Monday, January 29, 2018

ਬੇਬੇ ਦਲੀਪ ਕੌਰ ਦੇ ਸ਼ਰਧਾਂਜਲੀ ਸਮਾਗਮ ਵਿੱਚ ਵੀ ਨਹੀਂ ਪੁੱਜੇ ਠਾਕੁਰ ਉਦੈ ਸਿੰਘ

ਵੱਖ-ਵੱਖ ਧਾਰਮਿਕ ਤੇ ਰਾਜਨੀਤਿਕ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ
ਦੇਸ਼-ਵਿਦੇਸ਼ ਤੋਂ ਭਾਰੀ ਗਿਣਤੀ 'ਚ ਪੁੱਜੀ ਨਾਮਧਾਰੀ ਸੰਗਤ
ਸ੍ਰੀ ਜੀਵਨ ਨਗਰ: 28 ਜਨਵਰੀ 2018: (ਪੰਜਾਬ ਸਕਰੀਨ ਟੀਮ)::
ਨਾਮਧਾਰੀ ਪ੍ਰਮੁੱਖ ਸਤਿਗੁਰੂ ਦਲੀਪ ਸਿੰਘ ਜੀ ਦੇ ਪੂਜਨੀਕ ਮਾਤਾ ਅਤੇ ਨਾਮਧਾਰੀ ਪੰਥ ਦੀ ਸਰਬਉੱਚ ਹਸਤੀ, ਸੇਵਾ ਅਤੇ ਸਿਮਰਨ ਦੀ ਪੁੰਜ ਬੇਬੇ ਦਲੀਪ ਕੌਰ ਜੀ, ਜੋ ਬੀਤੀ 24 ਜਨਵਰੀ ਨੂੰ ਸਮੁੱਚੇ ਨਾਮਧਾਰੀ ਪੰਥ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਸ੍ਰੀ ਜੀਵਨ ਨਗਰ ਵਿਖੇ ਬੜੀ ਸ਼ਰਧਾ ਨਾਲ ਆਯੋਜਿਤ ਹੋਇਆ। ਸੰਗਤਾਂ ਉਦਾਸ ਤਾਂ ਜ਼ਰੂਰ ਸਨ ਪਰ ਭਾਣੇ ਵਿੱਚ ਵੀ ਸਨ। ਇਸ ਸ਼ਰਧਾਂਜਲੀ ਸਮਾਗਮ ਵਿੱਚ ਜਿਥੇ ਵੱਖ-ਵੱਖ ਥਾਵਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਨਾਮਧਾਰੀ ਸੰਗਤਾਂ ਸ਼ਾਮਿਲ ਹੋਈਆਂ ਉਥੇ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਹਾਜ਼ਰੀਆਂ ਭਰਕੇ ਬੇਬੇ ਜੀ ਨਾਲ ਸਬੰਧਿਤ ਯਾਦਾਂ ਤਾਜ਼ਾ ਕੀਤੀਆਂ। ਬੇਬੇ ਦਲੀਪ ਕੌਰ ਜੀ ਦੇ ਮਹਾਨ ਜੀਵਨ ਦੀਆਂ ਖੂਬੀਆਂ ਦਾ ਵੀ ਜ਼ਿਕਰ ਹੋਇਆ। ਉਨ੍ਹਾਂ ਵੱਲੋਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਸਦਕਾ ਹੱਥੀ ਸੇਵਾ ਕਰਨ ਵਾਲਿਆਂ ਮਿਸਾਲਾਂ ਨਾਲ ਸੰਗਤਾਂ ਭਾਵੁਕ ਵੀ ਹੋ ਗਈਆਂ।  ਸੰਤ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਵੀ ਦੇਖੀਆਂ ਜਾ ਸਕਦੀਆਂ ਸਨ। ਬੇਬੇ ਦਲੀਪ ਕੌਰ ਜੀ ਵੱਲੋਂ ਦਰ'ਤੇ ਆਈਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨ ਬਾਰੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ। 
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮੋਹਨ ਲਾਲ ਖੱਟਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ:ਪ੍ਰਕਾਸ਼ ਸਿੰਘ ਬਾਦਲ ਦੇ ਸ਼ੋਕ ਸੰਦੇਸ਼ ਲੈ ਕੇ ਕ੍ਰਮਵਾਰ ਸ੍ਰੀ ਜਗਦੀਸ਼ ਚੋਪੜਾ ਚੇਅਰਮੈਨ ਜੰਗਲਾਤ ਨਿਗਮ ਅਤੇ ਸ੍ਰੀ ਅਨਿਲ ਜੋਸ਼ੀ (ਸਾਬਕਾ ਮੰਤਰੀ ਪੰਜਾਬ) ਲੈ ਕੇ ਹਾਜ਼ਰ ਹੋਏ। 
ਵਰਨਣਯੋਗ ਹੈ ਕਿ ਸਤਿਗੁਰੂ ਦਲੀਪ ਸਿੰਘ ਜੀ ਵੱਲੋਂ ਵੀਡੀਓ ਪੋਸਟ ਰਾਹੀ ਜਨਤਕ ਤੋਰ ਤੇ ਬੇਨਤੀਆਂ ਕਰਨ ਦੇ ਬਾਵਜੂਦ ਬੇਬੇ ਜੀ ਦੇ ਛੋਟੇ ਪੁੱਤਰ ਠਾਕੁਰ ਉਦੈ ਸਿੰਘ ਇਸ ਸ਼ਰਧਾਂਜਲੀ ਸਮਾਗਮ 'ਤੇ ਨਹੀ ਪੁੱਜੇ ਜਦੋਂ ਕਿ ਇਸ ਘੜੀ ਸਤਿਗੁਰੂ ਦਲੀਪ ਸਿੰਘ ਜੀ ਦੀ ਆਪਣੇ ਤੋਂ ਵਿਛੜਿਆਂ ਨੂੰ ਮੇਲਣ ਵਾਲੀ ਸੋਚ ਦਾ ਪ੍ਰਤੱਖ ਪ੍ਰਮਾਣ ਵੇਖਣ ਨੂੰ ਮਿਲਿਆ। ਸਤਿਗੁਰੂ ਦਲੀਪ ਸਿੰਘ ਜੀ ਨੇ ਬੜੇ ਹੀ ਭਰੇ ਮਨ ਨਾਲ ਬੇਬੇ ਜੀ ਨਾਲ ਹੋਈਆਂ ਵਧੀਕੀਆਂ ਦੀ ਸੰਕੇਤਿਕ ਜਿਹੀ ਚਰਚਾ ਕੀਤੀ। ਠਾਕੁਰ ਦਲੀਪ ਸਿੰਘ ਹੁਰਾਂ ਨੇ ਸੰਗਤ ਸਾਹਮਣੇ ਦੱਸਿਆ ਕਿ ਕਿਸਤਰਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੌਰਾਨ ਜਾਇਦਾਦਾਂ ਅਤੇ ਅਹੁਦਿਆਂ ਨੂੰ ਠੁਕਰਾ ਦਿੱਤਾ ਸੀ ਤਾਂਕਿ ਏਕਤਾ ਬਣੀ ਰਹੇ। ਠਾਕੁਰ ਉਦੈ ਸਿੰਘ ਹੁਰਾਂ ਦੇ ਬੈਂਗਲੌਰ ਵਾਲੇ ਹੈਡ ਕੁਆਟਰ ਨੂੰ ਵੀ ਬੇਬੇ ਦਲੀਪ ਕੌਰ ਹੁਰਾਂ ਨੇ ਹੀ ਬਣਵਾ ਕੇ ਦਿੱਤਾ ਸੀ ਜਿੱਥੋਂ ਅਜਾਜ ਕੱਲ੍ਹ ਅਰਬਾਂ ਦਾ ਕਾਰੋਬਾਰ ਚਲਦਾ ਹੈ। 
ਇਸ ਸ਼ਰਧਾਂਜਲੀ ਸਮਾਗਮ ਮੌਕੇ ਨਾਮਧਾਰੀ ਪੰਥ ਦੀਆਂ ਵੱਖੋ-ਵੱਖਰੀਆਂ ਸ਼ਾਖਾਵਾ ਤੋਂ ਸੰਤ ਮਹਾਰਾਜ ਹਰਪ੍ਰੀਤ ਸਿੰਘ ਜੀ ਸਾਂਹਬੀ ਵਾਲੇ, ਸੰਤ ਹੇਲਰਾਂ ਵਾਲੇ ਅਤੇ ਸੰਤ ਕੌਰ ਸਿੰਘ ਜੀ ਧਰਮਕੋਟ ਵਾਲੇ ਬੇਬੇ ਜੀ ਨੂੰ ਆਪਣੀ ਸ਼ਰਧਾ-ਸ਼ਰਧਾਂਜਲੀ ਭੇਂਟ ਕਰਨ ਪੁੱਜੇ ਹੋਏ ਸਨ। ਸਤਿਗੁਰੂ ਦਲੀਪ ਸਿੰਘ ਜੀ ਨੇ ਇਸ ਮੌਕੇ ਬਚਨ ਕਰਦਿਆਂ ਕਿਹਾ ਕਿ ਗੁਰੂ-ਘਰ ਦੇ ਵਿਰੋਧੀਆਂ ਵੱਲੋਂ ਗੁਰੂ ਪਰਿਵਾਰ ਵਿੱਚ ਅਣਸੁਖਾਵੇ ਮਾਹੋਲ ਬਣਾਉਣ ਅਤੇ ਮਾਨਸਿਕ ਤਸੀਹੇ ਦਿੱਤੇ ਜਾਣ ਦੇ ਬਾਵਜੂਦ ਬੇਬੇ ਜੀ ਨੇ ਨਾ ਤਾਂ ਕਦੇ ਆਪਣਾ ਅਤੇ ਨਾ ਹੀ ਆਪਣੇ ਬੱਚਿਆਂ ਅਤੇ ਨਾ ਹੀ ਸੰਗਤ ਦਾ ਸਿਦਕ ਡੋਲਣ ਦਿੱਤਾ। ਉਹਨਾਂ ਕਿਹਾ ਕਿ ਕੁਦਰਤ ਦਾ ਨਿਯਮ ਹੈ ਕਿ ਦੁੱਖ ਅਤੇ ਕਸ਼ਟ ਹਮੇਸ਼ਾ ਡਾਹਢਿਆਂ ਦੀ ਈਨ ਨਾ ਮੰਨਣ ਵਾਲਿਆਂ ਨੂੰ ਹੀ ਆਉਦੇ ਹਨ। 
ਵਕੀਲ ਸ:ਨਰਿੰਦਰ ਸਿੰਘ ਨੇ ਸੰਗਤਾਂ ਨੂੰ ਦੱਸਿਆ ਕਿ ਕਿਵੇਂ ਪੰਥ ਦੋਖੀਆਂ ਨੇ ਝੂਠੇ ਕੇਸ ਬਣਾ ਕੇ ਬੇਬੇ ਦਲੀਪ ਕੌਰ ਜੀ ਵੱਲੋਂ ਆਖਰੀ ਸਾਹਾਂ ਤੱਕ ਪੰਥਕ ਏਕਤਾ ਲਈ ਕੀਤੇ ਜਾਣ ਵਾਲੇ ਯਤਨਾ ਵਿੱਚ ਅੜਚਨਾਂ ਡਾਹ ਕੇ ਉਹਨਾਂ ਨੂੰ ਮਾਨਸਿਕ ਪਰੇਸ਼ਾਨੀਆਂ ਦਿਤੀਆਂ ਗਈਆਂ। ਇਸ ਮੌਕੇ ਨਾਮਧਾਰੀ ਪੰਥ ਦੇ ਜਥੇਦਾਰਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਬੇਬੇ ਜੀ ਦੀ ਜੀਵਨ ਦੀ ਵਿਖਿਆਨ ਕੀਤਾ। ਸ਼ਰਧਾਂਜਲੀ ਸਮਾਗਮ ਵਿੱਚ ਹਰਦੀਪ ਸਿੰਘ ਮੌਂਗਾ, ਡਾ: ਨਰਿੰਦਰ ਵਿਰਕ, ਸੰਤ ਜੁਗਰਾਜ ਸਿੰਘ ਲੋਪੋ, ਸੰਤ ਕਰਮਜੀਤ ਸਿੰਘ ਨਿਰਮਲੇ, ਸੰਤ ਹਰਪ੍ਰੀਤ ਸਿੰਘ ਨੋਸ਼ਹਰਾ, ਸਵਾਮੀ ਸਹਿਜਾਨੰਦ ਜੀ, ਰਾਜੇਸ਼ ਮਿਸ਼ਰਾ, ਬਲਜਿੰਦਰ ਸਿੰਘ ਪਨੇਸਰ, ਵਜਿੰਦਰ ਮਿਸ਼ਰਾ, ਲਾਲ ਜੀ ਮਿਸ਼ਰਾ, ਸੰਤ ਹਰਚਰਨ ਸਿੰਘ ਜੀ, ਤੀਰਥ ਸਿੰਘ ਰਘਰੇਟੇ, ਪ੍ਰਮੋਦ ਜੀ ਪਰਾਥ, ਮੁੱਖਤਆਿਰ ਸਿੰਘ ਮੌਖਾ, ਹਰਵਿੰਦਰ ਸਿੰਘ ਅਗਰਵਾਲ, ਇੰਦਰਵੀਰ ਸਿੰਘ ਜੰਮੂ ਕਲੋਨੀ, ਸਵਰਨ ਸਿੰਘ ਯਮਨਾਨਗਰ, ਮਹੰਤ ਦਰਸ਼ਨ ਸਿੰਘ, ਮਹੰਤ ਮਹਿੰਦਰ ਸਿੰਘ,ਗੁਰਪ੍ਰਤਾਪ ਸਿੰਘ ਟਿੱਕਾ, ਬਾਬਾ ਰਘੁਨਾਥ ਜੀ, ਪੁਨੀਤ ਟੋਹਰਾ, ਰੇਨੂ ਸ਼ਰਮਾ, ਸੂਬਾ ਬਲਜੀਤ ਸਿੰਘ, ਸੂਬਾ ਦਰਸ਼ਨ ਸਿੰਘ , ਸੂਬਾ ਅਮਰੀਕ ਸਿੰਘ ਅਤੇ ਉਸਤਾਦ ਪ੍ਰੋ: ਹਾਕਮ ਸਿੰਘ ਆਦਿ ਵੀ ਸ਼ਾਮਿਲ ਸਨ। ਸਮਾਗਮ ਦੇਰ ਸ਼ਾਮ ਤੱਕ ਜਾਰੀ ਰਿਹਾ। ਸਖਤ ਧੁੰਦ ਦੇ ਬਾਵਜੂਦ ਏਨੀ ਭਾਰੀ ਸੰਗਤ ਦਾ ਪਹੁੰਚਣਾ ਦੱਸਦਾ ਹੈ ਕਿ ਸੰਗਤਾਂ ਨੂੰ ਬੇਬੇ ਦਲੀਪ ਕੌਰ ਅਤੇ ਠਾਕੁਰ ਦਲੀਪ ਸਿੰਘ ਨਾਲ ਕਿੰਨਾ ਪਿਆਰ ਹੈ। 
ਇਸ ਸਮਾਗਮ ਵਿੱਚ ਠਾਕੁਰ ਉਦੈ ਸਿੰਘ ਦੇ ਨਾ ਪਹੁੰਚਣ ਨਾਲ ਦੋਹਾਂ ਧੜਿਆਂ ਵਿੱਚ ਏਕਤਾ ਦੀਆਂ ਸੰਭਾਵਨਾਵਾਂ ਹੋਰ ਮੱਧਮ ਹੋ ਗਈਆਂ ਹਨ। ਨਾਮਧਾਰੀ ਸਮਾਜ ਵਿੱਚ ਸ੍ਰੀ ਭੈਣੀ ਸਾਹਿਬ ਅਤੇ ਸ੍ਰੀ ਜੀਵਨ ਨਗਰ ਦੋਹਾਂ ਦੀ ਹੀ ਹਮੇਸ਼ਾਂ ਅਹਿਮੀਅਤ ਰਹੀ ਹੈ ਪਰ ਹੁਣ ਦੋਹਾਂ ਅਸਥਾਨਾਂ ਦੀ ਦੂਰੀ ਸੰਗਤ ਲਈ ਵੱਧ ਗਈ ਲੱਗਦੀ ਹੈ। ਜ਼ਿਕਰਯੋਗ ਹੈ ਕਿ ਠਾਕੁਰ ਦਲੀਪ ਸਿੰਘ ਹੁਰਾਂ ਦੇ ਪੈਰੋਕਾਰ ਕਈ ਵਾਰ ਇਸ ਗੱਲ ਲਈ ਜ਼ੋਰ ਦੇ ਚੁੱਕੇ ਹਨ ਕਿ ਸੰਗਤਾਂ ਨੂੰ ਬਿਨਾ ਰੋਕ ਟੋਕ ਅਤੇ ਬਿਨਾ ਕਿਸੀ ਡਰ ਤੋਂ ਸ੍ਰੀ ਭੈਣੀ ਸਾਹਿਬ ਅਤੇ ਜੀਵਨ ਨਗਰ ਵਿੱਚ ਆਉਣਾ ਜਾਣਾ ਚਾਹੀਦਾ ਹੈ ਪਰ ਉਹਨਾਂ ਦੀ ਇਸ ਗੱਲ ਨੂੰ ਕਦੇ ਵੀ ਦੂਜੇ ਪਾਸਿਓਂ ਭਰਵਾਂ ਹੁੰਗਾਰਾ ਨਹੀਂ ਮਿਲਿਆ। ਦੋਹਾਂ ਧੜਿਆਂ ਦੀ ਸੰਗਤ ਲਈ ਦੋਵੇਂ ਥਾਵਾਂ ਹੋਲੀ ਹੋਲੀ ਕਿਸੇ ਵਿਵਰਜਿਤ ਥਾਂ ਵਾਂਗ ਹੋ ਰਹੀਆਂ ਹਨ। ਸ੍ਰੀ ਜੀਵਨ ਨਗਰ ਵਿਖੇ ਵੱਖਰਾ ਗੁਰਦੁਆਰਾ ਬਣਾਉਣ ਨਾਲ ਟਕਰਾਅ ਦੇ ਅਸਰ ਵੀ ਵੱਧ ਰਹੇ ਹਨ। ਹੋ ਸਕਦਾ ਹੈ ਕਿ ਕੱਲ੍ਹ ਨੂੰ ਜਜ਼ਬਾਤਾਂ ਦੇ ਵੇਗ ਵਿੱਚ ਆ ਕੇ ਸ੍ਰੀ ਭੈਣੀ ਸਾਹਿਬ ਵਿਖੇ ਵੀ ਨਾਲ ਲੱਗਦਾ ਪਰ ਵੱਖਰਾ ਅਸਥਾਨ ਬਣਾਉਣ ਦੀ ਗੱਲ ਤੁਰ ਪਵੇ। 
ਮਾਤਾ ਚੰਦ ਕੌਰ ਅਤੇ ਬੇਬੇ ਦਲੀਪ ਕੌਰ-ਦੋਹਾਂ ਦੇ ਤੁਰ ਜਾਣ ਮਗਰੋਂ ਨਾਮਧਾਰੀ ਸੰਗਤਾਂ ਦੇ ਦੋਹਾਂ ਧੜਿਆਂ ਦੀ ਆਪਸੀ ਫੁੱਟ ਵਾਲੀ ਲਕੀਰ ਕਿਸੇ ਅਦਿੱਖ ਦੀਵਾਰ ਵਾਂਗ ਵੱਡੀ ਹੋਣ ਲੱਗ ਪਈ ਹੈ। ਜੇ ਦੋਹਾਂ ਧਿਰਾਂ ਦੀਆਂ ਸੰਗਤਾਂ ਨੇ ਇਸ ਪਾਸੇ ਛੇਤੀ ਹੀ ਧਿਆਨ ਨਾ ਦਿੱਤਾ ਸਥਿਤ ਨਾਜ਼ੁਕ ਰੂਪ ਧਾਰ ਸਕਦੀ ਹੈ। 

No comments: