Wednesday, December 20, 2017

ਅਗਨੀਕਾਂਡ:ਕਿਸੇ ਉੱਚ ਅਧਿਕਾਰੀ ਨੇ ਨਹੀਂ ਲਈ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ

ਲੁਧਿਆਣਾ ਅਗਨੀਕਾਂਡ ਨੂੰ ਇੱਕ ਮਹੀਨਾ ਲੰਘ ਗਿਆ 
ਪੀੜਿਤ ਪਰਿਵਾਰਾਂ ਅਤੇ ਹੋਰ ਸੰਗਠਨਾਂ ਵੱਲੋਂ ਜਮਹੂਰੀ ਅਧਿਕਾਰ ਸਭਾ ਦੀ ਜਾਂਚ ਰਿਪੋਰਟ ਨਾਲ ਸਹਿਮਤੀ 
ਲੁਧਿਆਣਾ: 19 ਦਸੰਬਰ 2017: (ਪੰਜਾਬ ਸਕਰੀਨ ਟੀਮ)::
ਲੁਧਿਆਣਾ ਦੇ ਸੂਫ਼ੀਆਂ ਬਾਗ ਨੇੜੇ ਹੋਏ ਸਨਅਤੀ ਹਾਦਸੇ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ। ਇਸ ਭਿਆਨਕ ਹਾਦਸੇ ਮਗਰੋਂ ਭਾਵੇਂ ਆਂਢ ਗੁਆਂਡ ਦੇ ਪਰਿਵਾਰਾਂ ਨੇ ਆਪੋ ਆਪਣੇ ਘਰਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ ਪਰ ਇਸ ਅਗਨੀ ਵਿੱਚ ਸ਼ਹੀਦ ਹੋਏ ਫਾਇਰ ਵਿਭਾਗ ਵਾਲੇ ਜਵਾਨਾਂ ਦੇ ਪਰਿਵਾਰ ਲਗਾਤਾਰ ਆਪਣੇ ਗਮ ਵਿੱਚ ਇੱਕਲੇ ਹੀ ਘੁਲ ਰਹੇ ਹਨ। ਉਹਨਾਂ ਦੀ ਸਾਰ ਲੈਣੀ ਤਾਂ ਦੂਰ ਕੋਈ ਉੱਚ ਅਧਿਕਾਰੀ ਉਹਨਾਂ ਦੇ ਘਰਾਂ ਵਿੱਚ ਰਸਮੀ ਅਫਸੋਸ ਕਰਨ ਤੱਕ ਵੀ ਨਹੀਂ ਆਇਆ। ਅਮਰਸਨ ਪਲਾਸਟਿਕ ਫੈਕਟਰੀ ਅਗਨੀਕਾਂਡ ਸਬੰਧੀ ਜਮਹੂਰੀ ਅਧਿਕਾਰ ਸਭਾ ਵੱਲੋਂ ਜਾਰੀ ਕੀਤੀ ਗਈ ਜਾਂਚ ਰਿਪੋਰਟ ਨਾਲ ਅੱਜ ਇਹਨਾਂ ਪੀੜਿਤ ਪਰਿਵਾਰਾਂ ਅਤੇ ਹੋਰ ਸੰਗਠਨਾਂ ਨੇ ਸਹਿਮਤੀ ਪ੍ਰਗਟਾਈ ਹੈ। 
ਇਸ ਜਾਂਚ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਆਰਤੀ ਸਿਨੇਮਾ ਦੇ ਸਾਹਮਣੇ ਅੱਜ ਮਾਤਾ ਅਮਰ ਕੌਰ ਮੈਮੋਰੀਅਲ ਹਾਲ ਵਿਖੇ ਹੋਈ ਪਰੋਫੈਸਰ ਜਗਮੋਹਨ ਸਿੰਘ ਹੁਰਾਂ ਦੀ ਪਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਇਸ ਰਿਪੋਰਟ ਨੂੰ ਪੜ ਕੇ ਵੀ ਸੁਣਾਇਆ ਗਿਆ ਅਤੇ ਇਸਦੀਆਂ ਕਾਪੀਆਂ ਸਾਰੇ ਮੌਜੂਦ ਵਿਅਕਤੀਆਂ ਨੂੰ ਵੰਡੀਆਂ ਵੀ ਗਈਆਂ।  ਇਸ ਮੌਕੇ 'ਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਪਰੋਫੈਸਰ ਜਗਮੋਹਨ ਸਿੰਘ ਅਤੇ ਜਸਵੰਤ ਜੀਰਖ, ਬੇਲਣ ਬਰਗੇਡ ਅਤੇ ਟਰੇਡ ਯੂਨੀਅਨ "ਇੰਟਕ" ਵੱਲੋਂ ਅਨੀਤਾ ਸ਼ਰਮਾ, ਸਤ ਪਾਲ ਸ਼ਰਮਾ ਅਤੇ ਚੰਦਰ ਸ਼ੇਖਰ ਸਹੋਤਾ, ਏਟਕ ਨਾਲ ਸਬੰਧਤ ਡਿਸਪੋਜ਼ਲ ਵਰਕਰਜ਼ ਯੂਨੀਅਨ ਵੱਲੋਂ ਕਾਮਰੇਡ ਵਿਜੇ ਕੁਮਾਰ ਅਤੇ ਕਾਮਰੇਡ ਸਤਪਾਲ, ਦਲਿਤ ਮਹਾਂਪੰਚਾਇਤ ਵੱਲੋਂ ਜਸਵੀਰ ਗਿੱਲ, ਪੀਪਲਜ਼ ਮੀਡੀਆ ਲਿੰਕ ਵੱਲੋਂ ਰੈਕਟਰ ਕਥੂਰੀਆ ਅਤੇ ਰਾਜਿੰਦਰ ਭਾਟੀਆ ਨੇ ਸ਼ਮੂਲੀਅਤ ਕੀਤੀ। 
ਇਸ ਮੌਕੇ ਫਾਇਰ ਵਿਭਾਗ ਦੇ ਪੀੜਿਤ ਪਰਿਵਾਰਾਂ ਵੱਲੋਂ ਮਨਜੀਤ ਮੈਡਮ, ਜਰਨੈਲ ਸਿੰਘ, ਕਰਮਜੀਤ ਸਿੰਘ, ਅਜੀਤ ਸਿੰਘ, ਕੁਲਦੀਪ ਕੌਰ, ਤੇਜਿੰਦਰ ਕੌਰ, ਬਲਵਿੰਦਰ ਕੌਰ, ਹਰਭਜਨ ਕੌਰ, ਪਰਮਿੰਦਰ ਸਿੰਘ, ਹਰਿੰਦਰ ਪਾਲ ਸਿੰਘ ਅਤੇ ਕਈ ਹੋਰਾਂ ਨੇ ਇਸ ਤਰਾਸਦੀ ਮਗਰੋਂ ਆਪਣੇ ਘਰਾਂ ਦੀ ਹਾਲਤ ਬਾਰੇ ਦੱਸਦਿਆਂ ਆਪਣਾ ਦੁੱਖ ਸਾਂਝਾ ਕੀਤਾ। ਇਸ ਮੀਟਿੰਗ ਵਿੱਚ ਇਹ ਗੱਲ ਬੜੇ ਦੁਖੀ ਹਿਰਦੇ ਨਾਲ ਨੋਟ ਕੀਤੀ ਗਈ ਕਿ ਸਰਕਾਰ ਦੇ ਉੱਚ ਅਧਿਕਾਰੀ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣ ਤੱਕ ਵੀ ਨਹੀਂ ਆਏ।  ਕਿਸੇ ਨੇ ਕਿਸੇ ਪਰਿਵਾਰ ਨੂੰ ਇਹ ਨਹੀਂ ਪੁੱਛਿਆ ਕਿ ਪਰਿਵਾਰਾਂ ਦੇ ਮੁਖੀਆਂ ਦੇ ਤੁਰ ਜਾਣ ਮਗਰੋਂ ਤੁਹਾਡਾ ਗੁਜ਼ਾਰਾ ਕਿਸ ਤਰਾਂ ਹੋ ਰਿਹਾ ਹੈ? ਅਫਸਰਸ਼ਾਹੀ ਅਤੇ ਨੌਕਰਸ਼ਾਹੀ ਦੇ ਰਵਾਇਤੀ ਟਾਲ ਮਟੋਲ ਵਿੱਚ ਫਾਇਰ ਵਿਭਾਗ ਦੇ ਇਹਨਾਂ ਜਵਾਨਾਂ ਦੀ ਕੁਰਬਾਨੀ ਲਗਾਤਾਰ ਰੁਲ ਰਹੀ ਹੈ ਅਤੇ ਇਸ ਨੂੰ ਰੱਬ ਦਾ ਭਾਣਾ ਕਹਿ ਕੇ ਇਨਸਾਨੀ ਗਲਤੀਆਂ ਉੱਤੇ ਪਰਦਾ ਪਾਉਣ ਦੀਆਂ ਸਾਜ਼ਿਸ਼ਾਂ ਜਾਰੀ ਹਨ। 

No comments: