੋਕੇਟ ਹਰਪਰੀਤ ਜੀਰਖ, ਮਾਸਟਰ ਜਰਨੈਲ ਸਿੰਘ, ਰੈਕਟਰ ਕਥੂਰੀਆ, ਬਲਵਿੰਦਰ ਲਾਲ ਬਾਗ਼, ਰਮਨਜੀਤ ਸੰਧੂ, ਮਾ. ਪਰਮਜੀਤ ਸਿੰਘ ਪਨੇਸਰ, ਬਲਕੌਰ ਸਿੰਘ ਗਿੱਲ, ਡਾ. ਮੋਹਨ ਸਿੰਘ, ਅੰਮ੍ਰਿਤਪਾਲ ਪੀਏਯੂ,ਗੁਰਮੇਲ ਸਿੰਘ ਗਿੱਲ, ਨਰਭਿੰਦਰ ਸਿੰਘ, ਹਰੀ ਸਿੰਘ ਸਾਹਨੀ, ਦਲਜੀਤ ਸਿੰਘ, ਮਾ.ਜੋਗਿੰਦਰ ਆਜ਼ਾਦ , ਪ੍ਰਿੰਸੀਪਲ ਹਰਭਜਨ ਸਿੰਘ, ਦਲਬੀਰ ਕਟਾਣੀ, ਆਤਮਾ ਸਿੰਘ, ਹੈਪੀ ਸਿਓੜਾ ਆਦਿ ਸ਼ਾਮਲ ਸਨ।

No comments: