Friday, March 09, 2018

ਪੀਏਯੂ ਵਿਖੇ ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਦਾ ਸਨਮਾਨ ਸਮਾਗਮ


ਮੁਫ਼ਤ ਬਿਜਲੀ ਅਤੇ ਖਾਦਾਂ ਉਪਰ ਸਬਸਿਡੀ ਨੂੰ ਮੁੜ ਵਿਚਾਰਨ ਦੀ ਲੋੜ 
ਲੁਧਿਆਣਾ: 9 ਮਾਰਚ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਲ ਯੂਨੀਵਰਸਿਟੀ ਵਿਖੇ ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਦਾ ਸਨਮਾਨ ਸਮਾਗਮ ਪਾਲ ਆਡੀਟੋਰੀਅਮ ਵਿਖੇ ਮੁਕੰਮਲ ਹੋਇਆ । ਇਸ ਵਿੱਚ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਡਾ. ਮੋਨਟੇਕ ਸਿੰਘ ਆਹਲੂਵਾਲੀਆ ਪ੍ਰਮੁੱਖ ਅਰਥ ਸ਼ਾਸਤਰੀ ਅਤੇ ਭਾਰਤ ਸਰਕਾਰ ਦੇ ਪਲੈਨਿੰਗ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਕਿਹਾ ਕਿ ਸਾਨੂੰ ਪਿਛਲੇ 5 ਸਾਲਾਂ ਦੌਰਾਨ ਮੁਫ਼ਤ ਬਿਜਲੀ ਅਤੇ ਖਾਦਾਂ ਉਪਰ ਦਿੱਤੀ ਜਾਂਦੀ ਰਹੀ ਸਬਸਿਡੀ ਨੂੰ ਮੁੜ ਵਿਚਾਰਨ ਦੀ ਲੋੜ ਹੈ ਕਿਉਂਕਿ ਸਮੇਂ ਦੀ ਲੋੜ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੀ ਹੈ । ਕਿਸਾਨ ਪੱਖੀ ਨੀਤੀਆਂ ਦੀ ਲੋੜ ਉਪਰ ਜ਼ੋਰ ਦਿੰਦਿਆਂ ਡਾ. ਆਹਲੂਵਾਲੀਆ ਨੇ ਕਿਹਾ ਕਿ 2004-2011 ਤੱਕ ਦੇਸ਼ ਵਿੱਚ ਖੇਤੀ ਆਮਦਨ ਵਧੀ ਹੈ । ਇਸ ਦੇ ਮੁੱਖ ਕਾਰਨ ਜ਼ਮੀਨ ਦੀ ਬਿਹਤਰ ਜ਼ਰਖੇਜ਼ਤਾ, ਕਿਸਾਨਾਂ ਲਈ ਫ਼ਸਲਾਂ ਦੇ ਸਮਰਥਨ ਮੁੱਲ ਅਤੇ ਖੇਤੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਸੀ । ਉਹਨਾਂ ਕਿਹਾ ਕਿ ਅੱਜ ਸਾਨੂੰ ਦਾਲਾਂ ਅਤੇ ਬਾਗਬਾਨੀ ਫ਼ਸਲਾਂ ਵੱਲ ਜਾਣ ਦੀ ਲੋੜ ਹੈ । ਮੱਕੀ ਖੇਤੀ ਵਿਭਿੰਨਤਾ ਦਾ ਇੱਕ ਵੱਡਾ ਰਾਹ ਹੋ ਸਕਦੀ ਹੈ । ਉਹਨਾਂ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਤੇ ਜ਼ੋਰ ਦਿੰਦਿਆਂ ਕਿਹਾ ਕਿ ਨਿੱਜੀ ਖੇਤਰਾਂ ਵਿੱਚ ਵੀ ਇਸ ਤੇ ਧਿਆਨ ਦੇਣ ਦੀ ਲੋੜ ਹੈ । ਖੇਤੀ ਖੋਜ ਬਾਰੇ ਆਪਣੇ ਸਰੋਕਾਰ ਸਾਂਝਿਆਂ ਕਰਦਿਆਂ ਕਿਹਾ ਕਿ ਸਾਨੂੰ ਸੰਸਥਾਵੀਂ ਢਾਂਚਿਆਂ ਬਾਰੇ ਸੋਚਣ ਦੀ ਲੋੜ ਹੈ ਤਾਂ ਜੋ ਇਸ ਖੋਜ ਦੀ ਨਿਰੰਤਰਤਾ ਬਣੀ ਰਹਿ ਸਕੇ । ਉਹ ਇੱਥੇ ਖੇਤੀ ਨੂੰ ਵੰਗਾਰਾਂ ਅਤੇ ਇਹਨਾਂ ਲਈ ਜ਼ਰੂਰੀ ਬਣਦੀਆਂ ਨੀਤੀਆਂ ਉਪਰ ਆਪਣਾ ਮੁੱਖ ਭਾਸ਼ਣ ਦੇ ਰਹੇ ਸਨ । ਇਸ ਸਮਾਗਮ ਦੌਰਾਨ 14 ਵਿਦਿਆਰਥੀਆਂ ਅਤੇ ਵਿਗਿਆਨੀਆਂ ਨੂੰ ਗੁਰਦੇਵ ਸਿੰਘ ਖੁਸ਼ ਯਾਤਰਾ ਗਰਾਂਟ ਨਾਲ ਸਨਮਾਨਿਆ ਗਿਆ । ਇਸ ਮਾਲੀ ਮਦਦ ਨਾਲ ਉਹ ਭਾਰਤ ਅਤੇ ਬਾਹਰਲੇ ਮੁਲਕਾਂ ਵਿੱਚ ਹੁੰਦੀਆਂ ਕਾਨਫਰੰਸਾਂ ਵਿੱਚ ਭਾਗ ਲੈਣ ਲਈ ਜਾ ਸਕਣਗੇ । ਇਸ ਤੋਂ ਬਿਨਾਂ ਪੀਏਯੂ ਦੇ 38 ਅਤੇ ਗਡਵਾਸੂ ਦੇ 14 ਵਿਅਕਤੀਆਂ ਨੂੰ ਗੁਰਦੇਵ ਸਿੰਘ ਖੁਸ਼ ਮੈਰਿਟ ਸਕਾਲਰਸ਼ਿਪ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਇਹ ਫਾਊਡੇਸ਼ਨ ਖੇਤੀ ਵਿਗਿਆਨ ਵਿੱਚ ਖੋਜ ਵਿਕਾਸ ਲਈ ਕਾਰਜਸ਼ੀਲ ਹੈ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪੀਏਯੂ ਦੇ ਪੁਰਾਣੇ ਵਿਦਿਆਰਥੀ ਅਤੇ ਚੌਲ ਕ੍ਰਾਂਤੀ ਦੇ ਪਿਤਾਮਾ ਮੰਨੇ ਜਾਂਦੇ ਡਾ. ਗੁਰਦੇਵ ਸਿੰਘ ਖੁਸ਼, ਸ੍ਰੀਮਤੀ ਹਰਬੰਸ ਖੁਸ਼, ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਪੰਜਾਬ ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਡਾ. ਐਸ ਐਸ ਜੌਹਲ, ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾ. ਖੇਮ ਸਿੰਘ ਗਿੱਲ, ਗਡਵਾਸੂ ਦੇ ਵਾਈਸ ਚਾਂਸਲਰ ਡਾ. ਏ ਐਸ ਨੰਦਾ ਅਤੇ ਖੁਸ਼ ਫਾਊਂਡੇਸ਼ਨ ਦੇ ਸਕੱਤਰ ਡਾ. ਦਰਸ਼ਨ ਸਿੰਘ ਬਰਾੜ ਸੁਸ਼ੋਭਿਤ ਸਨ । 

ਡਾ. ਗੁਰਦੇਵ ਸਿੰਘ ਖੁਸ਼ ਨੇ ਸਨਮਾਨ ਪ੍ਰਾਪਤ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਖੇਤਰਾਂ ਵਿੱਚ ਲਾਜ਼ਮੀ ਹੀ ਹੋਰ ਅੱਗੇ ਵਧਣਗੇ । ਉਹਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਅਜਿਹੇ ਸਨਮਾਨ ਪਿੰਡਾਂ ਚੋਂ ਆਏ ਵਿਦਿਆਰਥੀਆਂ ਨੂੰ ਵਧੇਰੇ ਮਿਲ ਸਕਣ । ਇਸ ਲਈ ਉਹ ਵੱਧ ਮਿਹਨਤ ਕਰਨ ਅਤੇ ਉਸਦੇ ਸਮਰੱਥ ਹੋਣ । ਸ਼ੁਰੂ ਵਿੱਚ ਡਾ. ਢਿੱਲੋਂ ਨੇ ਆਏ ਮਹਿਮਾਨਾਂ, ਸ਼ਖਸ਼ੀਅਤਾਂ ਅਤੇ ਫੈਕਲਟੀ ਨੂੰ ਜੀ ਆਇਆ ਕਹਿੰਦਿਆਂ ਡਾ. ਮੋਨਟੇਕ ਸਿੰਘ ਆਹਲੂਵਾਲੀਆ ਦੀ ਮਹਾਨ ਸ਼ਖਸ਼ੀਅਤ ਤੋਂ ਜਾਣੂੰ ਕਰਵਾਇਆ । ਉਹਨਾਂ ਨੇ ਕਿਹਾ ਕਿ ਪੰਜਾਬ ਪਰਮਲ, ਕਣਕ, ਕਪਾਹ ਵਿੱਚ ਰਿਕਾਰਡ ਉਤਪਾਦਨ ਕਰ ਰਿਹਾ ਹੈ ਪਰ ਹਾਲੇ ਵੀ ਇਸ ਨੂੰ ਸਹੀ ਵਿਕਾਸ ਦੀ ਦਿਸ਼ਾ ਵਿੱਚ ਲਿਜਾਣ ਲਈ ਮਜ਼ਬੂਤ ਨੀਤੀਆਂ ਦੀ ਲੋੜ ਹੈ । 

No comments: